ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਯੂਨੀਵਰਸਿਟੀ ਕੈਂਪਸ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ੍ਹ-ਤੋੜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਸੀ।
ਮਹੀਨੇ ਵਿਚ ਵਾਪਰੀ ਇਹ ਅਜਿਹੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਬਰਨਬੀ ਕੈਂਪਸ ਦੇ ਪੀਸ ਸਕੁਏਅਰ ‘ਚ ਸਥਿਤ ਬੁੱਤ ਦਾ ਨੁਕਸਾਨ ਕੀਤਾ ਗਿਆ ਹੈ। ਵੈਨਕੂਵਰ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਘਟਨਾ ਦੀ ਨਿਖੇਧੀ ਕੀਤੀ ਹੈ।
ਕੈਨੇਡੀਅਨ ਅਥਾਰਿਟੀ ਨੂੰ ਮਾਮਲੇ ਦੀ ਜਾਂਚ ਦੀ ਬੇਨਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ 23 ਮਾਰਚ ਨੂੰ ਕੈਨੇਡਾ ਦੇ ਓਨਟਾਰੀਓ ਰਾਜ ਦੇ ਹੈਮਿਲਟਨ ਕਸਬੇ ਦੇ ਸਿਟੀ ਹਾਲ ਲਾਗੇ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਉਤੇ ਸਪਰੇਅ ਪੇਂਟ ਕਰ ਕੇ ਇਸ ਨੂੰ ਖਰਾਬ ਕੀਤਾ ਗਿਆ ਸੀ। ਪਿਛਲੇ ਸਾਲ ਜੁਲਾਈ ਵਿਚ ਰਿਚਮੰਡ ਹਿੱਲ ਦੇ ਵਿਸ਼ਣੂ ਮੰਦਰ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ੍ਹ-ਤੋੜ ਕੀਤੀ ਗਈ ਸੀ। ਕੌਂਸਲੇਟ ਜਨਰਲ ਨੇ ਇਸ ਦੀ ਵੀ ਆਲੋਚਨਾ ਕੀਤੀ ਸੀ।