8.6 C
Toronto
Friday, September 25, 2026
spot_img
HomeਸੰਪਾਦਕੀSIR ਦੇ ਮਾਮਲੇ 'ਚ ਘਿਰ ਗਏ

SIR ਦੇ ਮਾਮਲੇ ‘ਚ ਘਿਰ ਗਏ

SIR ਦੇ ਮਾਮਲੇ ‘ਚ ਘਿਰ ਗਏਇੱਕ ਅੰਗਰੇਜ਼ੀ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਦੋ ਚੋਣ ਕਮਿਸ਼ਨਰਾਂ ਨੇ ਐਸਆਈਆਰ ਨੂੰ ਲੈਕੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੇ ਫੈਸਲਿਆਂ ਨਾਲ ਕਈ ਵਾਰ ਅਸਹਿਮਤੀ ਜਤਾਈ ਹੈ। ਇਸ ਖ਼ਬਰ ਨੇ ਇੱਕ ਬਹੁਤ ਵੱਡਾ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਵਿਰੋਧੀ ਧਿਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਦੋ ਚੋਣ ਕਮਿਸ਼ਨਰਾਂ ਵੱਲੋਂ ਅਸਹਿਮਤੀ ਦਰਸਾਏ ਜਾਣ ਦੇ ਬਾਵਜੂਦ ਮੁੱਖ ਚੋਣ ਕਮਿਸ਼ਨਰ ਨੇ ਉਹ ਕੀਤਾ ਜੋ ਉਸ ਨੂੰ ਪਸੰਦ ਸੀ। ਇਹ ਖ਼ਾਸ ਖ਼ਬਰ ਸੋਸ਼ਲ ਮੀਡਿਆ ‘ਐਕਸ’ ਉਤੇ ਉਪਲੱਬਧ ਹੈ।
ਸੋਸ਼ਲ ਮੀਡਿਆ ‘ਐਕਸ’ ਉਤੇ ਉਪਲਬੱਧ ਇੰਡੀਅਨ ਐਕਸਪ੍ਰੈਸ ਦੀ ਰਿਪੋਰਟਰ ਰੀਤਿਕਾ ਚੋਪੜਾ ਦੀ ਇੱਕ ਜਾਂਚ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਚੋਣ ਕਮਿਸ਼ਨ ਦੇ ਦੋ ਮੈਂਬਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਕਈ ਮੁੱਦਿਆਂ ‘ਤੇ ਅਸਹਿਮਤੀ ਜਤਾਈ ਹੈ। ਇਸ ਰਿਪੋਰਟ ਨੇ ਸਰਕਾਰ ਅਤੇ ਚੋਣ ਕਮਿਸ਼ਨ ਦੇ ਕੰਮਕਾਜ ‘ਤੇ ਸਵਾਲ ਖੜ੍ਹੇ ਕੀਤੇ ਹਨ। ਦਾਅਵਾ ਕੀਤਾ ਗਿਆ ਹੈ ਕਿ ਦੋ ਚੋਣ ਕਮਿਸ਼ਨਰਾਂ ਨੇ ’10 ਮਹੀਨਿਆਂ ਵਿੱਚ 14 ਵਾਰ’ ਚੋਣ ਕਮਿਸ਼ਨ ਦੀਆਂ ਕਾਰਵਾਈਆਂ ‘ਤੇ ਇਤਰਾਜ਼ ਕੀਤਾ। ਰਿਪੋਰਟ ਮੁਤਾਬਿਕ, ਇਹ ਇਤਰਾਜ਼ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਵੱਲੋਂ ਦਾਇਰ ਕੀਤੇ ਗਏ ਸਨ। ਉਹਨਾਂ ਕਿਹਾ ਸੀ ਕਿ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ ਗਿਆ। ਉਨ੍ਹਾਂ ਨਵੇਂ ਵੋਟਰਾਂ ਨੂੰ ਜੋੜਨ ਅਤੇ ਨਾਮ ਹਟਾਉਣ ਤੱਕ ਦੀ ਕਾਰਵਾਈ ਨੂੰ ‘ਅਣਅਧਿਕਾਰਤ ਅਤੇ ਗੈਰ-ਕਾਨੂੰਨੀ” ਦਸਦਿਆਂ ਇਸੇ ਸਵਾਲ ਉਠਾਏ ਹਨ।’
ਜਿਵੇਂ ਕਿ ਪਤਾ ਹੀ ਹੈ ਕਿ ਭਾਰਤੀ ਚੋਣ ਕਮਿਸ਼ਨ (ਈਸੀਆਈ) ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸਆਈਆਰ) ਪ੍ਰਕਿਰਿਆ ਜੂਨ 2025 ਵਿੱਚ ਬਿਹਾਰ ਵਿੱਚ ਸ਼ੁਰੂ ਹੋਈ ਸੀ, ਪਰ ਰਿਪੋਰਟ ਮੁਤਾਬਕ ਹੁਣ ਤੱਕ, 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਡਰਾਫਟ ਵੋਟਰ ਸੂਚੀਆਂ ਵਿੱਚੋਂ 130 ਮਿਲੀਅਨ ਯਾਨੀ ਕਰੀਬ 13 ਕਰੋੜ ਤੋਂ ਵੱਧ ਨਾਮ, ਵੋਟਰ ਲਿਸਟਾਂ ਵਿਚੋਂ ਹਟਾ ਦਿੱਤੇ ਗਏ ਹਨ। ਇਸਤੋਂ ਪਹਿਲਾਂ ਵੀ ਵਿਰੋਧੀ ਪਾਰਟੀਆਂ ਲੰਬੇ ਸਮੇਂ ਤੋਂ ਚੋਣ ਕਮਿਸ਼ਨ ਦੀ ਭੂਮਿਕਾ ‘ਤੇ ਸਵਾਲ ਚੁੱਕਦਿਆਂ ਆ ਰਹੀਆਂ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਮੁੱਦੇ ਵਾਰ-ਵਾਰ ਉਠਾਏ ਗਏ ਸਨ ਅਤੇ ਤਿੰਨ ਮੈਂਬਰੀ ਚੋਣ ਕਮਿਸ਼ਨ ਦੇ ਅੰਦਰ ਇਤਰਾਜ਼ ਵੀ ਦਰਜ ਕੀਤੇ ਗਏ ਸਨ।
ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਜਿਨ੍ਹਾਂ ਰਾਜਾਂ ਵਿੱਚ ਚੋਣਾਂ ਹੋਈਆਂ ਸਨ, ਉਨ੍ਹਾਂ ਦੇ ਵਿਰੋਧੀ ਨੇਤਾ ਆਪਣੀ ਹਾਰ ਲਈ ਐਸਆਈਆਰ ਵਿੱਚ ਨਾਮ ਹਟਾਉਣ ਅਤੇ ਜੋੜਨ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੇ ਹਨ। ਜਿਵੇਂ ਕਿ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ, ਤੇਜਸਵੀ ਯਾਦਵ, ਨੇ ਐਕਸ ‘ਤੇ ਇਸ ਰਿਪੋਰਟ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਪਿਛਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਸਾਜ਼ਿਸ਼ ਅਤੇ ਹੇਰਾਫੇਰੀ ਨਾਲ ਪ੍ਰਭਾਵਿਤ ਹੋਈਆਂ ਸਨ, ਉਨ੍ਹਾਂ ਕਿਹਾ, ”ਅਸੀਂ ਹਾਰੇ ਨਹੀਂ, ਬਲਕਿ ਯੰਤਰ ਤੰਤਰ ਨਾਲ ਹਰਾ ਦਿੱਤੇ ਗਏ ਸੀ।”
ਰਿਪੋਰਟ ਵਿੱਚ ਅੱਗੇ ਦਰਜ ਹੈ ਕਿ ਜੁਲਾਈ ਵਿੱਚ ਨਵੇਂ ਵੋਟਰਾਂ ਲਈ ਫਾਰਮ 6 ਵਿੱਚ ਐਸਆਈਆਰ ਨਾਲ ਸਬੰਧਤ ਇੱਕ ਸਵਾਲ ਜੋੜਿਆ ਗਿਆ ਸੀ। ਮਈ ਵਿੱਚ, ਦੋਵਾਂ ਕਮਿਸ਼ਨਰਾਂ ਨੇ ਕਿਹਾ ਸੀ ਕਿ ਕਾਨੂੰਨ ਵਿੱਚ ਸੋਧ ਕੀਤੇ ਬਿਨਾਂ ਇਹ ਨਹੀਂ ਕੀਤਾ ਜਾ ਸਕਦਾ। ਇਸ ਦੇ ਬਾਵਜੂਦ, ਤਬਦੀਲੀ ਕੀਤੀ ਗਈ ਸੀ, ਅਤੇ ਸੰਧੂ ਨੇ ਇਸਨੂੰ ”ਅਣਅਧਿਕਾਰਤ ਅਤੇ ਗੈਰ-ਕਾਨੂੰਨੀ” ਕਰਾਰ ਦਿੱਤਾ ਸੀ।
ਰਿਪੋਰਟ ਮੁਤਾਬਕ ਗੋਆ ਵਿੱਚ 97 ਵੋਟਰਾਂ ਨੂੰ ਸਥਾਨਕ ਅਧਿਕਾਰੀਆਂ ਦੁਆਰਾ ਯੋਗ ਪਾਇਆ ਗਿਆ ਸੀ, ਪਰ ਉਨ੍ਹਾਂ ਦੇ ਨਾਮ ਕੇਂਦਰੀਕ੍ਰਿਤ ਸਾਫਟਵੇਅਰ ਵਿੱਚ ਦਰਜ ਨਹੀਂ ਕੀਤੇ ਜਾ ਸਕੇ। ਦੋਵਾਂ ਕਮਿਸ਼ਨਰਾਂ ਨੇ ਵੋਟਰ ਸੂਚੀ ਤਿਆਰ ਕਰਨ ਵਿੱਚ ਵਰਤੇ ਗਏ ਸਾਫਟਵੇਅਰ ਦੇ ਕੇਂਦਰੀਕ੍ਰਿਤ ਨਿਯੰਤਰਣ ਬਾਰੇ ਵੀ ਸਵਾਲ ਉਠਾਏ ਸਨ। ਇਸਤੋਂ ਇਲਾਵਾ ਵੀ ਕੁੱਝ ਸਵਾਲ ਹਨ ਜੋ ਸੀਈਸੀ ਤੋਂ ਜਵਾਬ ਮੰਗਦੇ ਹਨ।
ਇਸ ਰਿਪੋਰਟ ਨੂੰ ਲੈਕੇ ਹੰਗਾਮਾ ਬਹੁਤ ਜ਼ਿਆਦਾ ਵੱਧ ਗਿਆ ਹੈ। ਟੀਵੀ ਚੈਨਲਾਂ ‘ਤੇ ਲਗਾਤਾਰ ਬਹਿਸ ਹੋ ਰਹੀ ਹੈ। ਹਾਲਾਂਕਿ ਇਸ ਤੇ ਕਾਬੂ ਪਾਉਣ ਲਈ ਤਿੰਨੇ ਸੀਈਸੀ ਨੇ ਇੱਕ ਸਾਂਝੀ ਬੈਠਕ ਕਰਕੇ ਸਫਾਈ ਵੀ ਪੇਸ਼ ਕੀਤੀ ਹੈ ਲੇਕਿਨ ਨਾ ਤਾਂ ਮੀਡਿਆ ਤਾ ਨਾ ਹੀ ਵਿਰੋਧੀ ਧਿਰ ਉਨ੍ਹਾਂ ਦੀ ਗੱਲ ਮੰਨਣ ਨੂੰ ਤਿਆਰ ਹੋਏ। ਰਿਪੋਰਟ ਦਾ ਇੱਕ ਵੱਡਾ ਅਸਰ ਹੋਣ ਜਾ ਰਿਹਾ ਹੈ ਜਿਸਨੂੰ ਅਗਲੇ ਕੁੱਝ ਦਿਨਾਂ ਵਿੱਚ ਵੇਖਿਆ ਜਾ ਸਕੇਗਾ।
ਇਸੇ ਦੌਰਾਨ ‘ਕਾਕਰੋਚ ਜਨਤਾ ਪਾਰਟੀ’ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਅਸਤੀਫਾ ਦੇਣ ਦਾ ਅਲਟੀਮੇਟਮ ਦੇ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਅਸਤੀਫਾ ਨਹੀਂ ਦਿੱਤਾ ਤਾਂ ਭਾਰਤ ਭਰ ਵਿਚ ਅੰਦੋਲਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਦਿੱਲੀ ਵਿਚ ਪ੍ਰਦਰਸ਼ਨ ਵੀ ਹੋਣਗੇ। ਸੀਜੇਪੀ ਫਾਊਂਡਰ ਅਭਿਜੀਤ ਦੀਪਕੇ ਨੇ ਦਿੱਲੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਗਿਆਨੇਸ਼ ਕੁਮਾਰ ਇਸ ਦੇਸ਼ ਦੇ ਸਭ ਤੋਂ ਵੱਡੇ ਗੱਦਾਰ ਹਨ। ਦੀਪਕੇ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਐਸ.ਆਈ.ਆਰ. ਦੇ ਜਰੀਏ ਦੇਸ਼ ਵਿਚ 13 ਕਰੋੜ ਤੋਂ ਜ਼ਿਆਦਾ ਵੋਟ ਡਿਲੀਟ ਕੀਤੇ ਹਨ। ਦੀਪਕੇ ਨੇ ਕਿਹਾ ਕਿ ਲੋਕਤੰਤਰ ਦਾ ਮਤਲਬ ਹੈ ਕਿ ਜਨਤਾ ਆਪਣੀ ਸਰਕਾਰ ਚੁਣੇ। ਪਰ ਜਦੋਂ ਤੋਂ ਗਿਆਨੇਸ਼ ਕੁਮਾਰ ਮੁੱਖ ਚੋਣ ਕਮਿਸ਼ਨਰ ਬਣੇ ਹਨ, ਉਦੋਂ ਤੋਂ ਸਰਕਾਰ ਇਹ ਤੈਅ ਕਰ ਰਹੀ ਹੈ ਕਿ ਕੌਣ ਆਪਣੀ ਵੋਟ ਦੀ ਵਰਤੋਂ ਕਰੇਗਾ ਅਤੇ ਕੌਣ ਨਹੀਂ।
ਇਸੇ ਦੌਰਾਨ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਦੇਸ਼ਧ੍ਰੋਹੀ’ ਹਨ, ਕਿਉਂਕਿ ਉਨ੍ਹਾਂ ਨੇ ਭਾਰਤ ਦੀ ਵੋਟ ਨੂੰ ‘ਬਰਬਾਦ’ ਕਰ ਦਿੱਤਾ ਹੈ। ਉਨ੍ਹਾਂ ਨੇ ਸੀਈਸੀ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ।
– ਅਮਰਜੀਤ ਸਿੰਘ

RELATED ARTICLES
POPULAR POSTS