Breaking News
Home / ਨਜ਼ਰੀਆ / ਦੂਜਾ ਅੰਦਰ

ਦੂਜਾ ਅੰਦਰ

ਕਲਵੰਤ ਸਿੰਘ ਸਹੋਤਾ 604-589-5919
ਸਾਡੇ ਮਨ ਦੇ ਅੰਦਰ ਵੀ ਇੱਕ ਅੰਦਰ ਹੈ। ਉਹ ਦੋਵੇਂ ਅੰਦਰ ਖੁੱਲ੍ਹੇ ਹੋਣੇ ਚਾਹੀਦੇ ਹਨ ਤਾਂ ਹੀ ਦੋਹਾਂ ਅੰਦਰ ਵੜਿਆ ਤੇ ਨਿਕਲਿਆ ਜਾ ਸਕਦਾ ਹੈ। ਜੇ ਇੱਕ ਦਾ ਦਰਵਾਜ਼ਾ ਬੰਦ ਹੋ ਜਾਏ ਤਾਂ ਉਸ ਦੇ ਅੰਦਰ ਵੜਨਾ ਤੇ ਨਿਕਲਣਾ ਨਾ ਮੁਮਕਨ ਹੋ ਜਾਏਗਾ ਤੇ ਇੰਜ ਅੰਦਰਲਾ ਅੰਦਰ ਤੇ ਬਾਹਰਲਾ ਬਾਹਰ ਹੀ ਰਹਿ ਜਾਏਗਾ। ਇੱਕ ਮਨ ਦੇ ਅੰਦਰ ਦੇ ਅੰਦਰ ਦੇ ਦਰਵਾਜ਼ੇ ਦਾ ਤਾਲਾ ਲੱਗ ਜਾਏ ਤਾਂ ਮਨ ਦਾ ਸਾਹ ਘੁੱਟਣ ਲੱਗੇਗਾ। ਜਿਊਣਾ ਦੁੱਭਰ ਹੋ ਜਾਏਗਾ। ਮਨ ਦੀ ਭੜਾਸ ਵਧਣ ਲੱਗੇਗੀ, ਅੰਦਰ ਗੁਬਾਰ ਉੱਠੇਗਾ, ਘੁੰਮਣ ਘੇਰੀਆਂ ਆਉਣਗੀਆਂ; ਉਪਰਾਮਤਾਂ ਦੀ ਜੜ੍ਹ ਲੱਗਣ ਲੱਗੇਗੀ; ਉਦਾਸੀ ਦੀਆਂ ਜੜ੍ਹਾਂ ਮਜਬੂਤ ਹੋਣਗੀਆਂ ਤੇ ਇੰਜ ਦੂਜੇ ਅੰਦਰ ਦੇ ਦਰਵਾਜ਼ੇ ਨੂੰ ਲੱਗੇ ਜੰਦਰੇ ਦੀਆਂ ਕੁੰਜੀਆਂ ਲੱਭਣੀਆਂ ਹੋਰ ਵੀ ਮੁਸ਼ਕਲ ਹੋ ਜਾਣਗੀਆਂ।
ਮਨ ਦੇ ਦੋਹਾਂ ਅੰਦਰਾਂ ਦੇ ਬਰਾਬਰ ਸੁਮੇਲ ਬਿਨਾਂ ਜ਼ਿੰਦਗੀ ਦਾ ਤਵਾਜ਼ਨ ਨਹੀਂ ਰਹੇਗਾ, ਜ਼ਿੰਦਗੀ ‘ਚ ਉਥਲ ਪੁਥਲ ਮਚ ਜਾਏਗੀ; ਉਦਾਸੀ ਦਾ ਆਲਮ ਖੜ੍ਹਾ ਹੋ ਜਾਏਗਾ; ਖੂਹ ‘ਚ ਡਿੱਗੇ ਮਹਿਸੂਸ ਕਰੋਗੇ ਤੇ ਇੰਜ ਜੇ ਲਗਾਤਾਰ ਜਾਰੀ ਰਿਹਾ ਤਾਂ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਵਾਂਗੇ। ਅੱਜ ਦੀ ਤੇਜ਼ ਤਰਾਰ ਜਿੰਦਗੀ ‘ਚ ਸਮੇਂ ਦੀ ਰਫ਼ਤਾਰ ਨਾਲ ਨਾ ਚੱਲ ਸਕਣਾ, ਮਨ ‘ਚ ਬਣੀਆਂ ਖਾਹਿਸ਼ਾਂ ਤੇ ਉਮੰਗਾਂ ਦੀ ਪ੍ਰਾਪਤੀ ਨਾ ਹੋ ਸਕਣਾ; ਆਪਣੇ ਵਿੱਤ ਤੋਂ ਵਾਧੂ ਤੇ ਬੇਲੋੜੀਆਂ ਵਸਤਾਂ ਇਕੱਤਰ ਕਰਨ ਦੀ ਹੋੜ ‘ਚ ਪੈਣਾ ਆਦਿ ਮਾਨਸਿਕ ਰੋਗ ਦੇ ਬੀਜ ਦੇ ਪੁੰਗਰਣ ਦਾ ਰਾਹ ਪੱਧਰਾ ਕਰਦੇ ਹਨ। ਅਜਿਹੀ ਸਥਿਤੀ ਤੋਂ ਬਚਣ ਦੇ ਉਪਾਅ ਕਰਨੇ ਚਾਹੀਦੇ ਹਨ। ਮਨ ਦੇ ਦੋਹਾਂ ਅੰਦਰਾਂ ਦੇ ਸੁਮੇਲ ‘ਚ ਆਇਆ ਵਿਗਾੜ ਹੀ ਮਾਨਸਿਕ ਰੋਗਾਂ ਨੂੰ ਉਪਜਾਉਂਦਾ ਹੈ। ਮਾਨਸਿਕ ਰੋਗ ਦੇ ਬੇਅੰਤ ਕਾਰਨ ਹਨ ਤੇ ਉਸ ਦੇ ਉਪਾਅ ਦੀਆਂ ਵੀ ਵੱਖੋ ਵੱਖਰੀਆਂ ਵਿਧੀਆਂ ਹਨ। ਡਾਕਟਰੀ ਇਲਾਜ ਜਿਹੜਾ ਵਿਗਿਆਨ ਦੀਆਂ ਖੋਜ ਵਿਧੀਆਂ ‘ਤੇ ਅਧਾਰਿਤ ਹੈ ਉਹ ਵੀ ਕਈ ਵਾਰੀ ਅਸਰਦਾਇਕ ਸਾਬਤ ਨਹੀਂ ਹੁੰਦਾ। ਵਿਗਿਆਨੀ ਖੋਜਾਂ ਮੁਤਾਬਿਕ ਸਰੀਰ/ ਦਿਮਾਗ ਦੇ ਰਸਾਇਣਾਂ ਦਾ ਅਸੰਤੁਲਤ ਹੋ ਜਾਣਾ ਇੱਕ ਕਾਰਣ ਸਮਝਿਆ ਜਾਂਦਾ ਹੈ। ਪ੍ਰਮਾਣਤ ਦਵਾਈਆਂ ਜੋ ਆਪਣੇ ਆਪ ‘ਚ ਰਸਾਇਣ ਹੀ ਹੁੰਦੇ ਹਨ, ਖਾਣ ਨਾਲ ਆਰਜ਼ੀ ਰਾਹਤ ਤਾਂ ਮਿਲਦੀ ਹੈ ਪਰ ਮੁਕੰਮਲ ਰੋਗ ਮੁਕਤ ਹੋਣਾ ਅਜੇ ਦੂਰ ਦੀ ਗੱਲ ਹੁੰਦੀ ਹੈ। ਮਾਨਸਿਕ ਰੋਗ ਹੋਣ ਨਾਲ ਮਨ ਦੇ ਦੋਹਾਂ ਅੰਦਰਾਂ ਦਾ ਅ-ਸੁਮੇਲ ਰਹਿੰਦਾ ਹੈ।
ਸਾਡੇ ਸਮਾਜ ਦਾ ਦੁੱਖਦੇ ਸੁੱਖਦੇ ਇਕੱਠੇ ਹੋ ਕੇ ਬੈਠਣਾ, ਦੁੱਖ ਸੁੱਖ ਸਾਂਝਾ ਕਰਨਾ, ਆਪਣੇ ਮਨ ਦੀਆਂ ਦੱਸਣੀਆਂ ਤੇ ਦੂਸਰਿਆਂ ਦੀਆਂ ਸੁਣਨੀਆਂ ਇੱਕ ਆਮ ਗੱਲ ਹੁੰਦੀ ਸੀ। ਕਿਤੇ ਮਰਗ ਹੋ ਜਾਣੀ ਤਾਂ ਮਹੀਨਾ ਮਹੀਨਾ ਸਾਕ ਸਬੰਧੀਆਂ, ਸ਼ਰੀਕਾ ਭਾਈਚਾਰਾ ਅਤੇ ਹੋਰ ਜਾਣ ਪਹਿਚਾਣ ਵਾਲਿਆਂ ਦਾ ਆ ਕੇ ਸੱਥਰ ‘ਚ ਬੈਠਣਾ ਕੋਈ ਮਕਸਦ ਰੱਖਦਾ ਸੀ। ਇਸ ਦੇ ਕਈ ਡੂੰਘੇ ਰਾਜ਼ ਸਨ, ਸੈਂਕੜੇ ਸਾਲਾਂ ਦੇ ਕੀਤੇ ਤਜ਼ਰਬੇ ਸਨ, ਜਿਹੜੇ ਪੁਸ਼ਤਦਰ ਪੁਸ਼ਤ ਅਗਾਂਹ ਸਪੁਰਦ ਹੁੰਦੇ ਰਹੇ ਅਤੇ ਉਹ ਤਜ਼ਰਬੇ ਅਤੇ ਵਿਧੀਆਂ ਡਾਢੀਆਂ ਸਹਾਈ ਹੁੰਦੀਆਂ ਸਨ; ਮੌਤ ਦੇ ਗਮ ਦੇ ਜ਼ਖਮਾਂ ‘ਤੇ ਮੱਲ੍ਹਮ ਲਾਉਣ ਦਾ ਕੰਮ ਕਰਦੀਆਂ ਅਤੇ ਜ਼ਖਮਾਂ ‘ਤੇ ਪੱਟੀ ਵੀ ਮਜ਼ਬੂਤ ਬੰਨਦੀਆਂ ਸਨ; ਇਸ ਨਾਲ ਦਰਦ ਘਟਦਾ ਸੀ। ਸਿਆਣਿਆਂ ਦੀਆਂ ਵਿਚਾਰਾਂ ਮਨ ਨੂੰ ਢਾਰਸ ਦਿੰਦੀਆਂ ਸਨ: ਮਨ ਦੇ ਦੂਸਰੇ ਅੰਦਰ ਦਾ ਦਰਵਾਜ਼ਾ ਬੰਦ ਨਹੀਂ ਸਨ ਹੋਣ ਦਿੰਦੀਆਂ; ਦੋਹਾਂ ਮਨਾਂ ਦਾ ਸੁਮੇਲ ਰੱਖਦੀਆਂ ਸਨ ਤੇ ਬੰਦਾ ਇਸ ਘੁੰਮਣ ਘੇਰੀ ਦੇ ਬਾਂਵਰੋਲੇ ‘ਚ ਗਰਕ ਹੋਣ ਦੀ ਥਾਂ ਬਾਹਰ ਦਾ ਰਸਤਾ ਦੇਖ ਸਕਦਾ ਸੀ। ਸਿਆਣੇ ਆਪਣੇ ਤਜ਼ਰਬੇ ਅਤੇ ਹੱਡ ਬੀਤੀਆਂ ਸੁਣਾ ਕੇ ਡਿਗੇ ਮਨ ਨੂੰ ਢਾਰਸ ਦੇ ਦਿੰਦੇ ਸਨ। ਡਿੱਕੇ ਡੋਲੇ ਖਾਂਦਾ ਮਨ ਖੜ੍ਹ ਜਾਂਦਾ ਸੀ; ਨਿੱਸਲ਼ ਹੋਇਆ ਸਰੀਰ ਕਾਇਮ ਹੋ ਜਾਂਦਾ ਸੀ: ਡਿਗਦੇ ਮਨ ਨੂੰ ਪੈਰ ਰੱਖਣ ਲਈ ਪੌਡਾ ਮਿਲ ਜਾਂਦਾ ਸੀ। ਆਖਰ ਜ਼ਿੰਦਗੀ ਦੀ ਗੱਡੀ ਭਾਵੇਂ ਧੀਮੀਂ ਰਫ਼ਤਾਰ ਨਾਲ ਹੀ ਸਹੀ ਪਰ ਰੁੜ ਪੈਂਦੀ ਸੀ। ਇਕੱਲਾ ਇੱਕਾ ਦੁੱਕਾ ਨਹੀਂ ਸਗੋਂ ਪਰਿਵਾਰ ਦੇ ਸਾਰੇ ਜੀਆਂ ਦੇ ਮਨ ਦੇ ਦੋਹਾਂ ਅੰਦਰਾਂ ਦੇ ਦਰਵਾਜ਼ੇ ਵਿਚਾਰਾਂ ਨਾਲ ਖੁੱਲ੍ਹ ਜਾਂਦੇ ਸਨ ਤੇ ਦਰਦ ਦੀ ਚੀਸ ਘਟ ਜਾਂਦੀ ਸੀ।
ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ, ਅੱਜ ਮਾਨਸਿਕ ਰੋਗਾਂ ਦਾ ਵਿਗਿਆਨਕ ਇਲਾਜ ਹੋਣਾਂ ਪ੍ਰਚਲਿਤ ਹੈ, ਇਹ ਇੱਕ ਚੰਗੀ ਸੇਧ ਹੈ। ਇਸ ਦੇ ਨਾਲ ਨਾਲ ਹੀ ਸਦੀਆਂ ਤੋਂ ਬਣੀਂ ਆ ਰਹੀ ਸਮਾਜਿਕ ਬਣਤਰ ਦਾ ਤਾਣਾ ਬਾਣਾ ਅੱਖੋਂ ਪਰੋਖੇ ਹੋ ਰਿਹਾ ਹੈ। ਅੱਜ ਅਸੀਂ ਇਕੱਲੇ ਡਾਕਟਰੀ ਇਲਾਜ ‘ਤੇ ਹੀ ਨਿਰਭਰ ਹੋਣ ਲੱਗੇ ਹਾਂ। ਡਾਕਟਰੀ ਇਲਾਜ ਵੀ ਇੱਕ ਪ੍ਰਬੰਧ ਦੇ ਅਧੀਨ ਹੀ ਚੱਲਦਾ ਹੈ ਕਿ ਇੱਕ ਡਾਕਟਰ ਇੰਨੇ ਮਰੀਜ ਦੇਖੇਗਾ, ਪ੍ਰਤੀ ਮਰੀਜ ਉਸ ਨੂੰ ਇੰਨੇ ਪੈਸੇ ਸਰਕਾਰ ਜਾਂ ਬੀਮਾ ਕੰਪਨੀ ਦੇਵੇਗੀ; ਕੁੱਝ ਡਾਕਟਰਾਂ ਦੀ ਸੁਤਾ ਵੀ ਪੈਸੇ ਨਾਲ ਹੀ ਬੱਝ ਗਈ ਹੈ: ਮਰੀਜ਼ਾਂ ਦਾ ਇਲਾਜ ਤਾਂ ਉਹ ਕਰਦੇ ਹਨ, ਮਰਜ਼ ਲਈ ਪ੍ਰਮਾਣਿਤ ਦਵਾਈਆਂ ਦਿੰਦੇ ਹਨ ਜਿਹੜੀਆਂ ਕਾਰਗਰ ਵੀ ਸਿੱਧ ਹੁੰਦੀਆਂ ਹਨ ਤੇ ਮਰਜ਼ ਦਾ ਇਲਾਜ ਵੀ ਕਰਦੀਆਂ ਹਨ ਪਰ ਜਿਹੜਾ ਬਹੁਤ ਵੱਡਾ ਫੈਕਟਰ ਟੈਂਡਰ ਲਵਿੰਗ ਕੇਅਰ ਜਾਂ ਕਹਿ ਲਈਏ ਪਿਆਰ ਨਾਲ ਧਰਵਾਸ ਤੇ ਹੌਸਲਾ ਦੇਣਾ, ਇਹ ਅਲੋਪ ਹੋਈ ਜਾ ਰਹੇ ਹਨ। ਰਸਾਇਣਕ ਦਵਾਈਆਂ ਪ੍ਰਯੋਗ ਕਰਨ ਨਾਲ ਰੋਗ ਭਾਵੇਂ ਕੁੱਝ ਹੱਦ ਤੱਕ ਦੂਰ ਹੋ ਜਾਏ ਜਾਂ ਰੋਗ ਮੁਕਤ ਵੀ ਹੋ ਜਾਈਏ ਪਰ ਜਿਹੜਾ ਰੋਗ ਦੂਰ ਕਰਨ ਦਾ ਧਰਵਾਸ/ ਹੌਂਸਲਾ ਰੂਪੀ ਥੰਮ ਜੇ ਨਹੀਂ ਮਿਲਦਾ ਤਾਂ ਉਹੀ ਮਰਜ਼ ਮੁੜ ਢਾਹ ਲਏਗੀ। ਮਨ ਤਕੜਾ ਹੈ ਤਾਂ ਸਰੀਰ ਤਕੜਾ ਰਹੇਗਾ, ਜੇ ਮਨ ਤਕੜਾ ਨਹੀਂ ਤਾਂ ਤਕੜਾ ਸਰੀਰ ਵੀ ਡਿਗੇ ਮਨ ਅੱਗੇ ਬੇਅਰਥ ਸਾਬਤ ਹੋਏਗਾ।
ਮਾਨਸਿਕ ਰੋਗੀਆਂ ਨਾਲ ਅੱਜ ਹਸਪਤਾਲਾਂ ਦੇ ਹਸਪਤਾਲ ਭਰੇ ਪਏ ਹਨ। ਪ੍ਰਮਾਣਿਤ ਵਿਧੀਆਂ ਮੁਤਾਬਿਕ ਇਲਾਜ ਹੁੰਦੇ ਹਨ: ਪੂਰੀ ਕਾਰਵਾਈ ਹੁੰਦੀ ਹੈ, ਨਰਸਾਂ ਯੋਗ ਯਤਨ ਕਰਦੀਆਂ ਹਨ ਕਿ ਮਰੀਜ਼ ਨੂੰ ਪੂਰਨ ਸੁਵਿਧਾ ਮਿਲੇ। ਜਿਸ ਵਾਤਾਵਰਣ ‘ਚ ਅਸੀਂ ਰਹਿ ਰਹੇ ਹਾਂ ਉਹ ਮਾਨਸਿਕ ਰੋਗੀ ਜ਼ਿਆਦਾ ਪੈਦਾ ਕਰ ਰਿਹਾ ਹੈ ਅਤੇ ਹਸਪਤਾਲਾਂ ਦੀ ਥੁੜ ਬਣਦੀ ਜਾ ਰਹੀ ਹੈ: ਲੋੜ ਜ਼ਿਆਦਾ ਤੇ ਸਹੂਲਤ /ਸਾਧਨ ਘੱਟ ਵਾਲੀ ਸਥਿਤੀ ‘ਚ ਇਲਾਜ ਦਾ ਮਿਆਰ ਡਿੱਗੇਗਾ, ਖਰਚਾ ਵਧੇਗਾ, ਮਰੀਜ਼ ਦੀ ਪੂਰਨ ਦੇਖ ਭਾਲ ਨਹੀਂ ਹੋ ਸਕੇਗੀ, ਇਲਾਜ ਸਿਰਫ ਕਾਰਵਾਈ ਤੱਕ ਹੀ ਮਹਿਦੂਦ ਰਹਿ ਜਾਏਗਾ: ਮਰੀਜ਼ ਦੇ ਇਲਾਜ ਰੂਪੀ ਮੰਜੇ ਦੀ ਦੌਣ ‘ਚ ਹੋਰ ਵੱਡੇ ਵੱਡੇ ਮਘੋਰੇ ਬਣ ਜਾਣਗੇ ਤੇ ਮਰੀਜ਼ ਦੇਖਣ ਨੂੰ ਇਲਾਜ ਹੋਣ ਦੇ ਉਪਰੰਤ ਵੀ ਉਸ ਮਘੋਰੇ ਥਾਂਈਂ ਥੱਲੇ ਡਿੱਗ ਜਾਏਗਾ।
ਮਾਨਸਿਕ ਰੋਗੀਆਂ ਦੇ ਮਨ ਦੇ ਦੂਸਰੇ ਅੰਦਰ ਦਾ ਦਰਵਾਜ਼ਾ ਬੰਦ ਹੁੰਦਾ ਹੈ, ਉਹ ਉਸ ਦੇ ਬੰਦ ਦਰਵਾਜ਼ੇ ਦੇ ਜੰਦਰੇ ਦੀ ਕੁੰਜੀ ਲੱਭਦੇ ਹੀ ਭਟਕਦੇ ਰਹਿੰਦੇ ਹਨ। ਰਿਸ਼ਤਿਆਂ ਦੀ ਟੁੱਟੀ ਬਣਤਰ ਕੁੰਜੀ ਤੱਕ ਹੱਥ ਪਹੁੰਚਣ ਨਹੀਂ ਦਿੰਦੀ; ਰਿਸ਼ਤਿਆਂ ‘ਚ ਪਈ ਖਟਾਸ ਕੁੰਜੀ ਨੂੰ ਪਰੇ ਲਕੋ ਦਿੰਦੀ ਹੈ। ਜਿਹੜੇ ਪਿਆਰ, ਅਪਣੱਤ ਤੇ ਹਮਦਰਦ ਸਬੰਧਾਂ ਨੇ ਆਪ ਜਾ ਕੇ ਮਨ ਦੇ ਬੰਦ ਦਰਵਾਜ਼ੇ ਦੇ ਜੰਦਰੇ ਦੀ ਕੁੰਜੀ ਆਪ ਅੱਪੜਦੀ ਕਰਨੀ ਸੀ ਉਸ ਪਾਸੇ ਤਾਂ ਧਿਆਨ ਹੀ ਨਹੀਂ ਜਾਂਦਾ! ਅੱਜ ਜਿਹੜੀ ਡਾਕਟਰੀ ਅਤੇ ਮਨੋਵਿਗਿਆਨਕ ਕੌਂਸਲਿੰਗ ਅਸੀਂ ਢੇਰ ਸਾਰੇ ਪੈਸੇ ਖਰਚ ਕੇ ਪ੍ਰਾਪਤ ਕਰਦੇ ਹਾਂ ਇਹ ਪਰਿਵਾਰਿਕ ਰਿਸ਼ਤਿਆਂ ਦੇ ਹਰ ਖੂੰਜੇ ‘ਚ ਪਈ ਮਿਲਦੀ ਸੀ, ਪਰ ਜੇ ਅਸੀਂ ਪਰਿਵਾਰਕ ਰਿਸ਼ਤਿਆ ਦੀ ਹੀ ਖੇਹ ਕਰ ਦਿੱਤੀ ਤਾਂ ਇਕੱਲੇ ਡਾਕਟਰੀ ਇਲਾਜ ਨੇ ਮਨ ਦੇ ਦੂਜੇ ਬੰਦ ਅੰਦਰ ਦੀ ਕੁੰਜੀ ਨਹੀਂ ਮੁਹੱਈਆ ਕਰਵਾਉਣੀ। ਤੁਹਾਡੇ ਮਨ ਦੀ ਲੋੜ ਮੁਤਾਬਕ ਖਾਸ ਕੁੰਜੀ ਜਿਹੜੀ ਸਿਰਫ ਤੇ ਸਿਰਫ ਤੁਹਾਡੇ ਲਈ ਹੀ ਹੈ ਉਹ ਤਾਂ ਸਮਾਜਿਕ ਤਾਣੇ ਬਾਣੇਂ ‘ਚੋਂ ਹੀ ਸੌਖਿਆਂ ਮੁਹੱਈਆ ਹੋਣੀ ਹੈ; ਪਰ ਜੇ ਅਸੀਂ ਉਸ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਦੇ ਤਾਣੇ ਬਾਣੇ ਦੀ ਹੀ ਜੱਖਣਾ ਪੁੱਟ ਸੁੱਟੀ ਤਾਂ ਕਸੂਰ ਤਾਂ ਸਾਡਾ ਆਪਣਾਂ ਹੈ। ਅੱਜ ਦੇ ਸਮੇਂ ਦੀ ਤੇਜ਼ ਤਰਾਰ ਜ਼ਿੰਦਗੀ ਨਾਲ ਬਰਾਬਰ ਨਾ ਚੱਲ ਸਕਣ ਕਾਰਨ ਮਾਨਸਿਕ ਰੋਗਾਂ ਦੀ ਭਰਮਾਰ ਹੋ ਰਹੀ ਹੈ। ਸ਼ਾਂਤ ਮਹੌਲ ਅਲੋਪ ਹੋ ਰਿਹਾ ਹੈ; ਦੁਬਿਧਾ ਤੇ ਭਟਕਣ ਮਨ ਨੂੰ ਟਿਕਣ ਨਹੀਂ ਦਿੰਦੀ। ਦੋਹਾਂ ਮਨਾਂ ਦੇ ਅੰਦਰ ਦਾ ਸੁਮੇਲ ਟੁੱਟ ਗਿਆ ਹੈ। ਬੰਦਾ ਦੂਜੇ ਮਨ ਦੇ ਬੰਦ ਦਲਾਨ ਅੰਦਰ ਕੈਦ ਹੋ ਕੇ ਰਹਿ ਗਿਆ ਹੈ: ਬਾਹਰ ਨਿਕਲਣ ਦਾ ਰਾਹ ਨਹੀਂ ਦਿਸਦਾ, ਦਲਾਨ ‘ਚ ਘੁੱਪ ਹਨੇਰਾ ਹੈ; ਕੋਈ ਇਲਾਜ ਕੰਮ ਨਹੀਂ ਕਰਦਾ: ਇਕ ਮਨ ਬਾਹਰ ਤੜਫਦਾ ਹੈ ਤੇ ਇਕ ਅੰਦਰ ਤੜਫਦਾ ਹੈ; ਦੋਹਾਂ ਮਨਾਂ ਦੇ ਮਿਲਾਪ ਦੀ ਹੋੜ ਦੀ ਖ਼ਲਬਲੀ ਕੁਰਬੁਲ਼ ਕੁਰਬੁਲ਼ ਕਰਦੀ ਭਟਕਣ ‘ਚ ਗੇੜੇ ਦੇ ਰਹੀ ਹੈ। ਮਨ ਦੀ ਗੱਲ ਸੁਣਨ ਸਮਝਣ ਵਾਲਾ ਦਿਸਦਾ ਨਹੀ; ਮਨਾਂ ਦੇ ਦਰਵਾਜੇ ਬੰਦ। ਆਓ, ਬੰਦ ਪਏ ਮਨਾਂ ਦੇ ਦਲਾਨਾਂ ਦੇ ਦਰਵਾਜਿਆਂ ਦੇ ਲੱਗੇ ਤਾਲਿਆਂ ਨੂੰ ਤੋੜੀਏ; ਆਪ ਦੁਬਿਧਾ ‘ਚੋਂ ਨਿਕਲੀਏ ਤੇ ਹੋਰਾਂ ਨੂੰ ਕੱਢੀਏ, ਇਹ ਬੜਾ ਸੌਖਾ ਤੇ ਸਰਲ ਤਰੀਕਾ ਹੈ: ਇਸ ਨੂੰ ਅਪਣਾ, ਇਕ ਦੂਸਰੇ ਦੇ ਸਹਾਈ ਹੋਈਏ; ਜ਼ਿੰਦਗੀ ਦਾ ਅਨੰਦ ਆਪ ਮਾਣੀਏ ਤੇ ਹੋਰਨਾਂ ਨੂੰ ਮਾਨਣ ‘ਚ ਉਸਾਰੂ ਯੋਗਦਾਨ ਪਾਈਏ ਮਨਾਂ ਦੇ ਦੋਹਾਂ ਅੰਦਰਾਂ ਦਾ ਸੁਮੇਲ ਕਰ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …