ਕਾਂਗਰਸ ਨੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ 8 ਨਵੰਬਰ 2016 ਨੂੰ ਨੋਟਬੰਦੀ ਹੋਈ ਸੀ ਅਤੇ ਇਸ ਨੂੰ ਹੁਣ 6 ਸਾਲ ਹੋ ਚੁੱਕੇ ਹਨ। ਇਸਦੇ ਚੱਲਦਿਆਂ ਵਿਰੋਧੀ ਪਾਰਟੀਆਂ ਨੇ ਨਰਿੰਦਰ ਮੋਦੀ ਸਰਕਾਰ ਵੱਲੋਂ ਲਏ ਇਸ ਫੈਸਲੇ ਨੂੰ ‘ਆਰਥਿਕ ਨਸਲਕੁਸ਼ੀ’, ‘ਅਪਰਾਧਿਕ ਕਾਰਵਾਈ’ ਤੇ ‘ਸੰਗਠਿਤ ਲੁੱਟ’ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ 1000 ਰੁਪਏ ਤੇ 500 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦੋਂ ਦਾਅਵਾ ਕੀਤਾ ਸੀ ਕਿ ਨੋਟਬੰਦੀ ਦਾ ਮੁੱਖ ਮੰਤਵ ਡਿਜੀਟਲ ਅਦਾਇਗੀ ਦਾ ਪ੍ਰਚਾਰ ਪਾਸਾਰ ਤੇ ਕਾਲੇ ਧਨ ਨੂੰ ਨੱਥ ਪਾਉਣ ਤੋਂ ਇਲਾਵਾ ਦਹਿਸ਼ਤੀ ਫੰਡਿੰਗ ਨੂੰ ਖ਼ਤਮ ਕਰਨਾ ਹੈ। ਕਾਂਗਰਸ ਨੇ ਨੋਟਬੰਦੀ ਨੂੰ ਆਜ਼ਾਦ ਭਾਰਤ ਦੀ ‘ਸਭ ਤੋਂ ਵੱਡੀ ਗਿਣੀ ਮਿੱਥੀ ਲੁੱਟ’ ਕਰਾਰ ਦਿੰਦਿਆਂ ਮੋਦੀ ਸਰਕਾਰ ਵੱਲੋਂ ਵ੍ਹਾਈਟ ਪੇਪਰ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਕ ਟਵੀਟ ਵਿੱਚ ਕਿਹਾ, ”6 ਸਾਲਾਂ ਦੀ ‘ਸੰਗਠਿਤ ਲੁੱਟ ਤੇ ਕਾਨੂੰਨੀ ਲੁੱਟ’। ਉਨ੍ਹਾਂ 150 ਲੋਕਾਂ ਨੂੰ ਸ਼ਰਧਾਂਜਲੀ ਜਿਨ੍ਹਾਂ ਨੋਟਬੰਦੀ ਦੀ ਆਫ਼ਤ ਕਰਕੇ ਆਪਣੀਆਂ ਜਾਨਾਂ ਗੁਆਈਆਂ। ਹੁਣ ਜਦੋਂ ਅਸੀਂ ਇਸ ਸ਼ਾਹਕਾਰ ਗ਼ਲਤੀ ਦੀ 6ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਇਸ ਗ਼ਲਤ ਫੈਸਲੇ ਬਾਰੇ ਯਾਦ ਕਰਵਾਉਣਾ ਜ਼ਰੂਰੀ ਹੈ, ਜੋ ਉਨ੍ਹਾਂ ਦੇਸ਼ ‘ਤੇ ਥੋਪਿਆ।” ਖੜਗੇ ਨੇ ਮੋਦੀ ਸਰਕਾਰ ਦੇ ਫੈਸਲੇ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਦੇਸ਼ ਨੂੰ ਕਾਲੇ ਧਨ ਤੋਂ ਮੁਕਤ ਕਰਨ ਲਈ ਹੀ ਨੋਟਬੰਦੀ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਟਵੀਟ ਕੀਤਾ, ”ਪਰ ਇਸ ਨੇ ਕਾਰੋਬਾਰ ਤੇ ਰੁਜ਼ਗਾਰ ਤਬਾਹ ਕਰ ਦਿੱਤੇ।
