ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਆਪਣੀ ਪਤਨੀ ਨੂੰ ਕੁਰਸੀ ਸੌਂਪਣ ਦੀ ਤਿਆਰੀ ’ਚ
ਭਲਕੇ ਬੁੱਧਵਾਰ ਨੂੰ ਵਿਧਾਇਕ ਦਲ ਦੀ ਮੀਟਿੰਗ ਸੱਦੀ
ਰਾਂਚੀ/ਬਿਊਰੋ ਨਿਊਜ਼ :
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਜ਼ਮੀਨ ਘੁਟਾਲੇ ਅਤੇ ਗੈਰਕਾਨੂੰਨੀ ਮਾਈਨਿੰਗ ਦੇ ਆਰੋਪਾਂ ’ਚ ਫਸਦੇ ਹੋਏ ਨਜ਼ਰ ਆ ਰਹੇ ਹਨ। ਜਿਸ ਦੇ ਚਲਦਿਆਂ ਭਲਕੇ ਬੁੱਧਵਾਰ ਨੂੰ ਹੇਮੰਤ ਸੋਰੇਨ ਨੇ ਵਿਧਾਇਕ ਦਲ ਦੀ ਮੀਟਿੰਗ ਸੱਦ ਲਈ ਹੈ। ਸਿਆਸੀ ਮਾਹਿਰਾਂ ਅਨੁਸਾਰ ਇਸ ਮੀਟਿੰਗ ਦੌਰਾਨ ਹੇਮੰਤ ਸੋਰੇਨ ਆਪਣੀ ਪਤਨੀ ਕਲਪਨਾ ਸੋਰੇਨ ਦਾ ਨਾਂ ਮੁੱਖ ਮੰਤਰੀ ਲਈ ਪੇਸ਼ ਕਰ ਸਕਦੇ ਹਨ ਅਤੇ ਸੋਰੇਨ ਇਸ ਸਬੰਧੀ ਕਾਨੂੰਨੀ ਸਲਾਹ ਵੀ ਲੈ ਰਹੇ ਹਨ। ਦੂਜੇ ਪਾਸੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਭੇਜੇ ਸੱਤ ਸੰਮਨਾਂ ਤੋਂ ਬਾਅਦ ਵੀ ਮੁੱਖ ਮੰਤਰੀ ਹੇਮੰਤ ਸੋਰੇਨ ਪੁੱਛਗਿੱਛ ਲਈ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਈਡੀ ਹੇਮੰਤ ਸੋਰੇਨ ਖਿਲਾਫ਼ ਵੱਡੀ ਕਾਰਵਾਈ ਕਰ ਸਕਦੀ ਹੈ। ਜੇਕਰ ਈਡੀ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਗਿ੍ਰਫ਼ਤਾਰ ਕਰਦੀ ਹੈ ਤਾਂ ਝਾਰਖੰਡ ਦੀ ਸੋਰੇਨ ਸਰਕਾਰ ’ਤੇ ਸੰਕਟ ਆ ਸਕਦਾ ਹੈ। ਇਸੇ ਦੌਰਾਨ ਰਾਜਭਵਨ ’ਚ ਬੰਦ ਲਿਫਾਫੇ ਦੀ ਚਰਚਾ ਫਿਰ ਤੋਂ ਤੇਜ਼ ਹੋ ਗਈ ਹੈ। ਜੇਕਰ ਰਾਜਭਵਨ ਦਾ ਲਿਫਾਫਾ ਖੁੱਲਿਆ ਅਤੇ ਹੇਮੰਤ ਸੋਰੇਨ ਦੀ ਮੈਂਬਰਸ਼ਿਪ ਚਲੀ ਗਈ ਤਦ ਵੀ ਝਾਰਖੰਡ ਸਰਕਾਰ ਖਤਰੇ ’ਚ ਆ ਸਕਦੀ ਹੈ।