Breaking News
Home / ਮੁੱਖ ਲੇਖ / ਪਾਣੀਆਂ ਵਾਲਾ ਸੂਬਾ ਪੰਜਾਬ-ਜਲ ਸੰਕਟ ਵਿਚ ਡੁੱਬਿਆ

ਪਾਣੀਆਂ ਵਾਲਾ ਸੂਬਾ ਪੰਜਾਬ-ਜਲ ਸੰਕਟ ਵਿਚ ਡੁੱਬਿਆ

ਸੰਤ ਬਲਬੀਰ ਸਿੰਘ ਸੀਚੇਵਾਲ
ਦੁਨੀਆ ਭਰ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ 12 ਨਵੰਬਰ 2019 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਵਿਚ ਰੁੱਝੀਆਂ ਹੋਈਆਂ ਹਨ। ਗੁਰੂ ਨਾਨਕ ਦੇਵ ਜੀ ਹੀ ਇਕ ਅਜਿਹੇ ਰਹਿਬਰ ਸਨ ਜਿਨ੍ਹਾਂ ਨੇ ਪਾਣੀ ਨੂੰ ਪਿਤਾ ਵਰਗਾ ਸਤਿਕਾਰ ਦਿੱਤਾ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਹੀ ਜਪੁਜੀ ਸਾਹਿਬ ਦੀ ਰਚਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸ਼ਲੋਕ ਵੀ ਇਸੇ ਧਰਤੀ ‘ਤੇ ਰਚਿਆ ਗਿਆ ਸੀ- ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਸੁਲਤਾਨਪੁਰ ਦੀ ਧਰਤੀ ਤੋਂ ਸਮੁੱਚੀ ਦੁਨੀਆ ਨੂੰ ਬਾਬੇ ਨਾਨਕ ਨੇ ਇਹ ਸੁਨੇਹਾ ਦਿੱਤਾ ਕਿ ਪਾਣੀ ਹੀ ਪਿਤਾ ਹੈ।
ਸਾਲ 1969 ਵਿਚ ਸੁਲਤਾਨਪੁਰ ਦੀ ਧਰਤੀ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। ਹੁਣ 50 ਸਾਲਾਂ ਬਾਅਦ ਤਰੱਕੀ ਦੇ ਇਸ ਜ਼ਮਾਨੇ ਵਿਚ ਫਿਰ ਵੱਡੇ ਪੱਧਰ ‘ਤੇ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਨ੍ਹਾਂ 50 ਸਾਲਾਂ ਵਿਚ ਅਸੀਂ ਸਾਰਿਆਂ ਨੇ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਨੂੰ ਕਿਥੋਂ ਤੋਂ ਕਿਥੇ ਤੱਕ ਲੈ ਆਂਦਾ ਹੈ? ਇਹ ਵੱਡਾ ਅਤੇ ਸੋਚਣ ਵਾਲਾ ਸਵਾਲ ਹੈ। ਪੰਜਾਬ ਦੇ ਲੋਕਾਂ ਨੇ ਨਾ ਧਰਤੀ ਹੇਠਲਾ ਪਾਣੀ ਸੰਭਾਲਿਆ ਅਤੇ ਨਾ ਹੀ ਇਸ ਦੀਆਂ ਨਦੀਆਂ ਤੇ ਦਰਿਆਵਾਂ ਵਿਚ ਵਗਦਾ ਅੰਮ੍ਰਿਤ ਵਰਗਾ ਪਾਣੀ ਸੰਭਾਲਿਆ। ਪੰਜਾਬ ਵਿਚ ਧਰਤੀ ਹੇਠਲਾ ਪਾਣੀ, ਜਿਹੜਾ 5 ਤੋਂ 10 ਫੁੱਟ ਤੱਕ ਅਸਾਨੀ ਨਾਲ ਬੋਰ ਕਰਕੇ ਮਿਲ ਜਾਂਦਾ ਸੀ, ਹੁਣ ਅਜਿਹਾ ਬੋਰ ਵੀ ਪੰਜਾਬ ਵਿਚ ਹੋਇਆ ਹੈ ਜਿਸ ਦੀ ਡੂੰਘਾਈ 1200 ਫੁੱਟ ਤੱਕ ਚਲੇ ਗਈ ਹੈ। ਸੂਬੇ ਵਿਚ ਆਮ ਹੀ 300 ਤੋਂ 400 ਫੁੱਟ ਤੱਕ ਟਿਊਬਵੈਲਾਂ ਦੇ ਬੋਰ ਹੋਣ ਲੱਗ ਪਏ ਹਨ ਤੇ ਹਰ ਸਾਲ ਬੋਰ ਨੂੰ ਡੂੰਘਾ ਕਰਨ ਲਈ ਪਾਈਪ ਦਾ ਟੋਟਾ ਪਾਉਣਾ ਪੈ ਰਿਹਾ ਹੈ। ਆਮ ਹੀ ਕਿਹਾ ਜਾਂਦਾ ਹੈ ਕਿ ਜਲ ਹੀ ਜੀਵਨ ਹੈ। ਵਿਦਵਾਨ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਧਰਤੀ ‘ਤੇ ਜੀਵਨ ਦੀ ਸ਼ੁਰੂਆਤ ਪਾਣੀ ਵਿਚ ਹੀ ਹੋਈ ਸੀ। ਧਰਤੀ ‘ਤੇ ਸਭ ਤੋਂ ਵੱਧ ਪਾਣੀ ਤਾਂ ਹੈ ਪਰ ਇਹ ਪੀਣ ਯੋਗ ਨਹੀਂ ਰਿਹਾ। ਵੱਡਾ ਹਿੱਸਾ ਪਾਣੀ ਦਾ ਵਿਅਰਥ ਜਾ ਰਿਹਾ ਹੈ।
ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀ ਬਾਰੇ ਸਮੇਂ ਦੀਆਂ ਸਰਕਾਰਾਂ ਅਤੇ ਸਿਸਟਮ ਨੇ ਕਦੇ ਨਹੀਂ ਸੋਚਿਆ। ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਵਿਚ ਅੰਨ੍ਹੇਵਾਹ ਜ਼ਹਿਰੀਲੇ ਕੈਮੀਕਲ ਪੈਂਦੇ ਰਹੇ ਪਰ ਪ੍ਰਸ਼ਾਸਨ ਸੁੱਤਾ ਰਿਹਾ। ਦਰਿਆਵਾਂ ਵਿਚ ਵਗਦੀਆਂ ਜ਼ਹਿਰਾਂ ਦਾ ਕਹਿਰ ਜਦੋਂ ਕੈਂਸਰ ਬਣ ਕੇ ਹਰ ਘਰ ਵਿਚ ਸੱਥਰ ਵਿਛਾਉਣ ਲੱਗਾ, ਤਾਂ ਵੀ ਸਿਸਟਮ ਦੀ ਨੀਂਦ ਨਹੀਂ ਟੁੱਟੀ। 22 ਫਰਵਰੀ 2008 ਨੂੰ ਕਾਲਾ ਸੰਘਿਆ ਡਰੇਨ ਦੇ ਕੰਢੇ ਵੱਸਦੇ ਪੀੜਤ ਲੋਕਾਂ ਦੀ ਮਦਦ ਨਾਲ ਪਹਿਲੀ ਵਾਰ ਬੰਨ੍ਹ ਲਾਇਆ ਗਿਆ ਸੀ। ਇਸ ਤੋਂ ਬਾਅਦ 2009 ਵਿਚ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਦੀਆਂ ਜ਼ਹਿਰੀਲੀਆਂ ਹੋ ਚੁੱਕੀਆਂ ਨਦੀਆਂ ਤੇ ਦਰਿਆਵਾਂ ਦੇ ਕਿਨਾਰਿਆਂ ਤੋਂ ਚੇਤਨਾ ਮਾਰਚ ਸ਼ੁਰੂ ਕੀਤਾ ਗਿਆ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਜ਼ਹਿਰੀਲੇ ਪਾਣੀਆਂ ਦੇ ਕਹਿਰ ਤੋਂ ਸੁਚੇਤ ਕੀਤਾ ਜਾ ਸਕੇ।
2011 ਵਿਚ ਇਕ ਵਾਰ ਫਿਰ ਕਾਲਾ ਸੰਘਿਆ ਡਰੇਨ ਨੂੰ ਬੰਨ੍ਹ ਮਾਰਿਆ ਗਿਆ। ਇਸ ਮੌਕੇ ਰਾਜਸਥਾਨ ਤੋਂ ਵੀ ਕੈਂਸਰ ਦੇ ਪੀੜਤ ਲੋਕ ਆਏ ਸਨ। ਸਾਲ 2014 ਵਿਚ ਪੰਜਾਬ ਦੇ ਜ਼ਹਿਰੀਲੇ ਹੋ ਚੁੱਕੇ ਦਰਿਆਵਾਂ ਦਾ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਕੋਲ ਚਲਾ ਗਿਆ ਸੀ। ਚਾਰ ਸਾਲ ਤੱਕ ਜਦੋਂ ਇਹ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਾ ਤਾਂ ਐੱਨਜੀਟੀ ਨੇ ਨਿਗਰਾਨ ਕਮੇਟੀ ਬਣਾ ਦਿੱਤੀ ਸੀ, ਜਿਹੜੀ ਪੰਜਾਬ ਦੇ ਦਰਿਆਵਾਂ ਦੀ ਪਲੀਤੀ ਰੋਕਣ ਬਾਰੇ ਕੋਈ ਠੋਸ ਹੱਲ ਕੱਢ ਕੇ ਦੇਵੇਗੀ। ਨਿਗਰਾਨ ਕਮੇਟੀ ਦੀ ਰਿਪੋਰਟ ‘ਤੇ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ ਹੋ ਗਿਆ ਸੀ। ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਂ ਪਾਣੀਆਂ ਦੀ ਧਰਤੀ ਦੇ ਪਲੀਤ ਹੋਏ ਪਾਣੀ ਲਈ ਇੰਨੀ ਵੱਡੀ ਰਕਮ ਜੁਰਮਾਨੇ ਵਜੋਂ ਵਸੂਲਣ ਦੇ ਹੁਕਮ ਦਿੱਤੇ ਗਏ ਹਨ। ਸਭ ਤੋਂ ਵੱਡਾ ਮਸਲਾ ਪੰਜਾਬ ਦੇ ਪਾਣੀਆਂ ਨੂੰ ਸੰਭਾਲਣ ਦਾ ਹੈ ਤੇ ਇਸ ਨੂੰ ਪਲੀਤ ਹੋਣ ਦੇਣ ਲਈ ਜ਼ਿੰਮੇਵਾਰ ਅਧਿਕਾਰੀਆਂ ਦਾ ਹੈ। ਜਿਨ੍ਹਾਂ ਦੀ ਲਾਪ੍ਰਵਾਹੀ ਨੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਰੂਪੀ ਮੌਤ ਦੇ ਮੂੰਹ ਵਿਚ ਧੱਕ ਦਿੱਤਾ ਹੈ।
ਲੁਧਿਆਣੇ ਵਿਚ ਵਗਦਾ ਪੰਜਾਬ ਦਾ ਬੁੱਢਾ ਦਰਿਆ ਕਦੋਂ ਗੰਦਾ ਨਾਲਾ ਅਖਵਾਉਣ ਲੱਗ ਪਿਆ, ਇਸ ਗੱਲ ਦਾ ਕਿਸੇ ਨੇ ਵੀ ਨੋਟਿਸ ਨਹੀਂ ਲਿਆ। ਹੁਣ ਜਦੋਂ ਇਸ ਦੇ ਕੰਢੇ ਵੱਸਣ ਵਾਲੇ ਪਿੰਡਾਂ ਵਿਚ ਮੌਤ ਨਾਲ ਵੈਣ ਪੈਣ ਲੱਗ ਪਏ ਹਨ ਤਾਂ ਵੀ ਢੀਠ ਹੋਇਆ ਸਿਸਟਮ ਨਹੀਂ ਜਾਗਿਆ। ਲੁਧਿਆਣੇ ਦੇ ਗੌਂਸਪੁਰ ਪਿੰਡ ਵਿਚ ਇਕ ਘਰ ਅਜਿਹਾ ਹੈ ਜਿਸ ਵਿਚ ਸਿਰਫ ਲੜਕੀ ਹੀ ਬਚੀ ਹੈ, ਬਾਕੀ ਪਰਿਵਾਰ ਦੇ ਸਾਰੇ ਜੀਅ ਕੈਂਸਰ ਦੀ ਭੇਂਟ ਚੜ੍ਹ ਗਏ ਹਨ। ਪੰਜਾਬ ਦਾ ਹਰ ਪਿੰਡ ਗੌਂਸਪੁਰ ਬਣ ਰਿਹਾ ਹੈ।
ਸੰਸਾਰ ਪੱਧਰ ‘ਤੇ ਪਾਣੀ ਦਿਹਾੜੇ ਮਨਾਉਣ ਨਾਲ ਇਹ ਮਸਲੇ ਹੱਲ ਹੋਣ ਵਾਲੇ ਨਹੀਂ। ਜਿਨ੍ਹਾਂ ਹਾਲਾਤ ਵਿਚ ਰੰਗਲਾ ਪੰਜਾਬ ਪਹੁੰਚ ਚੁੱਕਾ ਹੈ, ਪਾਣੀਆਂ ਦੀ ਧਰਤੀ ਪਾਣੀਆਂ ਦੇ ਸੰਕਟ ਵਿਚ ਹੀ ਡੁੱਬ ਜਾਵੇਗੀ। ਇਸ ਦਾ ਸਾਇਦ ਕਿਸੇ ਨੇ ਚਿੱਤ ਖਿਆਲ ਵੀ ਨਹੀਂ ਕੀਤਾ ਹੋਣਾ।

Check Also

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ …