ਕਿਸਾਨ ਭੜਕੇ-ਸਾਡੀ ਕੱਚੀ ਕਣਕ ਕਟਵਾ ਦਿੱਤੀ, ਪਾਕਿਸਤਾਨ ਹੁਣ ਪੱਕਣ ‘ਤੇ ਕਟਵਾ ਰਿਹਾ
ਗੁੱਸਾ : ਨਾ ਫਸਲੀ ਮੁਆਵਜ਼ਾ ਮਿਲਿਆ ਨਾ ਹੀ ਜ਼ਮੀਨ ‘ਤੇ ਠੀਕ ਤਰੀਕੇ ਨਾਲ ਕੰਮ ਸ਼ੁਰੂ ਹੋਇਆ
ਡੇਰਾ ਬਾਬਾ ਨਾਨਕ : ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਦੇ ਤਹਿਤ ਪਾਕਿਸਤਾਨ ਨੇ ਕੋਰੀਡੋਰ ਰੋਡ ਦੇ ਦਰਮਿਆਨ ਆਉਂਦੀ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕਣ ‘ਤੇ ਹੀ ਕਟਵਾਉਣੀ ਸ਼ੁਰੂ ਕੀਤੀ ਹੈ। ਰੇਂਜਰਾਂ ਦੀ ਨਿਗਰਾਨੀ ‘ਚ ਕੰਬਾਈਨ ਨਾਲ ਕਣਕ ਨੂੰ ਕੱਟਿਆ ਜਾ ਰਿਹਾ ਹੈ।
ਇਧਰ ਭਾਰਤ ਨੇ ਆਪਣੇ ਹਿੱਸੇ ‘ਚ ਇੰਟੀਗ੍ਰੇਟਿਡ ਚੈਕ ਪੋਸਟ ਬਣਾਉਣ ਦੇ ਲਈ ਕਿਸਾਨਾਂ ਦੀ ਕੱਚੀ ਕਣਕ 19 ਮਾਰਚ ਨੂੰ ਹੀ ਕਟਵਾ ਦਿੱਤੀ ਜਦਕਿ ਨਾ ਤਾਂ ਉਨ੍ਹਾਂ ਨੂੰ ਮੁਆਵਜ਼ਾ ਮਿਲਿਆ ਅਤੇ ਕੰਮ ਵੀ ਨਾਮਾਤਰ ਹੀ ਸ਼ੁਰੂ ਹੋ ਸਕਿਆ ਹੈ। ਇਸ ਤਰ੍ਹਾਂ ਕਰਨ ਨਾਲ ਕਿਸਾਨ ਗੁੱਸੇ ਹੋ ਗਏ। ਕਿਸਾਨਾਂ ਨੇ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਕੋਰੀਡੋਰ ਦੇ ਨਿਰਮਾਣ ਕਾਰਜ ‘ਚ ਤੇਜੀ ਨੂੰ ਦੇਖਦੇ ਹੋਏ ਸਾਡੀ ਸਰਕਾਰ ਨੇ ਜਲਦਬਾਜ਼ੀ ‘ਚ ਉਨ੍ਹਾਂ ਦੀ ਕੱਚੀ ਕਣਕ ਨੂੰ ਕਟਵਾ ਦਿੱਤਾ ਹੈ ਅਤੇ ਅਜੇ ਤੱਕ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਜੇਕਰ ਉਨ੍ਹਾਂ ਦੀ ਕੱਚੀ ਫਸਲ ਨਾ ਕੱਟੀ ਗਈ ਹੁੰਦੀ ਤਾਂ ਹੁਣ ਤੱਕ ਉਹ ਪੱਕ ਚੁੱਕੀ ਹੁੰਦੀ ਅਤੇ ਇਸ ਦਾ ਉਨ੍ਹਾਂ ਨੂੰ ਫਾਇਦਾ ਹੁੰਦਾ। ਇਧਰ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਸੋਮਵਾਰ ਤੱਕ ਕਿਸਾਨਾਂ ਨੂੰ ਫਸਲੀ ਮੁਆਵਜ਼ਾ ਦੇਣ ਲਈ ਕਿਹਾ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਇਸ ਸਬੰਧੀ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਕਿਹਾ ਹੈ।
108 ਏਕੜ ‘ਤੇ ਚੱਲੀ ਸੀ ਜੇਸੀਬੀ, ਆਈਸੀਪੀ ਅਤੇ ਰੋਡ ਬਣਨੀ ਹੈ
ਜਾਣਕਾਰੀ ਦੇ ਅਨੁਸਾਰ 19 ਮਾਰਚ ਨੂੰ ਭਾਰਤ ਵੱਲੋਂ ਡੇਰਾ ਬਾਬਾ ਨਾਨਕ ਦੀ ਸਰਹੱਦ ਦੇ ਕੋਲ ਕਣਕ ਦੀ 108 ਏਕੜ ਫਸਲ ‘ਤੇ ਜੇਸੀਬੀ ਚਲਵਾਈ ਗਈ ਸੀ, ਜਿਸ ‘ਚ 50 ਏਕੜ ਇੰਟੀਗ੍ਰੇਟਿਡ ਚੈਕ ਪੋਸਟ ਬਣਵਾਉਣ ਦੇ ਲਈ ਅੇਤ ਬਾਕੀ 58 ਏਕੜ ਰੋਡ ਬਣਾਉਣ ਦੇ ਲਈ ਸੀ। ਭਾਰਤ ਸਰਕਾਰ ਨੇ ਪਾਕਿਸਤਾਨ ਦੇ ਕੰਮ ਨੂੰ ਦੇਖਦੇ ਹੋਏ ਕੱਚੀ ਫਸਲ ਨੂੰ ਕੱਟਣ ਦਾ ਫੈਸਲਾ ਲਿਆ ਸੀ।
ਨੁਕਸਾਨ ਹੋਇਆ, ਸਾਨੂੰ ਵੀ ਫਸਲ ਪੱਕਣ ‘ਤੇ ਕੱਟਣ ਦਿੰਦੇ
ਦੂਜੇ ਪਾਸੇ, ਕਿਸਾਨ ਬਚਾਓ ਕਮੇਟੀ ਦੇ ਪ੍ਰਧਾਨ ਸੂਬਾ ਸਿੰਘ, ਸਰਪੰਚ ਕੁਲਵੰਤ ਸਿੰਘ ਆਦਿ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਕੱਚੀ ਕੱਟੀ ਗਈ ਫਸਲ ਦਾ ਮੁਆਵਜ਼ਾ ਜਲਦੀ ਮਿਲ ਜਾਵੇਗਾ, ਪ੍ਰੰਤੂ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ। ਇਸ ਤੋਂ ਇਲਾਵਾ ਪਾਕਿਸਤਾਨ ਨੇ ਆਪਣੀ ਪੱਕੀ ਫਸਲ ਨੂੰ ਕੱਟਿਆ ਹੈ ਜਦਕਿ ਉਨ੍ਹਾਂ ਦੀ ਕੱਚੀ ਫਸਲ ਨੂੰ ਮਜਬੂਰਨ ਕਟਵਾਇਆ ਗਿਆ। ਅੱਜ 40 ਦਿਨ ਲੰਘ ਚੁੱਕੇ ਹਨ ਪ੍ਰੰਤੂ ਅਜੇ ਤੱਕ ਕਿਸੇ ਵੀ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਸ ਨਾਲੋਂ ਬੇਹਤਰ ਤਾਂ ਇਹੀ ਹੋਣਾ ਸੀ ਜੇਕਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਪੱਕਣ ‘ਤੇ ਹੀ ਕੱਟਣ ਲਈ ਕਿਹਾ ਜਾਂਦਾ। ਇਸ ਤਰ੍ਹਾਂ ਕਰਨ ਨਾਲ ਸਰਕਾਰ ਅਤੇ ਕਿਸਾਨਾਂ ਦੋਵਾਂ ਨੂੰ ਹੀ ਫਾਇਦਾ ਹੋਣਾ ਸੀ। ਕਿਸਾਨਾਂ ਨੂੰ ਰੋਸਾ ਹੈ ਕਿ ਉਨ੍ਹਾਂ ਨੂੰ ਕੱਚੀ ਫਸਲ ਕੱਟਣ ਲਈ ਮਜਬੂਰ ਕੀਤਾ ਗਿਆ ਜਦਕਿ ਉਸ ਥਾਂ ‘ਤੇ ਕੰਮ ਅਜੇ 10 ਫੀਸਦੀ ਵੀ ਨਹੀਂ ਹੋਇਆ।
ਮੁਆਵਜ਼ਾ ਜਲਦੀ ਦਿੱਤਾ ਜਾਵੇਗਾ : ਐਸ ਡੀ ਐਮ
ਐਸ ਡੀ ਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਸਾਰੇ ਸਬੰਧਤ ਦਸਤਾਵੇਜ਼ ਪੂਰੇ ਕਰਕੇ ਜਮ੍ਹਾਂ ਕਰਵਾ ਦਿੱਤੇ ਹਨ। ਉਨ੍ਹਾਂ ਦੇ ਖਾਤਿਆਂ ‘ਚ ਜ਼ਮੀਨ ਅਤੇ ਫਸਲ ਦੀ ਮੁਆਵਜ਼ਾ ਰਾਸ਼ੀ ਬਹੁਤ ਜਲਦੀ ਪਾ ਦਿੱਤੀ ਜਾਵੇਗੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …