Breaking News
Home / ਪੰਜਾਬ / ਬੁੱਢੇ ਦਰਿਆ ਦੀ ਪੁਰਾਣੀ ਦਿੱਖ ਬਹਾਲ ਕਰਾਂਗੇ: ਭਗਵੰਤ ਮਾਨ

ਬੁੱਢੇ ਦਰਿਆ ਦੀ ਪੁਰਾਣੀ ਦਿੱਖ ਬਹਾਲ ਕਰਾਂਗੇ: ਭਗਵੰਤ ਮਾਨ

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਸੂਬੇ ਦੇ ਸਭ ਤੋਂ ਵੱਡੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ
ਲੁਧਿਆਣਾ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿਚ ਬੁੱਢੇ ਨਾਲੇ ਦੀ ਸਫ਼ਾਈ ਲਈ ਸ਼ਹਿਰ ਦੇ ਹਲਕਾ ਪੂਰਬੀ ਵਿੱਚ 315.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਸੂਬੇ ਦੇ ਸਭ ਤੋਂ ਵੱਡੇ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਸਣੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਲੁਧਿਆਣਾ ਵਾਸੀਆਂ ਨਾਲ ਵਾਅਦਾ ਕੀਤਾ ਕਿ ਉਹ ਛੇਤੀ ਹੀ ਬੁੱਢੇ ਨਾਲੇ ਨੂੰ ਮੁੜ ਬੁੱਢਾ ਦਰਿਆ ਬਣਾਉਣਗੇ, ਜਿਸ ਨਾਲ ਲੋਕਾਂ ਨੂੰ ਦੂਸ਼ਿਤ ਪਾਣੀ ਤੇ ਗੰਭੀਰ ਬਿਮਾਰੀਆਂ ਤੋਂ ਰਾਹਤ ਮਿਲੇਗੀ।
ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਪ੍ਰਦੂਸ਼ਿਤ ਹੋ ਚੁੱਕੇ ਬੁੱਢੇ ਨਾਲੇ ‘ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਦੂਸ਼ਿਤ ਹੋ ਚੁੱਕਾ ਇਹ ਨਾਲਾ ਪਿਛਲੀਆਂ ਸਰਕਾਰਾਂ ਦੀ ਲਾਪ੍ਰਵਾਹੀ ਦਾ ਨਤੀਜਾ ਹੈ ਜਿਸ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ 225 ਐੱਮ.ਐੱਲ.ਡੀ. ਦੀ ਸਮਰੱਥਾ ਵਾਲਾ ਨਵਾਂ ਸੀਵਰੇਜ ਟਰੀਟਮੈਂਟ ਪਲਾਂਟ ਸ਼ਹਿਰ ਵਿੱਚ ਬੁੱਢੇ ਨਾਲੇ ਦੀ ਸਫਾਈ ‘ਚ ਲਾਹੇਵੰਦ ਸਾਬਤ ਹੋਵੇਗਾ। ਇਸ ਨਾਲੇ ਦਾ 14 ਕਿਲੋਮੀਟਰ ਹਿੱਸਾ ਸ਼ਹਿਰ ‘ਚੋਂ ਲੰਘਦਾ ਹੈ, ਜਿਸ ਦੀ ਮੁਕੰਮਲ ਸਫਾਈ ਲਈ ਵਿਸਥਾਰਤ ਯੋਜਨਾ ਉਲੀਕੀ ਗਈ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਹੋਰਨਾਂ ਪ੍ਰਾਜੈਕਟ ‘ਤੇ ਅਮਰੁਤ ਤੇ ਸਮਾਰਟ ਸਿਟੀ ਯੋਜਨਾ ਤਹਿਤ 650 ਕਰੋੜ ਖਰਚੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ‘ਤੇ 392 ਕਰੋੜ ਰੁਪਏ ਸੂਬਾ ਸਰਕਾਰ ਖਰਚ ਰਹੀ ਹੈ ਜਦਕਿ 258 ਕਰੋੜ ਰੁਪਏ ਭਾਰਤ ਸਰਕਾਰ ਵੱਲੋਂ ਮੈਚਿੰਗ ਗਰਾਂਟ ਵਜੋਂ ਦਿੱਤੇ ਜਾ ਰਹੇ ਹਨ। ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਨਹਿਰ ਦੀ ਉਸਾਰੀ ਦੀ ਸਖ਼ਤ ਮੁਖਾਲਫ਼ਤ ਕੀਤੀ ਹੈ ਅਤੇ ਕੇਂਦਰ ਨੂੰ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ।
ਮੁੱਖ ਮੰਤਰੀ ਵੱਲੋਂ ਗੁਰਮੁਖੀ ਲਿਪੀ ਵਿੱਚ ਲਿਖੀ ਘੜੀ ਜਾਰੀ
ਕੌਮਾਂਤਰੀ ਮਾਂ ਬੋਲੀ ਦਿਵਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ‘ਚ ਵਿਸ਼ੇਸ਼ ਤੌਰ ‘ਤੇ ਤਿਆਰ ਇਕ ਘੜੀ ਜਾਰੀ ਕੀਤੀ ਹੈ, ਜੋ ਕਿ ਗੁਰਮੁਖੀ ਲਿਪੀ ਵਿੱਚ ਲਿਖੀ ਗਈ ਹੈ। ਇਹ ਘੜੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਆਪਣੀ ਟੀਮ ਨਾਲ ਮਿਲ ਕੇ ਤਿਆਰ ਕੀਤੀ ਹੈ, ਜਿਸ ਵਿੱਚ ਪੰਜਾਬੀ ਵਰਨਮਾਲਾ ਦੇ 35 ਅੱਖਰ ਹਨ ਤੇ ਇਸੇ ਦੇ ਹੇਠ ‘ਮਾਂ ਬੋਲੀ ਸਾਡਾ ਮਾਣ’ ਸਲੋਗਨ ਲਿਖਿਆ ਗਿਆ ਹੈ।

Check Also

ਚੰਡੀਗੜ੍ਹ ਗਰਨੇਡ ਹਮਲੇ ਦਾ ਪੰਜ ਲੱਖ ਰੁਪਏ ’ਚ ਹੋਇਆ ਸੀ ਸੌਦਾ

ਬਲਾਸਟ ਤੋਂ ਬਾਅਦ ਜੰਮੂ ਭੱਜਣ ਵਾਲੇ ਸਨ ਹਮਲਾਵਰ, ਪਾਕਿਸਤਾਨ ਆਏ ਸਨ ਹਥਿਆਰ ਚੰਡੀਗੜ੍ਹ/ਬਿਊਰੋ ਨਿਊਜ਼ : …