Breaking News
Home / ਰੈਗੂਲਰ ਕਾਲਮ / ਕਾਲੇ ਕੋਟ ਦਾ ਦਰਦ-2

ਕਾਲੇ ਕੋਟ ਦਾ ਦਰਦ-2

ਬੋਲ ਬਾਵਾ ਬੋਲ
ਫਿਰ ਅਲਾਪ ਚੁੱਕ ਲਿਆ -ਵਸਦਾ ਰਹੇ ਤੇਰਾ ਸ਼ਹਿਰ …
ਨਿੰਦਰ ਘੁਗਿਆਣਵੀ
ਜੱਜ ਰਮਿੰਦਰ ਸਿੰਘ ਸਿੱਧਾ ਹੀ ਘਰੋਂ ਨਹੀਂ ਸੀ ਆ ਗਿਆ। ਉਹ ਕਈ ਕਾਲਜਾਂ, ਯੂਨੀਵਰਸਿਟੀਆਂ ਤੇ ਅਕੈਡਮੀਆਂ ਵਿੱਚੋਂ ਘੁੰਮਦਾ ਫਿਰਦਾ ਅਤੇ ਪੜ੍ਹਦਾ ਆਇਆ ਸੀ (ਉਦੋਂ ਮੋਬਾਇਲ ਫੋਨ ਤੇ ਸੋਸ਼ਲ ਮੀਡੀਆ ਹਾਲੇ ਨਹੀਂ ਸੀ ਆਇਆ, ਨਹੀਂ ਤਾਂ ਉਹ ਅੱਲ੍ਹੜ ਮੁੰਡਾ ਹੋਰ ਵੀ ਤੇਜ਼ ਤੇ ਚੁਸਤ ਹੁੰਦਾ)। ਸ਼ਾਮੀਂ ਜਦ ਮੈਂ ਉਹਦੀ ਰੋਟੀ ਬਣਾਉਂਦਾ ਤਾਂ ਉਹ ਆਪਣੇ ਬੈੱਡ ਦੇ ਸਿਰਹਾਣੇ ਪਾਣੀ ਦੇ ਭਰੇ ਜੱਗ ਨੂੰ ਏਧਰ ਓਧਰ ਖਿਸਕਾਉਂਦਾ ਸੀ। ਕੱਚ ਦਾ ਇੱਕ ਨਿੱਕਾ ਗਲਾਸ ਤਾਂ ਪੱਕਾ ਹੀ ਉਸ ਦੇ ਕੋਲ ਪਿਆ ਰਹਿੰਦਾ। ਉਹ ਬੂਹੇ ਦੀ ਕੁੰਡੀ ਲਾਉਂਦਾ ਅਤੇ ਤਿੰਨ ਚਾਰ ਕੁ ਮਿੰਟਾਂ ਮਗਰੋਂ ਖੋਲ੍ਹਦਾ। ਮੈਂ ਹੇਠਾਂ ਰਸੋਈ ਵਿੱਚ ਕੰਮ ਕਰਦਾ। ਇੱਕ ਦਿਨ ਮੈਂ ਉੱਪਰ ਗਿਆ ਤਾਂ ਕੁੰਡੀ ਲੱਗੀ ਹੋਈ ਸੀ। ਸੋਚਿਆ ਸਾਹਿਬ ਅੰਦਰ ਕੋਈ ਕਾਰਵਾਈ ਪਾਉਂਦਾ ਹੋਣਾ। ਇਹ ਤਾਂ ਮਗਰੋਂ ਜਾ ਕੇ ਪਤਾ ਲੱਗਿਆ ਕਿ ਸਾਹਿਬ ਨੇ ਬੈੱਡ ਦੇ ਢੋਏ ਵਿੱਚ ਬੋਤਲ ਲੁਕਾਈ ਹੋਈ ਸੀ ਤੇ ਦੋ ਮੋਟੇ-ਮੋਟੇ ਪੈੱਗ ਚੋਰੀਓਂ ਪੀਂਦਾ ਸੀ। ਕਹਿੰਦੇ ਨੇ ਦਾਈਆਂ ਤੋਂ ਵੀ ਕਦੇ ਢਿੱਡ ਗੁੱਝੇ ਰਹੇ ਨੇ? ਸਾਹਿਬ ਦੀ ਚੋਰੀ ਫੜੀ ਗਈ, ਜਦੋਂ ਮੈਂ ਫਾਲਤੂ ਸਿਰਹਾਣੇ ਦੇ ਢੋਆਂ ਨੂੰ ਵਿੱਚ ਰੱਖਣ ਲੱਗਿਆ ਤਾਂ ਵਿਸਕੀ ਦੀਆਂ ਦੋ ਬੋਤਲਾਂ ਪਈਆਂ ਸਨ। ”ਸਰ, ਮੈਂ ਤੁਹਾਨੂੰ ਪਿੰਡੋਂ ਦੇਸੀ ਲਿਆ ਕੇ ਦੇਊਂ।” ਮੈਂ ਆਖ ਦਿੱਤਾ। ”ਫੇਰ ਤਾਂ ਯਾਰ ਕਮਾਲ ਹੋ ਜੂ.. ਪਰ ਲਿਆਵੀਂ ਬਚਾ ਕੇ.. ਕਿਤੇ ਆਪਾਂ ਦੋਵੇਂ ਨਾ ਫੜੇ ਜਾਈਏ।” ਸਾਹਿਬ ਹੱਸਣ ਲੱਗਿਆ। ਹੁਣ ਗੱਲ ਹੀ ਖੁੱਲ੍ਹ ਗਈ ਸੀ, ਸਾਹਿਬ ਨੂੰ ਮੇਰੇ ਤੋਂ ਕਾਹਦਾ ਲੁਕੋ ਰਹਿ ਗਿਆ ਸੀ? ਇੱਕ ਗੱਲ ਜ਼ਰੂਰ ਦੇਖੀ ਕਿ ਸਾਹਿਬ ਕਦੇ-ਕਦੇ ਕਿਸੇ ਜੱਜ ਦੇ ਘਰ ਪਾਰਟੀ ‘ਤੇ ਜਾਂਦਾ ਤਾਂ ਨਹੀਂ ਸੀ ਪੀਂਦਾ। ਇੱਕ ਦਿਨ ਚਾਰ ਬੋਤਲਾਂ ਇਕੱਠੀਆਂ ਹੀ ਮੈਥੋਂ ਮੰਗਵਾ ਲਈਆਂ। ਸਾਹਿਬ ਨੇ ਆਖਿਆ, ”ਮੇਰੇ ਪਿਤਾ ਜੀ ਤੇ ਮੇਰੇ ਕਜ਼ਨ ਨੇ ਗੱਡੀ ਛੱਡਣ ਆਣਾ.. ਚਿਕਨ ਵੀ ਬਣਾ ਲਈਂ ਅਤੇ ਹੋਰ ਜੋ ਠੀਕ ਲੱਗੇ ਤੈਨੂੰ..।”
ਜੱਜ ਰਮਿੰਦਰ ਸਿੰਘ ਪੈਦਲ ਤੁਰਨ ਦਾ ਸ਼ੌਕੀਨ ਸੀ। ਉਹ ਸ਼ਾਮਾਂ ਨੂੰ ਕਚਹਿਰੀ ‘ਚੋਂ ਵਿਹਲਾ ਹੋ ਕੇ ਲੰਮੀ ਸੈਰ ਕਰਨੀ ਚਾਹੁੰਦਾ ਅਤੇ ਕੋਠੀਆਂ ਤੇ ਸਰਕਟ ਹਾਊਸ ਵਿੱਚ ਹੀ ਗੇੜੇ ਦੇਣ ਲੱਗਦਾ। ਲੱਗਦਾ ਕਿ ਕਦੇ-ਕਦੇ ਸਾਹਿਬ ਇਕੱਲਾਪਣ ਵੀ ਮਹਿਸੂਸ ਕਰਦਾ ਹੈ। ਸ਼ਹਿਰ ਵਿੱਚ ਕਿਸ ਨੂੰ ਆਪਣਾ ਦੋਸਤ ਬਣਾਉਂਦਾ? ਦੂਸਰੇ ਸੀਨੀਅਰ ਜੱਜ ਤਾਂ ਸਿੱਧੇ ਮੂੰਹ ਗੱਲ ਵੀ ਘੱਟ ਕਰਦੇ ਅਤੇ ਉਹ ਵੀ ਉਨ੍ਹਾਂ ਪਾਸ ਜਾਣ ਆਉਣ ਤੋਂ ਸੰਕੋਚਦਾ। ਇੱਕ ਸ਼ਾਮ ਆਖਿਆ, ”ਆਪਾਂ ਗੁਰੂ ਘਰ ਚੱਲੀਏ.. ਬਾਬਾ ਫਰੀਦ ਜੀ ਦਾ ਆਸ਼ੀਰਵਾਦ ਲੈਣ.. ਪੈਦਲ ਚੱਲਦੇ ਆਂ।” ਸਿਰ ‘ਤੇ ਪਟਕਾ ਬੰਨ੍ਹ ਲਿਆ। ਮੇਰੇ ਵੀ ਖਾਕੀ ਵਰਦੀ ਨਹੀਂ ਸੀ। ਮੈਂ ਪਿੱਛੇ-ਪਿੱਛੇ ਤੁਰਨ ਲੱਗਿਆ, ”ਆ ਜਾ.. ਬਰਾਬਰ ਆ ਜਾ.. ਪਿੱਛੇ ਤਾਂ ਉਦੋਂ ਤੁਰਨਾ ਹੁੰਦਾ ਤੂੰ ਜਦ ਆਪਾਂ ਕੋਰਟ ਜਾਣਾ ਹੋਵੇ.. ਹੁਣ ਤਾਂ ਬਾਬੇ ਫਰੀਦ ਦੇ ਚੱਲੇ ਆਂ..।” ਸਾਹਿਬ ਦਾ ਹੁਕਮ ਮੰਨ ਕੇ ਮੈਂ ਥੋੜ੍ਹਾ ਕੁ ਉਨ੍ਹਾਂ ਦੇ ਬਰਾਬਰ ਤੁਰ ਪਿਆ। ਬਾਬਾ ਫਰੀਦ ਜਾ ਕੇ ਸਾਹਿਬ ਨੂੰ ਸਕੂਨ ਮਿਲਿਆ ਸੀ। ਵਾਪਸੀ ‘ਤੇ ਕਹਿਣ ਲੱਗਾ, ”ਜੇ ਸਮਾਂ ਮਿਲੇ ਰੋਜ਼ ਆਈਏ, ਪਰ ਸਮਾਂ ਕਿੱਥੇ?” ਮੋਬਾਇਲ ਫ਼ੋਨ ਉਹਨੀਂ ਦਿਨੀਂ ਕਿਸੇ ਵਿਰਲੇ-ਟਾਵੇਂ ਕੋਲ ਸੁਣੀਂਦਾ ਸੀ। ਸਾਹਿਬ ਦੀ ਕੋਠੀ ਲੈਂਡ ਲਾਈਨ ਫੋਨ ਸੀ, ਪਰ ਖੜਕਦਾ ਉਦੋਂ ਹੀ, ਜਦੋਂ ਸਾਹਿਬ ਦੀ ਮਾਤਾ ਨੇ ਗੱਲ ਕਰਨੀ ਹੁੰਦੀ ਸੀ। ਦੋ-ਤਿੰਨ ਦਿਨ ਬਾਅਦ ਮਾਤਾ ਦਾ ਫੋਨ ਆਉਂਦਾ। ਸਾਹਿਬ ਦੇ ਪਿਤਾ ਨੇ ਡੇਢ ਕੁ ਲੱਖ ਦੀ ਪੁਰਾਣੀ ਕਾਰ ਖਰੀਦ ਲਈ। ਸਾਹਿਬ ਦੇ ਪਿਤਾ ਜੀ ਤੇ ਕਜ਼ਨ ਕਾਰ ਛੱਡਣ ਆ ਗਏ। ਮੈਨੂੰ ਉਸ ਦਿਨ ਹੀ ਪਤਾ ਚੱਲਿਆ ਸੀ ਕਿ ਸਾਹਬ ਰਾਮਗੜ੍ਹੀਆ ਕੌਮ ਨਾਲ ਸਬੰਧਤ ਸੀ। ਇਹ ਜਾਣ ਕੇ ਮੈਨੂੰ ਚੰਗਾ ਲੱਗਿਆ ਸੀ, ਕਿਉਂਕਿ ਇਹ ਕੌਮ ਮਹਾਨ ਹੈ ਤੇ ਇਨ੍ਹਾਂ ਦੀ ਮਿਹਨਤ ਮਜ਼ਦੂਰੀ ਕਿਸੇ ਤੋਂ ਘੱਟ ਨਹੀਂ ਹੈ। ਸਾਹਿਬ ਦੇ ਪਿਤਾ ਜੀ ਬਾਬਾ ਵਿਸ਼ਵਕਰਮਾ ਜੀ ਦੀ ਛੋਟੀ ਜਿਹੀ ਤਸਵੀਰ ਕਾਰ ਵਿੱਚ ਰੱਖ ਲਿਆਏ ਸਨ ਅਤੇ ਸਾਹਬ ਨੂੰ ਫੜਾਉਂਦੇ ਹੋਏ ਬੋਲੇ, ”ਬੇਟਾ, ਸਵੇਰੇ ਕਚਹਿਰੀ ਜਾਣ ਲੱਗੇ.. ਸਿਰ ਨਿਵਾ ਕੇ ਜਾਇਆ ਕਰ.. ਬਾਬਾ ਮਿਹਰ ਰੱਖੇਗਾ।” ਮੈਂ ਦੇਖਿਆ ਕਿ ਸਾਹਿਬ ਨੇ ਆਪਣੇ ਪਿਤਾ ਦੀ ਇਸ ਗੱਲ ਵੱਲ ਵਿਸ਼ੇਸ਼ ਤਵੱਜੋਂ ਨਹੀਂ ਸੀ ਦਿੱਤੀ।
ਆਥਣ ਹੋ ਗਈ। ”ਗੱਲ ਸੁਣ ਯਾਰ.. ਪਿਤਾ ਜੀ ਨੂੰ ਬੋਤਲ ਖੋਲ੍ਹ ਦੇ.. ਉਹ ਡਰਾਇੰਗ ਰੂਮ ਵਿੱਚ ਬੈਠ ਕੇ ਇਕੱਲੇ ਪੀਣਗੇ.. ਮੈਂ ਤੇ ਕਜ਼ਨ ਪਰਦੇ ਨਾਲ ਪੀਵਾਂਗੇ.. ਤੂੰ ਕਾਰ ਗੈਰਾਜ ਵਿੱਚ ਬੋਤਲ ਰੱਖ ਦੇਵੀਂ.. ਕਾਰ ਦੇ ਅਗਲੇ ਟਾਇਰ ਕੋਲ.. ਗਲਾਸ ਵੀ ਇੱਕੋ ਰੱਖੀਂ.. ਪਾਣੀ ਵਾਲੀ ਬੋਤਲ ਵੀ ਲੁਕੋ ਕੇ.. ਪਿਤਾ ਜੀ ਤੋਂ ਚੋਰੀਓਂ ਕੰਮ ਚਲਾਉਣਾ..।” ਹਦਾਇਤਾਂ ਦੇ ਕੇ ਸਾਹਬ ਕੱਚਾ-ਪੱਕਾ ਜਿਹਾ ਹੱਸਿਆ। ਸਾਹਿਬ ਮੈਨੂੰ ਅਰਦਲੀ ਘੱਟ ਤੇ ਦੋਸਤ ਵੱਧ ਸਮਝਣ ਲੱਗਿਆ ਸੀ। ਉਸ ਨੂੰ ਪਤਾ ਸੀ ਕਿ ਮੈਂ ਲੇਖਕ ਹਾਂ ਅਤੇ ਲੇਖਕਾਂ ਪ੍ਰਤੀ ਉਸ ਦੇ ਮਨ ਵਿੱਚ ਬਹੁਤ ਸਤਿਕਾਰ ਸੀ। ਸਾਹਿਬ ਦਾ ਪਿਤਾ ਵੀ ਰੰਗੀਲੜਾ ਬੰਦਾ, ਮਿਹਨਤ ਮਜ਼ਦੂਰੀ ਨਾਲ ਜੁੜਿਆ ਹੋਇਆ। ਨਿਮਰ ਸੁਭਾਅ ਦਾ ਮਾਲਕ।
ਮੀਟ ਦਾ ਡੌਂਗਾ ਭਰ ਕੇ ਤੇ ਸਲਾਦ ਚੀਰ ਕੇ ਮੈਂ ਪਿਤਾ ਜੀ ਕੋਲ ਰੱਖਿਆ ਤਾਂ ਬੋਲੇ, ”ਲੰਮੀ ਉਮਰ ਹੋਵੇ ਤੇਰੀ.. ਜੁਗ-ਜੁਗ ਜੀ ਬੇਟਾ..।” ਨਾਲ ਹੀ ਮੈਂ ਆਮਲੇਟ ਵੀ ਤਿਆਰ ਕਰ ਦਿੱਤਾ ਸੀ। ”ਪਿਤਾ ਜੀ, ਐਥੇ ਕੋਠੀ ਦੇ ਬਾਹਰ ਗੇੜੇ ਕੱਢਦੇ ਆਂ ਅਸੀਂ.. ਤੁਸੀਂ ਇਨਜੁਆਏ ਕਰੋ।” ਸਾਹਿਬ ਨੇ ਕਿਹਾ ਤੇ ‘ਸਤਿ ਬਚਨ ਬੇਟਾ ਜੀ’ ਆਖ ਪਿਤਾ ਜੀ ਨੇ ਪਹਿਲੇ ਸੱਟੇ ਪੈੱਗ ਅੰਦਰ ਸੁੱਟ ਲਿਆ। ਉੱਧਰ ਕਾਰ ਗੈਰਾਜ ਵਿੱਚ ਸਾਹਿਬ ਤੇ ਉਹਦਾ ਕਜ਼ਨ ਕਾਹਲੀ-ਕਾਹਲੀ ਪੈੱਗ ਬਣਾਉਣ ਲੱਗੇ। ਅਸਲ ਵਿੱਚ ਸਾਹਿਬ ਨੇ ਹਾਲੇ ਪਿਤਾ ਦੀ ਸ਼ਰਮ ਮਨ ਵਿੱਚ ਵਸਾਈ ਹੋਈ ਸੀ, ਜੋ ਚੰਗੀ ਗੱਲ ਸੀ। ਸੋ, ਉਹ ਮੋਟਾ-ਮੋਟਾ ਪੈੱਗ ਮਾਰ ਕੇ ਪਿਤਾ ਜੀ ਕੋਲ ਆ ਬੈਠੇ।
”ਪਿਤਾ ਜੀ.. ਅੱਜ ਹੌਲੀ ਜਿਹੀ ਆਵਾਜ਼ ਵਿੱਚ ਹੀਰ ਹੋ ਜੇ ਫੇਰ..।” ਸਾਹਿਬ ਨੇ ਕਿਹਾ ਤਾਂ ਪਿਤਾ ਜੀ ਨੇ ਵਾਰਿਸ ਦੀ ਹੀਰ ਦਾ ਬੰਦ ਛੂਹ ਲਿਆ। ਆਵਾਜ਼ ਵਿੱਚ ਕੁਦਰਤੀ ਪਕਿਆਈ। ਰਸਦਾਇਕ ਆਵਾਜ਼। ਪਿਤਾ ਜੀ ਤਰਾਰੇ ਵਿੱਚ ਸਨ। ਮੈਂ ਤਾਂ ਬਿਨ ਪੀਤੀਓਂ ਸਰੂਰਿਆ ਗਿਆ। ਸਾਹਿਬ ਤੇ ਉਹਦਾ ਕਜ਼ਨ ਤਾਂ ਸਿਰ ਮਾਰ-ਮਾਰ ਝੂਮ ਰਹੇ ਸਨ। ਪਿਤਾ ਜੀ ਦੀ ਆਵਾਜ਼ ਸੁਣ ਕੇ ਉਨ੍ਹਾਂ ਪ੍ਰਤੀ ਮੇਰੇ ਮਨ ਵਿੱਚ ਹੋਰ ਵੀ ਸਤਿਕਾਰ ਭਰ ਗਿਆ ਸੀ। ਪੰਜ ਕੁ ਮਿੰਟ ਬਾਅਦ ਸਾਹਿਬ ਫਿਰ ਉੱਠੇ ਅਤੇ ਕਾਰ ਦੇ ਪਹੀਏ ਕੋਲ ਹਾਜ਼ਰੀ ਲੁਵਾ ਆਏ।
ਮੈਂ ਇਹ ਵੰਨ-ਸੁਵੰਨੇ ਰੰਗ ਦੇਖ ਕੇ ਬੜਾ ਕੁਝ ਸੋਚਦਾ ਪਿਆ ਸਾਂ। ਦੁਨੀਆਂ ਪਰ੍ਹੇ ਤੋਂ ਪਰ੍ਹੇ ਪਈ ਐ ਨਿੰਦਰਾ!
