Breaking News
Home / ਜੀ.ਟੀ.ਏ. ਨਿਊਜ਼ / ਫੈਮਿਲੀ ਆਰ ਇਕੁਅਲ ਐਕਟ ਪਾਸ

ਫੈਮਿਲੀ ਆਰ ਇਕੁਅਲ ਐਕਟ ਪਾਸ

kathleen-wine-copy-copyਹੁਣ ਸਮਲਿੰਗੀ ਜੋੜੇ ਵੀ ਬਣਨਗੇ ਮਾਪੇ
ਬਿਲ 28 ਤਹਿਤ ਹੁਣ ਸਰਟੀਫਿਕੇਟ ‘ਤੇ ਮਦਰ-ਫਾਦਰ ਦੀ ਥਾਂ ਲਿਖਿਆ ਜਾਵੇਗਾ ਪੇਰੈਂਟਸ
ਟੋਰਾਂਟੋ/ਬਿਊਰੋ ਨਿਊਜ਼
ਓਨਟਾਰੀਓ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਬਿਲ 28 ਦੇ ਹੱਕ ਵਿਚ ਇਕਸੁਰ ਹੁੰਦਿਆਂ ਇਸ ਨੂੰ ਪਾਸ ਕਰਕੇ ਸਾਰੇ ਪਰਿਵਾਰਾਂ ਨੂੰ ਬਰਾਬਰਤਾ ਦਾ ਅਧਿਕਾਰ ਦੇ ਦਿੱਤਾ। ‘ਫੈਮਲੀਜ਼ ਆਰ ਇਕੁਅਲ ਐਕਟ’ ਦੇ ਪਾਸ ਹੋਣ ਨਾਲ ਹੁਣ ਸਮਲਿੰਗੀ ਜੋੜੇ ਵੀ ਮਾਪੇ ਬਣਨ ਦੇ ਹੱਕਦਾਰ ਹੋ ਗਏ ਹਨ। ਇਸ ਦੇ ਨਾਲ ਇਹ ਵੀ ਤੈਅ ਹੋਇਆ ਕਿ ਬੱਚਿਆਂ ਦੇ ਸਰਟੀਫਿਕੇਟ ‘ਤੇ ਮਦਰ-ਫਾਦਰ ਲਿਖਣ ਦੀ ‘ਪੇਰੈਂਟਸ’ ਸ਼ਬਦ ਲਿਖਣਾ ਹੀ ਕਾਫ਼ੀ ਹੋਵੇਗਾ।
ਇਸ ਬਿੱਲ ਸਦਕਾ ਇੱਕ ਬੱਚੇ ਦੇ ਚਾਰ ਮਾਪੇ ਬਣ ਸਕਦੇ ਹਨ ਜਿਹਨਾਂ ਵਿੱਚੋਂ ਇੱਕ ਦਾ ਕੁਦਰਤੀ ਮਾਪਾ ਹੋਣਾ ਲਾਜ਼ਮੀ ਹੋਵੇਗਾ। ਚਾਰ ਮਾਪਿਆਂ ਦਾ ਨਾਮ ਬੱਚੇ ਦੇ ਰਿਕਾਰਡ ਵਿੱਚ ਦਰਜ਼ ਕਰਨ ਲਈ ਕਿਸੇ ਅਦਾਲਤੀ ਹੁਕਮ ਦੀ ਲੋੜ ਨਹੀਂ ਹੋਵੇਗੀ ਬਲਕਿ ਬੱਚੇ ਦੇ ਜਨਮ ਤੋਂ ਪਹਿਲਾਂ ਕੋਈ ਵੀ ਚਾਰ ਵਿਅਕਤੀ ਆਪਸੀ ਸਹਿਮਤੀ ਨਾਲ ਇੱਕ ਇਕਰਾਰਨਾਮੇ  ਉੱਤੇ ਦਸਤਖਤ ਕਰ ਸਕਦੇ ਹਨ। ਬੱਚੇ ਦੇ ਸਰਟੀਫੀਕੇਟ ਉੱਤੇ ਮਾਂ ਜਾਂ “ਪਿਤਾ” ਸ਼ਬਦ ਦੀ ਥਾਂ ਸਿਰਫ ‘ਮਾਪਾ’ ਲਿਖਿਆ ਜਾਣਾ ਕਾਫੀ ਹੋਵੇਗਾ। ਬੱਚੇ ਦੀ ਪਰਵਰਿਸ਼ ਨਾਲ ਸਬੰਧਿਤ ਕਾਗਜ਼ਾਤਾਂ ਵਿੱਚ ਖੂਨ ਦੇ ਰਿਸ਼ਤੇ ਦੀ ਥਾਂ ਕਨੂੰਨੀ ਸ਼ਬਦਾਵਲੀ ਵਧੇਰੇ ਅਸਰਦਾਰ ਹੋਵੇਗੀ।
ਬਿੱਲ 28 ਪਾਸ ਹੋਣ ਵੇਲੇ ਲਿਬਰਲ, ਐਨ ਡੀ ਪੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਮਿਲਾ ਕੇ ਕੁੱਲ 79 ਐਮ ਪੀ ਪੀ ਪਾਰਲੀਮੈਂਟ ਵਿੱਚ ਹਾਜ਼ਰ ਸਨ ਜਦੋਂ ਕਿ 29 ਐਮ ਪੀ ਪੀ ਗੈਰਹਾਜ਼ਰ ਰਹੇ। ਗੈਰਹਾਜ਼ਰ ਰਹਿਣ ਵਾਲਿਆਂ ਵਿੱਚ ਕਈ ਲਿਬਰਲ ਐਮ ਪੀ ਪੀ ਵੀ ਦੱਸੇ ਜਾਂਦੇ ਸਨ ਜਿਨਾਂ ਬਾਰੇ ਸਮਝਿਆ ਜਾਂਦਾ ਹੈ ਕਿ ਉਨਾਂ ਨੂੰ ਇਸ ਬਿੱਲ ਬਾਰੇ ਸ਼ੰਕੇ ਇਤਰਾਜ਼ ਹਨ। ਇਨਾਂ ਵਿੱਚ ਲਿਬਰਲ ਐਮ ਪੀ ਪੀ ਮਾਰੀਓ ਸਰਜੀਓ ਅਤੇ ਜੋਅ ਡਿਕਸਨ ਦੇ ਨਾਮ ਵਿਸ਼ੇਸ਼ ਕਰਕੇ ਚਰਚਾ ਵਿੱਚ ਹਨ। ਇਸੇ ਤਰਾਂ ਕੰਜ਼ਰਵੇਟਿਵ ਪਾਰਟੀ ਦੇ ਐਮ ਪੀ ਪੀ ਮੌਂਟੀ ਮੈਕਨੌਟਨ ਅਤੇ ਰਿੱਕ ਨਿਕੋਲਸ ਵੀ ਗੈਰਹਾਜ਼ਰ ਰਹੇ।
ਗੈਰਹਾਜ਼ਰ ਰਹਿਣ ਵਾਲਿਆਂ ਵਿੱਚ ਥੋੜੇ ਦਿਨ ਪਹਿਲਾਂ ਨਿਆਗਰਾ ਵੈਸਟ-ਗਲੈਨਬਰੁੱਕ ਤੋਂ ਚੁਣਿਆ 19 ਸਾਲਾ ਕੰਜ਼ਰਵੇਟਿਵ ਐਮ ਪੀ ਪੀ ਸੈਮ ਊਸਟਰਹੌਫ ਵੀ ਸੀ। ਬਿੱਲ 28 ਦਾ ਮੁੱਢ ਐਨ ਡੀ ਪੀ ਦੀ ਐਮ ਪੀ ਪੀ ਚੈਰੀ ਡਾਈਨੋਵੋ ਨੇ ਬੰਨਿਆ ਸੀ ਜਿਸਨੂੰ ਲਿਬਰਲ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈ ਕੇ ਐਕਟ ਵਜੋਂ ਪਾਰਲੀਮੈਂਟ ਵਿੱਚ ਪੇਸ਼ ਕੀਤਾ। ਸਰਕਾਰੀ ਧਿਰ ਲਿਬਰਲ, ਵਿਰੋਧੀ ਧਿਰ ਕੰਜ਼ਰਵੇਟਿਵ ਅਤੇ ਐਨ ਡੀ ਪੀ ਦੇ ਨੇਤਾਵਾਂ ਵਿੱਚੋਂ ਸਿਰਫ ਟੋਰੀ ਨੇਤਾ ਪੈਟਰਿਕ ਬਰਾਊਨ ਹੀ ਇਸ ਬਿੱਲ ਦੇ ਹੱਕ ਵਿੱਚ ਵੋਟ ਪਾਉਣ ਲਈ ਹਾਜ਼ਰ ਸਨ। ਕੈਥਲਿਨ ਵਿੱਨ ਅਤੇ ਐਂਡਰੀਆ ਹਾਵਰਥ ਜਰੂਰੀ ਰੁਝੇਵਿਆਂ ਕਾਰਨ ਸ਼ਾਮਲ ਨਹੀਂ ਹੋ ਸਕੇ। ਐਨ ਡੀ ਪੀ ਡਿਪਟੀ ਨੇਤਾ ਜਗਮੀਤ ਸਿੰਘ ਬਿੱਲ ਦੇ ਪਾਸ ਹੋਣ ਵੇਲੇ ਪਾਰਲੀਮੈਂਟ ਵਿੱਚ ਮੌਜੂਦ ਸਨ ਅਤੇ ਉਹਨਾਂ ਨੇ ਇਸਦੇ ਹੱਕ ਵਿੱਚ ਵੋਟ ਪਾਈ।
ਲਿਬਰਲ ਡਿਪਟੀ ਪ੍ਰੀਮੀਅਰ ਡੈਬ ਮੈਥੀਊਜ਼ ਵੱਲੋਂ ਟੋਰੀਆਂ ਉੱਤੇ ਦੋਸ਼ ਲਾਇਆ ਗਿਆ ਕਿ ਇਸਦੇ ਕਈ ਐਮ ਪੀ ਪੀ ਜਾਣਬੁੱਝ ਕੇ ਗੈਰਹਾਜ਼ਰ ਰਹੇ। ਦੂਜੇ ਪਾਸੇ ਟੋਰੀ ਨੇਤਾ ਪੈਟਰਿਕ ਬਰਾਊਨ ਦਾ ਦਿਨ ਵਿੱਚ ਵੱਡਾ ਹਿੱਸਾ ਆਪਣੀ ਸਥਿਤੀ ਨੂੰ ਸਪੱਸ਼ਟ ਕਰਨ ਵਿੱਚ ਲੱਗਿਆ ਕਿ ਉਹ ਤੈਅ ਦਿਲ ਤੋਂ ਬਿੱਲ ਦੇ ਸਮਰੱਥਨ ਵਿੱਚ ਖੜਾ ਰਿਹਾ ਹੈ।
ਪੈਟਰਿਕ ਬਰਾਊਨ ਨੇ ਕਿਹਾ ਕਿ ਉਸਦੀ ਪਾਰਟੀ ਦੇ ਦੋ ਤਿਹਾਈ ਮੈਂਬਰਾਂ ਨੇ ਇਸ ਬਿੱਲ ਦੇ ਹੱਕ ਵਿੱਚ ਵੋਟ ਪਾਈ ਹੈ। ਬਰਾਊਨ ਨੇ ਅੱਗੇ ਕਿਹਾ ਕਿ ਉਸਨੂੰ ਇਸ ਬਿੱਲ ਦੇ ਹੱਕ ਵਿੱਚ ਵੋਟ ਪਾਉਣ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ।
ਸਕੂਲਾਂ ਵਿੱਚ ਬਦਲਿਆ ਸਿਲੇਬਸ ਲਾਗੂ ਕਰਨ ਦੇ ਵਿਰੋਧ ਵਿੱਚ ਆਵਾਜ਼ ਚੁੱਕਣ ਵਾਲੀ ਚੀਨੀ ਭਾਈਚਾਰੇ ਦੀ ਆਗੂ ਕੁਈਨੀ ਯੂ ਨੇ ਇਸ ਬਿੱਲ ਦਾ ਵਿਰੋਧ ਕੀਤਾ ਹੈ। ਕੁਈਨੀ ਮੁਤਾਬਕ, “ਕਮਿਉਨਿਸਟ ਸਰਕਾਰਾਂ ਨੇ ਕਈ ਮੁਲਕਾਂ ਵਿੱਚ (ਉਸਦਾ ਇਸ਼ਾਰਾ ਚੀਨ ਵੱਲ ਸੀ) ਇੱਕ ਬੱਚਾ ਪੈਦਾ ਕਰਨ ਦੀ ਪਾਲਸੀ ਲਾਗੂ ਕੀਤੀ ਹੋਈ ਹੈ ਜਦੋਂ ਕਿ ਉਂਟੇਰੀਓ ਦੀ ਵਿੱਨ ਸਰਕਾਰ ਨੇ ਇੱਕ ਬੱਚੇ ਲਈ ਚਾਰ ਮਾਪਿਆਂ ਦੀ ਨੀਤੀ ਲਾਗੂ ਕਰ ਦਿੱਤੀ ਹੈ।
ਬਿੱਲ ਦਾ ਸਮਰੱਥਨ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਹੁਣ ਸਮਲਿੰਗੀ ਮਾਪਿਆਂ ਨੂੰ ਕੁਦਰਤੀ ਮਾਪਿਆਂ ਦੇ ਬਰਾਬਰ ਹੱਕ ਮਿਲ ਗਏ ਹਨ ਜਿਸ ਸਦਕਾ ਉਨਾਂ ਨਾਲ ਚਿਰਾਂ ਤੋਂ ਹੁੰਦਾ ਵਿਤਕਰਾ ਖਤਮ ਹੋ ਜਾਵੇਗਾ। ਇਸ ਬਿੱਲ ਦੇ ਤਹਿਤ ਸਮਲਿੰਗੀ ਮਾਪਿਆਂ ਨੂੰ ਹੁਣ ਬੱਚੇ ਨੂੰ ਗੋਦ ਲੈਣ ਲਈ ਅਦਾਲਤਾਂ ਦੇ ਦਰਵਾਜੇ ਨਹੀਂ ਖੜਕਾਉਣੇ ਪੈਣਗੇ।
ਐਸੋਸੀਏਸ਼ਨ ਆਫ ਰੀਫਾਰਮਡ ਪੋਲੀਟੀਕਲ ਐਕਸ਼ਨ ਦੀ ਕਨੂੰਨੀ ਸਲਾਹਕਾਰ ਜੌਹਨ ਸਕਿਨਾ ਦਾ ਆਖਣਾ ਹੈ ਕਿ ਇੱਕ ਬੱਚੇ ਦੇ ਚਾਰ ਮਾਪੇ ਹੋਣ ਦੀ ਸੂਰਤ ਵਿੱਚ ਉਹ ਬੱਚੇ ਦੀ ਪ੍ਰਵਰਿਸ਼ ਬਾਰੇ ਸਾਂਝੇ ਫੈਸਲੇ ਕਿਵੇਂ ਫੈਸਲਾ ਕਰਨਗੇ? ਨੈਸ਼ਨਲ ਪੋਸਟ ਵਿੱਚ ਛਪੇ ਸਕਿਨਾ ਦੇ ਆਰਟੀਕਲ ਮੁਤਾਬਕ ਅੱਜ ਕੱਲ ਦੇ ਸਮਾਜਿਕ ਵਿਘਟਨ ਦੇ ਜਮਾਨੇ ਵਿੱਚ ਤਾਂ ਕੁਦਰਤੀ ਮਾਪੇ ਵੀ ਬੱਚੇ ਦੀ ਬਿਹਤਰੀ ਬਾਰੇ ਫੈਸਲਾ ਕਰਨ ਵਿੱਚ ਅਸਫਲ ਹੋ ਰਹੇ ਹਨ ਅਤੇ ਅਦਾਲਤਾਂ ਦਾ ਸਹਾਰਾ ਲੈ ਰਹੇ ਹਨ ਤਾਂ ਬੱਚੇ ਦੇ ਜਨਮ ਤੋਂ ਪਹਿਲਾਂ ਕਾਗਜ਼ੀ ਇਕਰਾਰਨਾਮਾ ਕਰਨ ਵਾਲੇ ਚਾਰ ਵਿਅਕਤੀ ਬੱਚੇ ਦੇ ਮਾਪਿਆਂ ਵਾਲਾ ਰੋਲ ਕਿਵੇਂ ਅਦਾ ਕਰਨਗੇ?

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …