ਅੰਮ੍ਰਿਤਸਰ/ਬਿਊਰੋ ਨਿਊਜ਼
ਹੈਰੋਇਨ ਸਮੇਤ 2006 ਵਿਚ ਫੜੀ ਗਈ ਪਾਕਿਸਤਾਨੀ ਮਹਿਲਾ ਨਸਰੀਨ ਅਖਤਰ (64) ਨੂੰ ਮੰਗਲਵਾਰ ਵਾਲੇ ਦਿਨ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ਅਤੇ ਦੁਪਹਿਰ ਨੂੰ ਅਟਾਰੀ ਬਾਰਡਰ ਦੇ ਰਸਤੇ ਉਸ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ। ਨਸਰੀਨ ਨੂੰ ਅਦਾਲਤ ਨੇ ਹੈਰੋਇਨ ਤਸਕਰੀ ਦੇ ਦੋਸ਼ ਵਿਚ 10 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਸੀ। ਨਾਲ ਹੀ ਚਾਰ ਲੱਖ ਰੁਪਏ ਜੁਰਮਾਨਾ ਵੀ ਕੀਤਾ ਸੀ। ਨਸਰੀਨ ਨੇ ਸਜ਼ਾ ਤਾਂ ਕੱਟ ਲਈ ਸੀ, ਪਰ ਜੁਰਮਾਨਾ ਅਦਾ ਨਾ ਕਰ ਸਕਣ ਕਰਕੇ ਹੁਣ ਤੱਕ ਜੇਲ੍ਹ ਵਿਚ ਬੰਦ ਸੀ। ਇਸ ਬਾਰੇ ਵਿਚ ਅੰਮ੍ਰਿਤਸਰ ਦੀ ਵਕੀਲ ਨਵਜੋਤ ਕੌਰ ਚੱਬਾ ਨੇ ਪਾਕਿਸਤਾਨ ਅੰਬੈਸੀ ਨੂੰ ਪੱਤਰ ਭੇਜਿਆ ਸੀ। ਜਿਸ ‘ਤੇ ਕਾਰਵਾਈ ਕਰਦੇ ਹੋਏ ਪਾਕਿ ਅੰਬੈਸੀ ਨੇ ਜੁਰਮਾਨੇ ਦੇ ਬਣਦੇ ਤਿੰਨ ਲੱਖ ਰੁਪਏ ਅਦਾ ਕਰ ਦਿੱਤੇ। ਜੁਰਮਾਨਾ ਇਸ ਲਈ ਘੱਟ ਹੋ ਗਿਆ ਸੀ, ਕਿਉਂਕਿ ਮਹਿਲਾ ਨੇ ਬਣਦੀ ਸਜ਼ਾ ਤੋਂ ਜ਼ਿਆਦਾ ਸਮਾਂ ਜੇਲ੍ਹ ਵਿਚ ਬਿਤਾਇਆ ਸੀ।
ਨਸਰੀਨ ਨਾਲ ਫੜੀ ਗਈ ਫਾਤਿਮਾ ਅਤੇ ਮੁਮਤਾਜ ਦਾ ਜੁਰਮਾਨਾ ਗੱਗੂ ਨੇ ਭਰਿਆ ਸੀ, ਅਪ੍ਰੈਲ 2017 ਵਿਚ ਹੋਈਆਂ ਸਨ ਰਿਹਾਅ
ਜਾਣਕਾਰੀ ਮੁਤਾਬਕ 2006 ਵਿਚ ਸਮਝੌਤਾ ਐਕਸਪ੍ਰੈਸ ਵਿਚ ਤਿੰਨ ਮਹਿਲਾਵਾਂ ਫਾਤਿਮਾ, ਮੁਮਤਾਜ ਅਤੇ ਨਸਰੀਨ ਪਾਕਿਸਤਾਨ ਤੋਂ ਭਾਰਤ ਆਈਆਂ ਸਨ। ਜਦੋਂ ਅਟਾਰੀ ਰੇਲਵੇ ਸਟੇਸ਼ਨ ‘ਤੇ ਚੈਕਿੰਗ ਹੋਈ ਤਾਂ ਇਨ੍ਹਾਂ ਤਿੰਨਾਂ ਕੋਲੋਂ ਹੈਰੋਇਨ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਗਈ ਸੀ। ਇਸ ਤੋਂ ਬਾਅਦ ਤਿੰਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਅਦਾਲਤ ਨੇ 10-10 ਸਾਲ ਦੀ ਸਜ਼ਾ ਸੁਣਾ ਕੇ ਜੇਲ੍ਹ ਭੇਜ ਦਿੱਤਾ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਨ੍ਹਾਂ ਤਿੰਨਾਂ ਨੇ ਯੂਪੀ ਵਿਚ ਰਹਿੰਦੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਜਾਣਾ ਸੀ। ਗ੍ਰਿਫਤਾਰੀ ਦੇ ਸਮੇਂ ਫਾਤਿਮਾ ਗਰਭਵਤੀ ਸੀ ਅਤੇ ਉਸ ਨੇ ਜੇਲ੍ਹ ਵਿਚ ਹੀ ਇਕ ਲੜਕੀ ਹਿਨਾ ਨੂੰ ਜਨਮ ਦਿੱਤਾ ਸੀ। ਫਾਤਿਮਾ ਅਤੇ ਮੁਮਤਾਜ ਦੀ ਸਜ਼ਾ ਵੀ 2016 ਵਿਚ ਖਤਮ ਹੋ ਗਈ ਸੀ। ਪਰ ਜੁਰਮਾਨਾ ਅਦਾ ਨਾ ਕਰਨ ਕਰਕੇ ਇਹ ਵੀ ਰਿਹਾਅ ਨਹੀਂ ਹੋ ਸਕੀਆਂ ਸਨ। ਇਸ ਗੱਲ ਦਾ ਪਤਾ ਚੱਲਣ ‘ਤੇ ਬਟਾਲਾ ਦੇ ਇਕ ਸਮਾਜ ਸੇਵਕ ਨਵਜੋਤ ਸਿੰਘ ਗੱਗੂ ਨੇ ਜੁਰਮਾਨੇ ਦੀ ਰਕਮ ਦਿੱਤੀ ਅਤੇ ਸਰਕਾਰ ਨੇ ਖਜ਼ਾਨੇ ਵਿਚ ਜਮ੍ਹਾਂ ਕਰਵਾਏ ਸਨ। ਜਿਸ ਤੋਂ ਬਾਅਦ 6 ਅਪ੍ਰੈਲ 2017 ਨੂੰ ਇਨ੍ਹਾਂ ਦੋਵੇਂ ਮਹਿਲਾਵਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੁਣ ਨਸਰੀਨ ਜੇਲ੍ਹ ਵਿਚ ਰਹਿ ਰਹੀ ਸੀ।
ਬਿਨਾ ਪਾਸਪੋਰਟ ਫੜਿਆ ਆਫਤਾਬ ਵੀ ਸਜ਼ਾ ਪੂਰੀ ਹੋਣ ‘ਤੇ ਰਿਹਾਅ
ਇਸ ਤੋਂ ਇਲਾਵਾ ਇਕ ਹੋਰ ਆਫਤਾਬ ਨੂੰ ਵੀ ਰਿਹਾਅ ਕੀਤਾ ਗਿਆ ਹੈ।
ਉਸ ਨੂੰ 2016 ਵਿਚ ਬਿਨਾ ਪਾਸਪੋਰਟ ਦੇ ਗ੍ਰਿਫਤਾਰ ਕੀਤਾ ਗਿਆ ਸੀ।
ਇਸਦੀ ਵੀ ਸਜ਼ਾ ਖਤਮ ਹੋ ਚੁੱਕੀ ਸੀ। ਜਿਸ ਕਾਰਨ ਉਸ ਨੂੰ ਵੀ ਮੰਗਲਵਾਰ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਉਥੇ ਜੇਲ੍ਹ ਸੁਪਰਡੈਂਟ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਨਸਰੀਨ ਜੇਲ੍ਹ ਦੇ ਅੰਦਰ ਕੰਮ ਵੀ ਕਰਦੀ ਰਹੀ ਹੈ।
ਉਸਦੇ ਕਰੀਬ 55 ਹਜ਼ਾਰ 500 ਰੁਪਏ ਮਿਹਨਤਾਨਾ ਬਣਿਆ ਸੀ। ਉਹ ਮਿਹਨਤਾਨਾ ਵੀ ਉਸ ਨੂੰ ਨਾਲ ਹੀ ਦੇ ਦਿੱਤਾ ਗਿਆ। ਇਸ ਤੋਂ ਇਲਾਵਾ ਜੇਲ੍ਹ ਦੇ ਅੰਦਰ ਰਹਿੰਦੇ ਹੋਏ ਕਦੀ ਵੀ ਉਸਦੀ ਸ਼ਿਕਾਇਤ ਨਹੀਂ ਆਈ ਸੀ।
Home / ਦੁਨੀਆ / ਵਤਨ ਵਾਪਸੀ : 2006 ਵਿਚ ਹੈਰੋਇਨ ਦੇ ਕੇਸ ਵਿਚ ਨਸਰੀਨ ਨੂੰ 10 ਸਾਲ 6 ਮਹੀਨੇ ਦੀ ਹੋਈ ਸੀ ਕੈਦ, ਸਜ਼ਾ ਭੁਗਤ ਲਈ ਪਰ ਜੁਰਮਾਨਾ ਨਾ ਭਰਨ ਕਰਕੇ ਅੰਮ੍ਰਿਤਸਰ ਜੇਲ੍ਹ ਵਿਚ ਸੀ ਬੰਦ
Check Also
ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ …