
ਚੰਡੀਗੜ੍ਹ/ਬਿਊਰੋ ਨਿਊਜ਼
ਅੰਗਹੀਣਾਂ ਲਈ ਖੇਡ ਪ੍ਰਤਿਭਾ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਹੈ, ਸਗੋਂ ਜਦੋਂ ਇਸਦੇ ਨਾਲ ਦਿ੍ਰੜ ਇਰਾਦਾ ਅਤੇ ਸਹੀ ਮੌਕੇ ਜੁੜ ਜਾਂਦੇ ਹਨ ਤਾਂ ਇਹ ਸ਼ਾਨਦਾਰ ਸਫਲਤਾ ਦਾ ਰਾਹ ਪੱਧਰਾ ਕਰ ਸਕਦੀ ਹੈ। ਇਸੇ ਵਿਚਾਰਧਾਰਾ ’ਤੇ ਅਮਲ ਕਰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਬਠਿੰਡਾ ਤੋਂ ਸ਼ੁਰੂੁਆਤ ਕਰਦੇ ਹੋਏ, ਵੀਲ ਚੇਅਰ ਕ੍ਰਿਕਟ ਦੇ ਵਿਕਾਸ ਲਈ ਇਕ ਇਤਿਹਾਸਕ ਕਦਮ ਚੁੱਕਿਆ ਹੈ। ਪੰਜਾਬ ਅਤੇ ਚੰਡੀਗੜ੍ਹ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਇਕ ਦੋਸਤਾਨਾ ਮੈਚ ਦੌਰਾਨ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਖੇਡ ਵਿਚ ਪੰਜਾਬ ਦੀ ਟੀਮ ਜੇਤੂ ਰਹੀ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਇਸੇ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੰਡੀਗੜ੍ਹ ਦੀ ਟੀਮ ਨੇ 5 ਵਿਕਟਾਂ ਗੁਆ ਕੇ 111 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਟੀਮ ਨੇ 3 ਵਿਕਟਾਂ ਗੁਆ ਕੇ 112 ਦੌੜਾਂ ਬਣਾ ਲਈਆਂ। ਇਸੇ ਦੌਰਾਨ 10 ਦੌੜਾਂ ਦੀ ਪੈਨਲਟੀ ਲੱਗਣ ਦੇ ਬਾਵਜੂਦ ਵੀ ਪੰਜਾਬ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਖੇਡ ਸਮਾਗਮ ਦਾ ਮੁੱਖ ਆਕਰਸ਼ਣ ਪੀਸੀਏ ਦੇ ਪ੍ਰਧਾਨ ਅਮਰਜੀਤ ਮਹਿਤਾ ਵਲੋਂ ਪੰਜਾਬ ਅਤੇ ਚੰਡੀਗੜ੍ਹ ਦੀਆਂ ਟੀਮਾਂ ਨੂੰ 10-10 ਵਿਸ਼ੇਸ਼ ਵੀਲ ਚੇਅਰਾਂ ਮੁਹੱਈਆ ਕਰਵਾਉਣ ਦੀ ਪਹਿਲ ਸੀ। ਉਨ੍ਹਾਂ ਨੇ ਖਿਡਾਰੀਆਂ ਲਈ ਬਿਹਤਰ ਕ੍ਰਿਕਟ ਕਿੱਟਾਂ, ਆਧੁਨਿਕ ਖੇਡ ਸਾਜ਼ੋ-ਸਮਾਨ ਅਤੇ ਸਮਰਪਿਤ ਕੋਚਾਂ ਦਾ ਪ੍ਰਬੰਧ ਕਰਨ ਦਾ ਵੀ ਐਲਾਨ ਕੀਤਾ। ਅਮਰਜੀਤ ਮਹਿਤਾ ਦਾ ਕਹਿਣਾ ਸੀ ਕਿ ਪੀਸੀਏ ਦਾ ਉਦੇਸ਼ ਸਿਰਫ ਵੀਲ ਚੇਅਰ ਕ੍ਰਿਕਟ ਨੂੰ ਉਤਸ਼ਾਹਿਤ ਕਰਨਾ ਨਹੀਂ, ਸਗੋਂ ਇਸ ਨੂੰ ਇਕ ਸੰਗਠਿਤ ਅਤੇ ਮੁਕਾਬਲੇਬਾਜ਼ ਖੇਡ ਵਜੋਂ ਸਥਾਪਤ ਕਰਨਾ ਹੈ।
ਚੰਡੀਗੜ੍ਹ ਅਤੇ ਪੰਜਾਬ ਲਈ ਵੀਲ ਚੇਅਰ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰੂਪੇਸ਼ ਕੁਮਾਰ ਨੇ ਪੀਸੀਏ ਦੇ ਪ੍ਰਧਾਨ ਅਮਰਜੀਤ ਮਹਿਤਾ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਵੀਲ ਚੇਅਰ ਕ੍ਰਿਕਟ ਨਾਲ ਜੁੜੇ ਖਿਡਾਰੀ ਪਿਛਲੇ 8 ਤੋਂ 10 ਸਾਲਾਂ ਤੋਂ ਲਗਾਤਾਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ, ਪਰ ਢੁੱਕਵੇਂ ਸਾਧਨਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕਈ ਵਾਰ ਤਾਂ ਖਿਡਾਰੀਆਂ ਨੂੰ ਸਿਰਫ ਚਾਰ ਜਾਂ ਪੰਜ ਵੀਲ ਚੇਅਰਾਂ ਦੇ ਸਹਾਰੇ ਹੀ ਮੈਚ ਕਰਵਾਉਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ’ਤੇ ਵੀਲ ਚੇਅਰ ਕ੍ਰਿਕਟ ਐਸੋਸੀਏਸ਼ਨ, ਚੰਡੀਗੜ੍ਹ ਦੇ ਨੁਮਾਇੰਦੇ ਜਿਨ੍ਹਾਂ ਵਿਚ ਪ੍ਰਧਾਨ ਡਾ. ਰੁਪੇਸ਼ ਕੁਮਾਰ ਸਿੰਘ, ਉਪ ਪ੍ਰਧਾਨ ਦੀਪਕ ਸ਼ਰਮਾ, ਜਨਰਲ ਸਕੱਤਰ ਕਮਲਜੀਤ ਸਿੰਘ, ਖੇਡ ਸਕੱਤਰ ਗੌਤਮ ਸ਼ਰਮਾ, ਐਡਵੋਕੇਟ ਸੰਜੀਵ ਸ਼ਰਮਾ ਅਤੇ ਪ੍ਰੈਸ ਸਕੱਤਰ ਸੁਰਿੰਦਰ ਗੋਇਲ ਹਾਜ਼ਰ ਸਨ।

