ਹੰਟਰ ਨੂੰ ਦੋ ਦਿਨ ਬਾਅਦ ਮਿਲਣ ਵਾਲੀ ਸੀ ਸਜ਼ਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੇ ਪੁੱਤਰ ਹੰਟਰ ਬਾਈਡਨ ਨੂੰ ਮਾਫੀ ਦੇ ਦਿੱਤੀ ਹੈ। ਅਮਰੀਕਾ ਦੇ ਮੀਡੀਆ ਮੁਤਾਬਕ ਹੰਟਰ ਗੈਰਕਾਨੂੰਨੀ ਤਰੀਕੇ ਨਾਲ ਬੰਦੂਕ ਰੱਖਣ ਅਤੇ ਟੈਕਸ ਚੋਰੀ ਦੇ ਮਾਮਲੇ ਵਿਚ ਸਜ਼ਾ ਦਾ ਸਾਹਮਣਾ ਕਰ ਰਹੇ ਸਨ। ਇਸਦੇ ਚੱਲਦਿਆਂ ਜੋਅ ਬਾਈਡਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਾਨੂੰਨ ਵਿਵਸਥਾ ’ਤੇ ਪੂਰਾ ਯਕੀਨ ਹੈ, ਪਰ ਰਾਜਨੀਤੀ ਨੇ ਇਸ ਨੂੰ ਗੰਦਾ ਕਰ ਦਿੱਤਾ ਹੈ। ਇਹ ਨਿਆਂ ਵਿਵਸਥਾ ਦੀ ਨਾਕਾਮੀ ਹੈ। ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਹੰਟਰ ਦੇ ਮਾਮਲੇ ਨੂੰ ਦੇਖਣ ਵਾਲਾ ਕੋਈ ਵੀ ਸਮਝਦਾਰ ਵਿਅਕਤੀ ਇਹ ਜਾਣਦਾ ਹੋਵੇਗਾ ਕਿ ਉਸ ਨੂੰ ਸਿਰਫ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਮੇਰਾ ਬੇਟਾ ਹੈ। ਬਾਈਡਨ ਨੇ ਕਿਹਾ ਕਿ ਹੰਟਰ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਵਿਚ ਕੁਝ ਵਿਅਕਤੀਆਂ ਨੇ ਮੈਨੂੰ ਵੀ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਅਜੇ ਵੀ ਨਹੀਂ ਰੁਕ ਰਿਹਾ, ਇਸ ਲਈ ਹੀ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨੀ ਪਈ ਹੈ। ਬਾਈਡਨ ਨੇ ਕਿਹਾ ਕਿ ਅਮਰੀਕੀ ਲੋਕ ਸਮਝਣਗੇ ਕਿ ਇਕ ਪਿਤਾ ਅਤੇ ਰਾਸ਼ਟਰਪਤੀ ਨੇ ਇਹ ਫੈਸਲਾ ਕਿਉਂ ਲਿਆ ਹੈ। ਜ਼ਿਕਰਯੋਗ ਹੈ ਕਿ ਹੰਟਰ ਨੂੰ ਡੇਲਾਵੇਅਰ ਅਦਾਲਤ ਵਿਚ 4 ਦਸੰਬਰ ਨੂੰ ਸਜ਼ਾ ਸੁਣਾਈ ਜਾਣੀ ਸੀ।