ਅਵਾਰਾ ਕੁੱਤੇ ਨੇ ਲੱਭਿਆ ਮੋਬਾਇਲ ਤਾਂ ਬਣ ਗਿਆ ਪਸ਼ੂ ਪ੍ਰੇਮੀ
ਅੰਮ੍ਰਿਤਸਰ : 14 ਸਾਲਾ ਇਸ ਲੜਕੇ ਦਾ ਨਾਂ ਜਸਜੀਤ ਸਿੰਘ ਹੈ। ਇਹ ਬੱਚਾ ਅਵਾਰਾ ਕੁੱਤਿਆਂ ਨਾਲ ਵਫਾਦਾਰੀ ਨਿਭਾਅ ਰਿਹਾ ਹੈ। ਉਸ ਨੇ ਆਪਣੇ ਘਰ ਵੀ ਅੱਧਾ ਦਰਜਨ ਅਵਾਰਾ ਕੁੱਤੇ ਪਾਲ ਰੱਖੇ ਹਨ। ਇਨਸਾਨਾਂ ਤੇ ਜਾਨਵਰਾਂ ‘ਚ ਪਿਆਰ ਕੋਈ ਨਵੀਂ ਗੱਲ ਨਹੀਂ ਹੈ। ਕਦੇ ਸੁਰੱਖਿਆ ਲਈ ਤਾਂ ਕਦੇ ਭਾਵਨਾਤਮਕ ਰੂਪ ਨਾਲ ਜਾਨਵਰ ਤੇ ਇਨਸਾਨ ਇਕ ਦੂਜੇ ਨਾਲ ਜੁੜ ਜਾਂਦੇ ਹਨ। ਅੰਮ੍ਰਿਤਸਰ ਦਾ ਜਸਜੀਤ ਸਿੰਘ ਵੀ ਇਸੇ ਭਾਵਨਾ ਨਾਲ ਪਸ਼ੂ ਪ੍ਰੇਮੀ ਬਣ ਗਿਆ ਹੈ। ਕੁੱਤਿਆਂ ਨਾਲ ਉਸ ਦੇ ਪਿਆਰ ਕੀ ਹਾਣੀ ਕਾਫੀ ਦਿਲਚਸਪ ਹੈ। ਅੰਮ੍ਰਿਤਸਰ ਦੇ ਲਾਰੈਂਸ ਰੋਡ ‘ਤੇ ਰਹਿਣ ਵਾਲਾ ਜਸਜੀਤ ਦੱਸਦਾ ਹੈ ਕਿ ਇਕ ਦਿਨ ਉਹ ਦੁਕਾਨ ‘ਤੇ ਕੁਝ ਸਮਾਨ ਲੈਣ ਗਿਆ ਸੀ। ਅਚਾਨਕ ਉਸ ਦਾ ਮੋਬਾਇਲ ਫੋਨ ਡਿੱਗ ਗਿਆ, ਜਿਸ ਦਾ ਉਸ ਨੂੰ ਪਤਾ ਨਾ ਲੱਗਾ। ਘਰ ਪੁੱਜਣ ‘ਤੇ ਉਸ ਨੂੰ ਮੋਬਾਇਲ ਨਾ ਮਿਲਿਆ। ਮੋਬਾਇਲ ਲੱਭਣ ਲਈ ਜਿਵੇਂ ਹੀ ਜਸਜੀਤ ਘਰੋਂ ਬਾਹਰ ਨਿਕਲਿਆ ਤਾਂ ਬਾਹਰ ਇਕ ਅਵਾਰਾ ਕੁੱਤਾ ਖੜ੍ਹਾ ਸੀ, ਜਿਸ ਨੇ ਆਪਣੇ ਮੂੰਹ ਵਿਚ ਮੋਬਾਇਲ ਫੋਨ ਫੜ ਰੱਖਿਆ ਸੀ। ਕੁੱਤੇ ਨੇ ਮੋਬਾਇਲ ਫੋਨ ਜਸਜੀਤ ਦੇ ਪੈਰਾਂ ‘ਚ ਰੱਖ ਦਿੱਤਾ। ਜਸਜੀਤ ਨੇ ਦੱਸਿਆ ਕਿ ਉਹ ਉਹੀ ਕੁੱਤਾ ਸੀ, ਜਿਸ ਨੂੰ ਉਹ ਅਕਸਰ ਹੀ ਬਰੈਡ ਖਵਾਇਆ ਕਰਦਾ ਸੀ। ਇਸ ਘਟਨਾ ਨੇ ਜਸਜੀਤ ਦਾ ਕੁੱਤਿਆਂ ਪ੍ਰਤੀ ਪਿਆਰ ਹੋਰ ਵੀ ਵਧਾ ਦਿੱਤਾ। ਉਹ ਕੁੱਤਾ ਹਰ ਰੋਜ਼ ਲਾਰੈਂਸ ਰੋਡ ‘ਤੇ ਜਸਜੀਤ ਦੇ ਘਰ ਦੇ ਬਾਹਰ ਆ ਕੇ ਬੈਠ ਜਾਂਦਾ। ਹੌਲੀ-ਹੌਲੀ ਇਸ ਕੁੱਤੇ ਨਾਲ ਹੋਰ ਕੁੱਤਿਆਂ ਦਾ ਝੁੰਡ ਵੀ ਜਸਜੀਤ ਦੇ ਘਰ ਦੇ ਬਾਹਰ ਆਉਣ ਲੱਗਾ, ਕੁਝ ਕੁੱਤੇ ਤਾਂ ਬਰੈਡ ਖਾ ਕੇ ਚਲੇ ਜਾਂਦੇ ਤਾਂ ਕੁਝ ਘਰ ਦੇ ਬਾਹਰ ਹੀ ਸੌਂ ਜਾਂਦੇ। ਜਸਜੀਤ ਦੇ ਮੁਤਾਬਕ ਉਸ ਨੇ ਅੱਧਾ ਦਰਜਨ ਕੁੱਤਿਆਂ ਨੂੰ ਆਪਣੇ ਘਰ ਰੱਖਿਆ ਹੈ। ਇਨ੍ਹਾਂ ਨੂੰ ਦਿਨ ਵਿਚ ਤਿੰਨ ਟਾਈਮ ਖਾਣਾ ਤੇ ਦੁੱਧ ਪਰੋਸਿਆ ਜਾਂਦਾ ਹੈ। ਇਸ ਤੋਂ ਇਲਾਵਾ ਜਸਜੀਤ ਹਰ ਰੋਜ਼ ਸ਼ਾਮ ਨੂੰ ਘਰੋਂ ਨਿਕਲਦਾ ਹੈ ਤੇ ਰਸਤੇ ਵਿਚ ਜਿੰਨੇ ਵੀ ਅਵਾਰਾ ਕੁੱਤੇ ਮਿਲਦੇ ਹਨ, ਉਹਨਾਂ ਨੂੰ ਬਰੈਡ ਤੇ ਰੋਟੀ ਖਵਾਉਂਦਾ ਹੈ। ਮੀਂਹ ਹੋਵੇ ਜਾਂ ਮੌਸਮ ਜ਼ਿਆਦਾ ਖਰਾਬ ਹੋਵੇ, ਕੁੱਤਿਆਂ ਨੂੰ ਖਾਣਾ ਖਵਾਉਣ ਦਾ ਸਿਲਸਿਲਾ ਇੰਝ ਚੱਲਦਾ ਰਹਿੰਦਾ ਹੈ। ਅੱਜ ਇਹ ਬੱਚਾ ਲਗਭਗ 150 ਅਵਾਰਾ ਕੁੱਤਿਆਂ ਦਾ ਪਾਲਣਹਾਰ ਬਣਿਆ ਹੋਇਆ ਹੈ। ਫਤਹਿਗੜ੍ਹ ਚੂੜੀਆਂ ਰੋਡ ‘ਤੇ ਸਥਿਤ ਇਕ ਨਿੱਜੀ ਸਕੂਲ ਵਿਚ ਪੜ੍ਹਨ ਵਾਲਾ ਜਸਜੀਤ ਸਿੰਘ ਦੁਪਹਿਰ ਤਿੰਨ ਵਜੇ ਸਕੂਲੋਂ ਆਉਂਦਾ ਹੈ। ਸ਼ਾਮ ਪੰਜ ਵਜੇ ਤੱਕ ਟਿਊਸ਼ਨ ਤੇ ਇਸ ਤੋਂ ਬਾਅਦ ਜਸਜੀਤ ਦਾ ਕੰਮ ਕੁੱਤਿਆਂ ਨੂੰ ਰੋਟੀ ਖਵਾਉਣ ਦਾ ਹੁੰਦਾ ਹੈ। ਬਸੰਤ ਐਵੀਨਿਊ, ਗਰੀਨ ਐਵੀਨਿਊ ਤੇ ਮਜੀਠਾ ਰੋਡ ਦੀਆਂ ਗਲੀਆਂ ‘ਚ ਘੁੰਮਦੇ ਅਵਾਰਾ ਕੁੱਤੇ ਜਸਜੀਤ ਨੂੰ ਦੇਖਦੇ ਹੀ ਉਸ ਦੇ ਪੈਰਾਂ ਵਿਚ ਲਿਪਟ ਜਾਂਦੇ ਹਨ। ਜਸਜੀਤ ਦਾ ਕਹਿਣਾ ਹੈ ਕਿ ਪਹਿਲਾਂ ਸ਼ੁਰੂ-ਸ਼ੁਰੂ ਵਿਚ ਉਸ ਦੇ ਘਰਦਿਆਂ ਨੇ ਉਸ ਨੂੰ ਇੰਝ ਕਰਨ ਤੋਂ ਰੋਕਿਆ ਸੀ। ਗੁਆਂਢੀਆਂ ਨੇ ਵੀ ਇਸਦਾ ਵਿਰੋਧ ਕੀਤਾ ਕਿਉਂਕਿ ਮੁਹੱਲੇ ਵਿਚ ਕੁੱਤਿਆਂ ਦਾ ਇਕੱਠ ਹੋ ਜਾਂਦਾ ਸੀ ਤੇ ਲੋਕਾਂ ਨੂੰ ਇਸ ਨਾਲ ਪ੍ਰੇਸ਼ਾਨੀ ਹੁੰਦੀ ਸੀ। ਲੋਕਾਂ ਨੇ ਕਈ ਵਾਰ ਜਸਜੀਤ ਦੇ ਘਰਦਿਆਂ ਨੂੰ ਇਸਦੀ ਸ਼ਿਕਾਇਤ ਕੀਤੀ ਪਰ ਜਸਜੀਤ ਦਾ ਕੁੱਤਿਆਂ ਪ੍ਰਤੀ ਸਮਰਪਣ ਭਾਵ ਦੇਖ ਕੇ ਸਭ ਚੁੱਪ ਕਰ ਗਏ। ਹੁਣ ਜਸਜੀਤ ਦੇ ਮਾਤਾ ਰਿਤੂ ਤੇ ਵੱਡਾ ਭਰਾ ਰਮਿਤ ਵੀ ਉਸਦਾ ਸਾਥ ਦੇਣ ਲੱਗ ਗਏ ਹਨ। ਹੁਣ ਸੌ ਤੋਂ ਜ਼ਿਆਦਾ ਕੁੱਤੇ ਉਸ ਦੇ ਦੋਸਤ ਬਣ ਚੁੱਕੇ ਹਨ। ਕਿਸੇ ਕੁੱਤੇ ਦੇ ਬਿਮਾਰ ਹੋਣ ‘ਤੇ ਜਸਜੀਤ ਉਸ ਨੂੰ ਆਪਣੇ ਸਕੂਟਰ ‘ਤੇ ਬਿਠਾ ਕੇ ਹਸਪਤਾਲ ਲਿਜਾਂਦਾ ਹੈ। ਜਸਜੀਤ ਦਾ ਕਹਿਣਾ ਹੈ ਕਿ ਬੇਜੁਬਾਨ ਜਾਨਵਰਾਂ ਦਾ ਦਰਦ ਉਸ ਤੋਂ ਦੇਖਿਆ ਨਹੀਂ ਜਾਂਦਾ। ਉਹ ਵੱਡਾ ਹੋ ਕੇ ਡਾਕਟਰ ਬਣਨਾ ਚਾਹੁੰਦਾ ਹੈ ਤੇ ਬਿਮਾਰ ਹੋਏ ਜਾਨਵਰਾਂ ਦੀ ਦੇਖਭਾਲ ਕਰਨਾ ਚਾਹੁੰਦਾ ਹੈ। ਜਸਜੀਤ ਦੀ ਮਾਤਾ ਰਿਤੂ ਦਾ ਕਹਿਣਾ ਹੈ ਕਿ ਜਦੋਂ ਦੀ ਉਸਦੀ ਦੋਸਤੀ ਕੁੱਤਿਆਂ ਨਾਲ ਹੋਈ ਹੈ, ਪਰਿਵਾਰ ਨੇ ਘੁੰਮਣਾ ਛੱਡ ਦਿੱਤਾ ਹੈ, ਉਹਨਾਂ ਨੂੰ ਇੰਝ ਲੱਗਦਾ ਹੈ ਕਿ ਜੇ ਉਹ ਘਰੋਂ ਬਾਹਰ ਚਲੇ ਗਏ ਤਾਂ ਇਨ੍ਹਾਂ ਕੁੱਤਿਆਂ ਖਾਣਾ ਕੌਣ ਖਵਾਏਗਾ।
Check Also
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਿਆ ਹਰ ਪੱਖੋਂ ਫੇਲ੍ਹ
ਸ਼੍ਰੋਮਣੀ ਅਕਾਲੀ ਦਲ ਨੂੰ ਦੱਸਿਆ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ …