Breaking News
Home / ਮੁੱਖ ਲੇਖ / ਪੰਜਾਬ ਨੂੰ ਰਾਜਨੀਤਕ ਖੁਦਕੁਸ਼ੀ ਤੋਂ ਬਚਾਉਣ ਦੀ ਲੋੜ

ਪੰਜਾਬ ਨੂੰ ਰਾਜਨੀਤਕ ਖੁਦਕੁਸ਼ੀ ਤੋਂ ਬਚਾਉਣ ਦੀ ਲੋੜ

316844-1rz8qx1421419655-300x225-300x225ਸੰਤੋਖ ਸਿੰਘ ਔਜਲਾ
ਇੱਥੋਂ ਕੁਲ ਪਰਿੰਦੇ ਉਡ ਗਏ, ਇੱਥੋਂ ਮੇਘ ਆਉਂਦੇ ਵੀ ਮੁੜ ਗਏ,
ਇੱਥੇ ਕਰਨ ਅੱਜ ਕੱਲ੍ਹ ਬਿਰਖ ਵੀ, ਕਿਤੇ ਹੋਰ ਜਾਣ ਦੇ ਮਸ਼ਵਰੇ।
ਸੁਰਜੀਤ ਪਾਤਰ ਦੀ ਗ਼ਜ਼ਲ ਦਾ ਇਹ ਸ਼ੇਅਰ ਅੱਜ ਦੇ ਪੰਜਾਬ ਦੀ ਰੂਹ ਦੀ ਕਾਵਿਕ ਸੰਵੇਦਨਾ ਹੈ। ਮੌਜੂਦਾ ਪੰਜਾਬ ਸੱਭਿਆਚਾਰਕ, ਨੈਤਿਕ, ਵਿੱਦਿਅਕ, ਸਾਹਿਤਕ, ਰਾਜਨੀਤਿਕ ਤੇ ਆਰਥਿਕ ਨਿਘਾਰ ਦੀ ਬੜੀ ਤੇਜ਼ ਪ੍ਰਕਿਰਿਆ ਵਿਚੋਂ ਗੁਜ਼ਰ ਰਿਹਾ ਹੈ। ਰਾਜ ਉੱਪਰ ਆਇਆ ਇਹ ਸੰਕਟ ਪਹਿਲਾ ਨਹੀਂ ਹੈ। ਪਰ ਅੱਜ ਦੁਖਾਂਤ ਇਹ ਹੈ ਕਿ ਸੰਕਟ ਦੇ ਸਾਹਮਣੇ ਪੰਜਾਬੀਆਂ ਦਾ ਹੌਸਲਾ ਪਸਤ ਹੁੰਦਾ ਨਜ਼ਰ ਆ ਰਿਹਾ ਹੈ। ਇਸ ਨਿਘਾਰ ਨੂੰ ਪੁੱਠਾ ਗੇੜਾ ਦੇਣ ਵਾਲੀ ਪੰਜਾਬੀ ਸਵੈਮਾਨ ਨਾਲ ਪਰੁੰਨੀ ਹੋਈ ਕੋਈ ਰਾਜਸੀ ਜਾਂ ਸੱਭਿਆਚਾਰਕ ਲਹਿਰ ਵਿਖਾਈ ਵੀ ਨਹੀਂ ਦਿੰਦੀ। ਪਰ ਪੰਜਾਬ ਨੂੰ ਸੱਭਿਆਚਾਰਕ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਵਾਲੀਆਂ ਅੰਦਰਲੀਆਂ ਅਤੇ ਬਾਹਰਲੀਆਂ ਸ਼ਕਤੀਆਂ ਪੂਰੀ ਤਰ੍ਹਾਂ ਸਰਗਰਮ ਹਨ। ਪੰਜਾਬ ਦੇ ਬਹੁ-ਪਰਤੀ ਸੰਕਟ ਨੂੰ ਸਮਝਣ ਲਈ ਸਾਨੂੰ ਦੇਸ਼ ਦੀ ਹਾਕਮ ਜਮਾਤ ਦੀ ਰਾਜਨੀਤਿਕ ਸੱਭਿਆਚਾਰ ਅਤੇ ਵਿਚਾਰਧਾਰਾ ਨੂੰ ਸਮਝਣਾ ਅਤਿ-ਜ਼ਰੂਰੀ ਹੈ।
ਰਾਜਨੀਤੀ ਸਾਸ਼ਤਰ ਦੇ ਦ੍ਰਿਸ਼ਟੀਕੋਣ ਤੋਂ ਵੇਖਦਿਆਂ ਭਾਰਤ ਇੱਕ ਬਹੁਕੌਮੀ ਅਤੇ ਬਹੁਭਾਸ਼ਾਈ ਉੱਪ ਮਹਾਂਦੀਪ ਹੈ। ਦੇਸ਼ ਦੀ ਹਾਕਮ ਜਮਾਤ ਸਾਹਮਣੇ ਇਸਦੀ ਸੱਭਿਆਚਾਰਕ ਵਿਭਿੰਨਤਾ ਨੂੰ ਹੌਲੀ-ਹੌਲੀ ਖਤਮ ਕਰਕੇ ਇੱਕ ਮਜ਼ਬੂਤ ਰਾਸ਼ਟਰ ਦੀ ਉਸਾਰੀ ਮੁੱਖ ਰਾਜਸੀ ਨਿਸ਼ਾਨਾ ਹੈ। ਭਾਰਤ ਦੀ ਹਾਕਮ ਜਮਾਤ ਸੂਬਿਆਂ ਨੂੰ ਵੱਖ-ਵੱਖ ਸੱਭਿਆਚਾਰਕ ਕੌਮਾਂ ਦੇ ਘਰ ਵਜੋਂ ਨਹੀਂ ਸਗੋਂ ਪ੍ਰਬੰਧਕੀ ਇਕਾਈਆਂ ਹੀ ਸਮਝਦੀ ਹੈ। ਇਸ ਕਰਕੇ ਕਸ਼ਮੀਰ, ਉੱਤਰ-ਪੂਰਬੀ ਅਤੇ ਦੱਖਣੀ ਸੂਬਿਆਂ ਤੋਂ ਇਲਾਵਾ ઠਪੰਜਾਬ ਦੀ ਦੇਸ਼ ਪ੍ਰਤੀ ਵਫ਼ਾਦਾਰੀ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਇਸ ਲਈ ਸੂਬਿਆਂ ਦੀ ਸੱਭਿਆਚਾਰਕ ਤੇ ਆਰਥਿਕ ਤਰੱਕੀ ਤੋਂ ਕੇਂਦਰੀ ਹਾਕਮ ਜਮਾਤ ਤ੍ਰਭਕਦੀ ਹੈ। ਪੰਜਾਬ ਦੇ ਮੌਜੂਦਾ ਸੰਕਟ ਨੂੰ ਪੰਜਾਬ ਪ੍ਰਤੀ ਹਾਕਮ ਜਮਾਤ ਦੇ ਰੱਵਈਏ ਦੀ ਨਿਸ਼ਾਨਦੇਹੀ ਬਗੈਰ ਨਹੀਂ ਸਮਝਿਆ ਜਾ ਸਕਦਾ।
ਆਜ਼ਾਦੀ ਤੋਂ ਬਾਅਦ ਪੰਜਾਬੀ-ਹਿੰਦੀ ਦਾ ਬਖੇੜਾ ਖੜ੍ਹਾ ਕਰਕੇ ਪੰਜਾਬੀ ਹਿੰਦੂਆਂ ਨੂੰ ਮਾਂ-ਬੋਲੀ ਨਾਲੋਂ ਅੱਡ ਕਰਨ ਦੀ ਕੋਸ਼ਿਸ਼, ਰਾਜਸਥਾਨ ਨੂੰ ਪੰਜਾਬ ਦਾ ਅੱਧਾ ਪਾਣੀ ਮੁਫ਼ਤ ਦੇਣਾ, ਸਿੱਖਾਂ ਦੀ ਧਾਰਮਿਕ ਇਕਮੁੱਠਤਾ ਨੂੰ ਖਤਮ ਕਰਨਾ ਅਤੇ ਸਿੱਖ ਫ਼ਲਸਫ਼ੇ ਦੇ ਇਨਕਲਾਬੀ ਤੱਤ ਨੂੰ ਪੇਤਲਾ ਕਰਨ ਅਤੇ ਸਿੱਖਾਂ ਦੇ ਅਧਿਆਤਮਿਕ ਊਰਜਾ ਸਰੋਤਾਂ ਨੂੰ ਕਮਜ਼ੋਰ ਤੇ ਖੇਰੂੰ-ਖੇਰੂੰ ਕਰਨ ਵਾਸਤੇ ਧਾਰਮਿਕ ਡੇਰਿਆਂ ਨੂੰ ਪ੍ਰਫ਼ੁੱਲਤ ਕਰਨਾ ਅਤੇ ਅੰਗਰੇਜ਼ੀ ਸਕੂਲਾਂ ਰਾਹੀਂ ਪੰਜਾਬੀ ਬੋਲੀ ਦੀ ਸ਼ਕਤੀ ਅਤੇ ਪਛਾਣ ਨੂੰ ਖਤਮ ਕਰਨਾ ਦੇਸ਼ ਦੀ ਕੇਂਦਰੀ ਜਾਂ ‘ਰਾਸ਼ਟਰੀ ਨੀਤੀ’ ਦੀ ਯੋਜਨਾਬੰਦੀ ਦਾ ਨਤੀਜਾ ਸੀ।
ਦੇਸ਼ ਦੀ ਵੰਡ ਤੋਂ ਬਾਅਦ ਚੰਡੀਗੜ੍ਹ ਨੂੰ ਪੰਜਾਬ ਦੀ ਆਧੁਨਿਕ ਰਾਜਧਾਨੀ ਵਜੋਂ ਉਸਾਰਿਆ ਗਿਆ ਸੀ। ਇਸ ਸ਼ਹਿਰ ਨੇ ਪੰਜਾਬ ਦੇ ਸੱਭਿਆਚਾਰਕ ਅਤੇ ਆਰਥਿਕ ਵਿਕਾਸ ਵਿੱਚ ਲਾਹੌਰ ਸ਼ਹਿਰ ਦਾ ਵਾਰਿਸ ਬਣਨਾ ਸੀ। ਪੰਜਾਬ ਦੀ ਜਵਾਨੀ ਨੂੰ ਉਚੇਰੀ ਵਿੱਦਿਆ ਅਤੇ ਟੈਕਨਾਲੋਜੀ ਰਾਹੀਂ ਇਸ ਸ਼ਹਿਰ ਨੇ ਉਹ ਸਪੇਸ ਪ੍ਰਦਾਨ ਕਰਨੀ ਸੀ ਜਿਸ ਨੇ ਪੰਜਾਬ ਨੂੰ ਨਵੀਂ ਰੌਸ਼ਨੀ ਰਾਹੀਂ ਅੱਗੇ ਵਧਣ ਲਈ ਸੱਭਿਆਚਾਰਕ ਊਰਜਾ ਪ੍ਰਦਾਨ ਕਰਨੀ ਸੀ। ਪਰ ਇਹ ਭਾਰਤ ਦੀ ‘ਰਾਸ਼ਟਰੀ ਨੀਤੀ’ ਦੇ ਅਨੁਕੂਲ ਨਹੀਂ ਸੀ ਅਤੇ ਪੰਜਾਬ ਦੀ ਰਾਜਸੀ ਜਮਾਤ ਇਸ ਅਹਿਮੀਅਤ ਤੋਂ ਅਣਜਾਣ ਸੀ। ਇਸੇ ਨੀਤੀ ਤਹਿਤ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਿਆ ਗਿਆ।
ਪੰਜਾਬ ਦਾ ਅੱਜ ਅਜਿਹਾ ਬੁਰਾ ਹਾਲ ਕਦਾਚਿੱਤ ਨਾ ਹੁੰਦਾ ਜੇ ਪੰਜਾਬ ਦੀ ਕੋਈ ਰਾਜਸੀ ਜਾਂ ਸੱਭਿਆਚਾਰਕ ਧਿਰ ਕੇਂਦਰੀ ਹਾਕਮ ਜਮਾਤ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਸ਼ਿੱਦਤ ਨਾਲ ਸਮਝਦੀ ਅਤੇ ਇਨ੍ਹਾਂ ਦਾ ਵਿਰੋਧ ਕਰਦੀ। ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਵਿਰੋਧੀ ਸਾਜ਼ਿਸ਼ਾਂ ਨੂੰ ਸਮਝ ਕੇ ਪੰਜਾਬ ਦੀ ਜਿਹੜੀ ਰਾਜਸੀ ਧਿਰ ਨੇ ਇਸ ਨੀਤੀ ਦਾ ਵਿਰੋਧ ਕਰਨਾ ਸੀ ਉਹ ਰਾਜ-ਭਾਗ ਦੇ ਵਕਤੀ ਲਾਲਚਾਂ ਵਿੱਚ ਇਨ੍ਹਾਂ ਪੰਜਾਬ ਦੁਸ਼ਮਣ ਤਾਕਤਾਂ ਦੀ ਭਾਈਵਾਲ ਬਣ ਗਈ। ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਦੀਆਂ ਰਾਜਨੀਤਿਕ ਆਸ਼ਾਵਾਂ ਦੀ ਤਰਜਮਾਨੀ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਉੱਪਰ ਰਾਜ ਕਰਨ ਦੀ ਆਪਣੀ ਭੁੱਖ ਨੂੰ ਪੂਰਾ ਕਰਨ ਲਈ ਪੰਜਾਬ ਨੂੰ ਮਾਰਨ ਵਾਲੀਆਂ ਇਨ੍ਹਾਂ ਨੀਤੀਆਂ ਨੂੰ ਪਰਵਾਨ ਚੜ੍ਹਾਇਆ।
ਬਦਕਿਸਮਤੀ ਨਾਲ ਅਕਾਲੀ ਦਲ ਨੇ ਪਿਛਲੇ ਤਿੰਨ ਦਹਾਕਿਆਂ ਵਿੱਚ ਅਜਿਹਾ ਇੱਕ ਵੀ ਲੀਡਰ ਉੱਭਰਨ ਨਹੀਂ ਦਿੱਤਾ ਜਿਸ ਨੂੰ ਪੰਜਾਬੀਅਤ ਜਾਂ ਸਿੱਖ ਵਿਚਾਰਧਾਰਾ ਨਾਲ ਬੇਪਨਾਹ ਮੁਹੱਬਤ ਹੋਵੇ। ਪੰਜਾਬੀ ਸੂਬੇ ਦੇ ਬਣਨ ਤੋਂ ਬਾਅਦ ਅਕਾਲੀ ਦਲ ਵਿਚ ਅਮੀਰ ਜਾਗੀਰਦਾਰਾਂ ਦੀ ਤੂਤੀ ਬੋਲਣ ਲੱਗੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਅਕਾਲੀ ਦਲ ਅੰਦਰ ਸਿੱਖ ਵਲਵਲੇ ਵਾਲੀ ਛੋਟੀ ਕਿਸਾਨੀ ਦਾ ਆਖ਼ਰੀ ਚਿਰਾਗ਼ ਸੀ। ਪਰ ਉਹ ਵੀ ਅਕਾਲੀ ਦਲ ਵਿਚ ਅਮੀਰ ਜਾਗੀਰਦਾਰਾਂ ਦੇ ਰਾਜਸੀ ਏਕਾਧਿਕਾਰ ਨੂੰ ਅਸਰਦਾਰ ਚੁਣੌਤੀ ਨਹੀਂ ਦੇ ਸਕਿਆ। ਇਸ ਦੇ ਸਿੱਟੇ ਵਜੋਂ ਹੁਣ ਤਕ ਪਹੁੰਚਦਿਆਂ ਅਕਾਲੀ ਦਲ ਵਰਗੀ ਊਰਜਾ ਭਰਪੂਰ ਜੁਝਾਰੂ ਪਾਰਟੀ ਇੱਕ ਪਰਿਵਾਰ ਦੀ ਨਿੱਜੀ ਜਾਗੀਰ ਬਣ ਗਈ ਅਤੇ ਇਸ ਪਰਿਵਾਰ ਤੋਂ ਬਾਰਹਲੇ ਛੋਟੇ-ਵੱਡੇ ਸਾਰੇ ਆਗੂ ਅਤੇ ਕਾਰਕੁੰਨ ਸੱਤਾ ਦਾ ਭੂਰ ਚੂਰ ਖਾ ਕੇ ਗੁਜ਼ਾਰਾ ਕਰਨ ਖਾਤਰ ਇਸ ਪਰਿਵਾਰ ਦੇ ਮਹਿਜ਼ ਗੋਲੇ ਬਣ ਗਏ। ਦੂਜੇ ਲਫ਼ਜ਼ਾਂ ਵਿੱਚ ਅਕਾਲੀ ਦਲ ਸਿੱਖ ਸੱਭਿਆਚਾਰ ਨਾਲ ਓਤਪੋਤ ਜਾਂ ਪੰਜਾਬੀ ਰੜਕ ਤੇ ਮੜ੍ਹਕ ਵਾਲੀ ਪਾਰਟੀ ਨਾ ਰਹਿ ਕੇ ਇੱਕ ਪਰਿਵਾਰ ਦੇ ਗ਼ਲਬੇ ਵਾਲੀ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਿਆ। ਇਸ ਪਰਿਵਾਰਕ ਕੰਪਨੀ ਨੇ ਸੱਤਾ ਦੇ ਵਪਾਰਕ ਨਜ਼ਰੀਏ ਤੋਂ ਪੰਜਾਬੀਆਂ ਅਤੇ ਸਿੱਖੀ ਦੇ ਹਰ ਸਰੋਤ ਨੂੰ ਖ਼ਤਮ ਕਰਨ ਦੀ ਨੀਤੀ ਅਪਣਾਈ ਜਿਹੜਾ ਸਮੇਂ ਦੇ ਕਿਸੇ ਵੀ ਮੋੜ ‘ਤੇ ਇਸ ਦੀ ਰਾਜਨੀਤਕ ਇਜ਼ਾਰੇਦਾਰੀ ਨੂੰ ਚੈਲਿੰਜ ਕਰ ਸਕੇ। ਇਸ ਕੰਪਨੀ ਨੇ ਡੇਰੇਦਾਰਾਂ ਦੇ ਪ੍ਰਭਾਵ ਥੱਲੇ ਸਿੱਖ ਸੰਸਥਾਵਾਂ ਨੂੰ ਆਪਣੇ ਰਾਜਸੀ ਹਿੱਤਾਂ ਵਾਸਤੇ ਵਰਤਿਆ। ਇਸ ਦੇ ਨਤੀਜੇ ਵਜੋਂ ਸਧਾਰਨ ਸਿੱਖਾਂ ਦੇ ਮਨਾਂ ਵਿੱਚੋਂ ਇਨ੍ਹਾਂ ਧਾਰਮਿਕ ਸੰਸਥਾਵਾਂ ਤੋਂ ਕਿਸੇ ਸਰਬ ਸਾਂਝੀ ਉਪਯੋਗਤਾ ਦੀ ਆਸ ਜਾਂਦੀ ਰਹੀ। ਦੂਸਰਾ, ਸਾਡੀ ਨੌਜਵਾਨ ਪੀੜ੍ਹੀ ਆਪਣੀ ਧਾਰਮਿਕ ਪਹਿਚਾਣ ਦੇ ਮਹੱਤਵ ਨੂੰ ਗ਼ੈਰ-ਜ਼ਰੂਰੀ ਸਮਝਦੀ ਹੋਈ ਇਸ ਤੋਂ ਬੇਮੁੱਖ ਹੋਣ ਲੱਗੀ ਅਤੇ ਪੂਰਾ ਪੰਜਾਬ ਪਤਿਤਪੁਣੇ ਦੀ ਲਹਿਰ ਵਿੱਚ ਡੁੱਬ ਗਿਆ। ਆਪਣੀ ਸੱਭਿਆਚਾਰਕ ਅਤੇ ਧਾਰਮਿਕ ਪਹਿਚਾਣ ਤੋਂ ਬੇਮੁੱਖ ਜਾਂ ਮੁਨਕਰ ਹੋਣਾ ਕੋਈ ਮਾਮੂਲੀ ਸਮਾਜਿਕ ਵਰਤਾਰਾ ਨਹੀਂ ਸਗੋਂ ਇੱਕ ਸੱਭਿਆਚਾਰਕ ਖੁਦਕੁਸ਼ੀ ਹੈ। ਲੱਚਰਤਾ, ਨਸ਼ਾਖੋਰੀ, ਪਲਾਇਨ ਪ੍ਰਵਿਰਤੀ, ਦੇਹ ਵਪਾਰ ਅਤੇ ਬਦਮਾਸ਼ ਗਰੋਹਾਂ ਦਾ ਪੈਦਾ ਹੋਣਾ ਇਸ ਵਰਤਾਰੇ ਦਾ ਅਗਲਾ ਪੜਾਅ ਹੈ।
ਮਿਹਨਤ ਦੀ ਕਮਾਈ ਨਾਲ ਜ਼ਿੰਦਗੀ ਜਿਊਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਲਈ ਪੰਜਾਬ ਦਾ ਮਾਹੌਲ ਬਹੁਤ ਬੇਰਹਿਮ ਬਣ ਚੁੱਕਿਆ ਹੈ। ਇਸ ਕਰਕੇ ਹਰ ਆਮ ਆਦਮੀ ਇੱਥੋਂ ਭੱਜ ਜਾਣਾ ਚਾਹੁੰਦਾ ਹੈ। ਹਰ ਵਰਗ ਦਾ ਵਿਦਿਆਥੀ, ਨੌਜਵਾਨ ਅਤੇ ਕਿਰਤੀ ਹਰ ਹਰਬਾ ਵਰਤ ਕੇ ਵਿਦੇਸ਼ ਚਲਾ ਜਾਣਾ ਚਾਹੁੰਦਾ ਹੈ। ਜੋ ਇੱਥੋਂ ਖਹਿੜਾ ਛੁਡਾ ਕੇ ਜਾ ਨਹੀਂ ਸਕਦੇ ਉਹ ਜਾਂ ਤਾਂ ਖ਼ੁਦਕਸ਼ੀ ਕਰ ਲੈਂਦੇ ਹਨ ਜਾਂ ਨਸ਼ਿਆਂ ਦੇ ਸਹਾਰੇ ਆਪਣਾ ਸੁਪਨ ਦੇਸ਼ ਸਿਰਜ ਕੇ ਉਸ ਵਿੱਚ ਵਸਣਾ ਚਾਹੁੰਦੇ ਹਨ। ਕੁੜੀਆਂ ਦੇ ਤਾਂ ਜੰਮਣ ਲਈ ਹੀ ਇਹ ਥਾਂ ਢੁੱਕਵੀਂ ਨਹੀਂ ਰਹੀ, ਉਹ ਜੰਮਣੋਂ ਪਹਿਲਾਂ ਹੀ ਆਪਣੇ ਮਾਪਿਆਂ ਦੀ ਸਹਾਇਤਾ ਨਾਲ ਖੁਦਕੁਸ਼ੀਆਂ ਕਰ ਰਹੀਆਂ ਹਨ। ਇਸ ਤਰ੍ਹਾਂ ਖੁਦਕੁਸ਼ੀ ਪੰਜਾਬ ਦਾ ਚਿੰਨ੍ਹ ਬਣਦੀ ਜਾ ਰਹੀ ਹੈ। ਅੱਜ ਪੰਜਾਬ ਨੂੰ ਸੱਭਿਆਚਾਰਕ, ਆਰਥਿਕ ਅਤੇ ਵਿੱਦਿਅਕ ਪੁਨਰ-ਸਰਜੀਤੀ ਦੀ ਸਖ਼ਤ ਲੋੜ ਹੈ ਅਤੇ ਇਹ ਪੁਨਰ-ਸੁਰਜੀਤੀ ਸਾਜ਼ਗਰ ਰਾਜਨੀਤਿਕ ਵਿਵਸਥਾ ਤੋਂ ਬਿਨਾਂ ਪਨਪ ਅਤੇ ਵਿਕਸਿਤ ਨਹੀਂ ਹੋ ਸਕਦੀ।
ਪੰਜਾਬ ਅੰਦਰਲੀਆਂ ਮੌਜੂਦਾ ਸਾਰੀਆਂ ਸਰਗਰਮ ਰਾਜਸੀ ਧਿਰਾਂ ਨੂੰ ਪੰਜਾਬ ਦੇ ਲੋਕਾਂ ਨੇ ਲੰਬੇ ਸਮੇਂ ਤੋਂ ਦੇਖਿਆ, ਪਰਖਿਆ ਅਤੇ ਹੰਢਾਇਆ ਹੋਇਆ ਹੈ। ਇਨ੍ਹਾਂ ਸਾਰੀਆਂ ਧਿਰਾਂ ਪ੍ਰਤੀ ਪੰਜਾਬ ਦੇ ਲੋਕਾਂ ਅੰਦਰ ਬਰਾਬਰ ਦੀ ਬੇਉਮੀਦੀ ਅਤੇ ਨਿਰਾਸ਼ਤਾ ਹੈ। ਇਸ ਕਰਕੇ ਅੱਜ ਪੰਜਾਬ ਅੰਦਰ ਲੋਕ-ਪੱਖੀ ਰਾਜਨੀਤੀ ਦਾ ਮੈਦਾਨ ਖਾਲੀ ਪਿਆ ਹੈ। ਖਾਲੀ ਮੈਦਾਨ ਵੇਖ ਕੇ ਕੇਂਦਰੀ ਹਾਕਮ ਜਮਾਤ ਵਜੋਂ ਸਥਾਪਤ ਇੱਕ ਨਵੀਂ ਰਾਜਸੀ ਧਿਰ ਪੰਜਾਬ ਉੱਪਰ ਕਬਜ਼ਾ ਕਰਨ ਦੇ ਸਿਰਤੋੜ ਯਤਨ ਕਰ ਰਹੀ ਹੈ। ਇਸ ਸ਼ਕਤੀ ਨੇ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਪਹਿਲਾਂ ਪੰਜਾਬ ਦੇ ਕਈ ਨਾਮੀ ਦਾਨਿਸ਼ਵਾਰਾਂ, ਬੁੱਧੀਜੀਵੀਆਂ, ਪੇਸ਼ਾਵਰਾਂ ਅਤੇ ਕਲਾਕਾਰਾਂ ਨੂੰ ਵਰਤਿਆ ਅਤੇ ਫਿਰ ਬੇਕਿਰਕੀ ਨਾਲ ਵਗਾਹ ਕੇ ਬਾਹਰ ਸੁੱਟ ਦਿੱਤਾ। ਉਨ੍ਹਾਂ ਦੀ ਥਾਂ ਰਾਜਸੀ ਸੱਤਾ ਦੇ ਭੁੱਖੇ ਲੋਕਾਂ ਦੀ ਸੈਨਾ ਤਿਆਰ ਕਰ ਲਈ। ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਲਹੂ-ਪਸੀਨੇ ਦੀ ਕਮਾਈ ਨਾਲ ਲੈਸ ਹੋ ਕੇ ਇਹ ਸ਼ਕਤੀ ਅੱਜ ਪੰਜਾਬ ਦੇ ਸਿਆਸੀ ਅਕਾਸ਼ ਤੇ ਟਿੱਡੀ ਦਲ ਵਾਂਗ ਘੁੰਮਾ ਰਹੀ ਹੈ। ਇਸ ਰਾਜਨੀਤਿਕ ਟਿੱਡੀ ਦਲ ਕੋਲ ਬਚੇ ਖੁਚੇ ਪੰਜਾਬੀ ਸਵੈਮਾਣ, ਆਰਥਿਕਤਾ ਅਤੇ ਸੱਭਿਆਚਾਰ ਨੂੰ ਚਟਮ ਕਰਨ ਦੀ ਸਮਰੱਥਾ ਹੈ। ਮੌਜੂਦਾ ਰਾਜਸੀ ਵਿਵਸਥਾ ਦੇ ਸਤਾਏ ਪੰਜਾਬੀ ਲੋਕ ਅਤੇ ਗੁੱਸੇ ਨਾਲ ਭਰੀ ਜਵਾਨੀ ਇਹ ਜ਼ਹਿਰ ਚੱਖਣ ਨੂੰ ਤਿਆਰ ਬੈਠੀ ਜਾਪਦੀ ਹੈ। ਰਾਜਸੀ ਸੂਝ, ਸੰਵੇਦਨਾ ਅਤੇ ਸੁਹਿਰਦਤਾ ਪੱਖੋਂ ਭੁੱਖੇ ਮਰਦੇ ਪੰਜਾਬ ਦਾ ਵੀ ਅੱਜ ਇਹੀ ਹਾਲ ਹੈ। ਪੰਜਾਬ ਦੇ ਲੋਕਾਂ ਕੋਲ (1) ਅਕਾਲੀ+ਭਾਜਪਾ (2) ਕਾਂਗਰਸ ਜਾਂ (3) ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਵਾਲੇ ਰਾਜਸੀ ਆਤਮਹੱਤਿਆ ਦੇ ਤਿੰਨ ਰਾਹ ਹਨ। ਇਨ੍ਹਾਂ ਤਿੰਨਾਂ ਵਿੱਚੋਂ ਚੁਣਿਆਂ ਕੋਈ ਵੀ ਰਾਹ ਪੰਜਾਬ ਨੂੰ ਬਰਬਾਦੀ ਵੱਲ ਹੀ ਧੱਕੇਗਾ। ਅਜਿਹੀ ਸਥਿਤੀ ਬਾਰੇ ਪੰਜਾਬ ਦੇ ਨੌਜਵਾਨ ਚਿੰਤਕ ਅਤੇ ਕਵੀ ਜਸਵੰਤ ਜ਼ਫ਼ਰ ਨੇ ਫੇਸ ਬੁੱਕ ਦੇ ਜ਼ਰੀਏ 12 ਸਤੰਬਰ ਨੂੰ ਇਹ ਭਵਿੱਖਬਾਣੀ ਕੀਤੀ ਹੈ: ”ਅਗਲੀਆਂ ਚੋਣਾਂ ਵਿੱਚ ਸਰਗਰਮ ਸਾਰੀਆਂ ਪਾਰਟੀਆਂ ਜਿੱਤ ਹੀ ਲੈਣਗੀਆਂ ਵੱਧ-ਘੱਟ ਸੀਟਾਂ, ਪਰ ਹਾਰੇਗਾ ਪੰਜਾਬ, ਪੱਕਾ। ਪੰਜਾਬ ਦਾ ਅਜੇ ਹੋਰ ਨਿਵਾਣਾਂ ਵੱਲ ਜਾਣਾ ਤੈਅ ઠਹੋ ਗਿਆ ਹੈ।” ਜ਼ਫ਼ਰ ਖ਼ੁਦ ਵੀ ਨਹੀਂ ਚਾਹੁੰਦਾ ਹੋਵੇਗਾ ਕਿ ਉਸ ਦੀ ਇਹ ਭਵਿੱਖਬਾਣੀ ਸਹੀ ਸਾਬਤ ਹੋਵੇ। ਪਰ ਇਸ ਨੂੰ ਗ਼ਲਤ ਸਾਬਤ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਬਦਲਣ ਲਈ ਤਕੜੀ ਘਾਲਣਾ ਘਾਲਣੀ ਪਏਗੀ। ਆਸਵੰਦੀ ਗੱਲ ਇਹ ਹੈ ਕਿ ਪੰਜਾਬ ਕੋਈ ਰਾਜਨੀਤਿਕ ਮਾਰੂਥਲ ਨਹੀਂ ਸਗੋਂ ਜ਼ਰਖੇਜ ਸਰਜ਼ਮੀਨ ਹੈ। ਇੱਥੇ ਲਾਇਕ, ਜਝਾਰੂ ਅਤੇ ਇਮਾਨਦਾਰ ਲੋਕਾਂ ਦੀ ਅਣਹੋਂਦ ਨਹੀਂ। ਪੰਜਾਬ ਨੂੰ ਪਿਆਰ ਕਰਨ ਵਾਲੇ ਸਾਰੇ ਬੰਦਿਆਂ ਦਾ ਇਕ ਰਾਜਸੀ ਮੰਚ ਉੱਤੇ ਇਕੱਠ ਹੋ ਕੇ ਪੰਜਾਬ ਨੂੰ ਰਾਜਨੀਤਿਕ ਆਤਮ-ਹੱਤਿਆ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ।

Check Also

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ …