Breaking News
Home / ਦੁਨੀਆ / ਪਰਵਾਸੀ ਭਾਰਤੀਆਂ ਨੂੰ 48 ਘੰਟਿਆਂ ‘ਚ ਜਾਰੀ ਹੋਵੇਗਾ ਪਾਸਪੋਰਟ

ਪਰਵਾਸੀ ਭਾਰਤੀਆਂ ਨੂੰ 48 ਘੰਟਿਆਂ ‘ਚ ਜਾਰੀ ਹੋਵੇਗਾ ਪਾਸਪੋਰਟ

ਵਿਦੇਸ਼ ਰਾਜ ਮੰਤਰੀ ਨੇ ਵਾਸ਼ਿੰਗਟਨ ‘ਚ ਕੀਤਾ ‘ਪਾਸਪੋਰਟ ਸੇਵਾ’ ਦਾ ਸ਼ੁਭ ਆਰੰਭ
ਵਾਸ਼ਿੰਗਟਨ : ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਨੂੰ ਪਾਸਪੋਰਟ ਲਈ ਹੁਣ ਲੰਬੀ ਉਡੀਕ ਨਹੀਂ ਕਰਨੀ ਪਾਵੇਗੀ। ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ ਨੇ ਇਥੇ ਕਿਹਾ ਕਿ ਜਲਦੀ ਹੀ ਦੁਨੀਆ ਭਰ ਵਿਚ ਮੌਜੂਦ ਭਾਰਤੀ ਦੂਤਘਰ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਪਾਸਪੋਰਟ ਜਾਰੀ ਕੀਤੇ ਜਾਇਆ ਕਰਨਗੇ।
ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਵਿਚ ਲੰਘੇ ਸ਼ਨਿਚਰਵਾਰ ਨੂੰ ‘ਪਾਸਪੋਰਟ ਸੇਵਾ’ ਯੋਜਨਾ ਦਾ ਉਦਘਾਟਨ ਕਰਦੇ ਹੋਏ ਸਿੰਘ ਨੇ ਕਿਹਾ ਕਿ ਵਿਦੇਸ਼ ਵਿਚ ਮੌਜੂਦ ਭਾਰਤੀ ਦੂਤਘਰ ਅਤੇ ਹਾਈ ਕਮਿਸ਼ਨ ਨੂੰ ਭਾਰਤ ਦੇ ਵੇਰਵਾ ਸੈਂਟਰ ਨਾਲ ਜੋੜਿਆ ਜਾ ਰਿਹਾ ਹੈ। ਪਾਸਪੋਰਟ ਸਬੰਧੀ ਨਿਯਮ-ਕਾਨੂੰਨਾਂ ਦਾ ਵੀ ਸਰਲੀਕਰਨ ਕੀਤਾ ਗਿਆ ਹੈ। ਬਿਨੈਕਾਰਾਂ ਦੀਆਂ ਜਾਣਕਾਰੀਆਂ ਦਾ ਵੇਰਵਾ ਵੀ ਡਿਜੀਟਲ ਮਾਧਿਅਮ ਨਾਲ ਹੋ ਜਾਵੇਗਾ। ਸਿੱਟੇ ਵਜੋਂ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਆਵੇਗੀ। ਇਸ ਹਫ਼ਤੇ ਨਿਊਯਾਰਕ ਸਥਿਤ ਭਾਰਤੀ ਮਿਸ਼ਨ ਨੇ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਪਾਸਪੋਰਟ ਜਾਰੀ ਕੀਤਾ ਸੀ। ਪਾਸਪੋਰਟ ਸੇਵਾ ਯੋਜਨਾ ਪਿਛਲੇ ਮਹੀਨੇ ਸਭ ਤੋਂ ਪਹਿਲਾਂ ਬ੍ਰਿਟੇਨ ਵਿਚ ਲਾਂਚ ਕੀਤੀ ਗਈ ਸੀ। ਅਮਰੀਕਾ ਵਿਚ ਇਹ ਯੋਜਨਾ ਸਭ ਤੋਂ ਪਹਿਲਾਂ ਨਿਊਯਾਰਕ ਵਿਚ 21 ਨਵੰਬਰ ਨੂੰ ਲਾਂਚ ਹੋਈ। ਨਿਊਯਾਰਕ ਅਤੇ ਵਾਸ਼ਿੰਗਟਨ ਤੋਂ ਬਾਅਦ ਸ਼ਿਕਾਗੋ ਐਟਲਾਂਟਾ ਅਤੇ ਸਾਨ ਫਰਾਂਸਿਸਕੋ ਵਿਚ ਵੀ ਇਹ ਯੋਜਨਾ ਸ਼ੁਰੂ ਕੀਤੀ ਜਾਵੇਗੀ। ਅਮਰੀਕਾ ਵਿਚ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਕਿਹਾ ਕਿ ਇਸ ਯੋਜਨਾ ਤਹਿਤ ਭਾਰਤੀ ਪਾਸਪੋਰਟ ਸੇਵਾ ਦੀ ਗੁਣਵੱਤਾ ਵੀ ਵਧੇਗੀ। ਭਾਰਤ ਸਰਕਾਰ ਜਲਦੀ ਨਵਾਂ ਪਾਸਪੋਰਟ ਲਾਂਚ ਕਰਨ ਜਾ ਰਹੀ ਹੈ। ਨਵੇਂ ਪਾਸਪੋਰਟ ਦੇ ਕਾਗਜ਼ ਅਤੇ ਪ੍ਰਿੰਟਿੰਗ ਵਿਚ ਸੁਧਾਰਾਂ ਦੇ ਨਾਲ ਹੀ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਜੋੜੀਆਂ ਗਈਆਂ ਹਨ। ਪਾਸਪੋਰਟ ਦੇ ਰੰਗ ਵਿਚ ਕੋਈ ਬਦਲਾਅ ਨਹੀਂ ਹੋਵੇਗਾ।

Check Also

ਟਰੰਪ ਨੇ ਸਟੂਡੈਂਟ ਵੀਜ਼ਾ ਲਈ ਇੰਟਰਵਿਊ ’ਤੇ ਲਗਾਈ ਰੋਕ

ਅਮਰੀਕਾ ਜਾਣ ਵਾਲੇ ਵਿਦਿਆਰਖੀਆਂ ਦੇ ਸ਼ੋਸ਼ਲ ਮੀਡੀਆ ਦੀ ਹੋਵੇਗੀ ਜਾਂਚ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ’ਚ ਡੋਨਾਲਡ …