Breaking News
Home / ਮੁੱਖ ਲੇਖ / ਸਮੇਂ ਦੀ ਲੋੜ ਨੌਜਵਾਨਾਂ ਲਈ ਸੇਧਗਾਰ ਨੀਤੀ

ਸਮੇਂ ਦੀ ਲੋੜ ਨੌਜਵਾਨਾਂ ਲਈ ਸੇਧਗਾਰ ਨੀਤੀ

ਡਾ. ਸ਼ਿਆਮ ਸੁੰਦਰ ਦੀਪਤੀ
ਨੌਜਵਾਨੀ ਇੱਕ ਕੁਦਰਤੀ ਅਵਸਥਾ ਹੈ ਤੇ ਨੌਜਵਾਨ ਹਰ ਮੁਲਕ ਅਤੇ ਮੁਲਕ ਅੰਦਰ ਵੀ ਹਰ ਸੱਭਿਆਚਾਰ ਦੇ ਵੱਖਰੇ ਹੁੰਦੇ ਹਨ। ਕਾਰਨ ਹੈ, ਸੱਭਿਆਚਾਰ ਕੁਦਰਤ ਤੋਂ ਮਿਲੀ ਜੈਵਿਕ ਬਣਤਰ ਨੂੰ ਆਪਣੀ ਸਿਖਲਾਈ ਨਾਲ ਆਪਣੇ ਤਰੀਕੇ ਨਾਲ ਤਿਆਰ ਕਰਦਾ ਉਸਾਰਦਾ ਹੈ। ਸਾਡੀ ਸਭ ਦੀ ਖਾਹਿਸ਼ ਰਹਿੰਦੀ ਹੈ ਕਿ ਜੋ ਵੀ ਬੱਚਾ ਪੈਦਾ ਹੋਇਆ ਹੈ, ਜੋ ਵੀ ਸ਼ਖ਼ਸ ਵਧ-ਫੁੱਲ ਰਿਹਾ ਹੈ, ਉਹ ਚੰਗੀ ਸ਼ਖ਼ਸੀਅਤ ਵਾਲਾ ਬਣੇ; ਮੁੱਕਦੀ ਗੱਲ, ਉਹ ਵਧੀਆ ਨਾਗਰਿਕ ਬਣੇ। ਜ਼ਿੰਮੇਵਾਰ ਸ਼ਖ਼ਸ ਪਰਿਵਾਰ ਅਤੇ ਸਮਾਜ ਵਿਚ ਆਪਣਾ ਬਣਦਾ ਹਿੱਸਾ ਪਾਉਂਦਾ ਹੈ। ਇਸ ਕਾਰਜ ਲਈ ਸਕੂਲ ਅਤੇ ਅਧਿਆਪਕਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ ਪਰ ਵੱਡੇ ਪ੍ਰਸੰਗ ਵਿਚ ਭਾਰਤੀ ਨੌਜਵਾਨ ਆਪਣੀ ਦਿੱਖ ਅਤੇ ਵਿਹਾਰ ਤੋਂ ਪਛਾਣਿਆ ਜਾਂਦਾ ਹੈ ਕਿ ਇਹ ਦੱਖਣੀ ਹੈ ਜਾਂ ਉੱਤਰੀ, ਤੇ ਫਿਰ ਆਪਣੇ ਇਸ ਖਿੱਤੇ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਹੈ। ਪੰਜਾਬੀ ਨੌਜਵਾਨ ਦੀਆਂ ਆਪਣੀਆਂ ਖਾਸੀਅਤਾਂ ਹਨ। ਉਹ ਕਿਵੇਂ ਇਸ ਖਾਸੇ ਦਾ ਮਾਲਕ ਬਣਿਆ, ਉਸ ਪਿੱਛੇ ਸਭਿਆਚਾਰ ਦੀ ਵੀ ਭੂਮਿਕਾ ਹੁੰਦੀ ਹੈ।
ਦੇਸ਼ ਦੀ ਸੱਤਾ ਤੋਂ ਵੀ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਦੇਸ਼ ਵਾਸੀਆਂ, ਨਾਗਰਿਕਾਂ ਨੂੰ ਵਧੀਆ ਜਿਊਣ ਜੋਗੀ ਜ਼ਿੰਦਗੀ ਦਾ ਮਾਹੌਲ ਦੇਵੇ; ਖਾਸਕਰ ਨੌਜਵਾਨਾਂ ਨੂੰ ਲੈ ਕੇ ਤਾਂ ਇਹ ਆਸ ਵਾਜਬ ਹੈ ਕਿਉਂ ਜੋ ਅਸੀਂ ਨੌਜਵਾਨ ਵਿਚ ਆਪਣਾ ਭਵਿੱਖ ਦੇਖਦੇ ਹਾਂ। ਆਜ਼ਾਦ, ਲੋਕਤੰਤਰੀ, ਸੰਵਿਧਾਨ ਨਾਲ ਚੱਲਣ ਵਾਲੇ ਦੇਸ਼ ਤੋਂ ਇਹ ਮੰਗ ਕਰਨੀ ਤਾਂ ਬਣਦੀ ਹੀ ਹੈ।
ਇਕ ਕਿੱਸੇ ਨਾਲ ਗੱਲ ਅੱਗੇ ਵਧਾਉਂਦੇ ਹਾਂ। ਪਿੰਡ ਵਿਚ ਤਲਾਅ ਸੀ ਜਿੱਥੇ ਨੌਜਵਾਨ, ਬੱਚੇ ਆਦਿ ਉਸ ਵਿਚ ਨਹਾਉਣ, ਖੇਡਣ, ਮਸਤੀ ਕਰਨ ਜਾਂਦੇ। ਤਲਾਅ ਵਿਚ ਨਹਾਉਂਦਿਆਂ-ਕਰਦਿਆਂ ਹਾਦਸਾ ਵਾਪਰ ਗਿਆ, ਦੋ ਬੱਚੇ ਡੁੱਬ ਗਏ। ਪਿੰਡ ਵਾਲੇ ਇਕੱਠੇ ਹੋ ਗਏ। ਵਿਚਾਰਾਂ ਕੀਤੀਆਂ। ਫੈਸਲਾ ਹੋਇਆ ਕਿ ਤਲਾਅ ਦੁਆਲੇ ਵਾੜ ਲਾ ਦਿੱਤੀ ਜਾਵੇ ਪਰ ਵਾੜ ਲੱਗਣ ਨਾਲ ਸਗੋਂ ਜਿਗਿਆਸਾ ਵਧ ਗਈ ਅਤੇ ਬੱਚਿਆਂ ਨੇ ਆਪਣੀ ਜਿਗਿਆਸਾ ਸ਼ਾਂਤ ਕਰਨ ਲਈ ਵਾੜ ਲੰਘੀ ਤੇ ਅੰਦਰ ਪਹੁੰਚ ਗਏ। ਇਸ ਦੌਰਾਨ ਇਕ ਹਾਦਸਾ ਹੋਰ ਵਾਪਰ ਗਿਆ। ਪਿੰਡ ਦੇ ਮੋਹਤਬਰ ਫਿਰ ਜੁੜ ਬੈਠੇ ਤੇ ਤਲਾਅ ਨੂੰ ਪੂਰ ਦੇਣ ਦਾ ਫੈਸਲਾ ਸਾਹਮਣੇ ਆਇਆ। ਦੂਸਰੇ ਪਾਸੇ ਤਲਾਅ ਦੀ ਲੋੜ ਵੀ ਸੀ। ਬਾਹਰੋਂ ਕੁਝ ਸਿਆਣੇ ਲੋਕ ਬੁਲਾਏ ਤੇ ਸਮੱਸਿਆ ਵਿਚਾਰੀ ਗਈ। ਇਕ ਸਿਆਣੇ ਨੇ ਸੁਝਾਇਆ ਕਿ ਤਲਾਅ ਦੇ ਆਲੇ ਦੁਆਲੇ ਨਾ ਵਾੜ ਤੇ ਨਾ ਹੀ ਇਸ ਨੂੰ ਪੂਰ ਦੇਣਾ ਹੱਲ ਹੈ। ਅਸਲੀ ਹੱਲ ਹੈ ਕਿ ਬੱਚਿਆਂ ਦੀ ਉਂਗਲ ਫੜੋ, ਉਨ੍ਹਾਂ ਨੂੰ ਆਪ ਨਾਲ ਲੈ ਕੇ ਜਾਉ, ਉਨ੍ਹਾਂ ਨੂੰ ਤੈਰਨਾ ਸਿਖਾਉ। ਜਦੋਂ ਉਹ ਤੈਰਨਾ ਸਿੱਖ ਗਏ, ਫਿਰ ਕੋਈ ਦਿੱਕਤ ਨਹੀਂ ਆਵੇਗੀ।ਇਸ ਪ੍ਰਸੰਗ ਵਿਚ ਜੇ ਦੇਸ਼ ਵੱਲ ਸੰਵਿਧਾਨਕ ਕਾਰਜ ਪ੍ਰਣਾਲੀ ਤਹਿਤ ਦੇਖੀਏ ਤਾਂ ਕੀ ਸਾਨੂੰ ਕੋਈ ਨੌਜਵਾਨਾਂ ਲਈ ਠੋਸ ਨੀਤੀ ਨਜ਼ਰ ਆਉਂਦੀ ਹੈ? ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਨੌਜਵਾਨਾਂ ਲਈ ਡਿਜੀਟਲ ਇੰਡੀਆ, ਸਟਾਰਟਅਪ ਇੰਡੀਆ, ਸਕਿੱਲ ਇੰਡੀਆ ਵਰਗੇ ਪਲੈਟਫਾਰਮ ਸਾਹਮਣੇ ਲਿਆਂਦੇ ਗਏ ਹਨ। ਜਦੋਂ ਦੇਸ਼ ਕੋਲ ਦੁਨੀਆ ਭਰ ਤੋਂ ਵੱਧ ਨੌਜਵਾਨ ਹੋਣ (ਹੁਣ ਤਾਂ ਆਬਾਦੀ ਵੀ ਸਭ ਤੋਂ ਵੱਧ ਹੋ ਗਈ ਹੈ), ਨਾਲੇ ਜਿਸ ਨੂੰ ਅਸੀਂ ਸਭ ਤੋਂ ਵਧੀਆ ‘ਮਨੁੱਖੀ ਸਰਮਾਇਆ’ ਕਹਿੰਦੇ ਹੋਈਏ ਤਾਂ ਜੋ ਦ੍ਰਿਸ਼ ਨੌਜਵਾਨਾਂ ਨੂੰ ਲੈ ਕੇ ਨਜ਼ਰ ਆ ਰਿਹਾ ਹੈ, ਉਹ ਕਿਸ ਪਾਸੇ ਇਸ਼ਾਰਾ ਕਰਦਾ ਹੈ, ਸੋਚਣ ਵਾਲੀ ਗੱਲ ਹੈ। ਕਹਿਣ ਤੋਂ ਭਾਵ ਨੌਜਵਾਨਾਂ ਨੂੰ ਵਧੀਆ ਸ਼ਖ਼ਸੀਅਤ, ਚੰਗਾ ਨਾਗਰਿਕ ਬਣਾਉਣਾ ਹੈ ਤਾਂ ਉਨ੍ਹਾਂ ਦੀ ਉਂਗਲ ਫੜ ਕੇ ਉਨ੍ਹਾਂ ਨੂੰ ਸਮਾਜ ਵਿਚ ਰਹਿਣਾ, ਵਿਚਰਨਾ ਸਿਖਾਉਣਾ ਪਵੇਗਾ।
ਜਦੋਂ ਨੌਜਵਾਨਾਂ ਦੀ ਵੱਡੀ ਗਿਣਤੀ ਦੇਸ਼ ਛੱਡ ਕੇ ਵਿਦੇਸ਼ ਪਰਵਾਸ ਕਰ ਰਹੀ ਹੈ, ਉਹ ਵੀ ਉਥੋਂ ਦੀ ਨਾਗਰਿਕਤਾ ਲੈਣ ਲਈ, ਤਾਂ ਸਾਫ ਹੈ ਕਿ ਕੋਈ ਹੱਥ ਫੜਨ ਜਾਂ ਥਾਪੜਾ ਦੇਣ ਵਾਲਾ ਨਹੀਂ ਹੈ ਜੋ ਸਮਝਾ ਸਕੇ ਕਿ ਦੇਸ਼ ਵਿਚ ਸਭ ਕੁਝ ਹੈ। ਜਦੋਂ ਨੌਜਵਾਨਾਂ ਦੀ ਵੱਡੀ ਗਿਣਤੀ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ ਤਾਂ ਸਾਫ ਹੈ, ਕੋਈ ਉਨ੍ਹਾਂ ਦਾ ਰਾਹ ਦਸੇਰਾ ਨਹੀਂ ਜੋ ਦੱਸੇ-ਸਮਝਾਵੇ ਕਿ ਇਹ ਰਾਹ ਠੀਕ ਨਹੀਂ, ਨਸ਼ੇ ਕਿਸੇ ਭਟਕਾਉ ਜਾਂ ਬੇਚੈਨੀ ਦਾ ਹੱਲ ਨਹੀਂ, ਇਹ ਖੁਦ ਸਮੱਸਿਆ ਹਨ, ਇਹ ਤੁਹਾਡੀ ਉਮਰ ਦੀ ਲਿਆਕਤ, ਕਾਬਲੀਅਤ, ਸਮਰੱਥਾ ਦੇ ਹਾਣ ਦਾ ਨਹੀਂ। ਇਹੀ ਗੱਲ ਖੁਦਕਸ਼ੀ ਦੇ ਰਾਹ ਪਏ ਨੌਜਵਾਨਾਂ ਬਾਰੇ ਹੈ। ਇਕ ਵਾਰ ਫਿਰ ਇਹ ਗੱਲ ਦਰਜ ਕਰਨ ਦੀ ਲੋੜ ਹੈ ਕਿ ਦੇਸ਼ ਨੇ 1984 ਵਿਚ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਕੌਮੀ ਯੁਵਾ ਦਿਵਸ ਐਲਾਨਿਆ ਅਤੇ ਕੌਮੀ ਯੁਵਾ ਨੀਤੀ ਬਣਾਈ ਪਰ ਨੀਤੀ ਬਣਾਉਣ ਵੇਲੇ ਜਿਸ ਦੀ ਲੋੜ ਹੁੰਦੀ ਹੈ, ਸ਼ਾਇਦ ਉਹ ਨਹੀਂ ਸੀ। ਉਸ ਵੇਲੇ ਦੇਸ਼ ਅੰਦਰ ਨੌਜਵਾਨਾਂ ਨੂੰ ਲੈ ਕੇ ਚੱਲ ਰਹੇ ਪ੍ਰੋਗਰਾਮ ਐਮਐਸ, ਐਨਸੀਸੀ, ਸਕਾਊਟ ਤੇ ਗਾਇਡ, ਨਹਿਰੂ ਯੁਵਾ ਕੇਂਦਰ, ਵਿਦਿਆਰਥੀਆਂ ਲਈ ਵਜ਼ੀਫੇ ਆਦਿ ਨੂੰ ਨੀਤੀ ਦੇ ਖਰੜੇ ਵਿਚ ਸ਼ਾਮਲ ਕਰ ਲਿਆ। ਇਸ ਤੋਂ ਬਾਅਦ 2003 ਵਿਚ ਇਸ ਨੂੰ ਮੁੜ ਲਿਖਿਆ-ਸੋਧਿਆ ਗਿਆ ਤੇ ਨੌਜਵਾਨਾਂ ਦੀ 13 ਤੋਂ 35 ਸਾਲ ਦੀ ਉਮਰ ਨੂੰ ਥਾਂ ਮਿਲੀ। ਆਖਰੀ ਵਾਰ 2014 ਵਿਚ ਕੁਝ ਕੁ ਤਬਦੀਲੀਆਂ ਨਾਲ ਉਮਰ 15 ਤੋਂ 29 ਕੀਤੀ ਗਈ ਜੋ ਸਮਾਜ ਮਨੋਵਿਗਿਆਨ ਦੇ ਮਾਹਿਰਾਂ ਵਲੋਂ ਸਭ ਤੋਂ ਉਸਾਰੂ ਵਰ੍ਹੇ ਮੰਨੇ ਜਾਂਦੇ ਹਨ। ਜਿਵੇਂ ਹੁੰਦਾ ਹੈ, ਹਰ ਨੀਤੀ ਵਿਚ ਹੀ ਵਧੀਆ ਪ੍ਰਭਾਵਸ਼ਾਲੀ ਸ਼ਬਦ ਲਿਆਏ ਜਾਂਦੇ ਹਨ, ਭਾਵੇਂ ਉਨ੍ਹਾਂ ਸ਼ਬਦਾਂ ਵਿਚ ਰੂਹ ਵੀ ਭਰਨੀ ਹੁੰਦੀ ਹੈ। ਇਸ ਨੀਤੀ ਵਿਚ ਮੁੱਖ ਪਹਿਲੂ ਹਨ- ਸਿੱਖਿਆ, ਰੁਜ਼ਗਾਰ, ਉਦਯੋਗ ਉਦਮੀ, ਪਹਿਲ ਕਰਨ ਦੀ ਭਾਵਨਾ ਨੂੰ ਵਿਕਸਿਤ ਕਰਨਾ ਅਤੇ ਸਮਾਜਿਕ ਇਨਸਾਫ ਵਾਲਾ ਮਾਹੌਲ।ਇਹ ਨਹੀਂ ਕਿ ਨੌਜਵਾਨਾਂ ਨੂੰ ਕੁਝ ਹਾਸਲ ਕਰਨ ਲਈ ਨੀਤੀ ਦੀ ਹੀ ਲੋੜ ਹੁੰਦੀ ਹੈ।
ਸਾਡੇ ਕੋਲ ਇਤਿਹਾਸ ਵਿਚ ਅਨੇਕਾਂ ਅਜਿਹੇ ਉਦਾਹਰਨ ਹਨ ਜਿਨ੍ਹਾਂ ਨੇ ਬਿਨਾ ਕਿਸੇ ਵਿਸ਼ੇਸ਼ ਨੀਤੀ ਦੇ ਮੱਲਾਂ ਮਾਰੀਆਂ ਹਨ। ਉਨ੍ਹਾਂ ਵਿਚ ਪਰਿਵਾਰ ਤੇ ਸਮਾਜ ਦਾ ਸਹਿਯੋਗ ਰਿਹਾ ਹੈ ਅਤੇ ਜ਼ਿਆਦਾ ਉਨ੍ਹਾਂ ਨੌਜਵਾਨਾਂ ਦੀ ਆਪਣੀ ਹਿੰਮਤ ਰਹੀ ਹੈ। ਅੱਜ ਵੀ ਅਸੀਂ ਕਈ ਖੇਤਰਾਂ ਵਿਚ ਦੇਸ਼ ਦਾ ਨਾਂ ਚਮਕਾਉਣ ਵਾਲੇ ਨੌਜਵਾਨਾਂ ਬਾਰੇ ਸੁਣਦੇ ਹਾਂ ਤਾਂ ਉਹ ਉਨ੍ਹਾਂ ਦਾ ਨਿੱਜੀ ਉੱਦਮ ਵੱਧ ਹੁੰਦਾ ਹੈ, ਭਾਵੇਂ ਉਨ੍ਹਾਂ ਨੂੰ ਸਹੀ ਸਮੇਂ ‘ਤੇ ਯੋਗ ਰਾਹ ਦਸੇਰਾ, ਰੋਲ ਮਾਡਲ ਮਿਲਿਆ ਹੁੰਦਾ ਹੈ। ਸਮਾਜਿਕ ਮਾਹੌਲ ਉਸ ਵਿਚੋਂ ਕਾਬਲੀਅਤ ਦੀ ਨਿਸ਼ਾਨਦੇਹੀ ਕਰਦਾ ਹੈ। ਇਥੇ ਨਿਰਭਰ ਕਰਦਾ ਹੈ ਕਿ ਕਿਸ ਸ਼ਖ਼ਸੀਅਤ ਨੇ ਉਸ ਨੌਜਵਾਨ ਦੀ ਉਂਗਲ ਫੜ ਕੇ, ਖੁਦ ਨਾਲ ਲੈ ਕੇ, ਸਮਾਜ ਦੇ ਵਹਿਣ ਵਿਚ ਤੈਰਨਾ ਸਿਖਾਇਆ ਹੈ।
ਇਹ ਪੱਖ ਤਾਂ ਨੀਤੀ ਦਾ ਬਿਲਕੁਲ ਸਹੀ ਹੈ ਕਿ ਨੌਜਵਾਨ ਦੀਆਂ ਮੁੱਖ ਦੋ ਜ਼ਰੂਰਤਾਂ ਹਨ- ਸਿੱਖਿਆ ਅਤੇ ਰੁਜ਼ਗਾਰ। ਸਿੱਖਿਆ ਰੁਜ਼ਗਾਰ ਲਈ ਜ਼ਰੂਰੀ ਹੈ ਪਰ ਇਸ ਦਾ ਵੱਡਾ ਮਕਸਦ ਬੰਦੇ ਦੀ ਤੀਜੀ ਅੱਖ ਖੋਲ੍ਹਣਾ ਹੈ; ਦੁਨੀਆ ਨੂੰ ਵੱਖਰੀ, ਘੋਖਵੀਂ ਨਜ਼ਰ ਨਾਲ ਦੇਖਣਾ ਹੈ। ਹਰ ਵਰਤਾਰੇ ‘ਤੇ ਸਵਾਲ ਖੜ੍ਹੇ ਕਰਨਾ ਹੈ ਤੇ ਜਵਾਬ ਲੱਭਣੇ ਹਨ। ਮਨੁੱਖ ਜਾਤੀ ਨੇ ਆਪਣੀ ਹੋਂਦ ਤੋਂ ਅੱਜ ਤਕ ਜੋ ਵੀ ਵਿਕਾਸ ਕੀਤਾ ਹੈ, ਇਸੇ ਗੁਣ ਸਦਕਾ ਹੈ। ਇਸ ਲਈ ਪੜ੍ਹਾਈ ਨੂੰ ਨੀਤੀ ਵਿਚ ਥਾਂ ਦੇਣਾ ਹੀ ਕਾਫੀ ਨਹੀਂ ਹੈ, ਕੀ ਸਭ ਲਈ ਇਕਸਾਰ, ਬਰਾਬਰ ਮੌਕਿਆਂ ਵਾਲੀ ਪੜ੍ਹਾਈ ਦੇਸ਼ ਵਿਚ ਮੌਜੂਦ ਹੈ? ਪੜ੍ਹਾਈ ਹੋਵੇ ਤੇ ਫਿਰ ਉਸ ਮੁਤਾਬਕ ਕੰਮ-ਰੁਜ਼ਗਾਰ ਵੀ ਮਿਲੇ। ਖਾਲੀ ਹੱਥਾਂ ਅਤੇ ਵਿਹਲੇ ਦਿਮਾਗ ਨੂੰ ਪੜ੍ਹਾਈ ਸਗੋਂ ਵੱਧ ਪਰੇਸ਼ਾਨ ਕਰਦੀ ਹੈ। ਸਮਾਜ ਵਿਚ ਜਦੋਂ ਬਰਾਬਰੀ ਨਾ ਹੋਵੇ ਤਾਂ ਸਮਾਜਿਕ ਇਨਸਾਫ ਵਾਲੇ ਮਾਹੌਲ ਦੀ ਮੱਦ ਵੀ ਖਿਝ ਚੜ੍ਹਾਉਂਦੀ ਹੈ। ਇਸ ਉਮਰ ਦੀ ਜ਼ਰੂਰਤ ਪੜ੍ਹਾਈ ਹੈ ਪਰ ਜ਼ਿੰਦਗੀ ਜਿਊਣ ਲਈ ਮਾਨਸਿਕ ਪੱਖ ਤੋਂ ਆਤਮ-ਵਿਸ਼ਵਾਸ ਅਤੇ ਸਮਾਜਿਕ ਰਿਸ਼ਤੇ ਬਣਾ ਕੇ ਰੱਖਣ ਦੀ ਮੁਹਾਰਤ ਵੀ ਸਿਖਲਾਈ ਦੇ ਹੋਰ ਪਹਿਲੂ ਹਨ ਜੋ ਕਿਸੇ ਸਮੇਂ ਪਰਿਵਾਰ ਅਤੇ ਅਧਿਆਪਕ ਮੁਹੱਈਆ ਕਰਵਾ ਦਿੰਦੇ ਸੀ ਪਰ ਅੱਜ ਬਦਲੇ ਹੋਏ ਮਾਹੌਲ ਵਿਚ ਕੌਮਾਂਤਰੀ ਕਿਸਮ ਦੀ ਪੜ੍ਹਾਈ ਅਤੇ ਕੰਮਾਂ ਤਹਿਤ ਵਿਦਿਆ ਜਦੋਂ ਇੰਨੀ ਮਹਿੰਗੀ ਹੋ ਗਈ ਹੈ ਤੇ ਨੈਤਿਕ ਮੁੱਲਾਂ ਤੋਂ ਵਿਹੂਣੀ ਵੀ ਹੈ ਤਾਂ ਨੌਜਵਾਨਾਂ ਦੀ ਭਟਕਣ ਸਗੋਂ ਹੋਰ ਵਧ ਗਈ ਹੈ। ਸਾਡੀ ਮਨਸ਼ਾ ਨੌਜਵਾਨਾਂ ਹੱਥ ਭੱਵਿਖ ਸੌਂਪਣ ਦੀ ਰਹਿੰਦੀ ਹੈ। ਉਨ੍ਹਾਂ ਦੇ ਮੋਢਿਆਂ ‘ਤੇ ਜ਼ਿੰਮੇਵਾਰੀ ਪਾਉਣ ਦੀ ਗੱਲ ਚੱਲਦੀ ਹੈ। ਇਸ ਜ਼ਿੰਮੇਵਾਰੀ ਲਈ ਜਿਸ ਮੁਹਾਰਤ ਦੀ ਲੋੜ ਹੁੰਦੀ ਹੈ, ਉਹ ਹੈ ਆਗੂ ਬਣਨ ਦੀ, ਫੈਸਲੇ ਕਰਨ ਦੀ। ਅਸੀਂ ਵਿਦਿਆਰਥੀ ਜੀਵਨ ਵਿਚ ਵਿਦਿਆਰਥੀ ਜਥੇਬੰਦੀਆਂ ਦੀਆਂ ਵੋਟਾਂ ਵੀ ਕਰਵਾਉਂਦੇ ਹਾਂ ਤੇ ਨੌਜਵਾਨਾਂ ਵਿਚ ਅੱਗੇ ਹੋ ਕੇ ਗੱਲ ਕਰਨ ਵਾਲੇ ਨੌਜਵਾਨਾਂ ਦੀ ਨਿਸ਼ਾਨਦੇਹੀ ਵੀ ਕਰਦੇ ਹਾਂ ਪਰ ਜੋ ਆਗੂ ਹੋਣ ਦੀਆਂ ਖਾਸੀਅਤਾਂ ਸਾਡੀ ਮਨੋਵਿਗਿਆਨਕ ਸਮਝ ਵਿਚ ਪਈਆਂ ਹਨ, ਉਸ ਨੂੰ ਤਰੀਕੇ ਨਾਲ ਇਸਤੇਮਾਲ ਕਰਨ ਦੀ ਲੋੜ ਹੈ। ਅਜੋਕੀ ਸਥਿਤੀ ਵਿਚ ਸਵੈ-ਵਿਗਿਆਨ ਅਤੇ ਸਮਾਜਿਕ ਮੁਹਾਰਤਾਂ ਦੇ ਵਿਸ਼ੇ ਵਿਕਸਿਤ ਹੋਏ ਹਨ। ਉਹ ਨੌਜਵਾਨੀ ਦੀ ਰਵਾਇਤੀ ਤਸਵੀਰ, ਹੋਸ਼ ਤੇ ਜੋਸ਼ ਦੇ ਸਹੀ ਸੰਤੁਲਨ ਦੇ ਮੱਦੇਨਜ਼ਰ ਤਿਆਰ ਕੀਤੇ ਗਏ ਹਨ। ਇਹ ਸਭ ਸਮਾਜਿਕ ਵਿਵਸਥਾ ਵਿਚ ਹੀ ਤਿਆਰ ਹੁੰਦਾ ਹੈ।
ਪਹਿਲਾਂ ਮਾਪੇ ਅਤੇ ਸਿਆਣੇ ਲੋਕ ਜੀਵਨ ਜੁਗਤਾਂ ਦਿੰਦੇ ਰਹੇ ਹਨ ਭਾਵੇਂ ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦੀ ਗੱਲ ਵੀ ਹੁੰਦੀ ਹੈ ਪਰ ਸੱਤਾ ਨੂੰ ਤਾਂ ਭੀੜ ਅਤੇ ਭੜਕਾਊ ਲੋਕਾਂ ਦੀ ਲੋੜ ਹੁੰਦੀ ਹੈ। ਨੌਜਵਾਨੀ ਕੋਲ ਇਹ ਪੱਖ ਵੀ ਹੁੰਦਾ ਹੈ ਤੇ ਉਨ੍ਹਾਂ ਦਾ ਇਸਤੇਮਾਲ ਹੁੰਦਾ ਵੀ ਅਸੀਂ ਦੇਖਦੇ ਹਾਂ ਪਰ ਉਹ ਸਿਆਸੀ ਨਜ਼ਰੀਆ ਹੈ; ਨਜ਼ਰੀਏ ਤੋਂ ਵੀ ਉਹ ਉਨ੍ਹਾਂ ਦੀ ਆਪਣੀ ਲੋੜ ਵਿਚੋਂ ਪੈਦਾ ਹੋਇਆ ਵਤੀਰਾ ਹੈ। ਲੋੜ ਹੈ ਸਮਾਜ ਮਨੋਵਿਗਿਆਨ ਦੀਆਂ ਲੀਹਾਂ ‘ਤੇ ਤਿਆਰ ਕੀਤੇ ਸਿਖਲਾਈ ਕੇਂਦਰਾਂ ਜਾਂ ਸਕੂਲ ਕਾਲਜਾਂ ਰਾਹੀਂ ਕਿਸੇ ਵਿਧੀਵਤ ਸਿਲੇਬਸ ਜਾਂ ਸਿਲੇਬਸ ਨਾਲ ਸਹਾਇਕ ਗਤੀਵਿਧੀਆਂ ਦੀ। ਯੁਵਾ ਨੀਤੀ ਦੇ ਨਾਂ ‘ਤੇ ਦਸਤਾਵੇਜ਼ ਜ਼ਰੂਰ ਹੈ ਪਰ ਇਸ ਵਿਚ ਹੋਰ ਬਰੀਕੀ ਨਾਲ, ਇਸ ਦੀਆਂ ਸੂਖਮ ਤੰਦਾਂ ਨੂੰ ਵਿਚਾਰਨ ਦੀ ਲੋੜ ਹੈ ਤੇ ਹਰ ਪੱਧਰ ‘ਤੇ ਲਾਗੂ ਕਰਨ ਲਈ ਨੀਤੀ ਦੇ ਨਾਲ ਨੀਅਤ ਨੂੰ ਵੀ ਭਰਵੀਂ ਥਾਂ ਦੇਣ ਦੀ ਲੋੜ ਹੈ।
ੲੲੲ

Check Also

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ …