ਲੋਕਹਿਤ ਮੁੱਦਿਆਂ ’ਤੇ ਦੇਵੇਗੀ ਸਲਾਹ, ਰਾਘਵ ਚੱਢਾ ਹੋ ਸਕਦੇ ਹਨ ਕਮੇਟੀ ਦੇ ਚੇਅਰਮੈਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਇਕ ਹਾਈ ਲੈਵਲ ਐਡਵਾਈਜ਼ਰੀ ਕਮੇਟੀ ਬਣਾ ਰਹੀ ਹੈ। ਇਹ ਕਮੇਟੀ ਸਰਕਾਰ ਨੂੰ ਲੋਕਹਿਤ ਮੁੱਦਿਆਂ ’ਤੇ ਸਲਾਹ ਦੇਵੇਗੀ। ਚੀਫ਼ ਸੈਕਟਰੀ ਵੀ ਕੇ ਜੰਜੂਆ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਚਰਚਾ ਇਹ ਵੀ ਹੈ ਕਿ ਇਸ ਕਮੇਟੀ ਦਾ ਚੇਅਰਮੈਨ ਸੰਸਦ ਮੈਂਬਰ ਰਾਘਵ ਚੱਢਾ ਨੂੰ ਬਣਾਇਆ ਜਾ ਸਕਦਾ ਹੈ। ਇਸ ਕਮੇਟੀ ਵਿਚ ਉਨ੍ਹਾਂ ਨਾ ਤਾਂ ਕੋਈ ਕੈਬਨਿਟ ਰੈਂਕ ਦਿੱਤਾ ਜਾਵੇਗਾ ਅਤੇ ਨਾ ਹੀ ਇਸ ਕਮੇਟੀ ਨੂੰ ਅਲੱਗ ਤੋਂ ਕੋਈ ਭੱਤਾ ਦਿੱਤਾ ਜਾਵੇਗਾ। ਦੂਜੇ ਪਾਸੇ ਐਡਵਾਈਜ਼ਰੀ ਕਮੇਟੀ ਦਾ ਚੇਅਰਮੈਨ ਲਗਾਏ ਜਾਣ ਸਬੰਧੀ ਰਾਘਵ ਚੱਢਾ ਵੱਲੋਂ ਫ਼ਿਲਹਾਲ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। ਚੀਫ਼ ਸੈਕਟਰੀ ਦੇ ਨੋਟੀਫਿਕੇਸ਼ਨ ਅਨੁਸਾਰ ਕਮੇਟੀ ’ਚ ਇਕ ਚੇਅਰਮੈਨ ਅਤੇ ਬਾਕੀ ਮੈਂਬਰ ਸ਼ਾਮਲ ਹੋਣਗੇ। ਇਹ ਕਮੇਟੀ ਸਿੱਧੇ ਤੌਰ ’ਤੇ ਅਫ਼ਸਰਾਂ ਨਾਲ ਮੀਟਿੰਗਾਂ ਕਰੇਗੀ ਅਤੇ ਉਨ੍ਹਾਂ ਨੂੰ ਕੰਮਕਾਜ ਸਬੰਧੀ ਨਿਰਦੇਸ਼ ਦੇਵੇਗੀ। ਕਮੇਟੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕਮੇਟੀ ਰਾਹੀਂ ਸਰਕਾਰ ਦੇ ਪ੍ਰਸ਼ਾਸਨਿਕ ਕੰਮਾਂ ਵਿਚ ਤੇਜੀ ਆਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਕਮੇਟੀ ਰਾਹੀਂ ਦਿੱਲੀ ਅਤੇ ਪੰਜਾਬ ਦਰਮਿਆਨ ਅਪ੍ਰੈਲ ਮਹੀਨੇ ਹੋਏ ਨਾਲੇਜ ਸ਼ੇਅਰਰਿੰਗ ਸਮਝੌਤੇ ਨੂੰ ਤੇਜੀ ਨਾਲ ਲਾਗੂ ਕੀਤਾ ਜਾਵੇਗਾ।