ਸਾਹਿਬ ਦਾ ਕਜ਼ਨ ਜੱਜ ਭਰਾ ਕੋਲ ਆਇਆ ਹੋਣ ਕਰਕੇ ਖੁਸ਼ੀ ‘ਚ ਖੀਵਾ ਹੋਇਆ ਪਿਆ ਸੀ। ਉਹ ਆਪਣਾ ਰੰਗ ਵਿਖਾਉਣਾ ਚਾਹ ਰਿਹਾ ਸੀ, ”ਮੈਂ ਵੀ ਗਾਉਣੈ ਵੀਰੇ ਗੁਰਦਾਸ ਮਾਨ ਦਾ..।” ਉਹ ਨੇ ਇੱਕੋ ਅੰਤਰਾ ਬੋਲਿਆ:-
ਮਾਨਾ ਮਰ ਜਾਣਿਆ ਵੇ
ਮਾਨਾ ਮਰ ਜਾਣਿਆ..
ਸਾਹਿਬ ਨੇ ਆਖਿਆ, ”ਚੁੱਪ ਕਰ ਸਾਲਿਆ.. ਆਂਢ-ਗੁਆਂਢ ਸਾਰੇ ਅਫ਼ਸਰ ਰਹਿੰਦੇ ਆ.. ਸੁਣ ਕੇ ਕਹਿਣਾ ਕਿ ਅੱਜ ਕਾਹਦਾ ਅਖਾੜਾ ਲਾਈ ਬੈਠੇ ਨੇ.. ਚਲੋ ਹੁਣ.. ਰੋਟੀ ਖਾਈਏ।”
ਉਹ ਫਿਰ ਉੱਠੇ ਅਤੇ ਕਾਰ ਗੈਰਾਜ ‘ਚ ਚਲੇ ਗਏ। ਏਧਰ ਪਿਤਾ ਜੀ ਨੇ ਬੋਤਲ ਅੱਧੀ ਕਰ ਦਿੱਤੀ ਸੀ। ਮੈਂ ਆਟਾ ਗੁੰਨ੍ਹ ਕੇ ਸਬਜ਼ੀਆਂ ਤਿਆਰ ਕਰੀ ਬੈਠਾ ਸਾਂ। ਸਾਹਿਬ ਰਸੋਈ ਵਿੱਚ ਆਇਆ, ”ਮੈਂ ਗੈਰਾਜ ਵਾਲੀ ਅਲਮਾਰੀ ਵਿੱਚ ਹੀ ਸਾਮਾਨ ਸਾਂਭ ਤਾ.. ਸਵੇਰੇ ਚੁੱਕ ਲਵੀਂ.. ਬਣਾ ਲੈ ਰੋਟੀਆਂ ਹੁਣ..।” ਪਿਤਾ ਜੀ ਕੋਲ ਬੈਠਦੇ ਸਾਰ ਸਾਹਬ ਦੇ ਕਜ਼ਨ ਨੇ ਫਿਰ ਅਲਾਪ ਚੁੱਕ ਲਿਆ:
ਵਸਦਾ ਰਹੇ ਤੇਰਾ ਸ਼ਹਿਰ..
