19.3 C
Toronto
Friday, July 10, 2026
spot_img
Homeਸੰਪਾਦਕੀਪੰਜਾਬ ਕਾਂਗਰਸ 'ਚ ਪ੍ਰਧਾਨਗੀ ਨੂੰ ਲੈ ਕੇ ਜੱਦੋ-ਜਹਿਦ

ਪੰਜਾਬ ਕਾਂਗਰਸ ‘ਚ ਪ੍ਰਧਾਨਗੀ ਨੂੰ ਲੈ ਕੇ ਜੱਦੋ-ਜਹਿਦ

ਪੰਜਾਬ ਕਾਂਗਰਸ ਵਿੱਚ ਚੱਲ ਰਹੀ ਮਾਰ ਧਾੜ ਅਤੇ ਬੇਵਿਸ਼ਵਾਸੀ ਨੇ ਨਾ ਸਿਰਫ ਪਾਰਟੀ ਦੇ ਅਕਸ ਨੂੰ ਢਾਅ ਲਾਈ ਹੈ ਬਲਕਿ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਆਪ ਹੀ ਟੋਆ ਪੁੱਟ ਲਿਆ ਹੈ। ਇਹ ਸਮਾਂ ਤਾਂ ਸੀ ਸਿਰ ਜੋੜ ਕੇ ਬੈਠਣ ਦਾ ਤੇ ਦਰਪੇਸ਼ ਸਮੱਸਿਆਵਾਂ ਨੂੰ ਠੱਲ ਪਾਉਣ ਲਈ ਰਾਹ ਕੱਢਣ ਦਾ, ਪਰ ਐਥੇ ਤਾਂ ਕੁੱਝ ਹੋਰ ਹੀ ਹੋ ਰਿਹਾ ਹੈ। ਕਿੰਨੀ ਅਜੀਬ ਗੱਲ ਹੈ ਕਿ ਚੰਨੀ ਧੜੇ ਨੇ ਹਾਈਕਮਾਨ ਵੱਲੋਂ ਭੇਜੇ ਗਏ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਨੂੰ ਮਿਲਣ ਤੋਂ ਹੀ ਨਾਂਹ ਕਰ ਦਿੱਤੀ। ਜੇਕਰ ਇਹ ਧੜਾ ਦਿੱਲੀ ਚਲੇ ਵੀ ਗਿਆ ਹੈ ਤਾਂ ਉੱਥੇ ਕਿਹੜੇ ਕਿਸੇ ਨੇ ਇਹਨਾਂ ਦੀ ਸੁਣਨੀ ਹੈ, ਉਹ ਵੀ ਤਾਂ ਇਹਨਾਂ ਨੂੰ ਗ਼ੈਰ ਆਗਿਆਕਾਰੀ ਹੀ ਸਮਝਣਗੇ। ਜੋ ਗੱਲ ਇੱਕ ਕਮਰੇ ਵਿੱਚ ਬੈਠਕੇ ਨਿਪਟਾਈ ਜਾ ਸਕਦੀ ਸੀ ਉਹ ਹੁਣ ਦੂਜੀਆਂ ਪਾਰਟੀਆਂ ਲਈ ਹਾਸੇ ਦਾ ਜ਼ਰੀਆ ਬਣ ਗਈ ਹੈ।
ਜ਼ਾਹਿਰ ਹੈ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਬਦਲਣ ਲਈ ਬਣਾਏ ਜਾ ਰਹੇ ਲਗਾਤਾਰ ਦਬਾਅ ਦੇ ਬਾਵਜੂਦ, ਰਾਹੁਲ ਗਾਂਧੀ ਦੀ ਅਗਵਾਈ ਵਾਲੀ ਪਾਰਟੀ ਦੀ ਸਿਖਰਲੀ ਲੀਡਰਸ ਿਦੇ ਝੁਕਣ ਦੀ ਸੰਭਾਵਨਾ ਬਾਕੀ ਨਹੀਂ ਬਚੀ। ਹਾਲਾਂਕਿ ਰਾਹੁਲ ਗਾਂਧੀ ਸਾਹਮਣੇ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਵਿਚੋਂ ਕਿਸੇ ਇੱਕ ਨੂੰ ਚੁਣਨ ਦੀ ਰਾਹ ਸੌਖੀ ਨਹੀਂ ਹੈ ਫੇਰ ਵੀ ਵੜਿੰਗ ਦੀ ਉਹਨਾਂ ਨਾਲ ਨਜ਼ਦੀਕੀ ਅਤੇ ਚੰਨੀ ਵੱਲੋਂ ਬਣਾਈ ਜਾ ਰਹੀ ਦੂਰੀ, ਕਿਸੇ ਫੈਸਲੇ ਤੇ ਪੁੱਜਣ ਲਈ ਇੱਕ ਖ਼ਾਸ ਰੋਲ ਨਿਭਾ ਸਕਦੀ ਹੈ। ਇਸ ਗੱਲ ਤੇ ਕਾਂਗਰਸ ਪਾਰਟੀ ਦੇ ਵੱਡੇ ਨੇਤਾ ਅਤੇ ਆਮ ਕਾਰਕੁਨ ਵੀ ਹੈਰਾਨ ਹਨ ਕਿ ਚੰਨੀ ਨੇ ਰਾਹੁਲ ਗਾਂਧੀ ਦੀ ਗੱਲ ਸੁਣਨ ਤੋਂ ਇਨਕਾਰ ਕਰਨ ਦਾ ਹੌਸਲਾ ਕਿਵੇਂ ਕੀਤਾ। ਤੇ ਅਜਿਹਾ ਕਾਂਗਰਸ ਦੇ ਇਤਿਹਾਸ ਵਿੱਚ ਸ਼ਾਇਦ ਹੋਇਆ ਵੀ ਪਹਿਲੀ ਵਾਰ ਹੀ ਹੈ ਕਿ ਰਾਹੁਲ ਦੀ ਪਾਵਰ ਨੂੰ ਕਿਸੇ ਨੇ ਚੈਲੇਂਜ ਕੀਤਾ ਹੈ।
ਹੁਣ ਜੇਕਰ ਇਹ ਕਿਹਾ ਜਾਵੇ ਕਿ ਲੋਕਾਂ ਦਾ ਚੰਨੀ ਤੇ ਯਕੀਨ ਨਹੀਂ ਰਿਹਾ ਤੇ ਰਾਜਾ ਵੜਿੰਗ ਦੀ ਰਾਹੁਲ ਨਾਲ ਮਿਲਣੀ ਕਾਰਨ ਵੜਿੰਗ ਦੀ ਤਾਕਤ ਹੋਰ ਵਧਦੀ ਦਿਸ ਰਹੀ ਹੈ। ਲੋਕ ਹੈਰਾਨ ਹਨ ਕਿ ਚੰਨੀ ਨੂੰ ਕਾਂਗਰਸ ਨੇ ਥੋੜ੍ਹੇ ਹੀ ਸਮੇਂ ਵਿੱਚ ਬਹੁਤ ਕੁੱਝ ਦਿੱਤਾ ਪਰ ਉਸਦੀ ਲਾਲਸਾ ਹੋਰ ਵਧਦੀ ਚਲੀ ਗਈ। ਖਰੜ ਨਗਰ ਪਰਿਸ਼ਦ ਦੇ ਪ੍ਰਧਾਨ ਰਹਿਣ ਤੋਂ ਬਾਅਦ ਚੰਨੀ 2007 ਵਿੱਚ ਚਮਕੌਰ ਸਾਹਿਬ ਤੋਂ ਇੱਕ ਆਜ਼ਾਦ ਵਿਧਾਇਕ ਦੇ ਤੌਰ ‘ਤੇ ਚੁਣੇ ਗਏ ਸਨ। ਉਹਨਾਂ ਦਾ ਸਮਾਜ ਦੇ ਇੱਕ ਖ਼ਾਸ ਵਰਗ ਵਿੱਚ ਚੰਗਾ ਥਾਂ ਬਣਿਆ ਹੋਇਆ ਹੈ ਜਿਸ ਕਾਰਨ ਉਹ ਰਾਹੁਲ ਗਾਂਧੀ ਨਾਲ ਟੱਕਰ ਲੈਣ ਦਾ ਹੀਆ ਕਰ ਰਹੇ ਹਨ। ਕਾਂਗਰਸ ਵਿੱਚ ਆਇਆਂ ਨੂੰ ਹਾਲੇ ਜ਼ਿਆਦਾ ਸਮਾਂ ਵੀ ਨਹੀਂ ਹੋਇਆ, 2021 ਵਿੱਚ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ‘ਤੇ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਵੱਡੇ-ਵੱਡੇ ਅਹੁਦੇ ਦਿੱਤੇ ਜਾਣ ਦੇ ਬਾਵਜੂਦ ਚੰਨੀ ਤੇ ਰਾਹੁਲ ਗਾਂਧੀ ਦੇ ਸੰਬੰਧ ਜ਼ਿਆਦਾ ਸੁਖਾਵੇਂ ਨਹੀਂ ਰਹੇ।
ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜਦੋਂ ਕਾਂਗਰਸ ਪਾਰਟੀ ਦੀ 2022 ਦੀਆਂ ਪੰਜਾਬ ਚੋਣਾਂ ਵਿੱਚ ਹਾਰ ਤੋਂ ਬਾਅਦ ਕੋਈ ਵੀ ਇਸ ਭੂਮਿਕਾ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਤਾਂ ਇਹ ਸਿਰਫ ਰਾਜਾ ਵੜਿੰਗ ਹੀ ਸੀ ਜੋ ਰਾਹੁਲ ਦੇ ਕਹਿਣ ‘ਤੇ ਪੰਜਾਬ ਕਾਂਗਰਸ ਮੁਖੀ ਬਣਨ ਲਈ ਸਹਿਮਤ ਹੋਏ ਸਨ। ਪਾਠਕਾਂ ਨੂੰ ਚੇਤੇ ਹੋਵੇਗਾ ਕਿ 2022 ਵਿੱਚ ਕਾਂਗਰਸ ਨੇ ਪੰਜਾਬ ਵਿੱਚ 117 ਵਿਚੋਂ ਸਿਰਫ 18 ਸੀਟਾਂ ਜਿੱਤੀਆਂ ਸਨ ਤੇ ਉਸ ਵੇਲੇ ਆਪਣਾ ਸਭ ਤੋਂ ਮਾੜਾ ਚੋਣ ਪ੍ਰਦਰਸ਼ਨ ਕੀਤਾ ਸੀ।
ਹੁਣ ਇੱਕ ਗੱਲ ਤਾਂ ਤੈਅ ਹੈ ਕਿ ਚੰਨੀ ਜਦੋਂ ਕਿ ਅਨੁਸੂਚਿਤ ਜਾਤੀ ਦੇ ਭਾਈਚਾਰੇ ਵਿੱਚ ਇੱਕ ਖ਼ਾਸ ਮੁਕਾਮ ‘ਤੇ ਹੈ ਤੇ ਇਸੇ ਲਈ ਉਸਦੇ ਖ਼ਿਲਾਫ਼ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੂੰ ਇੱਕ ਨਹੀਂ ਕਈ ਵਾਰ ਸੋਚਣਾ ਪਵੇਗਾ, ਪ੍ਰੰਤੂ ਨਾਲ ਹੀ ਇਹ ਵੀ ਗੱਲ ਫੈਲ ਚੁੱਕੀ ਹੈ ਕਿ ਚੰਨੀ ਕਾਂਗਰਸ ਤੋਂ ਵੱਖ ਹੋ ਕੇ ਕੋਈ ਨਵੀਂ ਪਾਰਟੀ ਖੜ੍ਹੀ ਕਰ ਸਕਦਾ ਹੈ ਇਸ ਲਈ ਸਾਵਧਾਨ ਰਹਿਣ ਦੀ ਵੀ ਲੋੜ ਹੈ।
ਇੱਕ ਪਾਸੇ, ਅਫਵਾਹਾਂ ਸਨ ਕਿ ਚੰਨੀ ਇੱਕ ਨਵੀਂ ਪਾਰਟੀ ਬਣਾ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਦਲਿਤ ਭਾਈਚਾਰੇ ਦੀ ਬਹੁਗਿਣਤੀ ਹੈ, ਜਦੋਂ ਕਿ ਦੂਜੇ ਪਾਸੇ, ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਦਿੱਲੀ ਗਏ ਸਨ। ਇਨ੍ਹਾਂ ਘਟਨਾਵਾਂ ਨੇ ਕਾਂਗਰਸ ਪਾਰਟੀ ਦੇ ਅਕਸ ਨੂੰ ਢਾਹ ਲਗਾਈ। ਬਘੇਲ ਨੇ ਚੰਨੀ ਵੱਲੋਂ ਉਨ੍ਹਾਂ ਨੂੰ ਨਾ ਮਿਲਣ ‘ਤੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਹਾਈਕਮਾਨ ਦੇ ਹੁਕਮਾਂ ਨੂੰ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਨ੍ਹਾਂ ਅੱਗੇ ਕਿਹਾ ਕਿ ਹਾਈਕਮਾਨ ਦੇ ਹੁਕਮ ਬੱਚਿਆਂ ਦੀ ਖੇਡ ਨਹੀਂ ਹਨ। ਜਦੋਂ ਚੰਨੀ ਦੀ ਪਾਰਟੀ ਨੂੰ ਇਹ ਸਮਝ ਆਈ, ਤਾਂ ਚੰਨੀ ਨੇ ਦੇਰ ਸ਼ਾਮ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਉਹ ਰਾਹੁਲ ਗਾਂਧੀ ਪ੍ਰਤੀ ਵਫ਼ਾਦਾਰ ਹਨ ਅਤੇ ਉਨ੍ਹਾਂ ਵੱਲੋਂ ਬਣਾਈ ਗਈ ਰਣਨੀਤੀ ਤੇ ਦਿਲੋਂ ਅਮਲ ਕਰਨਗੇ। ਇਸਦੇ ਚੱਲਦਿਆਂ ਸੀਨੀਅਰ ਕਾਂਗਰਸ ਆਗੂ ਪਰਗਟ ਸਿੰਘ ਨੇ ਕਿਹਾ ਕਿ ਉਹ ਅਤੇ ਹੋਰ ਪਾਰਟੀ ਆਗੂ ਆਪਣੇ ਵਿਚਾਰ ਸਾਂਝੇ ਕਰਨ ਲਈ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨਾਲ ਮੁਲਾਕਾਤ ਕਰਨਗੇ। ਪਰਗਟ ਸਿੰਘ ਦੇ ਬਿਆਨ ਨੇ ਚੰਨੀ ਧੜੇ ਅੰਦਰ ਬੇਚੈਨੀ ਫੈਲਾ ਦਿੱਤੀ ਹੈ। ਇਸ ਦੌਰਾਨ, ਪਰਗਟ ਸਿੰਘ ਅਤੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ”ਇਕਜੁੱਟ ਅਤੇ ਮਜ਼ਬੂਤ” ਹੈ ਅਤੇ ਪਾਰਟੀ ਦਾ ਮੁੱਖ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਵਿੱਚ ਵਾਪਸੀ ਕਰਨਾ ਹੈ। ਇਹ ਵੱਖਰੀ ਗੱਲ ਹੈ ਕਿ ਪਰਗਟ ਸਿੰਘ ਨੇ ਮੰਨਿਆ ਹੈ ਕਿ ਉਨ੍ਹਾਂ ਅਤੇ ਪਾਰਟੀ ਵਿਚਕਾਰ ਕੁਝ ”ਮਤਭੇਦ” ਹਨ ਜਿਹਨਾਂ ਬਾਰੇ ਭੂਪੇਸ਼ ਬਘੇਲ ਨਾਲ ਚਰਚਾ ਕੀਤੀ ਜਾਵੇਗੀ। ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਇਹ ਸਭ ਕੁੱਝ ਭਾਰਤੀ ਜਨਤਾ ਪਾਰਟੀ ਦੀ ਸ਼ਹਿ ‘ਤੇ ਹੋ ਰਿਹਾ ਹੈ ਜਦੋਂ ਕਿ ਇਹ ਅਦਾਰਾ ਇਸ ਗੱਲ ਦੀ ਤਾਈਦ ਨਹੀਂ ਕਰਦਾ।
– ਅਮਰਜੀਤ ਸਿੰਘ

RELATED ARTICLES
POPULAR POSTS