Breaking News
Home / ਸੰਪਾਦਕੀ / ਪੰਜਾਬ ‘ਚ ਨਸ਼ਿਆਂ ਦਾ ਵੱਧਦਾ ਜਾ ਰਿਹਾ ਪ੍ਰਕੋਪ

ਪੰਜਾਬ ‘ਚ ਨਸ਼ਿਆਂ ਦਾ ਵੱਧਦਾ ਜਾ ਰਿਹਾ ਪ੍ਰਕੋਪ

ਨਸ਼ੇ ਅਤੇ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਪੰਜਾਬ ‘ਚ ਇਕ ਵਾਰ ਫਿਰ ਚਰਚਾ ਦਾ ਬਾਜ਼ਾਰ ਗਰਮ ਹੈ। ਇਸ ਦੌਰਾਨ ਸੂਬੇ ‘ਚ ਇਕ ਪਾਸੇ ਜਿੱਥੇ ਨਸ਼ੇ ਦੀਆਂ ਖੇਪਾਂ ਬਰਾਮਦ ਹੋਣ ਦੀਆਂ ਘਟਨਾਵਾਂ ਵਧੀਆਂ ਹਨ, ਉੱਥੇ ਹੀ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਨੌਜਵਾਨਾਂ ਦੀਆਂ ਮੌਤਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਹਾਲਾਤ ਇੱਥੋਂ ਤੱਕ ਜਾ ਪਹੁੰਚੇ ਹਨ ਕਿ ਸੂਬੇ ‘ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ, ਗੈਂਗਸਟਰਾਂ ਅਤੇ ਦਹਿਸ਼ਤਗਰਦ ਅਨਸਰਾਂ ਵਿਚਾਲੇ ਉਭਰਦੇ ਘਾਤਕ ਗੱਠਜੋੜ ਦਾ ਪਤਾ ਲੱਗਣ ‘ਤੇ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਵੀ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ ਦਰਜਨਾਂ ਥਾਵਾਂ ‘ਤੇ ਵੱਡੇ ਪੱਧਰ ‘ਤੇ ਛਾਪੇਮਾਰੀ ਦੀ ਮੁਹਿੰਮ ਚਲਾਉਣੀ ਪਈ ਹੈ। ਇਸ ਗੱਠਜੋੜ ਨਾਲ ਬਿਨਾਂ ਸ਼ੱਕ ਦੇਸ਼ ਦੀ ਸੁਰੱਖਿਆ ‘ਤੇ ਵੀ ਅਸਰ ਪੈਂਦਾ ਦਿਖਾਈ ਦਿੰਦਾ ਹੈ। ਗੁਪਤ ਸੂਚਨਾਵਾਂ ਅਨੁਸਾਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਗੈਂਗਸਟਰਾਂ ਦੀ ਸੁਰੱਖਿਆ ਅਤੇ ਸਹਿਯੋਗ ਮਿਲਣ ਨਾਲ ਇਸ ਗ਼ੈਰ-ਕਾਨੂੰਨੀ ਕਾਰੋਬਾਰ ਨੂੰ ਹੋਰ ਵੀ ਬਲ ਮਿਲ ਰਿਹਾ ਹੈ ਅਤੇ ਇਹ ਧਨ ਗੁਪਤ ਤਰੀਕਿਆਂ ਨਾਲ ਦੇਸ਼ ਵਿਰੋਧੀ ਅਨਸਰਾਂ ਤੱਕ ਪਹੁੰਚਣ ਦੀਆਂ ਵੀ ਸੂਚਨਾਵਾਂ ਹਨ। ਉਕਤ ਕੌਮੀ ਏਜੰਸੀ ਵਲੋਂ ਇਸ ਛਾਪੇਮਾਰੀ ਤੋਂ ਪਹਿਲਾਂ ਦੱਖਣ ਅਤੇ ਉੱਤਰ ਭਾਰਤ ਦੇ ਕੁਝ ਹੋਰ ਰਾਜਾਂ ‘ਚ ਵੀ ਅਜਿਹੇ ਦੇਸ਼ਵਿਰੋਧੀ ਤੱਤਾਂ ਦੇ ਖਿਲਾਫ ਅਜਿਹੀ ਹੀ ਮੁਹਿੰਮ ਚਲਾਈ ਜਾਣਾ ਸਿਰਫ਼ ਕੋਈ ਇਤਫ਼ਾਕ ਤਾਂ ਨਹੀਂ ਹੋ ਸਕਦਾ। ਬਿਨਾਂ ਸ਼ੱਕ ਨਸ਼ੇ ਦੀ ਦੇਸ਼ ਵਿਆਪੀ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ਦੀ ਇਕ ਅਹਿਮ ਜਾਂਚ ਏਜੰਸੀ ਵਲੋਂ ਏਨੇ ਵੱਡੇ ਪੱਧਰ ‘ਤੇ ਪੰਜਾਬ ਤੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿਚ ਕਾਰਵਾਈ ਕੀਤੀ ਜਾਣੀ ਇਕ ਵਿਆਪਕ ਖ਼ਤਰੇ ਦਾ ਸੰਕੇਤ ਹੈ।
ਪੰਜਾਬ ‘ਚ ਨਸ਼ੇ ਦੀ ਸਮੱਸਿਆ ਦੀ ਗੰਭੀਰਤਾ ਦਾ ਪਤਾ ਇਸ ਇਕ ਤੱਥ ਤੋਂ ਵੀ ਲੱਗ ਜਾਂਦਾ ਹੈ ਕਿ ਸੂਬੇ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੇ ਦੇ ਸੇਵਨ ਦੀ ਗ੍ਰਿਫ਼ਤ ‘ਚ ਆਈ ਨੌਜਵਾਨ ਪੀੜ੍ਹੀ ‘ਚ ਹੁਣ ਨੌਜਵਾਨ ਲੜਕੀਆਂ ਵੀ ਸ਼ਾਮਿਲ ਹੋ ਰਹੀਆਂ ਹਨ। ਇਹ ਲੜਕੀਆਂ ਸਿਰਫ਼ ਗ਼ਰੀਬ ਘਰਾਂ ਦੀਆਂ ਹੀ ਨਹੀਂ, ਸਗੋਂ ਅਮੀਰ ਘਰਾਣਿਆਂ ਦੀਆਂ ਵੀ ਹੁੰਦੀਆਂ ਹਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਭਾਰਤੀ ਅਤੇ ਪਾਕਿਸਤਾਨੀ ਤਸਕਰਾਂ ਦਾ ਸਰਹੱਦ ਪਾਰ ਤੋਂ ਵਪਾਰਕ ਲੈਣ-ਦੇਣ ਵੀ ਵੱਡੇ ਪੱਧਰ ‘ਤੇ ਸਾਹਮਣੇ ਆ ਰਿਹਾ ਹੈ। ਸਰਹੱਦ ਪਾਰ ਤੋਂ ਡਰੋਨਾਂ ਦੇ ਮਾਧਿਅਮ ਨਾਲ ਜਾਂ ਹੋਰ ਕਈ ਤਰੀਕਿਆਂ ਨਾਲ ਹੈਰੋਇਨ ਆਦਿ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਗ਼ੈਰਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਦਾ ਭੇਜਿਆ ਜਾਣਾ ਵੀ ਜਾਰੀ ਹੈ। ਪੰਜਾਬ ਕਿਉਂਕਿ ਇਕ ਸਰਹੱਦੀ ਸੂਬਾ ਹੈ ਅਤੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੇ ਕਾਰਨ ਪੰਜਾਬ ਨਾਲ ਪਾਕਿ ਦੀਆਂ ਲਗਦੀਆਂ ਸਰਹੱਦਾਂ ‘ਤੇ ਹਮੇਸ਼ਾ ਨਾਜ਼ੁਕ ਸਥਿਤੀਆਂ ਬਣੀਆਂ ਰਹਿੰਦੀਆਂ ਹਨ। ਇਸ ਲਈ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਇਹ ਤਸਕਰੀ ਪੰਜਾਬ ਦੀ ਸ਼ਾਂਤੀ ਵਿਵਸਥਾ ਲਈ ਵੀ ਘਾਤਕ ਤੇ ਹਾਨੀਕਾਰਕ ਹੋ ਸਕਦੀ ਹੈ। ਅੰਮ੍ਰਿਤਸਰ ਦੇ ਇਕ ਤਸਕਰ ਕੋਲੋਂ ਵੱਡੀ ਮਾਤਰਾ ‘ਚ ਹੈਰੋਇਨ, ਗ਼ੈਰਕਾਨੂੰਨੀ ਪਿਸਤੌਲ ਤੇ ਨਸ਼ੀਲੇ ਪਦਾਰਥਾਂ ਤੋਂ ਕਮਾਏ ਧਨ ਦਾ ਬਰਾਮਦ ਕੀਤਾ ਜਾਣਾ ਵੀ ਇਕ ਖ਼ਤਰਨਾਕ ਸੰਕੇਤ ਹੈ। ਇਨ੍ਹਾਂ ਤਸਕਰਾਂ ਦੇ ਹੌਸਲੇ ਕਿੰਨੇ ਬੁਲੰਦ ਹਨ, ਇਸ ਦਾ ਪਤਾ ਇਸ ਇਕ ਘਟਨਾ ਤੋਂ ਵੀ ਲੱਗ ਜਾਂਦਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਕਾਬੂ ਕਰਨ ਗਏ ਵਿਸ਼ੇਸ਼ ਪੁਲਿਸ ਬਲਾਂ ਦੀ ਟੁਕੜੀ ‘ਤੇ ਵੀ ਤਸਕਰਾਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ।
ਪਾਕਿਸਤਾਨੀ ਸ਼ਹਿ ਪ੍ਰਾਪਤ ਪੰਜਾਬ ਦੇ ਤਸਕਰਾਂ ਦੇ ਗੱਠਜੋੜ ਨੂੰ ਪੁਲਿਸ ਅੰਦਰਲੇ ਕੁਝ ਮਾੜੇ ਅਨਸਰਾਂ ਦਾ ਸਮਰਥਨ ਇਸ ਸਮੱਸਿਆ ਦੀ ਗੰਭੀਰਤਾ ਨੂੰ ਹੋਰ ਵਧਾ ਦੇਣ ਲਈ ਕਾਫ਼ੀ ਹੈ। ਪਿਛਲੇ ਸਮੇਂ ਵਿਚ ਪੰਜਾਬ ‘ਚ ਸਾਹਮਣੇ ਆਈਆਂ ਕੁਝ ਰਿਪੋਰਟਾਂ ਦੇ ਆਧਾਰ ‘ਤੇ ਪੰਜਾਬ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀਆਂ ‘ਤੇ ਵੀ ਕੇਸ ਦਰਜ ਕੀਤੇ ਹੋਏ ਹਨ। ਬਿਨਾਂ ਸ਼ੱਕ ਇਸ ਸਮੱਸਿਆ ਨਾਲ ਸਖ਼ਤੀ ਨਾਲ ਨਜਿੱਠੇ ਜਾਣ ਦੀ ਵੱਡੀ ਜ਼ਰੂਰਤ ਹੈ।
ਪੰਜਾਬ ਵਿਚ ਨਸ਼ੇ ਦੇ ਪ੍ਰਸਾਰ ‘ਚ ਸੂਬੇ ਦੇ ਕੁਝ ਨਸ਼ਾ ਛੁਡਾਓ ਕੇਂਦਰ ਵੀ ਕੋਹੜ ‘ਤੇ ਖਾਜ ਬਣਦੇ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਸੂਬੇ ‘ਚ ਉੱਚ ਪੁਲਿਸ ਸੂਤਰਾਂ ਨੇ ਅਜਿਹੇ ਕੁਝ ਕੇਂਦਰਾਂ ‘ਚ ਨਸ਼ੇ ਦਾ ਇਲਾਜ ਹੋਣ ਦੀ ਬਜਾਏ ਇਨ੍ਹਾਂ ਦੇ ਨਸ਼ੇ ਦੇ ਪ੍ਰਸਾਰ ਦਾ ਕੇਂਦਰ ਬਣਦੇ ਜਾਣਾ ਅਤੇ ਇਨ੍ਹਾਂ ‘ਚ ਅਣਚਾਹੇ ਤੱਤਾਂ ਦੇ ਪਨਪਣ ਦਾ ਵੀ ਖ਼ੁਲਾਸਾ ਹੋਇਆ ਸੀ। ਪੰਜਾਬ ਜੋ ਕਦੇ ਦੇਸ਼ ਦੀ ਖ਼ੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਨੂੰ ਅੱਜ ਨਸ਼ੇ ਦੀ ਦਲਦਲ ‘ਚ ਧਸਦਿਆਂ ਦੇਖ ਕੇ ਬਹੁਤੇ ਪੰਜਾਬ ਹਿਤੈਸ਼ੀ ਦੁਖੀ ਮਹਿਸੂਸ ਕਰਦੇ ਹਨ। ਘਟਨਾਵਾਂ ਦੇ ਤੱਥ ਅਤੇ ਪ੍ਰਮਾਣ ਇਸ ਪੱਖੋਂ ਵਿਗਾੜ ਦੀ ਸਥਿਤੀ ਦਾ ਪ੍ਰਗਟਾਵਾ ਕਰਨ ਲਈ ਕਾਫ਼ੀ ਹਨ। ਅਸੀਂ ਸਮਝਦੇ ਹਾਂ ਕਿ ਇਸ ਸਮੱਸਿਆ ਅਤੇ ਖ਼ਾਸਕਰ ਇਸ ਨਾਪਾਕ ਗੱਠਜੋੜ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਨਿਰੰਤਰ ਕਾਰਵਾਈ ਕੀਤੇ ਜਾਣ ਦੀ ਵੱਡੀ ਜ਼ਰੂਰਤ ਹੈ। ਇਹ ਕਾਰਵਾਈ ਜਿੰਨੀ ਪ੍ਰਭਾਵੀ ਹੋਵੇਗੀ, ਓਨਾ ਹੀ ਇਹ ਸੂਬੇ, ਇੱਥੋਂ ਦੇ ਲੋਕਾਂ ਅਤੇ ਦੇਸ਼ ਦੀ ਸੁਰੱਖਿਆ ਦੇ ਹਿਤ ‘ਚ ਹੋਵੇਗਾ।

Check Also

ਦਵਾਈਆਂ ਦੇ ਕਾਰੋਬਾਰ ਵਿਚ ਮਿਲਾਵਟ ਦਾ ਗੋਰਖਧੰਦਾ

ਭਾਰਤ ਦੀ ਸਭ ਤੋਂ ਵੱਡੀ ਪ੍ਰਮਾਣਿਤ ਇਕਾਈ ਕੇਂਦਰੀ ਦਵਾਈ ਸਟੈਂਡਰਡ ਕੰਟਰੋਲ ਸੰਗਠਨ ਦੀ ਇਕ ਤਾਜ਼ਾ …