ਕਾਂਗਰਸ ਸਣੇ 20 ਸਿਆਸੀ ਪਾਰਟੀਆਂ ਵੱਲੋਂ ਬਾਈਕਾਟ ਦਾ ਫੈਸਲਾ
ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸਮਾਗਮ ਤੋਂ ਲਾਂਭੇ ਰੱਖਣਾ ਜਮਹੂਰੀਅਤ ‘ਤੇ ਸਿੱਧਾ ਹਮਲਾ ਕਰਾਰ
ਨਵੀਂ ਦਿੱਲੀ : ਕਾਂਗਰਸ, ਖੱਬੇਪੱਖੀ, ਟੀਐੱਮਸੀ, ਸਪਾ ਤੇ ‘ਆਪ’ ਸਣੇ ਦੇਸ਼ ਦੀਆਂ 20 ਸਿਆਸੀ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 28 ਮਈ ਨੂੰ ਨਵੀਂ ਸੰਸਦ ਦੀ ਇਮਾਰਤ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਵਿਰੋਧੀ ਧਿਰਾਂ ਨੇ ਬਾਈਕਾਟ ਦਾ ਐਲਾਨ ਕਰਦਿਆਂ ਕਿਹਾ ਕਿ ‘ਜਦੋਂ ਜਮਹੂਰੀਅਤ ਦੀ ਰੂਹ ਨੂੰ ਹੀ ਸੰਸਦ ਤੋਂ ਵੱਖ ਕਰ ਦਿੱਤਾ ਗਿਆ ਹੈ’ ਤਾਂ ਇਸ ਨਵੀਂ ਇਮਾਰਤ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਵਿਰੋਧੀ ਧਿਰਾਂ ਨੇ ਆਰੋਪ ਲਾਇਆ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਉਦਘਾਟਨੀ ਸਮਾਗਮ ਤੋਂ ਲਾਂਭੇ ਰੱਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਵੀਂ ਇਮਾਰਤ ਦੇ ਉਦਘਾਟਨ ਦਾ ਫੈਸਲਾ ਜਮਹੂਰੀਅਤ ‘ਤੇ ਹਮਲਾ ਹੈ।
ਵਿਰੋਧੀ ਧਿਰਾਂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ, ”ਸਾਡੇ ਇਸ ਵਿਸ਼ਵਾਸ ਦੇ ਬਾਵਜੂਦ ਕਿ ਸਰਕਾਰ ਜਮਹੂਰੀਅਤ ਨੂੰ ਖਤਰੇ ਵਿੱਚ ਪਾ ਰਹੀ ਹੈ, ਅਤੇ ਜਿਸ ਤਾਨਾਸ਼ਾਹੀ ਢੰਗ ਨਾਲ ਨਵੀਂ ਸੰਸਦ ਦਾ ਨਿਰਮਾਣ ਕੀਤਾ ਗਿਆ ਸੀ, ਉਸ ਪ੍ਰਤੀ ਸਾਡੀ ਨਾਰਾਜ਼ਗੀ ਦੇ ਬਾਵਜੂਦ, ਅਸੀਂ ਆਪਣੇ ਵੱਖਰੇਵਿਆਂ ਨੂੰ ਭੁਲਾ ਕੇ ਇਸ ਖਾਸ ਮੌਕੇ ਦਾ ਹਿੱਸਾ ਬਣਨ ਲਈ ਤਿਆਰ ਸੀ। ਪਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕਰਕੇ….ਪ੍ਰਧਾਨ ਮੰਤਰੀ ਮੋਦੀ ਵੱਲੋਂ ਨਵੀਂ ਸੰਸਦੀ ਇਮਾਰਤ ਦਾ ਉਦਘਾਟਨ ਖ਼ੁਦ ਕਰਨ ਦਾ ਫੈਸਲਾ, ਨਾ ਸਿਰਫ਼ ਵੱਡਾ ਨਿਰਾਦਰ ਬਲਕਿ ਸਾਡੀ ਜਮਹੂਰੀਅਤ ‘ਤੇ ਸਿੱਧਾ ਹਮਲਾ ਹੈ, ਜੋ ਢੁੱਕਵੇਂ ਹੁੰਗਾਰੇ ਦੀ ਮੰਗ ਕਰਦਾ ਹੈ।”
ਦੱਸ ਦੇਈਏ ਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੱਲੋਂ ਦਿੱਤੇ ਸੱਦੇ ‘ਤੇ ਪ੍ਰਧਾਨ ਮੰਤਰੀ ਮੋਦੀ 28 ਮਈ ਨੂੰ ਨਵੀਂ ਸੰਸਦੀ ਇਮਾਰਤ ਦਾ ਉਦਘਾਟਨ ਕਰਨਗੇ। ਵਿਰੋਧੀ ਧਿਰਾਂ ਨੇ ਕਿਹਾ, ”ਜਦੋਂ ਸੰਸਦ ਵਿੱਚੋਂ ਜਮਹੂਰੀਅਤ ਦੀ ਰੂਹ ਹੀ ਕੱਢ ਲਈ ਹੋਵੇ ਤਾਂ ਫਿਰ ਇਸ ਨਵੀਂ ਇਮਾਰਤ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ। ਅਸੀਂ ਨਵੀਂ ਸੰਸਦ ਦੇ ਉਦਘਾਟਨੀ ਸਮਾਗਮ ਦੇ ਬਾਈਕਾਟ ਦੇ ਸਮੂਹਿਕ ਫੈਸਲੇ ਦਾ ਐਲਾਨ ਕਰਦੇ ਹਾਂ।” ਉਨ੍ਹਾਂ ਕਿਹਾ, ”ਅਸੀਂ ਇਸ ‘ਤਾਨਾਸ਼ਾਹੀ’ ਪ੍ਰਧਾਨ ਮੰਤਰੀ ਅਤੇ ਉਸ ਦੀ ਸਰਕਾਰ ਖਿਲਾਫ਼ ਸੱਚੀ ਭਾਵਨਾ ਤੇ ਹਿੰਮਤ ਨਾਲ ਲੜਦੇ ਰਹਾਂਗੇ, ਅਤੇ ਭਾਰਤ ਦੇ ਲੋਕਾਂ ਤੱਕ ਸਿੱਧਾ ਆਪਣਾ ਸੁਨੇਹਾ ਲੈ ਕੇ ਜਾਵਾਂਗੇ।”
ਪ੍ਰਧਾਨ ਮੰਤਰੀ ਮੋਦੀ ਨੂੰ ਸਿਆਸੀ ਨਿਸ਼ਾਨਾ ਬਣਾਉਂਦਿਆਂ ਪਾਰਟੀਆਂ ਨੇ ਕਿਹਾ, ”ਗੈਰ-ਜਮਹੂਰੀ ਕਾਰਵਾਈਆਂ ਪ੍ਰਧਾਨ ਮੰਤਰੀ ਲਈ ਨਵੀਆਂ ਨਹੀਂ, ਜਿਨ੍ਹਾਂ ਸੰਸਦ ਨੂੰ ਲਗਾਤਾਰ ਖੋਖਲਾ ਕੀਤਾ ਹੈ। ਸੰਸਦ ਵਿਚ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਜਦੋ ਕਦੇ ਭਾਰਤ ਦੇ ਲੋਕਾਂ ਦੀ ਆਵਾਜ਼ ਚੁੱਕੀ, ਉਨ੍ਹਾਂ ਨੂੰ ਅਯੋਗ ਜਾਂ ਮੁਅੱਤਲ ਠਹਿਰਾ ਦਿੱਤਾ ਗਿਆ ਜਾਂ ਫਿਰ ਉਨ੍ਹਾਂ ਦੀ ਆਵਾਜ਼ ਬੰਦ ਕਰ ਦਿੱਤੀ ਗਈ। ਸੱਤਾਧਿਰ ਦੇ ਸੰਸਦ ਮੈਂਬਰਾਂ ਨੇ ਸੰਸਦੀ ਕਾਰਵਾਈ ‘ਚ ਅੜਿੱਕਾ ਪਾਇਆ।” ਵਿਰੋਧੀ ਧਿਰਾਂ ਨੇ ਕਿਹਾ, ”ਤਿੰਨ ਖੇਤੀ ਕਾਨੂੰਨਾਂ ਸਣੇ ਕਈ ਵਿਵਾਦਿਤ ਬਿੱਲ ਬਿਨਾਂ ਕਿਸੇ ਵਿਚਾਰ ਚਰਚਾ ਦੇ ਪਾਸ ਕੀਤੇ ਗਏ….ਸੰਸਦੀ ਕਮੇਟੀਆਂ ਅਮਲੀ ਤੌਰ ‘ਤੇ ਬੇਜਾਨ ਕਰ ਦਿੱਤੀਆਂ ਗਈਆਂ।”
ਸਾਰਿਆਂ ਨੂੰ ਸੱਦਾ ਦਿੱਤਾ ਪਰ ਸਿਆਸੀ ਧਿਰਾਂ ਦੀ ਆਪਣੀ ਮਰਜ਼ੀ : ਸ਼ਾਹ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰਾਂ ਵੱਲੋਂ ਦਿੱਤੇ ਬਾਈਕਾਟ ਦੇ ਸੱਦੇ ਦਰਮਿਆਨ ਕਿਹਾ ਕਿ 28 ਮਈ ਨੂੰ ਨਵੀਂ ਸੰਸਦ ਦੀ ਇਮਾਰਤ ਦੇ ਉਦਘਾਟਨੀ ਸਮਾਗਮ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਉਹ ‘ਆਪੋ-ਆਪਣੀ ਸਮਝ ਮੁਤਾਬਕ’ ਇਸ ਬਾਰੇ ਫੈਸਲਾ ਲੈਣਗੀਆਂ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਬਰਤਾਨਵੀ ਹਕੂਮਤ ਵੱਲੋਂ ਭਾਰਤ ਨੂੰ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੂੰ ਦਿੱਤਾ ਗਿਆ ਇਤਿਹਾਸਕ ‘ਸੇਂਗੋਲ’ ਨਵੀਂ ਸੰਸਦ ਦੀ ਇਮਾਰਤ ਵਿੱਚ ਸਥਾਪਿਤ ਕੀਤਾ ਜਾਵੇਗਾ। ‘ਸੇਂਗੋਲ’ ਇਸ ਵੇਲੇ ਅਲਾਹਾਬਾਦ ਦੇ ਇਕ ਮਿਊਜ਼ੀਅਮ ਵਿੱਚ ਹੈ। ਸ਼ਾਹ ਨੇ ਕਿਹਾ ਕਿ ਉਦਘਾਟਨੀ ਸਮਾਗਮ ਨੂੰ ਸਿਆਸਤ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ, ”ਭਾਰਤ ਸਰਕਾਰ ਨੇ ਉਦਘਾਟਨੀ ਸਮਾਗਮ ਲਈ ਸਾਰਿਆਂ ਨੂੰ ਸੱਦਾ ਦਿੱਤਾ ਹੈ। ਸਾਰੇ ਆਪਣੀ ਸਮਝ ਮੁਤਾਬਕ ਫੈਸਲਾ ਲੈਣਗੇ।” ਇਸ ਮੌਕੇ ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਤੇ ਸੱਭਿਆਚਾਰ ਮੰਤਰੀ ਜੀ.ਕਿਸ਼ਨ ਰੈੱਡੀ ਵੀ ਮੌਜੂਦ ਸਨ। ਸ਼ਾਹ ਨੇ ਕਿਹਾ, ”ਸੇਂਗੋਲ ਨੂੰ ਸਿਆਸਤ ਨਾਲ ਨਾ ਜੋੜਿਆ ਜਾਵੇ। ‘ਸੇਂਗੋਲ’ ਸੁਨੇਹਾ ਦਿੰਦਾ ਹੈ ਕਿ ਸਰਕਾਰ ਨਿਆਂ ਤੇ ਨਿਰਪੱਖ ਤਰੀਕੇ ਨਾਲ ਚੱਲਣੀ ਚਾਹੀਦੀ ਹੈ ਤੇ ਇਹ ਨੇਮ ਅਧਾਰਿਤ ਹੋਵੇ। ਸ਼ਾਹ ਨੇ ਕਿਹਾ ਕਿ ਨਵੀਂ ਸੰਸਦ ਦੀ ਇਮਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਦੀ ਮਿਸਾਲ ਹੈ।
ઑਆਪ’ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ
ਚੰਡੀਗੜ੍ਹ : ਭਾਰਤ ਦੇ ਸੰਸਦ ਭਵਨ ਦੀ ਨਵੀਂ ਇਮਾਰਤ ਦੇ ਉਦਘਾਟਨੀ ਸਮਾਗਮ ਵਿੱਚ ਰਾਸ਼ਟਰਪਤੀ ਨੂੰ ਸੱਦਾ ਨਾ ਦਿੱਤੇ ਜਾਣ ‘ਤੇ ਆਮ ਆਦਮੀ ਪਾਰਟੀ (ਆਪ) ਨੇ ਸਮਾਗਮ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਰਾਸ਼ਟਰਪਤੀ ਦੇ ਅਹੁਦੇ ਨੂੰ ਢਾਹ ਲਗਾਈ ਹੈ। ਇਸ ਲਈ ਉਹ 28 ਮਈ ਨੂੰ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਮਾਨ ਨੇ ਕਿਹਾ ਕਿ ਜਦੋਂ ਵੀ ਸੰਸਦ ਦਾ ਨਵਾਂ ਇਜਲਾਸ ਬੁਲਾਇਆ ਜਾਂਦਾ ਹੈ ਤਾਂ ਦੇਸ਼ ਦੇ ਰਾਸ਼ਟਰਪਤੀ ਵੱਲੋਂ ਹਰ ਸੰਸਦ ਮੈਂਬਰ ਨੂੰ ਸੈਸ਼ਨ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ ਪਰ ਇਹ ਦੁੱਖ ਦੀ ਗੱਲ ਹੈ ਕਿ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਹੋਣ ਵਾਲੇ ਸਮਾਗਮ ‘ਚ ਸਰਕਾਰ ਦੇ ਸੰਵਿਧਾਨਕ ਮੁਖੀ ਨੂੰ ਸੱਦਾ ਤੱਕ ਵੀ ਨਹੀਂ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ, ”ਮੇਰੀ ਜ਼ਮੀਰ ਮੈਨੂੰ ਅਜਿਹੇ ਕਿਸੇ ਵੀ ਸਮਾਗਮ ‘ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੰਦੀ ਜਿੱਥੇ ਸੱਤਾ ਦੀ ਭੁੱਖੀ ਸਰਕਾਰ ਨੇ ਦੇਸ਼ ਦੇ ਸੰਵਿਧਾਨਕ ਮੁਖੀ ਨੂੰ ਸੱਦਾ ਦੇਣ ਦੀ ਵੀ ਖੇਚਲ ਨਾ ਕੀਤੀ ਹੋਵੇ।”
ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ‘ਚ ਸ਼ਾਮਲ ਹੋਣਗੇ ਸੁਖਬੀਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣਗੇ। ਨਵੇਂ ਸੰਸਦ ਭਵਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ। ਇਸ ਬਾਰੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਮਾਣ ਵਾਲਾ ਮੌਕਾ ਹੈ, ਜਿਸ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਡਾ. ਚੀਮਾ ਨੇ ‘ਆਪ’ ਅਤੇ ਕਾਂਗਰਸ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ‘ਆਪ’ ਰਾਸ਼ਟਰਪਤੀ ਦੇ ਮਾਣ ਸਤਿਕਾਰ ਦੀ ਗੱਲ ਕਰ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਪਹਿਲੇ ਨਾਗਰਿਕ ਦਾ ਕਿੰਨਾ ਸਤਿਕਾਰ ਕਰਦੇ ਹਨ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਉਹ ਪਹਿਲੀ ਵਾਰ ਸੂਬੇ ਦੇ ਦੌਰੇ ‘ਤੇ ਆਏ ਸਨ ਤਾਂ ਮੁੱਖ ਮੰਤਰੀ ਉਨ੍ਹਾਂ ਦਾ ਸਵਾਗਤ ਕਰਨ ਤੱਕ ਨਹੀਂ ਪੁੱਜੇ ਸਨ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …