ਪਹਿਲਾਂ ਇਜ਼ਰਾਈਲ ਨੇ ਈਰਾਨ ਦੇ ਮਿਲਟਰੀ ਟਿਕਾਣਿਆਂ ਨੂੰ ਬਣਾਇਆ ਸੀ ਨਿਸ਼ਾਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਈਰਾਨ ਨੇ ਇਜ਼ਰਾਈਲ ’ਤੇ ਜਵਾਬੀ ਹਮਲੇ ’ਚ 100 ਤੋਂ ਜ਼ਿਆਦਾ ਡਰੋਨ ਦਾਗੇ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਇਜ਼ਰਾਈਲ ਨੇ ਈਰਾਨ ’ਤੇ 200 ਫਾਈਟਰ ਜੈਟ ਨਾਲ ਹਮਲਾ ਕੀਤਾ ਸੀ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਜ਼ਰਾਈਲੀ ਫੌਜ ਨੇ ਤਹਿਰਾਨ ਦੇ ਨੇੜੇ-ਤੇੜੇ 6 ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ 6 ਫੌਜੀ ਟਿਕਾਣਿਆਂ ਵਿਚੋਂ 4 ਥਾਵਾਂ ’ਤੇ ਪ੍ਰਮਾਣੂ ਟਿਕਾਣੇ ਵੀ ਮੌਜੂਦ ਹਨ। ਈਰਾਨ ਦੇ ਸਰਕਾਰੀ ਮੀਡੀਆ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲੀ ਹਮਲੇ ਵਿਚ ਇਸਲਾਮਿਕ ਰੈਵੋਲੂਸ਼ਰੀ ਗਾਰਡ ਕਾਰਪਸ ਦੇ ਕਮਾਂਡਰ ਹੁਸੈਨ ਸਲਾਮੀ ਦੀ ਮੌਤ ਹੋ ਗਈ ਹੈ। ਉਧਰ ਦੂਜੇ ਪਾਸੇ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਹਮਲੇ ਵਿਚ ਈਰਾਨ ਦੇ ਆਰਮੀ ਚੀਫ, ਫੌਜ ਦੇ ਵੱਡੇ ਅਧਿਕਾਰੀ ਅਤੇ ਕੁਝ ਸੀਨੀਅਰ ਪ੍ਰਮਾਣੂ ਵਿਗਿਆਨਕ ਵੀ ਮਾਰੇ ਗਏ ਹਨ। ਇਸਦੇ ਚੱਲਦਿਆਂ ਇਜ਼ਰਾਈਲ ਸਥਿਤ ਭਾਰਤੀ ਸਫਾਰਤਖਾਨੇ ਨੇ ਇਜ਼ਰਾਈਲ ਵਿਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਚੌਕਸੀ ਵਰਤਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।