Breaking News
Home / ਕੈਨੇਡਾ / ਅਮਰੀਕਾ ਰਹਿੰਦੇ ਡਾ. ਗੁਰਬਖ਼ਸ਼ ਭੰਡਾਲ ਨਾਲ ਨਵੇਂ ਸਾਲ ਵਿੱਚ ਬਰੈਂਪਟਨ ‘ਚ ਹੋਈ ‘ਮਿੱਤਰ-ਮਿਲਣੀ’

ਅਮਰੀਕਾ ਰਹਿੰਦੇ ਡਾ. ਗੁਰਬਖ਼ਸ਼ ਭੰਡਾਲ ਨਾਲ ਨਵੇਂ ਸਾਲ ਵਿੱਚ ਬਰੈਂਪਟਨ ‘ਚ ਹੋਈ ‘ਮਿੱਤਰ-ਮਿਲਣੀ’

ਨਵ-ਪ੍ਰਕਾਸ਼ਿਤ ਪੁਸਤਕ ‘ਕੱਚੇ-ਪੱਕੇ ਰਾਹ’ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਵਿਤਾਵਾਂ ਵੀ ਸੁਣਾਈਆਂ ਤੇ ਸੁਣੀਆਂ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਕਮੇਟੀ ਹਰ ਮਹੀਨੇ ਕਰਵਾਏ ਜਾਂਦੇ ਆਪਣੇ ਪਿਛਲੇ ਸਮਾਗਮ ਦੀ ਪੜਚੋਲ ਕਰਦੀ ਹੈ ਅਤੇ ਉਸ ਵਿੱਚ ਰਹਿ ਗਈਆਂ ਕਮੀਆਂ-ਪੇਸ਼ੀਆਂ ਨੂੰ ਅਗਲੇ ਸਮਾਗਮ ਦੌਰਾਨ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਦੇ ਨਾਲ ਹੀ ਉਸ ਦੇ ਵੱਲੋਂ ਅਗਲੇ ਮਹੀਨੇ ਕੀਤੇ ਜਾਣ ਵਾਲੇ ਸਮਾਗ਼ਮ ਦਾ ਏਜੰਡਾ ਵੀ ਤੈਅ ਕੀਤਾ ਜਾਂਦਾ ਹੈ। ‘ਸ਼ੇਰਗਿੱਲ ਲਾਅ ਫ਼ਰਮ’ ਦੇ ਮੀਟਿੰਗ-ਰੂਮ ਵਿਚ ਅਜਿਹੀ ਹੀ ਲੰਘੇ ਸ਼ਨੀਵਾਰ 6 ਜਨਵਰੀ ਨੂੰ ਹੋਈ ਮੀਟਿੰਗ ਦੌਰਾਨ ਅਮਰੀਕਾ ਦੀ ਕਲੀਵਲੈਂਡ ਯੂਨੀਵਰਸਿਟੀ ਵਿੱਚ ਇਸ ਸਮੇਂ ਭੌਤਿਕ ਵਿਗਿਆਨ ਪੜ੍ਹਾ ਰਹੇ ਡਾ. ਗੁਰਬਖ਼ਸ਼ ਭੰਡਾਲ ਹੁਰਾਂ ਨਾਲ ਸ਼ਾਨਦਾਰ ‘ਮਿੱਤਰ-ਮਿਲਣੀ’ ਦਾ ਸਬੱਬ ਬਣ ਗਿਆ।
ਯੂਨੀਵਰਸਿਟੀ ਵਿੱਚ ਇਨ੍ਹੀਂ ਦਿਨੀਂ ਸਰਦੀਆਂ ਦੀਆਂ ਚੱਲ ਰਹੀਆਂ ਛੁੱਟੀਆਂ ਦੌਰਾਨ ਬਰੈਂਪਟਨ ਆਉਣ ਬਾਰੇ ਜਾਣਕਾਰੀ ਡਾ. ਭੰਡਾਲ ਵੱਲੋਂ ਸਭਾ ਦੇ ਇੱਕ ਮੈਂਬਰ ਨਾਲ ਕੇਵਲ ਇੱਕ ਦਿਨ ਪਹਿਲਾਂ ਹੀ ਸਾਂਝੀ ਕੀਤੀ ਗਈ ਅਤੇ ਇਸ ਤਰ੍ਹਾਂ ਨਵੇਂ ਸਾਲ ਵਿੱਚ ਉਨ੍ਹਾਂ ਨਾਲ ਮਿਲਣ ਦਾ ਇਹ ਸੰਖੇਪ ਪ੍ਰੋਗਰਾਮ ਬੜੀ ਕਾਹਲੀ ਵਿੱਚ ਬਣਿਆ ਅਤੇ ਇਸ ਦੇ ਲਈ ਹੋਰ ਸਾਥੀਆਂ ਨੂੰ ਸੂਚਿਤ ਵੀ ਨਾ ਕੀਤਾ ਜਾ ਸਕਿਆ। ਡਾ. ਭੰਡਾਲ ਆਪਣੇ ਨਾਲ ਆਪਣੀ ਨਵ-ਪ੍ਰਕਾਸ਼ਿਤ ਪੁਸਤਕ ‘ਕੱਚੇ-ਪੱਕੇ ਰਾਹ’ ਦੀਆਂ ਚਾਰ ਕਾਪੀਆਂ ਲਿਆਏ ਸਨ ਅਤੇ ਉਨ੍ਹਾਂ ਇਹ ਇੱਥੇ ਹਾਜ਼ਰ ਮੈਂਬਰਾਂ ਨੂੰ ਭੇਂਟ ਕੀਤੀਆਂ।
ਪੁਸਤਕ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਚਾਰ ਭਾਗਾਂ ਵਿਚ ਵੰਡੀ ਹੋਈ ਇਸ ਪੁਸਤਕ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਦੇ ਟੁੱਟੇ ਸੁਪਨਿਆਂ ਅਤੇ ਉਨ੍ਹਾਂ ਦੇ ਮੁੜ ਜੁੜਨ ਦੀ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਚੰਗੇ ਨੰਬਰਾਂ ਵਿਚ ਮੈਟ੍ਰਿਕ ਕਰਨ ਤੋਂ ਬਾਅਦ ਜਦੋਂ ਉਹ ‘ਪ੍ਰੈੱਪ ਨਾਨ-ਮੈਡੀਕਲ’ (ਗਿਆਰ੍ਹਵੀਂ ਜਮਾਤ) ਵਿਚੋਂ ਫੇਲ੍ਹ ਹੋ ਗਏ ਅਤੇ ਇਸ ਦੀ ਖ਼ਬਰ ਉਨ੍ਹਾਂ ਦੇ ਇੱਕ ਦੋਸਤ ਜੋ ਆਪ ਪਾਸ ਹੋ ਗਿਆ ਸੀ, ਵੱਲੋਂ ਜੂਨ ਮਹੀਨੇ ਖੇਤਾਂ ਵਿਚ ਆਪਣੇ ਬਾਪ ਦੇ ਨਾਲ ਰੂੜੀ ਢੋਂਦਿਆਂ ਨੂੰ ਮਿਲੀ। ਇਹ ਸੁਣ ਕੇ ਉਨ੍ਹਾਂ ਦੇ ਬਾਪ ਦੀਆਂ ਅੱਖਾਂ ਵਿੱਚ ਆਏ ਹੰਝੂਆਂ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ। ਕਾਲਜ ਦੀ ਪੜ੍ਹਾਈ ਦਾ ਉਨ੍ਹਾਂ ਦਾ ਸੁਪਨਾ ਬੁਰੀ ਤਰ੍ਹਾਂ ਟੁੱਟ ਗਿਆ ਪਰ ਨਾਲ ਹੀ ਬਾਪ ਵੱਲੋਂ ਮਿਲੀ ‘ਹੱਲਾਸ਼ੇਰੀ’, ‘ਤੂੰ ਕਿਹੜਾ ਬੁੱਢਾ ਹੋ ਗਿਐਂ, ਅਗਲੇ ਸਾਲ ਪਾਸ ਹੋ ਜਾਈਂ’ ਨੇ ਉਸ ਨੂੰ ਮੁੜ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ। ਅੱਗੋਂ ਬੀ.ਐੱਸ.ਸੀ. ਤੇ ਫ਼ਿਜ਼ਿਕਸ ਵਿੱਚ ਐੱਮ.ਐੱਸ.ਸੀ. ਉਨ੍ਹਾਂ ਮੈਰਿਟ ਸਕਾਲਰਸ਼ਿਪ ਨਾਲ ਕੀਤੀ। ਕਪੂਰਥਲੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਪੜ੍ਹਾਉਂਦਿਆਂ ਹੋਇਆਂ ‘ਇਨ ਸਰਵਿਸ ਪਾਰਟ-ਟਾਈਮ’ ਪੀਐੱਚ.ਡੀ.’ ਕਰਕੇ ਉਨ੍ਹਾਂ ਆਪਣੇ ਬਾਪ ਦੇ ਸੁਪਨੇ ਨੂੰ ਸਾਕਾਰ ਕੀਤਾ।
ਉਨ੍ਹਾਂ ਹੋਰ ਦੱਸਿਆ ਕਿ ਭਾਰਤ ਦੀ ਕਿਸੇ ਯੂਨੀਵਰਸਿਟੀ ਯੂਨੀਵਰਸਿਟੀ ਵਿਚ ਪੜ੍ਹਾਉਣ ਦਾ ਉਨ੍ਹਾਂ ਦਾ ਸੁਪਨਾ ਉੱਥੇ ਤਾਂ ਅਧੂਰਾ ਹੀ ਰਹਿ ਗਿਆ ਪਰ ਇਹ ਅਮਰੀਕਾ ਦੀ ਕਲੀਵਲੈਂਡ ਯੂਨੀਵਰਸਿਟੀ ਵਿਚ ਜਾ ਕੇ ਪੂਰਾ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਧਿਆਪਕ ਵਜੋਂ ਆਪਣੇ ਕਰੀਅਰ ਦਾ ਆਰੰਭ ਜਦੋਂ ਗੁਰੂਸਰ ਖਾਲਸਾ ਕਾਲਜ ਸੁਧਾਰ ਵਿੱਚ ਕੀਤਾ ਤਾਂ ਰੈਗੂਲਰ ਪੱਕੀ ਨੌਕਰੀ ਲਈ ਦੋ ਸਾਲ ਦੀ ਪ੍ਰੋਬੇਸ਼ਨ ਦੇ ਆਧਾਰ ਹੋਈ ਚੋਣ ਦੇ ਬਾਵਜੂਦ ਬਿਨਾਂ ਕੋਈ ਕਾਰਨ ਦੱਸੇ ਇੱਕ ਸਾਲ ਬਾਅਦ ਉਨ੍ਹਾਂ ਨੂੰ ਤਿੰਨ ਹੋਰ ਪ੍ਰੋਫ਼ੈੱਸਰਾਂ ਸਮੇਤ ਕਾਲਜ ਦੀਆਂ ਸੇਵਾਵਾਂ ਤੋਂ ਫ਼ਾਰਗ ਕਰ ਦਿੱਤਾ ਗਿਆ ਅਤੇ ਅਗਲੇ ਸਾਲ ਸਰਕਾਰੀ ਕਾਲਜਾਂ ਲਈ ਉਨ੍ਹਾਂ ਦੀ ਚੋਣ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਮੈਰਿਟ ਦੇ ਆਧਾਰ ‘ਤੇ ਹੋਈ। ਕਲੀਵਲੈਂਡ ਯੂਨੀਵਰਸਿਟੀ ਵਿਚ ਆਉਣ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਹ ਚੋਣ ਨਿਰੋਲ ਮੈਰਿਟ ਦੇ ਆਧਾਰ ‘ਤੇ ਸੀ। ਇਸ ਦੇ ਲਈ ਯੂਨੀਵਰਸਿਟੀ ਦੇ ਡੀਨ ਅਕੈਡਮਿਕਸ ਵੱਲੋਂ ਉਨ੍ਹਾਂ ਨੂੰ ਆਪਣੇ ਵੱਲੋਂ ਦਿੱਤੇ ਗਏ ਟਾਪਿਕ ਉੱਪਰ 60 ਵਿਦਿਆਰਥੀਆਂ ਦੀ ਕਲਾਸ ਅਤੇ ਫੈਕਲਟੀ ਮੈਂਬਰਾਂ ਦੇ ਸਾਹਮਣੇ ਇੱਕ ਘੰਟਾ ਲੈਕਚਰ ਦੇਣ ਪਿੱਛੋਂ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਵੱਲੋਂ ਉਸ ਦੀ ਕੀਤੀ ਗਈ ‘ਇਵੈਲਿਊਏਸ਼ਨ’ ਤੋਂ ਬਾਅਦ ਕੀਤੀ ਗਈ।
ਇਸ ਤੋਂ ਪਹਿਲਾਂ ਉਨ੍ਹਾਂ ਕੈਨੇਡਾ ਵਿਚ ‘ਪਰਵਾਸੀ’ ਤੇ ‘ਕੈਨੇਡੀਅਨ ਪੰਜਾਬੀ ਪੋਸਟ’ ਅਖ਼ਬਾਰਾਂ ਵਿਚ ਕੀਤੇ ਗਏ ਕੰਮ ਕਰਨ ਦਾ ਵੀ ਬਾਖ਼ੂਬੀ ਜ਼ਿਕਰ ਕੀਤਾ ਅਤੇ ਹਾਜ਼ਰੀਨ ਦੀ ਫ਼ਰਮਾਇਸ਼ ‘ਤੇ ਬਾਪ ਦੇ ਅਣਮੁੱਲੇ ਤੇ ਅਣਤੋਲੇ ਤੇ ਪਿਆਰ ਨਾਲ ਲਬਰੇਜ਼ ਆਪਣੀਆਂ ਦੋ ਪੁਰਾਣੀਆਂ ਕਵਿਤਾਵਾਂ ਸੁਣਾਈਆਂ ਜਿਨ੍ਹਾਂ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ।
ਇਸ ਦੌਰਾਨ ਉਨ੍ਹਾਂ ਆਪਣੀ ਇੱਕ ਨਵੀਂ ਕਵਿਤਾ ਵੀ ਪੇਸ਼ ਕੀਤੀ। ਇਸ ਮੌਕੇ ਉਨ੍ਹਾਂ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਯਾਦਗਾਰੀ ਤੋਹਫ਼ੇ ਨਾਲ ਸਨਮਾਨਿਤ ਵੀ ਕੀਤਾ ਗਿਆ।
ਹਾਜ਼ਰ ਮੈਂਬਰਾਂ ਵੱਲੋਂ ਵੀ ਇਸ ਮੌਕੇ ਆਪਣੀਆਂ ਕਵਿਤਾਵਾਂ ਤੇ ਗੀਤ ਸਾਂਝੇ ਕੀਤੇ ਗਏ। ਸਭਾ ਦੇ ਮੈਂਬਰਾਂ ਵਿਚ ਇਸ ਦੇ ਸਰਪ੍ਰਸਤ ਬਲਰਾਜ ਚੀਮਾ, ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਇਕਬਾਲ ਬਰਾੜ, ਪਰਮਜੀਤ ਢਿੱਲੋਂ, ਪਰਮਜੀਤ ਸਿੰਘ ਗਿੱਲ, ਮਕਸੂਦ ਚੌਧਰੀ, ਜਗਮੋਹਨ ਸਿੰਘ ਸੰਘਾ ਤੇ ਜੱਸੀ ਭੁੱਲਰ ਸ਼ਾਮਲ ਸਨ।
ਸਭਾ ਦੇ ਕਨਵੀਨਰ ਤਲਵਿੰਦਰ ਮੰਡ ਕਿਸੇ ਜ਼ਰੂਰੀ ਪਰਿਵਾਰਿਕ ਰੂਝੇਵੇਂ ਕਾਰਨ ਹਾਜ਼ਰ ਨਾ ਹੋ ਸਕੇ। ‘ਕਲਮਾਂ ਦਾ ਕਾਫ਼ਲਾ’ ਦੇ ਸਰਗ਼ਰਮ ਮੈਂਬਰ ਕੁਲਵਿੰਦਰ ਖਹਿਰਾ ਨੇ ਕਾਰਜਕਾਰਨੀ ਦੀ ਇਸ ਛੋਟੀ ਜਿਹੀ ਮੀਟਿੰਗ ਵਿਚ ਵਿਸ਼ੇਸ਼ ਸ਼ਿਰਕਤ ਕੀਤੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …