ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਵੱਡੀ ਪੂੰਜੀ ਕਰਾਰ ਦਿੱਤਾ
ਲੁੰਬਿਨੀ (ਨੇਪਾਲ)/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਂਝੀ ਵਿਰਾਸਤ, ਸੰਸਕ੍ਰਿਤੀ ਤੇ ਆਸਥਾ ਨੂੰ ਭਾਰਤ-ਨੇਪਾਲ ਸਬੰਧਾਂ ਦੀ ‘ਸਭ ਤੋਂ ਵੱਡੀ ਪੂੰਜੀ’ ਕਰਾਰ ਦਿੰਦਿਆਂ ਕਿਹਾ ਕਿ ਮੌਜੂਦਾ ਆਲਮੀ ਹਾਲਾਤ ਵਿੱਚ ਦੋਵਾਂ ਮੁਲਕਾਂ ਦੀ ਮਜ਼ਬੂਤ ਹੁੰਦੀ ਦੋਸਤੀ ਤੇ ਨੇੜਤਾ ਪੂਰੀ ਮਾਨਵਤਾ ਦੀ ਭਲਾਈ ਦਾ ਕੰਮ ਕਰੇਗੀ। ਸੋਮਵਾਰ ਨੂੰ ਇਕ ਰੋਜ਼ਾ ਨੇਪਾਲ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਗੌਤਮ ਬੁੱਧ ਦੇ ਜਨਮ ਅਸਥਾਨ ਲੁੰਬਿਨੀ ਵਿੱਚ ਬੁੱਧ ਪੂਰਨਿਮਾ ਮੌਕੇ ਕੌਮਾਂਤਰੀ ਬੋਧੀ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ। ਭਗਵਾਨ ਬੁੱਧ ਨੂੰ ‘ਮਾਨਵਤਾ ਦੇ ਸਮੂਹਿਕ ਬੌਧ ਦਾ ਅਵਤਾਰ’ ਦੱਸਦੇ ਹੋਏ ਮੋਦੀ ਨੇ ਕਿਹਾ ਉਹ ‘ਬੋਧ’ ਵੀ ਹਨ ਤੇ ‘ਸ਼ੋਧ’ ਵੀ ਹਨ।
ਉਨ੍ਹਾਂ ਬੁੱਧ ਨੂੰ ਇਕ ਵਿਚਾਰ ਤੇ ਸੰਸਕਾਰ ਦੱਸਿਆ। ਮੋਦੀ ਨਾਲ ਇਸ ਮੌਕੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਸ਼ੇਰ ਬਹਾਦੁਰ ਦਿਓਬਾ ਤੇ ਉਨ੍ਹਾਂ ਦੀ ਪਤਨੀ ਆਰਜ਼ੂ ਰਾਣਾ ਦਿਓਬਾ, ਨੇਪਾਲ ਸਰਕਾਰ ਦੇ ਕਈ ਮੰਤਰੀ, ਉੱਘੀਆਂ ਹਸਤੀਆਂ ਤੇ ਬੌਧ ਸਿੱਖਿਆ ਦੇ ਵਿਦਵਾਨ ਤੇ ਬੌਧ ਭਿਕਸ਼ੂ ਵੀ ਮੌਜੂਦ ਸਨ। ਮੋਦੀ ਨੇ ਭਾਰਤ-ਨੇਪਾਲ ਰਿਸ਼ਤਿਆਂ ਨੂੰ ਹਿਮਾਲਿਆ ਵਾਂਗ ‘ਅਟਲ’ ਦੱਸਿਆ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਾਰਨਾਥ, ਬੋਧਗਯਾ ਤੇ ਕੁਸ਼ੀਨਗਰ ਤੋਂ ਲੈ ਕੇ ਲੁੰਬਿਨੀ ਸਾਂਝੀ ਵਿਰਾਸਤ ਤੇ ਸਾਂਝੀਆਂ ਕਦਰਾਂ ਕੀਮਤਾਂ ਦਾ ਪ੍ਰਤੀਕ ਹਨ।
ਉਨ੍ਹਾਂ ਕਿਹਾ ਕਿ ਨੇਪਾਲ ਵਿਚ ਲੁੰਬਿਨੀ ਮਿਊਜ਼ੀਅਮ ਦਾ ਨਿਰਮਾਣ ਦੋਵਾਂ ਮੁਲਕਾਂ ਦਰਮਿਆਨ ਸਹਿਯੋਗ ਦੀ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਲੁੰਬਿਨੀ ਦੀ ਬੌਧ ਯੂਨੀਵਰਸਿਟੀ ਵਿੱਚ ਬੌਧੀ ਸਿੱਖਿਆ ਲਈ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਚੇਅਰ ਸਥਾਪਤ ਕੀਤੀ ਜਾਵੇਗੀ। ਇਸ ਦੌਰਾਨ ਨੇਪਾਲੀ ਪ੍ਰਧਾਨ ਮੰਤਰੀ ਦਿਓਬਾ ਨੇ ਕਿਹਾ ਕਿ ਨੇਪਾਲ-ਭਾਰਤ ਰਿਸ਼ਤੇ ਪਰਸਪਰ ਸਤਿਕਾਰ ਤੇ ਸਮਝ ‘ਤੇ ਆਧਾਰਿਤ ਹਨ ਤੇ ਉਹ ਇਨ੍ਹਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ‘ਚ ਅੱਗੇ ਵਧ ਰਹੇ ਹਨ।
ਭਾਰਤ ਤੇ ਨੇਪਾਲ ਦਰਮਿਆਨ ਛੇ ਸਮਝੌਤੇ ਸਹੀਬੰਦ
ਬੁੱਧ ਪੂਰਨਿਮਾ ਮੌਕੇ ਗੌਤਮ ਬੁੱਧ ਦੇ ਜਨਮ ਅਸਥਾਨ ਲੁੰਬਿਨੀ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਰੋਜ਼ਾ ਫੇਰੀ ਦੌਰਾਨ ਭਾਰਤ ਤੇ ਨੇਪਾਲ ਨੇ ਵੱਖ ਵੱਖ ਖੇਤਰਾਂ ਵਿੱਚ ਛੇ ਸਮਝੌਤੇ ਸਹੀਬੰਦ ਕੀਤੇ। ਇਨ੍ਹਾਂ ਵਿੱਚੋਂ 695 ਮੈਗਾਘਾਟ ਦੀ ਸਮਰੱਥਾ ਵਾਲਾ ਅਰੁਣ-4 ਪਣਬਿਜਲੀ ਪ੍ਰਾਜੈਕਟ ਪ੍ਰਮੁੱਖ ਹੈ, ਜਿਸ ਨੂੰ ਭਾਰਤ ਦੀ ਸਤਲੁਜ ਜਲ ਵਿਦਯੁਤ ਨਿਗਮ (ਐੱਸਜੇਵੀਐੱਨ) ਤੇ ਨੇਪਾਲ ਇਲੈਕਟ੍ਰੀਸਿਟੀ ਅਥਾਰਿਟੀ (ਐੱਨਈਏ) ਵੱਲੋਂ ਮਿਲ ਕੇ ਵਿਕਸਤ ਕੀਤਾ ਜਾਵੇਗਾ। ਪ੍ਰਾਜੈਕਟ ਮੁਕੰਮਲ ਹੋਣ ਮਗਰੋਂ ਨੇਪਾਲ ਨੂੰ 21.9 ਫੀਸਦ ਮੁਫ਼ਤ ਊਰਜਾ ਮਿਲੇਗੀ। ਪ੍ਰਾਜੈਕਟ ‘ਤੇ 750 ਮਿਲੀਅਨ ਡਾਲਰ ਦੀ ਲਾਗਤ ਆਏਗੀ। ਇਸੇ ਤਰ੍ਹਾਂ ਇੰਡੀਅਨ ਕੌਂਸਲ ਆਫ਼ ਕਲਚਰਲ ਰਿਲੇਸ਼ਨਜ਼ (ਆਈਸੀਸੀਆਰ) ਤੇ ਲੁੰਬਿਨੀ ਬੁੱਧਿਸਟ ਯੂਨੀਵਰਸਿਟੀ ਨੇ ਡਾ.ਅੰਬੇਦਕਰ ਚੇਅਰ ਸਥਾਪਤ ਕਰਨ ਬਾਰੇ ਐੱਮਓਯੂ ਸਹੀਬੰਦ ਕੀਤਾ। ਕਾਠਮੰਡੂ ਯੂਨੀਵਰਸਿਟੀ ਤੇ ਆਈਆਈਟੀ ਮਦਰਾਸ ਨੇ ਸਿੱਖਿਆ ਸੈਕਟਰ ਵਿੱਚ ਸਹਿਯੋਗ ਤੇ ਮਾਸਟਰਜ਼ ਪੱਧਰ ‘ਤੇ ਸਾਂਝੇ ਡਿਗਰੀ ਪ੍ਰੋਗਰਾਮ ਲਈ ਕਰਾਰ ਕੀਤਾ। ਆਈਸੀਸੀਆਰ ਤੇ ਕਾਠਮੰਡੂ ਯੂਨੀਵਰਸਿਟੀ ਨੇ ਇੰਡੀਅਨ ਸਟੱਡੀਜ਼ ਬਾਰੇ ਆਈਸੀਸੀਆਰ ਚੇਅਰ ਦੀ ਸਥਾਪਤੀ ਲਈ ਸਮਝੌਤਾ ਸਹੀਬੰਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਸ਼ੇਰ ਬਹਾਦੁਰ ਦਿਓਬਾ ਵਿਚਾਲੇ ਦੁਵੱਲੀ ਗੱਲਬਾਤ ਮਗਰੋਂ ਇਹ ਸਮਝੌਤੇ ਸਹੀਬੰਦ ਹੋਏ।