Breaking News
Home / ਰੈਗੂਲਰ ਕਾਲਮ / ਵਧੀਆ ਨਾਵਲ ਹੈ ‘ਨਾ ਜੁਨੂੰ ਰਹਾ ਨਾ ਪਰੀ ਰਹੀ’

ਵਧੀਆ ਨਾਵਲ ਹੈ ‘ਨਾ ਜੁਨੂੰ ਰਹਾ ਨਾ ਪਰੀ ਰਹੀ’

ਪੁਸਤਕ ਰਿਵਿਊ
ਰਿਵਿਊ ਕਰਤਾ
ਡਾ. ਡੀ ਪੀ ਸਿੰਘ 416-859-1856
ਨਾ ਜੁਨੂੰ ਰਹਾ ਨਾ ਪਰੀ ਰਹੀ
ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ
ਅਨੁਵਾਦ ਕਰਤਾ : ਰਾਬਿੰਦਰ ਸਿੰਘ ਬਾਠ
ਪੁਸਤਕ ਦਾ ਨਾਮ : ਨਾ ਜੁਨੂੰ ਰਹਾ ਨਾ ਪਰੀ ਰਹੀ
ਲੇਖਿਕਾ : ਜ਼ਾਹਿਦਾ ਹਿਨਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਇੰਡੀਆ।
ਪ੍ਰਕਾਸ਼ ਸਾਲ : 2019
ਕੀਮਤ : 250 ਰੁਪਏ ; ਪੰਨੇ : 134
”ਨਾ ਜੁਨੂੰ ਰਹਾ ਨਾ ਪਰੀ ਰਹੀ” ਨਾਵਲ ਦੀ ਲੇਖਿਕਾ ਜ਼ਾਹਿਦਾ ਹਿਨਾ, ਭਾਰਤੀ ਸੂਬੇ ਬਿਹਾਰ ਦੇ ਨਗਰ ਸਸਾਰਾਮ ਵਿਖੇ ਜਨਮੀ ਪਰ ਹੁਣ ਕਰਾਚੀ, ਪਾਕਿਸਤਾਨ ਦੀ ਵਸਨੀਕ ਹੈ। ਉਹ, ਜਿਥੇ ਪਿਛਲੇ ਲਗਭਗ ਪੰਜ ਦਹਾਕਿਆਂ ਤੋਂ ਉਰਦੂ ਪੱਤਰਕਾਰੀ ਦੇ ਖੇਤਰ ਵਿਚ ਵਿਲੱਖਣ ਕਾਲਮਨਵੀਸ ਹੈ, ਉੱਥੇ ਉਹ ਉਰਦੂ ਸਾਹਿਤ ਰਚਨਾ ਕਾਰਜਾਂ ਨੂੰ ਸਮਰਪਿਤ ਨਾਮਵਰ ਸਖ਼ਸ਼ੀਅਤ ਵਜੋਂ ਵੀ ਉਨ੍ਹਾਂ ਹੀ ਮਕਬੂਲ ਹੈ। ਸੰਨ 2001 ਵਿਚ ਉਸ ਦੇ ਵਿਲੱਖਣ ਸਾਹਿਤਕ ਕਾਰਜਾਂ ਕਾਰਨ, ਉਸ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਸਾਰਕ ਲਿਟਰੇਰੀ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਹੁਣ ਤਕ, ਪੱਤਰਕਾਰੀ ਸਬੰਧਤ ਉਸ ਦੇ 2000 ਤੋਂ ਵੀ ਵਧੇਰੇ ਲੇਖ, ਲਗਭਗ ਦਰਜਨ ਦੇ ਕਰੀਬ ਕਹਾਣੀ ਸੰਗ੍ਰਹਿ ਅਤੇ ਨਾਵਲ ਛਪ ਚੁੱਕੇ ਹਨ। ਉਸ ਦੀਆਂ ਅਨੇਕ ਰਚਨਾਵਾਂ ਦਾ ਅਨੁਵਾਦ ਅੰਗਰੇਜੀ, ਹਿੰਦੀ, ਬੰਗਾਲੀ ਤੇ ਮਰਾਠੀ ਵਿਚ ਵੀ ਹੋ ਚੁੱਕਾ ਹੈ। ਹੁਣ ਸੰਨ 2019 ਦੌਰਾਨ, ਸ. ਰਾਬਿੰਦਰ ਸਿੰਘ ਬਾਠ, ਉਸ ਦੇ ਨਾਵਲ ”ਨਾ ਜੁਨੂੰ ਰਹਾ ਨਾ ਪਰੀ ਰਹੀ” ਦਾ ਪੰਜਾਬੀ ਅਨੁਵਾਦ ਲੈ ਕੇ ਪੰਜਾਬੀ ਪਾਠਕਾਂ ਦੀ ਸੱਥ ਵਿਚ ਹਾਜ਼ਿਰ ਹੋਇਆ ਹੈ।
ਸ. ਰਾਬਿੰਦਰ ਸਿੰਘ ਬਾਠ ਇਕ ਅਜਿਹੀ ਸਖ਼ਸੀਅਤ ਹੈ ਜਿਸ ਨੇ ਵਿਭਿੰਨ ਭਾਸ਼ਾਵਾਂ ਦੇ ਨਾਮਵਰ ਲਿਖਾਰੀਆਂ ਦੀਆ ਰਚਨਾਵਾਂ (ਨਾਵਲ ਤੇ ਕਹਾਣੀ ਸੰਗ੍ਰਹਾਂ) ਦਾ ਪੰਜਾਬੀ ਅਨੁਵਾਦ ਕਰਦੇ ਹੋਏ ਹੁਣ ਤਕ ਲਗਭਗ ਡੇਢ ਦਰਜਨ ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ ਪਾਈਆਂ ਹਨ। ਕਿੱਤੇ ਵਜੋਂ ਪ੍ਰਸ਼ਾਸ਼ਨੀ ਵਿਭਾਗ ਦੇ ਕਾਰਕੁੰਨ ਵਜੋਂ ਬੇਸ਼ਕ ਉਸ ਦਾ ਸਾਹਿਤ ਨਾਲ ਦੂਰ ਦੂਰ ਦਾ ਵੀ ਰਿਸ਼ਤਾ ਨਹੀਂ ਸੀ, ਪਰ ਕਾਲਜੀ ਦਿਨਾਂ ਵਿਚ ਮਨ ਨੂੰ ਲੱਗੀ ਸਾਹਿਤਕ ਚੇਟਕ ਨੇ ਉਸ ਦੇ ਜੀਵਨ ਵਿਚ ਪੰਜਾਬੀ ਸਾਹਿਤ ਨਾਲ ਉਸ ਦਾ ਬਹੁਤ ਹੀ ਕਰੀਬੀ ਰਿਸ਼ਤਾ ਕਾਇਮ ਕਰੀ ਰੱਖਿਆ। ਇਸੇ ਚੇਟਕ ਕਾਰਣ ਉਸ ਨੇ ਵਿਭਿੰਨ ਭਾਸ਼ਾਵਾਂ (ਜਿਵੇਂ ਕਿ ਉਰਦੂ, ਅਸਾਮੀ, ਬੰਗਾਲੀ ਤੇ ਹਿੰਦੀ) ਦੇ ਮਾਨਵਰ ਲੇਖਕਾਂ (ਜਿਵੇਂ ਕਿ ਮਹਰਉੱਦੀਨ ਖਾਂ, ਤਹਿਮੀਨਾ ਦੁੱਰਾਨੀ, ਆਬਦ ਸੁਰਤੀ, ਇੰਦਰਾ ਗੋਸਵਾਮੀ, ਦੂਧਨਾਥ ਸਿੰਘ, ਸੁਚਿੱਤਰਾ ਭੱਟਾਚਾਰੀਆ, ਮੋਹਨ ਚੋਪੜਾ, ਉਦੈ ਪ੍ਰਕਾਸ਼, ਤੇ ਮੰਨੂੰ ਭੰਡਾਰੀ ਆਦਿ) ਦੇ ਨਾਵਲਾਂ/ਕਹਾਣੀ ਸੰਗ੍ਰਹਾਂ ਦਾ ਸਫਲ਼ਤਾਪੂਰਣ ਪੰਜਾਬੀ ਅਨੁਵਾਦ ਕੀਤਾ ਹੈ। ਰਾਬਿੰਦਰ ਸਿੰਘ ਬਾਠ ਇਕ ਅਜਿਹੀ ਨਿਆਰੀ ਸ਼ਖਸ਼ੀਅਤ ਹੈ, ਜਿਸ ਨੇ ਆਪਣਾ ਸਮੁੱਚਾ ਜੀਵਨ ਵਿਭਿੰਨ ਭਾਸ਼ਾਵਾਂ ਦੇ ਸ੍ਰੇਸ਼ਟ ਸਾਹਿਤ ਦੇ ਪਠਨ ਕਾਰਜਾਂ ਲਈ ਅਤੇ ਅਜਿਹੇ ਉੱਚ ਪਾਏ ਦੇ ਸਾਹਿਤ ਦੇ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।
”ਨਾ ਜੁਨੂੰ ਰਹਾ ਨਾ ਪਰੀ ਰਹੀ” ਨਾਵਲ, ਨਾਇਕਾ ਬ੍ਰਜੇਸ਼ ਦਾਵਰ ਅਲੀ ਦੇ ਜੀਵਨ ਵਿਚ ਦਰ-ਪੇਸ਼ ਅਨੇਕ ਖੱਟੇ-ਮਿੱਠੇ ਤਜ਼ਰਬਿਆਂ, ਉਤਰਾਅ-ਚੜਾਅ, ਔਖੇ ਪਲਾਂ ਦਾ ਸੁੰਨਤਾ ਭਰਿਆ ਸੰਨਾਟਾ, ਬਣਦੇ-ਵਿਗੜਦੇ ਰਾਹਾਂ, ਅਤੀਤ ਤੇ ਭਵਿੱਖ ਦੇ ਅੰਤਰਾਲ ਵਿਚ ਲਟਕਦੇ ਅਹਿਸਾਸਾਂ, ਅਧੂਰੇ ਸੁਪਨਿਆ ਦਾ ਮੰਜ਼ਿਰ, ਆਪਣਿਆਂ ਦੀ ਬੇਵਫਾਈ ਅਤੇ ਬੇਗਾਨਿਆਂ ਦਾ ਆਪਣਾਪਣ ਦੀ ਦਾਸਤਾਂ ਦਾ ਜ਼ਿਕਰ ਕਰਦਾ ਹੈ। ਲੇਖਿਕਾ ਨੇ ਪਾਰਸੀ ਅਤੇ ਮੁਸਲਿਮ ਰੀਤੀ ਰਿਵਾਜਾਂ, ਜੀਵਨ ਚਲਣ, ਸਮਾਜਿਕ ਸਹਿਹੋਂਦ ਪਰ ਅੱਡਰੇ ਸਭਿਆਚਾਰ ਦੇ ਤਾਣੇ ਬਾਣੇ ਵਿਚ ਅਨੇਕ ਕਿਰਦਾਰਾਂ ਜਿਵੇਂ ਕਿ ਮਿਸਟਰ ਕਾਊਂਸ, ਮਿਸਿਜ਼ ਬਾਨੋ ਲਸ਼ਕਰੀ, ਮਨੂਚਹਰ, ਮੀਨੂੰ ਬਾਈ, ਅੱਬਾ ਮੀਆਂ, ਪ੍ਰਵੇਜ਼, ਅਸ਼ਰਫ਼ ਚਾਚਾ, ਸੁਰਈਆ, ਛੋਟੀ ਅੰਮੀ, ਨੱਜੂ ਚਾਚਾ, ਹਸਨੋ ਚਾਚਾ, ਜ਼ੇਬੁਨ ਚਾਚੀ, ਸ਼ਮ੍ਹਾਂ ਤੇ ਕਮਰ ਆਦਿ ਅਨੇਕ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਹੈ। ਇਹ ਨਾਵਲ ਸਮਾਜਿਕ ਜੀਵਨ ਵਿਚ ਵਿਚਰਦੇ ਕਿਰਦਾਰਾਂ ਦੇ ਵਿਭਿੰਨ ਰੂਪਾਂ ਦਾ ਬਿਰਤਾਂਤ ਸਮੋਈ ਬੈਠਾ ਹੈ। ਕਿਧਰੇ ਪਿੱਤਰੀ ਪਿਆਰ ਦਾ ਸਫ਼ਲ ਪ੍ਰਗਟਾ ਹੈ, ਤੇ ਕਿਧਰੇ ਖੁਦਰਗਜ਼ੀ ਹੇਠ ਬਦਲਦੇ ਰਿਸ਼ਤਿਆਂ ਦਾ ਵਰਨਣ। ਕਿਧਰੇ ਮੂਕ ਪਿਆਰ ਦੀ ਉਦਾਸੀ ਹੈ ਅਤੇ ਕਿਧਰੇ ਮਨਚਾਹੇ ਮੰਜ਼ਿਰ ਤਕ ਪਹੁੰਚਣ ਦੀ ਬੇਚੈਨੀ।
ਮਨੁੱਖੀ ਭਾਵਨਾਵਾਂ ਨਾਲ ਅੋਤ-ਪ੍ਰੋਤ, ਅਹਿਸਾਸਾਂ ਤੇ ਮਾਨਵੀ ਮੁੱਲਾਂ ਨਾਲ ਲਥ-ਪਥ, ਬਣਦੇ-ਵਿਗੜਦੇ ਰਿਸ਼ਤਿਆਂ ਨਾਲ ਲਬਰੇਜ਼, ਇਹ ਨਾਵਲ ਪਟਨਾ ਤੋਂ ਲਖਨਊ, ਅਤੇ ਫਿਰ ਕਰਾਚੀ ਤਕ ਦਾ ਪ੍ਰਸਾਰ ਸਮੋਈ ਬੈਠਾ ਹੈ। ਨਾਵਲ ਦਾ ਪਠਣ, ਪਾਠਕ ਨੂੰ ਬੇਸ਼ਕ ਅਨੇਕ ਨਿੱਜੀ ਰਿਸ਼ਤਿਆਂ ਦੀ ਬੇਵਫਾਈ ਦੀ ਦਸ ਪਾਉਂਦਾ ਹੈ ਪਰ ਇਸ ਦੇ ਨਾਲ ਨਾਲ ਹੀ ਕਾਊਂਸ ਪਰਿਵਾਰ ਦੇ ਰੂਪ ਵਿਚ ਬੇਗਾਨਿਆਂ ਵਿਚ ਵੀ ਆਪਣਾਪਣ ਢੂੰਡ ਲੈਣ ਦੀ ਮਨੁੱਖੀ ਫਿਤਰਤ ਦਾ ਸਹੀ ਪ੍ਰਗਟਾ ਕਰਦਾ ਹੈ। ਨਾਵਲ ਦੇ ਆਖਰੀ ਪੜਾਅ ਅੰਦਰ, ਮਨੂਚਹਰ ਦਾ ਮੂਕ ਪਿਆਰ ਤੇ ਬ੍ਰਜੇਸ਼ ਦੀ ਇਸ ਤੋਂ ਲੰਮੇ ਸਮੇਂ ਤਕ ਦੀ ਅਣਭਿੱਜਤਾ ਪਾਠਕ ਨੂੰ ਇਕ ਗਹਿਰੀ ਉਦਾਸੀ ਨਾਲ ਭਰ ਜਾਂਦੀ ਹੈ। ਜਿਥੇ ਇਹ ਨਾਵਲ ਬ੍ਰਜੇਸ਼ ਦਾਵਰ ਅਲੀ ਦੀ ਅਸਫ਼ਲ ਪ੍ਰੇਮ ਗਾਥਾ ਦਾ ਵਰਨਣ ਹੈ ਉੱਥੈ ਇਹ ਉਸ ਦੁਆਰਾ ਜੀਵਨ ਅੰਦਰ ਬਣਦੇ-ਵਿਗੜਦੇ ਰਿਸ਼ਤਿਆਂ ਦੀ ਥਾਹ ਨਾ ਪਾ ਸਕਣਾ ਦੀ ਅਸਮਰਥਤਾ ਦਾ ਵੀ ਪ੍ਰਗਟਾ ਹੈ। ਸਮਾਜਿਕ ਵਰਤਾਰਿਆਂ ਦੀ ਪੜਚੋਲ ਤੇ ਮੁਲਾਂਕਣ ਦੇ ਨਜ਼ਰੀਏ ਤੋਂ ਇਹ ਇਕ ਵਧੀਆ ਨਾਵਲ ਹੈ ਜੋ ਪਾਰਸੀ ਤੇ ਮੁਸਲਿਮ ਸੱਭਿਆਚਾਰ ਬਾਰੇ ਬਹੁਪੱਖੀ ਜਾਣਕਾਰੀ ਪੇਸ਼ ਕਰਦਾ ਹੈ। ਮਾਨਵੀ ਧਾਰਨਾਵਾਂ ਅਤੇ ਕਦਰਾਂ-ਕੀਮਤਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦਾ ਹੈ। ਰਾਬਿੰਦਰ ਸਿੰਘ ਬਾਠ ਵਲੋਂ ਇਸ ਨਾਵਲ ਦੇ ਪੰਜਾਬੀ ਵਿਚ ਅਨੁਵਾਦ ਦੀ ਚੋਣ ਪ੍ਰਸੰਸਾਯੋਗ ਹੈ। ਅਨੁਵਾਦ ਕਰਤਾ ਨਾਵਲ ਦੇ ਅਨੁਵਾਦ ਕਾਰਜ ਵਿਚ ਸਫ਼ਲ ਰਿਹਾ ਹੈ। ”ਨਾ ਜੁਨੂੰ ਰਹਾ ਨਾ ਪਰੀ ਰਹੀ” (ਪੰਜਾਬੀ ਸੰਸਕਰਣ) ਨੂੰ ਪੜ੍ਹ ਕੇ ਇੰਝ ਜਾਪਦਾ ਹੈ ਕਿ ਜਿਵੇਂ ਇਹ ਨਾਵਲ ਮੂਲ ਰੂਪ ਵਿਚ ਪੰਜਾਬੀ ਹੀ ਲਿਖਿਆ ਗਿਆ ਹੈ। ਜੋ ਅਨੁਵਾਦਕਰਤਾ ਦੀ ਮੁਹਾਰਤ ਦਾ ਪ੍ਰਤੱਖ ਸਬੂਤ ਹੈ। ਚਹੁਰੰਗੇ ਸਰਵਰਕ ਨਾਲ ਡੀਲਕਸ ਬਾਇਡਿੰਗ ਵਾਲੀ ਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂਯੋਗ ਹੈ। ਜੋ ਵਿਭਿੰਨ ਸਮਾਜਿਕ ਅਤੇ ਸਭਿਆਚਾਰਕ ਸਰੋਕਾਰਾਂ ਬਾਰੇ ਉਚਿਤ ਸਾਹਿਤ ਉਪਲਬਧੀ ਦਾ ਅਹਿਮ ਦਸਤਾਵੇਜ਼ ਹੈ।
ਸ. ਰਾਬਿੰਦਰ ਸਿੰਘ ਬਾਠ ਸਾਹਿਤਕ ਵਿਸ਼ਿਆਂ ਦੇ ਨਿਸ਼ਠਾਵਾਨ ਅਨੁਵਾਦਕਾਰ ਅਤੇ ਸਾਹਿਤਕ ਸਰਗਰਮੀਆਂ ਦੇ ਆਦਰਸ਼ ਕਾਰਜ-ਕਰਤਾ ਵਜੋਂ ਅਨੁਸਰਣ ਯੋਗ ਮਾਡਲ ਹੈ। ਉਸ ਦੁਆਰਾ ਨਾਮਵਰ ਲੇਖਕਾਂ ਦੀਆਂ ਰਚਨਾਵਾਂ ਦੇ ਪੰਜਾਬੀ ਅਨੁਵਾਦ-ਕਾਰਜ, ਵਿਭਿੰਨ ਸਮੁਦਾਇ ਦੇ ਲੋਕਾਂ ਦੇ ਸਮਾਜਿਕ ਤਾਣੇ-ਬਾਣੇ, ਰੀਤੀ ਰਿਵਾਜਾਂ ਅਤੇ ਸੱਭਿਆਚਾਰਾਂ ਸਬੰਧਤ ਗਿਆਨ ਨੂੰ ਸਹਿਜ ਰੂਪ ਵਿਚ ਪ੍ਰਗਟਾਉਣ ਕਾਰਣ, ਪੰਜਾਬੀ ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹਨ।
ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਵਲੋਂ, ਸ. ਰਾਬਿੰਦਰ ਸਿੰਘ ਬਾਠ ਦੀ ਇਸ ਨਵੀਂ ਪੇਸ਼ਕਸ਼ (ਕਿਤਾਬ) ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ, ਜੋ ਹੋਰ ਭਾਸ਼ਾਵਾਂ ਦੇ ਉੱਤਮ ਸਾਹਿਤ ਦੀ ਪੰਜਾਬੀ ਭਾਸ਼ਾ ਵਿਚ ਉਪਲਬਧੀ ਲਈ ਅਹਿਮ ਯੋਗਦਾਨ ਦਾ ਵਾਜਿਬ ਯਤਨ ਹੈ। ”ਨਾ ਜੁਨੂੰ ਰਹਾ ਨਾ ਪਰੀ ਰਹੀ” ਇਕ ਵਧੀਆ ਨਾਵਲ ਹੈ ਜਿਸ ਦੇ ਪੰਜਾਬੀ ਪਾਠਕ ਜਗਤ ਵਿਚ ਸ਼ੁੱਭ ਆਗਮਨ ਲਈ ਜੀ ਆਇਆ ਹੈ।
…………….
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 24 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ ਦੇ ਆਨਰੇਰੀ, ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ। ਈਮੇਲ: [email protected]

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …