ਸੀਬੀਆਈ ਨੇ ਕਾਰਤੀ ਦੇ ਘਰ ਅਤੇ ਦਫ਼ਤਰ ਸਣੇ 9 ਥਾਵਾਂ ’ਤੇ ਕੀਤੀ ਰੇਡ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੇ ਘਰ ਅਤੇ ਦਫ਼ਤਰ ਸਮੇਤ 9 ਟਿਕਾਣਿਆਂ ’ਤੇ ਅੱਜ ਸੀਬੀਆਈ ਵੱਲੋਂ ਛਾਪਾ ਮਾਰਿਆ ਗਿਆ। ਇਹ ਛਾਪੇਮਾਰੀ ਚੇਨਈ, ਨਵੀਂ ਦਿੱਲੀ, ਕਰਨਾਟਕ, ਪੰਜਾਬ ਅਤੇ ਉੜੀਸਾ ਦੇ ਠਿਕਾਣਿਆਂ ’ਤੇ ਕੀਤੀ ਗਈ। ਇਸ ਦੌਰਾਨ ਸੀਬੀਆਈ ਨੇ ਕਾਰਤੀ ਖਿਲਾਫ਼ ਨਵਾਂ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ’ਤੇ 250 ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਦੇ ਲਈ ਕਥਿਤ ਤੌਰ ’ਤੇ 50 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਆਰੋਪ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੂੰ ਆਈਐਨਐਕਸ ਮੀਡੀਆ ਮਾਮਲੇ ’ਚ ਲੈਣ-ਦੇਣ ਦੀ ਜਾਂਚ ਦੌਰਾਨ ਇਸ ਦੀ ਜਾਣਕਾਰੀ ਮਿਲੀ ਸੀ। ਕਾਰਤੀ ਚਿਦੰਬਰਮ ਨੇ ਕਥਿਤ ਤੌਰ ’ਤੇ ਨਿਯਮਾਂ ਦੀ ਅਣਦੇਖੀ ਕਰਕੇ ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ’ਚ ਮਦਦ ਕੀਤੀ ਸੀ। ਪੰਜਾਬ ਸਥਿਤ ਤਲਵੰਡੀ ਸਾਬੋ ਪਾਵਰ ਲਿਮਟਿਡ ਪ੍ਰੋਜੈਕਟ ਚੱਲ ਰਿਹਾ ਸੀ, ਜਿਸ ਦੇ ਲਈ ਚੀਨੀ ਮਜ਼ਦੂਰਾਂ ਨੂੰ ਵੀਜ਼ਾ ਦਿਵਾਇਆ ਗਿਆ ਸੀ। ਦੂਜੇ ਪਾਸੇ ਕਾਰਤੀ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਖਿਲਾਫ਼ ਸੀਬੀਆਈ ਦੀ ਇਹ ਕੋਈ ਪਹਿਲੀ ਰੇਡ ਨਹੀਂ। ਉਨ੍ਹਾਂ ’ਤੇ ਸੀਬੀਆਈ ਦੇ ਕਿੰਨੇ ਛਾਪੇ ਪੈ ਚੁੱਕੇ ਹਨ ਉਹ ਤਾਂ ਗਿਣਤੀ ਵੀ ਭੁੱਲ ਚੁੱਕੇ ਹਨ।