ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ਨੇ ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਜਾਰੀ ਕੀਤੇ ਗਏ 500 ਤੇ 2000 ਰੁਪਏ ਦੇ ਨੋਟ ਦੋ ਕਿਸਮਾਂ ਦੇ ਛਾਪੇ ਜਾਣ ਦੇ ਦੋਸ਼ ਲਾਉਂਦਿਆਂ ਰਾਜ ਸਭਾ ਵਿੱਚ ਜ਼ੋਰਦਾਰ ਹੰਗਾਮਾ ਕੀਤਾ ਅਤੇ ਇਸ ਕਾਰਨ ਚਾਰ ਵਾਰ ਸਦਨ ਦੀ ਕਾਰਵਾਈ ਉਠਾਉਣੀ ਪਈ। ਕਾਂਗਰਸੀ ਮੈਂਬਰਾਂ ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਤੇ ਜਨਤਾ ਦਲ (ਯੂ) ਦੀ ਹਮਾਇਤ ਨਾਲ ਸਿਫ਼ਰ ਕਾਲ ਦੌਰਾਨ ਇਹ ਮਾਮਲਾ ਉਠਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਇਸ ਨੂੰ ‘ਸਦੀ ਦਾ ਸਭ ਤੋਂ ਵੱਡਾ ਘਪਲਾ’ ਕਰਾਰ ਦਿੱਤਾ।
ਕਾਂਗਰਸ ਦੇ ਕਪਿਲ ਸਿੱਬਲ ਨੇ ਵਿਵਸਥਾ ਦੇ ਸਵਾਲ ਤਹਿਤ ਮੁੱਦਾ ਉਠਾਉਂਦਿਆਂ ਕਿਹਾ ਕਿ ਨਵੇਂ ਕਰੰਸੀ ਨੋਟ ਦੋ ਆਕਾਰਾਂ ਵਿੱਚ ਛਾਪੇ ਜਾ ਰਹੇ ਹਨ, ‘ਇਕ ਹਾਕਮ ਪਾਰਟੀ (ਦੇ ਮੈਂਬਰਾਂ) ਤੇ ਦੂਜੇ ਹੋਰਨਾਂ’ ਲਈ। ਉਨ੍ਹਾਂ ਕਿਹਾ, ”ਸਾਨੂੰ ਪਤਾ ਲੱਗ ਗਿਆ ਹੈ ਕਿ ਸਰਕਾਰ ਨੇ ਲੰਘੇ ਸਾਲ ਨੋਟਬੰਦੀ ਕਿਉਂ ਕੀਤੀ ਸੀ।” ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ‘ਸਦੀ ਦੇ ਇਸ ਸਭ ਤੋਂ ਵੱਡੇ ਘਪਲੇ’ ਕਾਰਨ ਸਰਕਾਰ ਨੂੰ ‘ਕੁਰਸੀ ‘ਤੇ ਰਹਿਣ ਦਾ ਕੋਈ ਹੱਕ ਨਹੀਂ’ ਹੈ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਤੇ ਸੰਸਦੀ ਮਾਮਲਾਤ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਅਜਿਹਾ ਹੋਣ ਦਾ ਖੰਡਨ ਕੀਤਾ।
ਟੀਐਮਸੀ ਦੇ ਡੈਰੇਕ ਓ’ਬਰਾਇਨ ਨੇ 500 ਰੁਪਏ ਦੇ ਦੋ ਨੋਟ ਵਿਖਾਉਂਦਿਆਂ ਕਿਹਾ ਕਿ ਇਹ ਵੱਖੋ-ਵੱਖ ਆਕਾਰ ਦੇ ਹਨ। ਜੇਡੀ(ਯੂ) ਦੇ ਸ਼ਰਦ ਯਾਦਵ ਨੇ ਵੀ ਕਿਹਾ ਕਿ ‘ਇਕ ਨੋਟ ਵੱਡਾ ਤੇ ਦੂਜਾ ਛੋਟਾ’ ਹੈ। ਉਪ ਸਭਾ ਪਤੀ ਪੀ.ਜੇ. ਕੁਰੀਅਨ ਨੇ ਕਿਹਾ ਕਿ ਇਹ ਕੋਈ ਵਿਵਸਥਾ ਦਾ ਸਵਾਲ ਨਹੀਂ ਬਣਦਾ। ਉਨ੍ਹਾਂ ਪਹਿਲਾਂ 15 ਮਿੰਟਾਂ ਲਈ ਤੇ ਫਿਰ ਦੁਪਹਿਰ ਤੱਕ ਸਦਨ ਕੀ ਕਾਰਵਾਈ ਉਠਾਈ। ਸਭਾਪਤੀ ਹਾਮਿਦ ਅਨਸਾਰੀ ਨੂੰ ਵੀ ਦੋ ਵਾਰ ઠਸਦਨ ਉਠਾਉਣਾ ਪਿਆ। ਬਾਅਦ ਵਿੱਚ ਕਾਂਗਰਸ ਨੇ ਮੰਗ ਕੀਤੀ ਕਿ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਸਪਸ਼ਟੀਕਰਨ ਦੇਵੇ, ਕਿਉਂਕਿ ਇਸ ਕਾਰਨ ‘ਭਾਰਤੀ ਕਰੰਸੀ ਦੀ ਭਰੋਸੇਯੋਗਤਾ ਤਾਰ-ਤਾਰ ਹੋ ਗਈ’ ਹੈ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿਰੋਧੀ ਧਿਰ ਦੀ ਕਾਰਵਾਈ ਨੂੰ ਸਿਫ਼ਰ ਕਾਲ ਦੀ ‘ਦੁਰਵਰਤੋਂ’ ਕਰਾਰ ਦਿੱਤਾ। ਸਾਰੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ‘ਕਾਗਜ਼ ਲਹਿਰਾਉਂਦਾ ਹੋਇਆ ਇਸ ਨੂੰ ਵਿਵਸਥਾ ਦਾ ਸਵਾਲ’ ਨਹੀਂ ਕਰਾਰ ਦੇ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਅਕਸਰ ਬਿਨਾ ਨੋਟਿਸ ਸਦਨ ਦਾ ਵਕਤ ਜ਼ਾਇਆ ਕਰਨ ਲਈ ‘ਹਲਕੇ’ ਮੁੱਦੇ ਉਠਾਉਂਦੀ ਹੈ।