Breaking News
Home / ਰੈਗੂਲਰ ਕਾਲਮ / ਵਿਗਿਆਨ – ਗਲਪ ਕਹਾਣੀ

ਵਿਗਿਆਨ – ਗਲਪ ਕਹਾਣੀ

ਕਿਸ਼ਤ 1
ਕੈਪਲਰ ਗ੍ਰਹਿ ਦੇ ਅਜਬ ਵਾਸ਼ਿੰਦੇ
ਡਾ. ਡੀ ਪੀ ਸਿੰਘ
416-859-1856
ਕੈਪਲਰ ਗ੍ਰਹਿ ਦਾ ਵਾਤਾਵਰਣ ਸਾਡੀ ਧਰਤੀ ਵਰਗਾ ਹੀ ਹੈ। ਇਸ ਗ੍ਰਹਿ ਵਿਖੇ ਵਾਯੂਮੰਡਲ ਵੀ ਹੈ ਅਤੇ ਉਚਿੱਤ ਤਾਪਮਾਨ ਵੀ। ਇਥੇ ਜੀਵਨ ਹੌਂਦ ਦੇ ਆਸਾਰ ਵੀ ਦੇਖੇ ਗਏ ਹਨ। ਕੈਪਲਰ, ਸਾਡੀ ਧਰਤੀ ਤੋਂ 500 ਰੌਸ਼ਨੀ ਸਾਲ ਦੂਰ, ਸਿਨਗਸ ਗਲੈਕਸੀ ਵਿਖੇ ਸਥਿਤ ਹੈ। ਮਨੁੱਖਾਂ ਦੀ ਇਸ ਗ੍ਰਹਿ ਦੇ ਵਾਸੀਆਂ ਨਾਲ ਹੋਈ ਪਹਿਲੀ ਮੁਲਾਕਾਤ ਦਾ ਸਾਰਅੰਸ਼ ਹੈ ਇਹ ਕਹਾਣੀ।
————————-
ਬਾਂਦਰਾਂ ਦਾ ਇਕ ਦਲ, ਕੈਪਲਰ ਗ੍ਰਹਿ ਵਿਖੇ ਸੁੱਖਮਈ ਜੀਵਨ ਬਤੀਤ ਕਰ ਰਿਹਾ ਸੀ। ਵਿਸ਼ੇਸ਼ ਨਸਲ ਦੇ ਇਹ ਬਾਂਦਰ, ਖੁੱਸ਼ੀ ਤੇ ਸ਼ਾਂਤੀ ਭਰਭੂਰ ਜੀਵਨ ਜੀਅ ਰਹੇ ਸਨ। ਉਥੇ ਨਾ ਕਦੇ ਕੋਈ ਬੀਮਾਰ ਹੁੰਦਾ ਸੀ ਤੇ ਨਾ ਹੀ ਭੁੱਖਾ ਮਰਦਾ ਸੀ। ਨਾ ਕੋਈ ਪੱਖਪਾਤ ਸੀ ਤੇ ਨਾ ਹੀ ਲੜਾਈ। ਉਥੇ ਕਦੇ ਬਹਿਸ-ਮੁਬਾਹਸੇ ਵੀ ਨਹੀਂ ਸਨ ਹੁੰਦੇ।
ਉਹ ਦਲ ਜਿਧਰ ਵੀ ਜਾਂਦਾ, ਸਾਰੇ ਮੈਂਬਰ ਇਕੱਠੇ ਹੀ ਜਾਂਦੇ। ਛੋਟੇ ਤੇ ਕਮਜ਼ੋਰ ਮੈਂਬਰਾਂ ਦਾ ਖਾਸ ਖਿਆਲ
ਰੱਖਦੇ ਤੇ ਉਨ੍ਹਾਂ ਦੀ ਚੰਗੀ ਸਾਂਭ ਸੰਭਾਲ ਕਰਦੇ। ਜਦੋਂ ਕਿਸੇ ਦਾ ਜਨਮ ਹੁੰਦਾ, ਸਾਰੇ ਰਲ ਮਿਲ ਕੇ ਖੁਸ਼ੀ ਮਨਾਉਂਦੇ। ਜਦੋਂ ਕੋਈ ਮਰ ਜਾਂਦਾ, ਸਾਰੇ ਇਕੱਠਿਆ ਦੁੱਖ ਸਾਂਝਾ ਕਰਦੇ। ਉਨ੍ਹਾਂ ਦੀ ਜਨਮ ਤੇ ਮੌਤ ਦਰ ਵੀ ਬਰਾਬਰ ਹੀ ਸਨ। ਉਨ੍ਹਾਂ ਵਿਚ ਨਾ ਕੋਈ ਆਪਸੀ ਈਰਖਾ ਸੀ, ਨਾ ਦਵੈਸ਼ ਦੀ ਭਾਵਨਾ ਤੇ ਨਾ ਹੀ ਅਣਸੁਲਝੇ ਮਸਲੇ। ਇਹ ਹਾਲਤ, ਇਕ ਆਦਰਸ਼ ਰਾਜ ਵਰਗੀ ਹੀ ਸੀ, ਸਿਵਾਏ ਇਸ ਸੱਚ ਦੇ ਕਿ ਬਾਂਦਰ ਕਿਸੇ ਵੀ ਗੱਲ ਨੂੰ ਭੁੱਲਦੇ ਨਹੀਂ ਸਨ।
…. ਕਦੇ ਵੀ ਨਹੀਂ। ਬੇਸ਼ਕ ਉਹ ਖੁੱਦ ਵੀ ਕਿੰਨੀ ਹੀ ਕੋਸ਼ਿਸ਼ ਕਰ ਲੈਣ।
ਸੰਨ 2585 ਵਿਚ, ਜਦ ਧਰਤੀ ਵਾਸੀ ਮਨੁੱਖ ਕੈਪਲਰ ਗ੍ਰਹਿ ਵਿਖੇ ਪੁੱਜਿਆ ਤਾਂ ਕੈਪਲਰ ਵਾਸੀ ਬਾਂਦਰ ਕਾਫ਼ੀ ਚਿੰਤਤ ਹੋ ਗਏ। ਪਰ, ਫਿਰ ਵੀ ਉਹ ਸਦਭਾਵਨਾ ਭਰੇ ਜ਼ਜਬਾਤਾਂ ਨਾਲ ਪੁਲਾੜੀ ਵਾਹਣ ਕੋਲ ਪੁੱਜੇ।
ਧਰਤੀ ਵਾਸੀ ਮਨੁੱਖ ਵੀ ਥੋੜ੍ਹੇ ਚਿੰਤਤ ਸਨ। ਧਰਤੀ ਵਿਖੇ ਕੀਤੇ ਗਏ ਕੈਪਲਰ ਦੇ ਜਾਂਚ ਕਾਰਜਾਂ ਤੋਂ ਇਹ
ਤਾਂ ਪਤਾ ਲੱਗ ਚੁੱਕਾ ਸੀ ਕਿ ਇਸ ਗ੍ਰਹਿ ਉੱਤੇ ਪਾਣੀ ਮੌਜੂਦ ਹੈ ਤੇ ਤਾਪਮਾਨ ਵੀ ਜੀਵਨ ਦੀ ਪੈਦਾਇਸ਼ ਦੇ ਯੋਗ ਹੈ ਪਰ ਉਥੇ ਜੀਵਨ ਇਸ ਹੱਦ ਤਕ ਵਿਕਾਸ ਕਰ ਚੁੱਕਾ ਹੋਵੇਗਾ ਉਹ ਨਹੀਂ ਸਨ ਜਾਣਦੇ। “ਜੇ ਉਨ੍ਹਾਂ ਦੇ ਜਾਂਚ ਕਾਰਜ ਇੰਨੇ ਕੁ ਹੀ ਸਹੀ ਸਨ ਤਾਂ ਫਿਰ ਪਤਾ ਨਹੀਂ, ਹੋਰ ਕੀ ਕੀ ਅਜਬ ਹਾਲਾਤ ਦੇਖਣੇ ਪੈ ਸਕਦੇ ਨੇ।” ਉਹ ਸੋਚ ਰਹੇ ਸਨ।
ਪੁਲਾੜੀ ਵਾਹਣ ‘ਚੋਂ ਇਕ ਉੱਚਾ-ਲੰਮਾ ਮਨੁੱਖ ਬਾਹਰ ਨਿਕਲ, ਕੈਪਲਰ ਦੀ ਚਟਾਨੀ ਧਰਤੀ ਉੱਤੇ ਆ ਖੜੋਤਾ। …. ਫਿਰ ਇਕ ਹੋਰ ਤੇ ਫਿਰ ਇਕ ਤੀਸਰਾ ਵੀ। ਜਦ ਤਕ ਪੁਲਾੜੀ ਵਾਹਣ ