Breaking News
Home / ਦੁਨੀਆ / ਹੋਮਲੈਂਡ ਸਕਿਉਰਿਟੀ ਵਿਭਾਗ ਦੇ ਸਾਰੇ 6000 ਏਜੰਟਾਂ ਨੂੰ ਗੈਰ ਕਾਨੂੰਨੀ ਪਰਵਾਸੀਆਂ ਨੂੰ ਲੱਭਣ ਦੇ ਕੰਮ ‘ਤੇ ਲਾਇਆ

ਹੋਮਲੈਂਡ ਸਕਿਉਰਿਟੀ ਵਿਭਾਗ ਦੇ ਸਾਰੇ 6000 ਏਜੰਟਾਂ ਨੂੰ ਗੈਰ ਕਾਨੂੰਨੀ ਪਰਵਾਸੀਆਂ ਨੂੰ ਲੱਭਣ ਦੇ ਕੰਮ ‘ਤੇ ਲਾਇਆ

ਟਰੰਪ ਦਾ ਦੇਸ਼ ਨਿਕਾਲਾ ਮਿਸ਼ਨ ਫੜੇਗਾ ਜ਼ੋਰ
ਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਵਿਭਾਗ (ਡੀਐਚਐਸ) ਨੇ ਆਪਣੀ ਸਮੁੱਚੀ ਜਾਂਚ ਡਵੀਜ਼ਨ ਜੋ 6000 ਏਜੰਟਾਂ ‘ਤੇ ਅਧਾਰਤ ਹੈ, ਨੂੰ ਆਦੇਸ਼ ਦਿੱਤਾ ਹੈ ਕਿ ਉਹ ਆਪਣਾ ਧਿਆਨ ਡਰੱਗ ਡੀਲਰਾਂ, ਦਹਿਸ਼ਤੀਆਂ ਤੇ ਮਨੁੱਖੀ ਤਸਕਰੀ ਵੱਲੋਂ ਹਟਾ ਕੇ ਟਰੰਪ ਪ੍ਰਸ਼ਾਸਨ ਦੇ ਉਸ ਮਿਸ਼ਨ ਵੱਲ ਦੇਵੇ ਜਿਸ ਤਹਿਤ ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੇ ਮੂਲ ਦੇਸ਼ਾਂ ਵਿਚ ਵਾਪਿਸ ਭੇਜਿਆ ਜਾ ਰਿਹਾ ਹੈ। ਡੀਐਚਐਸ ਦੀ ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨ ਏਜੰਸੀ (ਐਚਐਸਆਈ) ਦੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਹਾਲ ਹੀ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਕੀਤੇ ਕਾਰਜਕਾਰੀ ਆਦੇਸ਼ ਅਨੁਸਾਰ ਕੰਮ ਕਰ ਰਹੇ ਹਨ ਜਿਸ ਤਹਿਤ ਸੰਘੀ ਲਾਅ ਇਨਫੋਰਸਮੈਂਟ ਸਾਧਨਾਂ ਦੀ ਵਰਤੋਂ ਗੈਰ ਕਾਨੂੰਨੀ ਪਰਵਾਸੀਆਂ ਵਿਰੁੱਧ ਕਰਨ ਲਈ ਕਿਹਾ ਗਿਆ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਗੈਰ ਕਾਨੂੰਨੀ ਪਰਵਾਸੀਆਂ ਦੀ ਫੜੋਫੜੀ ਤੇ ਉਨ੍ਹਾਂ ਦੇ ਦੇਸ਼ ਨਿਕਾਲੇ ਦੇ ਕੰਮ ਵਿਚ ਤੇਜ਼ੀ ਆਵੇਗੀ।
ਇਨ੍ਹਾਂ ਅਧਿਕਾਰੀਆਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਟਰੰਪ ਪ੍ਰਸ਼ਾਸਨ ਦੇ ਇਸ ਤਾਜ਼ਾ ਆਦੇਸ਼ ਕਾਰਨ ਮੈਕਸੀਕਨ ਡਰੱਗ ਗਿਰੋਹ ਜੋ ਸਰਹੱਦ ਪਾਰੋਂ ਖਤਰਨਾਕ ਨਸ਼ਾ ਫੈਂਟਾਨਾਇਲ ਦੀ ਤਸਕਰੀ ਕਰਦੇ ਹਨ, ਸਮੇਤ ਅਮਰੀਕੀਆਂ ਨੂੰ ਦਰਪੇਸ਼ ਹੋਰ ਖਤਰਨਾਕ ਕੌਮਾਂਤਰੀ ਖਤਰਿਆਂ ਨਾਲ ਜੁੜੇ ਕਈ ਅਹਿਮ ਮਾਮਲਿਆਂ ਦੀ ਜਾਂਚ ਪ੍ਰਭਾਵਤ ਹੋਵੇਗੀ। ਐਚਐਸਆਈ ਦੇ ਇਕ ਸਾਬਕਾ ਸੁਪਰਵਾਈਜਰ ਏਜੰਟ ਕ੍ਰਿਸ ਕੈਪਨੇਲੀ ਨੇ ਕਿਹਾ ਹੈ ਕਿ ਮੇਰੇ ਸਾਥੀਆਂ ਨੂੰ ਪਹਿਲਾਂ ਹੀ ਡਰ ਸਤਾ ਰਿਹਾ ਸੀ ਕਿ ਜੇਕਰ ਟਰੰਪ ਚੋਣ ਜਿੱਤ ਗਏ ਤਾਂ ਪ੍ਰਵਾਸ ਸਬੰਧੀ ਸਖਤੀ ਹੋਵੇਗੀ। ਇਹ ਇਕ ਤਰ੍ਹਾਂ ਸਮੁੱਚੀ ਵਿਵਸਥਾ ਨੂੰ ਪੱਟੜੀ ਤੋਂ ਲਾਹ ਦੇਣ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਕੁਝ ਦੋਸਤ ਡੀਐਚਐਸ ਤੋਂ ਬਾਹਰ ਹੋਰ ਲਾਅ ਇਨਫੋਰਸਮੈਂਟ ਏਜੰਸੀਆਂ ਵਿਚ ਨੌਕਰੀਆਂ ਲੱਭ ਰਹੇ ਹਨ ਜਿਥੇ ਉਨ੍ਹਾਂ ਨੂੰ ਪਰਵਾਸੀਆਂ ਮਗਰ ਭੱਜਣਾ ਨਾ ਪਵੇ। ਇਨ੍ਹਾਂ ਦੋਸਤਾਂ ਦਾ ਕਹਿਣਾ ਹੈ ਕਿ ਜੋ ਕੰਮ ਕਰਨ ਲਈ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਇਹ ਉਹ ਨਹੀਂ ਹੈ ਜਿਸ ਲਈ ਉਨ੍ਹਾਂ ਦੀ ਨਿਯੁਕਤੀ ਹੋਈ ਸੀ। ਇਹ ਸਾਡੇ ਹੁਨਰ ਤੇ ਤਜ਼ਰਬੇ ਦੀ ਯੋਗ ਵਰਤੋਂ ਨਹੀਂ ਹੈ।
ਇਸ ਸਬੰਧੀ ਡੀਐਚਐਸ ਦੀ ਜਨਤਿਕ ਮਾਮਲਿਆਂ ਬਾਰੇ ਸਹਾਇਕ ਸਕੱਤਰ ਟਰੀਸੀਆ ਮੈਕਲੌਘਲਿਨ ਨੇ ਕਿਹਾ ਹੈ ਕਿ ਇਸ ਸਮੇ ਐਚਐਸਆਈ ਸਮੇਤ ਡੀਐਚਐਸ ਦੇ ਸਾਰੇ ਏਜੰਟ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਉਨ੍ਹਾਂ ਨੂੰ ਵਾਪਿਸ ਭੇਜਣ ਦੇ ਕੰਮ ਵਿਚ ਲੱਗੇ ਹੋਏ ਹਨ ਤਾਂ ਜੋ ਅਮਰੀਕਾ ਦੀ ਸੁਰੱਖਿਆ ਦੇ ਮੁੱਢਲੇ ਮਿਸ਼ਨ ਦੀ ਪੂਰਤੀ ਕੀਤੀ ਜਾ ਸਕੇ।

Check Also

ਗੁਜਰਾਤ ਦੇ ਕਸ਼ਿਅਪ ਪਟੇਲ ਅਮਰੀਕੀ ਏਜੰਸੀ ਐਫ.ਬੀ.ਆਈ. ਦੇ ਡਾਇਰੈਕਟਰ ਬਣੇ

ਅਮਰੀਕੀ ਸੀਨੇਟ ਨੇ ਕਾਸ਼ ਪਟੇਲ ਦੀ ਨਿਯੁਕਤੀ ਨੂੰ ਦਿੱਤੀ ਮਨਜੂਰੀ ਵਾਸ਼ਿੰਗਟਨ/ਬਿਊਰੋ ਨਿਊਜ਼ ਭਾਰਤੀ ਮੂਲ ਦੇ …