ਕਿਹਾ : ਸ਼ੰਭੂ ਬਾਰਡਰ ਖੁੱਲ੍ਹਦਿਆਂ ਹੀ ਦਿੱਲੀ ਵੱਲ ਕਰਾਂਗੇ ਕੂਚ
ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਜਥੇਬੰਦੀਆਂ ਵੱਲੋਂ ਅੱਜ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਸਬੰਧੀ ਐਲਾਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਕੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਾਈਕੋਰਟ ਵੱਲੋਂ ਸ਼ੰਭੂ ਬਾਰਡਰ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਰਾਹ ਖੁੱਲ੍ਹਦਿਆਂ ਹੀ ਅਸੀਂ ਆਪਣਾ ਸਮਾਨ ਇਕੱਠਾ ਕਰਕੇ ਦਿੱਲੀ ਵੱਲ ਕੂਚ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਕੋਈ ਰਸਤਾ ਨਹੀਂ ਰੋਕਿਆ ਬਲਕਿ ਸ਼ੰਭੂ ਅਤੇ ਖਨੌਰੀ ਬਾਰਡਰ ਤਾਂ ਸਾਡੇ ਆਉਣ ਤੋਂ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਤਾਂ ਦਿੱਲੀ ਕੂਚ ਲਈ ਨਿਕਲੇ ਸੀ ਨਾ ਕਿ ਰਸਤਾ ਰੋਕਣ ਲਈ, ਰਸਤਾ ਤਾਂ ਹਰਿਆਣਾ ਸਰਕਾਰ ਵੱਲੋਂ ਰੋਕਿਆ ਗਿਆ ਹੈ ਜਦਕਿ ਬਦਨਾਮ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਦੀਪ ਜਲਵੇੜਾ ਦੀ ਰਿਹਾਈ ਲਈ ਵੀ ਯਤਨ ਜਾਰੀ ਰਹਿਣਗੇ ਅਤੇ ਨਵਦੀਪ ਦੀ ਰਿਹਾਈ ਲਈ 17-18 ਜੁਲਾਈ ਨੂੰ ਧਰਨਾ ਦਿੱਤਾ ਜਾਵੇਗਾ। ਉਧਰ ਸ਼ੰਭੂ ਬਾਰਡਰ ’ਤੇ ਲੱਗੀ 8 ਲੇਅਰ ਬੈਰੀਕੇਡ ਫਿਲਹਾਲ ਨਹੀਂ ਹਟੇਗੀ। ਹਰਿਆਣਾ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਦਕਿ ਲੰਘੀ 10 ਜੁਲਾਈ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ 7 ਦਿਨਾਂ ਅੰਦਰ ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦਿੱਤੇ ਸਨ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …