ਪ੍ਰਤਿਭਾ ਸਿੰਘ ਦੇ ਧੜੇ ਨੂੰ ਦਿੱਤਾ ਜਾ ਸਕਦਾ ਡਿਪਟੀ ਸੀਐਮ ਦਾ ਅਹੁਦਾ
ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਦੇ ਅਹੁਦੇ ਲਈ ਸੁਖਵਿੰਦਰ ਸੁੱਖੂ ਦਾ ਨਾਮ ਲਭਗਭ ਤਹਿ ਹੋ ਗਿਆ ਹੈ। ਹਿਮਾਚਲ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਦੇ ਮੁਕਾਬਲੇ ’ਚ ਸੁੱਖੂ ਮੁੱਖ ਮੰਤਰੀ ਦੀ ਦੌੜ ਵਿਚ ਸਭ ਅੱਗੇ ਹਨ। ਕਾਂਗਰਸ ਹਾਈ ਕਮਾਂਡ ਦੇ ਵੀ ਉਨ੍ਹਾਂ ਦੇ ਨਾਮ ’ਤੇ ਰਾਜੀ ਹੋਣ ਦੀ ਚਰਚਾ ਤੋਂ ਬਾਅਦ ਸੁੱਖੂ ਦਾ ਮੁੱਖ ਮੰਤਰੀ ਬਣਨਾ ਲਗਭਗ ਤਹਿ ਮੰਨਿਆ ਜਾ ਰਿਹਾ ਹੈ। ਇਸ ਦਾ ਪਤਾ ਚਲਦਿਆਂ ਹੀ ਸੀਆਈਡੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਪ੍ਰੋਟੋਕਾਲ ਦੇ ਅਧੀਨ ਲੈ ਲਿਆ ਅਤੇ ਪੁਲਿਸ ਨੂੰ ਐਸਕਾਰਟ ਤਿਆਰ ਰੱਖਣ ਲਈ ਵੀ ਕਿਹਾ ਗਿਆ ਹੈ। ਉਧਰ ਪ੍ਰਤਿਭਾ ਸਿੰਘ ਦੇ ਸੰਸਦ ਮੈਂਬਰ ਹੋਣ ਕਾਰਨ ਉਨ੍ਹਾਂ ਦੀ ਦਾਅਵੇਦਾਰੀ ਕਮਜ਼ੋਰ ਪੈ ਗਈ, ਜਿਸ ਤੋਂ ਬਾਅਦ ਪ੍ਰਤਿਭਾ ਸਿੰਘ ਨੇ ਕਾਂਗਰਸ ਹਾਈ ਕਮਾਂਡ ਅੱਗੇ ਆਪਣੇ ਪੁੱਤਰ ਵਿਕਰਾਦਿੱਤ ਨੂੰ ਡਿਪਟੀ ਸੀਐਮ ਅਤੇ ਆਪਣੇ ਸਮਰਥਕ ਵਿਧਾਇਕਾਂ ਨੂੰ ਮੰਤਰੀ ਬਣਾਉਣ ਦੀ ਮੰਗ ਰੱਖੀ ਹੈ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਹੋਈ ਵਿਧਾਇਕ ਦਲ ਦੀ ਮੀਟਿੰਗ ਬੇਸਿੱਟਾ ਰਹੀ ਸੀ।