”ਓਏ ਚੁੱਪ ਕਰ ਬਦਮਾਸ਼ਾ..।” ਪਿਤਾ ਜੀ ਨੇ ਘੂਰਿਆ, ‘ਐਥੇ ਵੱਡੇ ਅਫ਼ਸਰ ਇਤਰਾਜ਼ ਕਰਨਗੇ..।” ਮੁੰਡੇ ਦਾ ਬੋਲ ਵਿੱਚੇ ਦਬ ਗਿਆ। ਸਾਹਿਬ ਹਸਣ ਲੱਗਿਆ। ਮਾਹੌਲ ਸੈੱਟ ਸੀ ਸਭ ਦਾ। ਮੈਂ ਰੋਟੀ ਬਣਾਉਣ ਲੱਗ ਪਿਆ।
********
ਪਿਤਾ ਜੀ ਤੇ ਸਾਹਿਬ ਦਾ ਕਜ਼ਨ ਜਾਣ ਲਈ ਤਿਆਰ ਹੋ ਗਏ। ਮੈਂ ਤੇ ਸਾਹਿਬ ਉਸੇ ਕਾਰ ਵਿੱਚ ਉਨ੍ਹਾਂ ਨੂੰ ਬੱਸ ਅੱਡੇ ਲਾਹੁਣ ਚੱਲ ਪਏ। ਕਿਰਤੀ ਪਿਤਾ ਪੁੱਤਰ ਦੇ ਜੱਜ ਬਣਨ ‘ਤੇ ਬੜੇ ਪ੍ਰਸੰਨ ਸਨ। ਗੱਲ-ਗੱਲ ‘ਤੇ ਬੋਲਦੇ, ”ਹੇ ਸੱਚੇ ਪਾਤਸ਼ਾ.. ਤੇਰਾ ਸ਼ੁਕਰ ਆ।”
ਵਾਪਸੀ ਮੌਕੇ ਰਾਹ ਵਿੱਚ ਆਉਂਦੇ ਸਾਹਿਬ ਨੇ ਆਖਿਆ, ”ਆਪਣੇ ਘਰ ਦੀ ਕੋਈ ਗੱਲ ਬਾਹਰ ਨਹੀਂ ਜਾਣੀ ਚਾਹੀਦੀ.. ਤੈਨੂੰ ਪਤਾ ਕਿ ਮੈਂ ਹਾਲੇ ਨਵਾਂ-ਨਵਾਂ.. ਲੋਕ ਸਾਲੇ ਚੁਗਲਖ਼ੋਰ ਨੇ।”
ਜਦ ਕੋਠੀ ਵਾਲੀ ਸੜਕ ‘ਤੇ ਕਾਰ ਮੁੜੀ ਤਾਂ ਦੋ ਮੋਟਰ ਸਾਇਕਲ ਖਲੋਤੇ ਅਤੇ ਉਨ੍ਹਾਂ ਉੱਪਰ ਤਿੰਨੇ ਮੁੰਡੇ ਬੈਠੇ ਸਨ। ਉਨ੍ਹਾਂ ‘ਚੋਂ ਇੱਕ ਨੂੰ ਦੇਖਦੇ ਸਾਰ ਜੱਜ ਸਾਹਿਬ ਬੁੜ-ਬੁੜਾਏ, ”ਏਹ ਸਾਲਾ ਕਿੱਥੋਂ ਆ ਗਿਆ?”
”ਕੌਣ ਐ ਸਰ?”
”ਮੇਰੀ ਭੂਆ ਦਾ ਮੁੰਡਾ.. ਐਥੇ ਡਾਕਟਰੀ ਕਰਦਾ.. ਕੁੱਤਾ ਐ ਸਾਲਾ.. ਬਿਗੜਿਆ ਹੋਇਆ।” ਜਿਉਂ ਹੀ ਕਾਰ ਰੁਕੀ, ਸਾਹਿਬ ਤੇ ਮੈਂ ਬਾਹਰ ਨਿਕਲੇ ਤਾਂ ਤਿੰਨੇ ਮੁੰਡੇ ਸਾਹਿਬ ਦੇ ਪੈਰੀਂ ਹੱਥ ਲਾਉਣ ਲਈ ਅਹੁਲੇ। ਮੈਂ ਦੇਖ ਕੇ ਹੈਰਾਨ ਸੀ, ਸਾਹਿਬ ਤੋਂ ਥੋੜ੍ਹੇ ਛੋਟੇ ਹੀ ਸਨ, ਪਰ ਸਾਹਿਬ ਦੀ ਉਮਰ ਨੂੰ ਨਹੀਂ, ਰੁਤਬੇ ਨੂੰ ਪੈਰੀਂ ਹੱਥ ਲਾ ਰਹੇ ਸਨ। ਇਹ ਤਿੰਨੋਂ ਡਾਕਟਰੀ ਕਰਦੇ ਸਨ।
”ਕਿਵੇਂ ਰਿੰਪੀ.. ਤੇਰਾ ਕੀ ਹਾਲ?”
”ਠੀਕ ਆ ਵੀਰ ਜੀ, ਤੁਸੀਂ ਦੱਸਿਆ ਈ ਨਹੀਂ, ਵਈ ਹੈਥੇ ਲੱਗ ਕੇ.. ਮੈਨੂੰ ਤਾਂ ਮਾਮਾ ਜੀ ਨੇ ਦੱਸਿਆ ਕਿ ਅਸੀਂ ਰਮਿੰਦਰ ਕੋਲ ਆਉਣਾ.. ਤੂੰ ਵੀ ਮਿਲ ਲਵੀਂ.. ਮੈਂ ਤਦੇ ਈ ਆਇਆ ਸੀ.. ਕਿੱਥੇ ਮਾਮਾ ਜੀ?” ਭੂਆ ਦੇ ਮੁੰਡੇ ਨੇ ਪੁੱਛਿਆ।
”ਉਨ੍ਹਾਂ ਨੂੰ ਤਾਂ ਹੁਣੇ ਬੱਸ ਸਟੈਂਡ ਛੱਡ ਕੇ ਆ ਰਹੇ ਆਂ.. ਚਲੇ ਗਏ.. ਜਲਦੀ ਜਾਣਾ ਸੀ.. ਕੰਮ ਸੀ ਘਰ.. ਤੁਸੀਂ ਆ ਜਾਓ ਅੰਦਰ.. ਚਾਹ ਪੀ ਲਓ।” ਇਹ ਆਖ ਸਾਹਿਬ ਅੱਗੇ-ਅੱਗੇ ਤੁਰਿਆ। ਮੈਂ ਚਾਹ ਤੇ ਬਿਸਕੁਟ ਰੱਖੇ। ”ਵੀਰ ਜੀ, ਆਹ ਤਾਂ ਮੌਜ ਬਣ ਗੀ.. ਤੁਸੀਂ ਤਾਂ ਹੁਣ ਸਾਡੇ ਸਿਰ ‘ਤੇ ਹੱਥ ਰੱਖਣਾ ਵਾਂ.. ਹੁਣ ਤਾਂ ਨਿੱਤ ਹੀ ਮਿਲਿਆ ਕਰਾਂਗੇ ਵੀਰ ਜੀ।” ਰਿੰਪੀ ਖੁਸ਼ ਹੋ ਰਿਹਾ ਸੀ ਅਤੇ ਉਹਦੇ ਨਾਲ ਆਏ ਸਾਥੀ ਉਹਦੇ ਮੂੰਹ ਵੱਲ ਦੇਖ ਰਹੇ ਸਨ। ਏਧਰ ਜੱਜ ਸਾਹਿਬ ਹੇਠਾਂ ਨਜ਼ਰ ਗੱਡੀ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗੁਆਚੇ ਹੋਏ ਸਨ।
(ਬਾਕੀ ਅਗਲੇ ਹਫਤੇ) [email protected]

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …