14.1 C
Toronto
Friday, September 12, 2025
spot_img
Homeਭਾਰਤਵੈਂਕਈਆ ਨਾਇਡੂ ਬਣੇ 13ਵੇਂ ਉਪ ਰਾਸ਼ਟਰਪਤੀ

ਵੈਂਕਈਆ ਨਾਇਡੂ ਬਣੇ 13ਵੇਂ ਉਪ ਰਾਸ਼ਟਰਪਤੀ

ਗੋਪਾਲ ਕ੍ਰਿਸ਼ਨ ਗਾਂਧੀ ਨੂੰ ਵੱਡੇ ਫਰਕ ਨਾਲ ਹਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਐਨਡੀਏ ਉਮੀਦਵਾਰ ਵੈਂਕਈਆ ਨਾਇਡੂ ਨੂੰ ਭਾਰਤ ਦਾ ਅਗਲਾ ਉਪ ਰਾਸ਼ਟਰਪਤੀ ਚੁਣ ਲਿਆ ਗਿਆ। ਉਨ੍ਹਾਂ ਨੂੰ ਵਿਰੋਧੀ ਉਮੀਦਵਾਰ ਗੋਪਾਲਕ੍ਰਿਸ਼ਨ ਗਾਂਧੀ ਦੇ ਮੁਕਾਬਲੇ ਦੋ ਤਿਹਾਈ ਤੋਂ ਵੱਧ ਵੋਟਾਂ ਮਿਲੀਆਂ। ਆਂਧਰਾ ਪ੍ਰਦੇਸ਼ ਨਾਲ ਸਬੰਧਤ 68 ਸਾਲਾ ਭਾਜਪਾ ਆਗੂ ਨੂੰ ਕੁੱਲ ਭੁਗਤੀਆਂ 771 ਵਿੱਚੋਂ 516 ਵੋਟਾਂ ਮਿਲੀਆਂ, ਜਦੋਂ ਕਿ ਗਾਂਧੀ ਨੂੰ ਸਿਰਫ਼ 244 ਵੋਟਾਂ ਮਿਲੀਆਂ।
ਕੁੱਲ ਭੁਗਤੀਆਂ ਵੋਟਾਂ ਵਿੱਚੋਂ 11 ਰੱਦ ਹੋ ਗਈਆਂ। ਹਾਲਾਂਕਿ ਚੋਣ ਵਿੱਚ 785 ਸੰਸਦ ਮੈਂਬਰ ਵੋਟ ਪਾਉਣ ਦੇ ਯੋਗ ਸਨ ਪਰ 14 ਮੈਂਬਰ ਵੋਟ ਪਾਉਣ ਨਹੀਂ ਪੁੱਜੇ। ਇਸ ਚੋਣ ਮੰਡਲ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਚੁਣੇ ਹੋਏ ਤੇ ਨਾਮਜ਼ਦ ਸਾਰੇ 790 ਮੈਂਬਰ ਸ਼ਾਮਲ ਹੁੰਦੇ ਹਨ। ਰਾਜ ਸਭਾ ਤੇ ਲੋਕ ਸਭਾ ਦੀਆਂ ਦੋ-ਦੋ ਸੀਟਾਂ ਖ਼ਾਲੀ ਹਨ, ਜਦੋਂ ਕਿ ਭਾਜਪਾ ਦੇ ਇਕ ਲੋਕ ਸਭਾ ਮੈਂਬਰ ਨੂੰ ਨਿਆਂਇਕ ਫੈਸਲੇ ਕਾਰਨ ਵੋਟ ਪਾਉਣ ਤੋਂ ਰੋਕਿਆ ਗਿਆ ਹੈ।
ਉਪ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਨਾਇਡੂ ਨੇ ਕਿਹਾ, ”ਖੇਤੀਬਾੜੀ ਪਿਛੋਕੜ ਤੋਂ ਆਉਣ ਕਾਰਨ ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਮੈਂ ਇੱਥੋਂ ਤੱਕ ਪੁੱਜਾਂਗਾ। ਭਾਰਤੀ ਸਿਆਸਤ ਵਿੱਚ ਖੇਤੀਬਾੜੀ ਨੂੰ ਕੋਈ ਢੁਕਵੀਂ ਆਵਾਜ਼ ਨਹੀਂ ਮਿਲ ਸਕੀ ਹੈ।”
ਉਨ੍ਹਾਂ ਕਿਹਾ, ”ਮੈਂ ਪ੍ਰਧਾਨ ਮੰਤਰੀ ਤੇ ਸਾਰੇ ਪਾਰਟੀ ਵਰਕਰਾਂ ਦਾ ਸਮਰਥਨ ਦੇਣ ਲਈ ਧੰਨਵਾਦੀ ਹਾਂ।
ਮੈਂ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਵਰਤੋਂ ਰਾਸ਼ਟਰਪਤੀ ਦੇ ਹੱਥ ਮਜ਼ਬੂਤ ਕਰਨ ਲਈ ਕਰਾਂਗਾ ਅਤੇ ਉਪਰਲੇ ਸਦਨ ਦੀ ਮਰਿਆਦਾ ਬਹਾਲ ਰੱਖਾਂਗਾ।” ਵੈਂਕਈਆ ਨਾਇਡੂ 13ਵੇਂ ਅਜਿਹੇ ਸ਼ਖ਼ਸ ਹੋਣਗੇ, ਜੋ ਦੇਸ਼ ਦੇ ਇਸ ਦੂਜੇ ਉੱਚ ਸੰਵਿਧਾਨਕ ਅਹੁਦੇ ਉਤੇ ਬੈਠਣਗੇ। ਉਪ ਰਾਸ਼ਟਰਪਤੀ ਹੋਣ ਦੇ ਨਾਤੇ ਉਹ ਚੇਅਰਮੈਨ ਵਜੋਂ ਰਾਜ ਸਭਾ ਦੀ ਵੀ ਅਗਵਾਈ ਕਰਨਗੇ। 2007 ਵਿੱਚ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਹਾਮਿਦ ਅਨਸਾਰੀ ਨੂੰ 456 ਵੋਟਾਂ ਪਈਆਂ, ਜਦੋਂ ਕਿ ਨਜਮਾ ਹੈਪਤੁੱਲਾ ਨੂੰ 222 ਅਤੇ ਰਾਸ਼ਿਦ ਮਸੂਦ ਨੂੰ 75 ਵੋਟਾਂ ਮਿਲੀਆਂ ਸਨ। 2012 ਦੀਆਂ ਚੋਣਾਂ ਵਿੱਚ ਅਨਸਾਰੀ ਨੂੰ 490 ਅਤੇ ਐਨਡੀਏ ਦੇ ਉਮੀਦਵਾਰ ਜਸਵੰਤ ਸਿੰਘ ਨੂੰ 238 ਵੋਟਾਂ ਮਿਲੀਆਂ। ਇਸ ਚੋਣ ਨਾਲ ਦੇਸ਼ ਦੇ ਤਿੰਨੇ ਉੱਚ ਸੰਵਿਧਾਨਕ ਅਹੁਦੇ (ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ) ਭਾਜਪਾ ਕੋਲ ਆ ਗਏ। ਪਿਛਲੇ ਮਹੀਨੇ ਰਾਮਨਾਥ ਕੋਵਿੰਦ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੇ ਪਹਿਲੇ ਭਾਜਪਾ ਆਗੂ ਬਣੇ। ਉਨ੍ਹਾਂ ਵਿਰੋਧੀ ਧਿਰ ਦੀ ਮੀਰਾ ਕੁਮਾਰ ਨੂੰ ਹਰਾਇਆ। ਨਾਇਡੂ ਭਾਜਪਾ ਦੇ ਦੂਜੇ ਅਜਿਹੇ ਆਗੂ ਹਨ, ਜਿਹੜੇ ਉਪ ਰਾਸ਼ਟਰਪਤੀ ਬਣੇ। ਇਸ ਤੋਂ ਪਹਿਲਾਂ ਭਾਜਪਾ ਦੇ ਪਿਛੋਕੜ ਵਾਲੇ ਭੈਰੋਂ ਸਿੰਘ ਸ਼ੇਖਾਵਤ (2002-2007) ਇਹ ਅਹੁਦਾ ਸੰਭਾਲ ਚੁੱਕੇ ਹਨ। ਦੋ ਵਾਰ ਭਾਜਪਾ ਪ੍ਰਧਾਨ ਰਹੇ ਨਾਇਡੂ ਨੂੰ ਕਰਨਾਟਕ ਤੋਂ ਤਿੰਨ ਦਫ਼ਾ ਰਾਜ ਸਭਾ ਲਈ ਚੁਣਿਆ ਗਿਆ ਸੀ। ਉਪ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦ ਹੋਣ ਵੇਲੇ ਉਹ ਸੰਸਦ ਦੇ ਉਪਰਲੇ ਸਦਨ ਵਿੱਚ ਰਾਜਸਥਾਨ ਦੀ ਨੁਮਾਇੰਦਗੀ ਕਰ ਰਹੇ ਹਨ। ਇਕ ਸਮੇਂ ਲਾਲ ਕ੍ਰਿਸ਼ਨ ਅਡਵਾਨੀ ਦੇ ਖ਼ਾਸਮ-ਖ਼ਾਸ ਰਹੇ ਨਾਇਡੂ ਨੇ 2014 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਜ਼ੋਰ-ਸ਼ੋਰ ਨਾਲ ਨਰਿੰਦਰ ਮੋਦੀ ਦੀ ਹਮਾਇਤ ਕੀਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਂਕਈਆ ਨਾਇਡੂ ਨੂੰ ਉਪ ਰਾਸ਼ਟਰਪਤੀ ਚੁਣੇ ਜਾਣ ਉਤੇ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਹ ਰਾਸ਼ਟਰ ਨਿਰਮਾਣ ਦੇ ਟੀਚੇ ਦੀ ਪੂਰਤੀ ਲਈ ਪੂਰੇ ਸਮਰਪਣ ਅਤੇ ਮਿਹਨਤ ਨਾਲ ਸੇਵਾ ਕਰਨਗੇ। ਪ੍ਰਧਾਨ ਮੰਤਰੀ ਦਾ ਸੰਦੇਸ਼ ਐਨਡੀਏ ਉਮੀਦਵਾਰ ਨਾਇਡੂ ਦੀ ਜਿੱਤ ਤੋਂ ਫੌਰੀ ਬਾਅਦ ਆਇਆ। ਉਨ੍ਹਾਂ ਟਵੀਟ ਵਿੱਚ ਨਾਇਡੂ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ”ਮੇਰਾ ਮਨ ਨਾਇਡੂ ਵੱਲੋਂ ਪਾਰਟੀ ਤੇ ਸਰਕਾਰ ਵਿੱਚ ਕੀਤੇ ਕੰਮਕਾਜ ਸਬੰਧੀ ਯਾਦਾਂ ਨਾਲ ਭਰਿਆ ਪਿਆ ਹੈ।”
ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਵੱਲੋਂ ਵੀ ਵਧਾਈ
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੈਂਕਈਆ ਨਾਇਡੂ ਨੂੰ ਭਾਰਤ ਦੇ ਉਪ-ਰਾਸ਼ਟਰਪਤੀ ਚੁਣੇ ਜਾਣ ‘ਤੇ ਮੁਬਾਰਕਬਾਦ ਦਿੱਤੀ। ਬਾਦਲ ਨੇ ਨਾਇਡੂ ਦੀ ਜਿੱਤ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਦੇਸ਼ ਦੇ ਨਿਰਮਾਣ ਲਈ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਵਿਚ ਅਨੋਖਾ ਯੋਗਦਾਨ ਪਾਉਣ ਵਾਲੀ ਇੱਕ ਬੇਮਿਸਾਲ ਹਸਤੀ ਕਰਾਰ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਮਾਜ ਦੀਆਂ ਆਰਥਿਕ ਨੀਂਹਾਂ ਨੂੰ ਮਜ਼ਬੂਤ ਕਰਨ ਪ੍ਰਤੀ ਵਚਨਬੱਧਤਾ ਇਸ ਮੁਲਕ ਨੂੰ ਇੱਕ ਆਰਥਿਕ ਸੁਪਰ ਪਾਵਰ ਬਣਾਉਣ ਵਿਚ ਲਾਹੇਵੰਦ ਸਾਬਤ ਹੋਵੇਗੀ।
ਵੋਟਾਂ ਵਧਣ ‘ਤੇ ਵਿਰੋਧੀ ਧਿਰ ਖ਼ੁਸ਼
ਨਵੀਂ ਦਿੱਲੀ: ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਮੁਕਾਬਲੇ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਵਿਰੋਧੀ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨੂੂੰ 19 ਵੋਟਾਂ ਵੱਧ ਮਿਲੀਆਂ, ਜੋ ਸਕਾਰਾਤਮਕ ਸੰਕੇਤ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਵਿੱਚ ਵਿਰੋਧੀ ਉਮੀਦਵਾਰ ਨੂੰ 225 ਵੋਟਾਂ ਮਿਲੀਆਂ ਸਨ, ਜਦੋਂ ਕਿ ਹੁਣ 244 ਵੋਟਾਂ ਮਿਲੀਆਂ। ਇਹ ਖ਼ੁਸ਼ੀ ਦੀ ਗੱਲ ਹੈ।

RELATED ARTICLES
POPULAR POSTS