Breaking News
Home / ਦੁਨੀਆ / 4 ਪੰਜਾਬੀਆਂ ਸਮੇਤ 5 ਭਾਰਤੀ ਲੜਕਿਆਂ ਦੀ ਸ਼ਾਰਜਾਹ ਵਿਚ ਫਾਂਸੀ ਦੀ ਸਜ਼ਾ ਮੁਆਫ਼

4 ਪੰਜਾਬੀਆਂ ਸਮੇਤ 5 ਭਾਰਤੀ ਲੜਕਿਆਂ ਦੀ ਸ਼ਾਰਜਾਹ ਵਿਚ ਫਾਂਸੀ ਦੀ ਸਜ਼ਾ ਮੁਆਫ਼

ਪਟਿਆਲਾ/ਬਿਊਰੋ ਨਿਊਜ਼ : ਸੰਯੁਕਤ ਅਰਬ ਅਮੀਰਾਤ (ਯੂ. ਏ.ਈ.) ਦੇ ਸ਼ਾਰਜਾਹ ਸ਼ਹਿਰ ਵਿਚ 4 ਪੰਜਾਬੀਆਂ ਸਮੇਤ 5 ਭਾਰਤੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਹੋ ਗਈ ਹੈ। ਲੰਘੇ ਦਿਨੀਂ ਸ਼ਾਰਜਾਹ ਅਦਾਲਤ ਵੱਲੋਂ ਮੁਆਫੀਨਾਮਾ ਮਨਜ਼ੂਰ ਕਰਨ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ। ਫਾਂਸੀ ਤੋਂ ਬਚਾਏ ਜਾਣ ਦਾ ਮੁਆਫੀਨਾਮਾ ਸ਼ਾਰਜਾਹ ਅਦਾਲਤ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਪਿਛਲੇ ਮਹੀਨੇ ਦਾਖਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਇਨ੍ਹਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਸਾਰੇ 6 ਸਾਲ ਤੋਂ ਜੇਲ੍ਹ ਵਿਚ ਹੀ ਹਨ। ਓਬਰਾਏ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਦੀ ਰਿਹਾਈ ਜਲਦ ਹੀ ਹੋ ਜਾਵੇਗੀ।
ਦੁਬਈ ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਇਕ ਵੀਡੀਓ ਮੈਸੇਜ ਵਿਚ ਦੱਸਿਆ ਕਿ ਸ਼ਾਰਜਾਹ ਵਿਚ ਸ਼ਰਾਬ ਦੇ ਨਾਜਾਇਜ਼ ਧੰਦੇ ਵਿਚ ਸ਼ਾਮਲ ਲੋਕਾਂ ਦੇ ਆਪਸੀ ਝਗੜੇ ਵਿਚ 4 ਨਵੰਬਰ 2011 ਨੂੰ ਉੱਤਰ ਪ੍ਰਦੇਸ਼ (ਆਜ਼ਮਗੜ੍ਹ ਜ਼ਿਲ੍ਹੇ ਦੇ ਸ਼ੇਖੂਪੁਰਾ ਪਿੰਡ) ਦੇ ਵਰਿੰਦਰ ਚੌਹਾਨ ਦਾ ਕਤਲ ਹੋ ਗਿਆ ਸੀ। ਇਸ ਵਿਚ ਬਿਹਾਰ ਦੇ ਛਪਰਾ ਜ਼ਿਲ੍ਹੇ ਦੇ ਧਰਮਿੰਦਰ, ਅੰਮ੍ਰਿਤਸਰ ਦੇ ਅਜਨਾਲਾ ਦੇ ਰਵਿੰਦਰ ਸਿੰਘ, ਨਵਾਂਸ਼ਹਿਰ ਦੇ ਜੀਂਸਰਾ ਪਿੰਡ ਦੇ ਗੁਰਲਾਲ, ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਲਪੁਰ ਪਿੰਡ ਦੇ ਦਲਵਿੰਦਰ ਸਿੰਘ ਅਤੇ ਪਟਿਆਲਾ ਦੇ ਜੱਸੋਮਾਜਰਾ ਪਿੰਡ ਦੇ ਸੁੱਚਾ ਸਿੰਘ ਨੂੰ ਸ਼ਾਰਜਾਹ ਦੀ ਅਦਾਲਤ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਡਾ. ਓਬਰਾਏ ਨੇ ਦੱਸਿਆ ਕਿ ਮੁਲਜ਼ਮਾਂ ਦੇ ਮਾਪਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਉਨ੍ਹਾਂ ਯੂ.ਪੀ. ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਸ਼ੇਖੂਪੁਰਾ ਪਿੰਡ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ।
ਬਲੱਡ ਮਨੀ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਵਰਿੰਦਰ ਚੌਹਾਨ ਦੇ ਪਰਿਵਾਰ ਵਾਲਿਆਂ ਨੇ ਮੁਲਜ਼ਮਾਂ ਨੂੰ ਮੁਆਫ ਕਰਨ ਲਈ ਮੁਆਫੀ-ਪੱਤਰ ਅਦਾਲਤ ਵਿਚ ਤਸਦੀਕ ਕਰਵਾ ਕੇ ਡਾ.ਓਬਰਾਏ ਨੂੰ ਸੌਂਪ ਦਿੱਤਾ। ਇਹ ਸਮਝੌਤਾ ਪਿਛਲੇ ਮਹੀਨੇ ਹੋ ਗਿਆ ਸੀ। ਇਸ ਦੇ ਲਈ ਡਾ. ਓਬਰਾਏ ਖ਼ੁਦ ਉੱਤਰ ਪ੍ਰਦੇਸ਼ ਗਏ ਅਤੇ ਵਰਿੰਦਰ ਦੇ ਪਰਿਵਾਰ ਨੂੰ 20 ਲੱਖ ਰੁਪਏ ਬਲੱਡ ਮਨੀ ਦਾ ਪੈਸਾ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਮੁਆਫੀ ਦਾ ਪੱਤਰ ਡਾ. ਓਬਰਾਏ ਨੂੰ ਸੌਂਪ ਦਿੱਤਾ ਸੀ, ਜਿਨ੍ਹਾਂ ਇਹ ਪੱਤਰ ਸ਼ਾਰਜਾਹ ਅਦਾਲਤ ਸਾਹਮਣੇ ਲੰਘੇ ਮਹੀਨੇ ਪੇਸ਼ ਕੀਤਾ ਸੀ। ਅਦਾਲਤ ਨੇ ਦਸਤਾਵੇਜ਼ਾਂ ਨੂੰ ਮਨਜ਼ੂਰੀ ਦਿੱਤੀ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …