ਇਕ ਪੁਲਿਸ ਕਰਮਚਾਰੀ ਦੀ ਵੀ ਗਈ ਜਾਨ
ਜੰਮੂ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਡੇਸਾ ਜੰਗਲ ਦੇ ਧਾਰੀ ਗੋਟੇ ਉਤਾਰਬਾਗੀ ਵਿਚ ਦਹਿਸ਼ਤਗਰਦਾਂ ਦੇ ਹਮਲੇ ਕਾਰਨ ਫੌਜ ਦੇ ਕੈਪਟਨ ਸਣੇ ਚਾਰ ਜਵਾਨ ਸ਼ਹੀਦ ਹੋ ਗਏ। ਇਸ ਤੋਂ ਇਲਾਵਾ ਇਕ ਪੁਲਿਸ ਕਰਮੀ ਦੀ ਵੀ ਜਾਨ ਚਲੇ ਗਈ ਹੈ। ਰਾਸ਼ਟਰੀ ਰਾਈਫਲਜ਼ ਤੇ ਪੁਲਿਸ ਵੱਲੋਂ ਇਥੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਇਸ ਦੌਰਾਨ ਦਹਿਸ਼ਤਗਰਦ ਗੋਲੀਬਾਰੀ ਕਰਦੇ ਹੋਏ ਫਰਾਰ ਹੋ ਗਏ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਫੌਜ ਦੇ ਜਵਾਨਾਂ ਵੱਲ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਜਵਾਨਾਂ ਨੇ ਜਵਾਬੀ ਕਾਰਵਾਈ ਵੀ ਕੀਤੀ। ਉਨ੍ਹਾਂ ਦੱਸਿਆ ਕਿ ਫਰਾਰ ਹੋਏ ਦਹਿਸ਼ਤਗਰਦਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਹੈ। ਜ਼ਿਕਰਯੋਗ ਹੈ ਕਿ ਜੰਮੂ ਡਵੀਜ਼ਨ ਦੇ ਡੋਡਾ ਵਿਚ 34 ਦਿਨਾਂ ਵਿਚ ਇਹ 5ਵੀਂ ਅਜਿਹੀ ਘਟਨਾ ਹੈ। ਇਸੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਦੇ ਮੁਖੀ ਨਾਲ ਗੱਲਬਾਤ ਕੀਤੀ ਹੈ ਅਤੇ ਫੌਜ ਮੁਖੀ ਵਲੋਂ ਰੱਖਿਆ ਮੰਤਰੀ ਨੂੰ ਜ਼ਮੀਨੀ ਸਥਿਤੀ ਅਤੇ ਜੰਮੂ ਕਸ਼ਮੀਰ ਦੇ ਡੋਡਾ ਵਿਚ ਚੱਲ ਰਹੇ ਸਰਚ ਅਪਰੇਸ਼ਨ ਸਬੰਧੀ ਜਾਣੂ ਵੀ ਕਰਵਾਇਆ ਗਿਆ ਹੈ। ਰਾਜਨਾਥ ਸਿੰਘ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।