ਪ੍ਰਧਾਨ ਮੰਤਰੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ ਕਰਵਾਏ ਗਏ ‘ਵੀਰ ਬਾਲ ਦਿਵਸ’ ਸਮਾਗਮ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਭਾਰਤੀਆਂ ਨੂੰ ਆਪਣੇ ਦੇਸ਼ ਦੇ ਮਾਣ ਲਈ ਜਿਊਣਾ ਸਿਖਾਇਆ ਅਤੇ ਦੇਸ਼ ਨੂੰ ਬਿਹਤਰ ਅਤੇ ਵਿਕਸਤ ਬਣਾਉਣ ਲਈ ਇੱਕ ਪ੍ਰੇਰਨਾ ਵਜੋਂ ਕੰਮ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਕਰਵਾਏ ਗਏ ‘ਵੀਰ ਬਾਲ ਦਿਵਸ’ ਪ੍ਰੋਗਰਾਮ ਦੌਰਾਨ ਮੋਦੀ ਨੇ ਕਿਹਾ ਕਿ ਅੱਜ ਦਾ ਭਾਰਤ ‘ਗੁਲਾਮੀ ਦੀ ਮਾਨਸਿਕਤਾ’ ਵਿੱਚੋਂ ਬਾਹਰ ਆ ਰਿਹਾ ਹੈ ਅਤੇ ਅੱਜ ਦੇ ਭਾਰਤ ਨੂੰ ਆਪਣੇ ਲੋਕਾਂ, ਆਪਣੀ ਸਮਰੱਥਾ ਅਤੇ ਆਪਣੇ ਵਿਰਸੇ ‘ਤੇ ਪੂਰਾ ਮਾਣ ਹੈ।
ਉਨ੍ਹਾਂ ਕਿਹਾ, ”ਜਦੋਂ ਤੱਕ ਅਸੀਂ ਆਪਣੇ ਵਿਰਸੇ ਦਾ ਸਤਿਕਾਰ ਨਹੀਂ ਕੀਤਾ, ਦੁਨੀਆਂ ਨੇ ਵੀ ਸਾਡੀ ਵਿਰਾਸਤ ਦੀ ਕਦਰ ਨਹੀਂ ਕੀਤੀ। ਅੱਜ ਜਦੋਂ ਅਸੀਂ ਆਪਣੀ ਵਿਰਾਸਤ ‘ਤੇ ਮਾਣ ਕਰ ਰਹੇ ਹਾਂ ਤਾਂ ਦੁਨੀਆ ਦਾ ਨਜ਼ਰੀਆ ਵੀ ਬਦਲ ਗਿਆ ਹੈ।” ਮੋਦੀ ਨੇ ਕਿਹਾ ਕਿ ਮੁਗਲਾਂ ਵੱਲੋਂ ਨੀਹਾਂ ਵਿੱਚ ਚਿਣਵਾਏ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਭਾਰਤ ਵਿੱਚ ਹੀ ਨਹੀਂ ਸਗੋਂ ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਦੁਬਈ ਅਤੇ ਗਰੀਸ ਸਮੇਤ ਹੋਰ ਮੁਲਕਾਂ ਵਿੱਚ ਵੀ ਯਾਦ ਕੀਤਾ ਜਾ ਰਿਹਾ ਹੈ। ਵੀਰ ਬਾਲ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ।
ਸਾਹਿਬਜ਼ਾਦਿਆਂ ਦਾ ਇਤਿਹਾਸ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤਾ ਜਾਵੇ: ਸਾਹਨੀ
ਨਵੀਂ ਦਿੱਲੀ : ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਬਾਰੇ ਇੱਕ ਅਧਿਆਏ ਐੱਨਸੀਈਆਰਟੀ ਅਤੇ ਦੇਸ਼ ਭਰ ਦੇ ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤਾ ਜਾਵੇ। ਸਾਹਨੀ ਨੇ ਕਿਹਾ ਕਿ ਮੌਜੂਦਾ ਸਮੇਂ ਐੱਨਸੀਈਆਰਟੀ ਦੀ ਕਿਸੇ ਵੀ ਪਾਠ ਪੁਸਤਕ ਵਿੱਚ ਅਜਿਹਾ ਕੋਈ ਪਾਠ ਨਹੀਂ ਹੈ। ਉਨ੍ਹਾਂ ਪ੍ਰਧਾਨ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਸਾਹਿਬਜ਼ਾਦਿਆਂ ਨੂੰ ਢੁੱਕਵੀਂ ਸ਼ਰਧਾਂਜਲੀ ਵਜੋਂ ਗਣਤੰਤਰ ਦਿਵਸ ਮੌਕੇ ਬਹਾਦਰ ਬੱਚਿਆਂ ਅਤੇ ਨੌਜਵਾਨਾਂ ਲਈ ਕੌਮੀ ਸਾਹਿਬਜ਼ਾਦਾ ਬਹਾਦਰੀ ਪੁਰਸਕਾਰ ਸ਼ੁਰੂ ਕੀਤੇ ਜਾਣ।