‘ਮਾਸਟਰ ਸਟਰੋਕ’ ਦੇ ਛੇ ਸਾਲਾਂ ਬਾਅਦ ਲੋਕਾਂ ਕੋਲ 2016 ਦੇ ਮੁਕਾਬਲੇ 72 ਫੀਸਦ ਵੱਧ ਨਗ਼ਦੀ ਉਪਲੱਬਧ ਹੈ। ਪ੍ਰਧਾਨ ਮੰਤਰੀ ਅਜੇ ਵੀ ਮੰਨਣ ਲਈ ਤਿਆਰ ਨਹੀਂ ਹਨ ਕਿ ਇਸ ਸ਼ਾਹਕਾਰ ਗ਼ਲਤੀ ਕਰਕੇ ਅਰਥਚਾਰੇ ਦਾ ਭੱਠਾ ਬੈਠਿਆ।”
ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਆਸੀ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਇਹ ‘ਪੇਅਪੀਐੱਮ’ ਵੱਲੋਂ ਕੀਤੀ ਗਈ ਸੋਚੀ ਸਮਝੀ ਪੇਸ਼ਕਦਮੀ ਸੀ ਤਾਂ ਕਿ ਉਨ੍ਹਾਂ ਦੇ ਦੋ-ਤਿੰਨ ਅਰਬਪਤੀ ਦੋਸਤਾਂ ਦੀ ਭਾਰਤੀ ਅਰਥਚਾਰੇ ‘ਤੇ ਅਜਾਰੇਦਾਰੀ ਯਕੀਨੀ ਬਣ ਸਕੇ। ਤ੍ਰਿਣਮੂਲ ਕਾਂਗਰਸ ਦੇ ਤਰਜਮਾਨ ਤੇ ਰਾਜ ਸਭਾ ਵਿੱਚ ਪਾਰਟੀ ਦੇ ਆਗੂ ਡੈਰੇਕ ਓਬ੍ਰਾਇਨ ਨੇ ਕਿਹਾ ਕਿ ਨੋਟਬੰਦੀ ਦਾ ਫੈਸਲਾ ‘ਢਕਵੰਜ’ ਸੀ।
ਉਨ੍ਹਾਂ ਟਵੀਟ ਕੀਤਾ, ”6 ਸਾਲ ਪਹਿਲਾਂ ਕੀਤਾ ਢਕਵੰਜ ਆਰਥਿਕ ਨਸਲਕੁਸ਼ੀ ਸਾਬਤ ਹੋਇਆ। 2017 ਵਿੱਚ ਆਪਣੀ ਕਿਤਾਬ ‘ਚ ਮੈਂ ਇਸ ਬਾਰੇ ਲਿਖਿਆ ਸੀ।” ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕੀਤਾ, ”ਮੋਦੀ ਤੇ ਉਨ੍ਹਾਂ ਦੀ ਸਰਕਾਰ ਦੇ ਹੰਕਾਰ ਦੀ 6ਵੀਂ ਵਰ੍ਹੇਗੰਢ ਨੇ ਭਾਰਤੀ ਅਰਥਚਾਰੇ ਦੀ ਜਾਨ ਕੱਢ ਛੱਡੀ ਹੈ।
Check Also
ਵਿਦੇਸ਼ ਮੰਤਰ ਜੈਸ਼ੰਕਰ ਭਾਰਤ-ਜੀਸੀਸੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਸਾਊਦੀ ਅਰਬ ਪਹੁੰਚੇ
ਸਾਊੁਦੀ ਅਰਬ ਮੰਤਰੀ ਅਬਦੁਲਮਜੀਦ ਅਲ ਨਾਲ ਕੀਤੀ ਗੱਲਬਾਤ ਰਿਆਧ/ਬਿਊਰੋ ਨਿਊਜ਼ : ਭਾਰਤੀ ਵਿਦੇਸ਼ ਮੰਤਰੀ ਐੇੱਸ. …