
ਸ੍ਰੀ ਚਮਕੌਰ ਸਾਹਿਬ/ਬਿਊਰੋ ਨਿਊਜ਼
ਸ੍ਰੀ ਚਮਕੌਰ ਸਾਹਿਬ ਵਿਖੇ 14 ਕਰੋੜ ਦੀ ਲਾਗਤ ਨਾਲ ਉਸਾਰੀ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ। ਇਸ ਮੌਕੇ ਉਨ੍ਹਾਂ ਹਸਪਤਾਲ ਦੇ ਅੰਦਰ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਵਿਰੋਧੀ ਸਿਆਸੀ ਪਾਰਟੀਆਂ ’ਤੇ ਸਵਾਲ ਚੁੱਕੇ। ਉਨ੍ਹਾਂ ਆਰੋਪ ਲਗਾਇਆ ਕਿ ਵਿਰੋਧੀ ਪਾਰਟੀਆਂ ਨੇ ਲੋਕਾਂ ਦੇ ਘਰ ਤੱਕ ਉਜਾੜ ਦਿੱਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਬਿਨਾ ਸਿਫਾਰਸ਼ ਤੋਂ 55 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਭਗਵੰਤ ਮਾਨ ਨੇ ਆਰੋਪ ਲਗਾਇਆ ਕਿ ਪੰਜਾਬ ਵਿਚ ਸਾਰੀ ਲੁੱਟ ਅਕਾਲੀਆਂ ਨੇ ਕੀਤੀ ਹੈ ਅਤੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਅਕਾਲੀਆਂ ਤੋਂ ਖਹਿੜਾ ਛੁਡਾਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਸਿਆਸੀ ਪਾਰਟੀਆਂ ਦੀ ਲੜਾਈ ਹਮੇਸ਼ਾ ਕੁਰਸੀ ਦੀ ਰਹੀ ਹੈ, ਜਦੋਂ ਕਿ ਸਾਡੀ ਲੜਾਈ ਆਮ ਲੋਕਾਂ ਦੇ ਹੱਕਾਂ ਲਈ ਹੈ। ਇਸ ਮੌਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਅਤੇ ਹਲਕਾ ਵਿਧਾਇਕ ਵੀ ਹਾਜ਼ਰ ਸਨ।

