Breaking News
Home / ਭਾਰਤ / 1984 ਵਿਚ ਹੋਏ ਕਾਨਪੁਰ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ‘ਚ 4 ਗ੍ਰਿਫਤਾਰ

1984 ਵਿਚ ਹੋਏ ਕਾਨਪੁਰ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ‘ਚ 4 ਗ੍ਰਿਫਤਾਰ

ਕਾਨਪੁਰ (ਯੂ ਪੀ)/ਬਿਊਰੋ ਨਿਊਜ਼ : 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੇ ਕਾਨਪੁਰ ਦੇ ਘਾਟਮਪੁਰ ਇਲਾਕੇ ਤੋਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਚਾਰਾਂ ਨੇ ਕਤਲੇਆਮ ਦੌਰਾਨ ਸਿੱਖਾਂ ਨੂੰ ਜਿਊਂਦਾ ਸਾੜਿਆ ਸੀ ਅਤੇ ਗੋਲੀਆਂ ਮਾਰੀਆਂ ਸਨ। ਐੱਸ.ਆਈ.ਟੀ ਦੇ ਮੁਖੀ ਡੀ.ਆਈ.ਜੀ ਬਲੇਂਦੂ ਭੂਸ਼ਣ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਲਦੀ ਹੀ ਹੋਰ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਾਨਪੁਰ ‘ਚ ਕਤਲੇਆਮ ਦੌਰਾਨ ਭੀੜ ਨੇ ਨਿਰਾਲਾ ਨਗਰ ਦੀ ਇਕ ਇਮਾਰਤ ‘ਤੇ ਹਮਲਾ ਕੀਤਾ ਸੀ, ਜਿਸ ‘ਚ ਇਕ ਦਰਜਨ ਤੋਂ ਵੱਧ ਸਿੱਖ ਪਰਿਵਾਰ ਰਹਿੰਦੇ ਸਨ। ਉਨ੍ਹਾਂ ਮੁਤਾਬਿਕ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਘਾਟਮਪੁਰ ਨਿਵਾਸੀ ਸਫੀਉੱਲ੍ਹਾ ਖਾਨ (64), ਜਲਾਲਾ ਘਾਟਮਪੁਰ ਨਿਵਾਸੀ ਯੋਗੇਂਦਰ ਸਿੰਘ (65), ਵੇਂਦਾ ਪਿੰਡ ਘਾਟਮਪੁਰ ਨਿਵਾਸੀ ਵਿਜੇ ਨਰਾਇਣ ਸਿੰਘ (62) ਅਤੇ ਇਸੇ ਪਿੰਡ ਦੇ ਅਬਦੁਲ ਰਹਿਮਾਨ (65) ਵਜੋਂ ਹੋਈ ਹੈ। ਐੱਸ.ਆਈ.ਟੀ ਮੁਤਾਬਿਕ ਕਤਲੇਆਮ ਵਿਚ ਸ਼ਾਮਲ ਹੋਰ ਮੁਲਜ਼ਮ ਜਾਂਚ ਦੇ ਘੇਰੇ ਵਿਚ ਹਨ ਅਤੇ ਪੁਲਿਸ ਨੇ ਚਾਰ ਦੋਸ਼ੀਆਂ ਨੂੰ 38 ਸਾਲ ਬਾਅਦ ਗ੍ਰਿਫਤਾਰ ਕੀਤਾ ਹੈ। ਐੱਸ.ਆਈ.ਟੀ ਨੇ ਆਪਣੀ ਜਾਂਚ ਵਿਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ 94 ਮੁਲਜ਼ਮਾਂ ਦੀ ਪਛਾਣ ਕੀਤੀ ਹੈ। ਡੀ.ਆਈ.ਜੀ ਬਲੇਂਦੂ ਭੂਸ਼ਣ ਨੇ ਕਿਹਾ ਕਿ ਕਿਉਂਕਿ ਇਹ 38 ਸਾਲ ਪੁਰਾਣਾ ਮਾਮਲਾ ਹੈ, ਇਸ ਲਈ ਐੱਸ.ਆਈ.ਟੀ ਨੂੰ ਮੁਲਜ਼ਮਾਂ ਨੂੰ ਫੜਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅਸੀਂ ਤਿੰਨ ਸਾਲਾਂ ਤੋਂ ਜਾਂਚ ਅਤੇ ਜਾਣਕਾਰੀ ਇਕੱਠੀ ਕਰ ਰਹੇ ਹਾਂ। ਜਾਂਚ ਦੇ ਆਧਾਰ ‘ਤੇ 70 ਤੋਂ ਵੱਧ ਵਿਅਕਤੀਆਂ ਦੀ ਪਛਾਣ ਕੀਤੀ ਗਈ ਸੀ, ਜਿਨ੍ਹਾਂ ‘ਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਾਨਪੁਰ ‘ਚ ਹੋਏ ਸਿੱਖ ਵਿਰੋਧੀ ਕਤਲੇਆਮ ਦੌਰਾਨ 127 ਸਿੱਖਾਂ ਦੀ ਹੱਤਿਆ ਹੋਈ ਸੀ। ਉਸ ਸਮੇਂ ਕਾਨਪੁਰ ਨਗਰ ‘ਚ ਹੱਤਿਆ, ਲੁੱਟ ਅਤੇ ਡਕੈਤੀ ਆਦਿ ਧਾਰਾਵਾਂ ਤਹਿਤ 40 ਮਾਮਲੇ ਦਰਜ ਹੋਏ ਸਨ। ਪੁਲਿਸ ਨੇ ਇਨ੍ਹਾਂ ‘ਚੋਂ 29 ਮਾਮਲਿਆਂ ‘ਚ ਅੰਤਿਮ ਰਿਪੋਰਟ ਦੇ ਦਿੱਤੀ ਸੀ। 27 ਮਈ, 2019 ਨੂੰ ਇਸ ਮਾਮਲੇ ‘ਚ ਸੂਬਾ ਸਰਕਾਰ ਨੇ ਐਸ. ਆਈ. ਟੀ ਦਾ ਗਠਨ ਕੀਤਾ ਸੀ। ਵਿਸ਼ੇਸ਼ ਜਾਂਚ ਟੀਮ ਨੇ ਵੱਖ-ਵੱਖ ਸੂਬਿਆਂ ‘ਚ ਰਹਿ ਰਹੇ ਪੀੜਤ ਪਰਿਵਾਰਾਂ ਦੇ ਵਿਅਕਤੀਆਂ ਨਾਲ ਮੁਲਾਕਾਤ ਕਰਕੇ ਬਿਆਨ ਦਰਜ ਕੀਤੇ ਅਤੇ ਦਸਤਾਵੇਜ਼ ਇਕੱਠੇ ਕੀਤੇ।
ਕਾਨਪੁਰ ਸਿੱਖ ਕਤਲੇਆਮ ਕੇਸ ਵਿੱਚ 38 ਸਾਲਾਂ ਬਾਅਦ ਇਨਸਾਫ਼ ਮਿਲਿਆ: ਸਿਰਸਾ
ਨਵੀਂ ਦਿੱਲੀ : ਭਾਜਪਾ ਦੇ ਸਿੱਖ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ 1984 ਦੇ ਕਾਨਪੁਰ ਸਿੱਖ ਕਤਲੇਆਮ ਕੇਸ ਵਿੱਚ 38 ਸਾਲਾਂ ਬਾਅਦ ਇਨਸਾਫ ਮਿਲਿਆ ਹੈ। ਇੱਕ ਕੇਸ ਵਿੱਚ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਸਿਰਸਾ ਨੇ ਕਿਹਾ ਕਿ ਇਹ ਗ੍ਰਿਫਤਾਰੀਆਂ ਨਿਰਾਲਾ ਨਗਰ, ਕਾਨਪੁਰ ਵਿੱਚ ਹੋਏ ਸਿੱਖਾਂ ਦੇ ਕਤਲ ਦੇ ਸਬੰਧ ‘ਚ ਕੀਤੀਆਂ ਗਈਆਂ ਹਨ। ਮੁਲਜ਼ਮਾਂ ਵਿੱਚ ਸੈਫੁੱਲਾ ਖਾਨ, ਯੋਗੇਂਦਰ ਸਿੰਘ, ਵਿਜੇ ਨਰਾਇਣ ਤੇ ਅਬਦੁਲ ਰਹਿਮਾਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 2019 ਵਿੱਚ ਦਿੱਲੀ ਗੁਰਦੁਆਰਾ ਕਮੇਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੰਪਰਕ ਕੀਤਾ ਸੀ। ਇਸ ‘ਤੇ ਕਾਨਪੁਰ ਸਿੱਖ ਕਤਲੇਆਮ ਦੀ ਜਾਂਚ ਲਈ ਨਵੀਂ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਬਾਕੀ ਦੋਸ਼ੀਆਂ ਨੂੰ ਵੀ ਸਜ਼ਾ ਦਿੱਤੀ ਜਾਵੇ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …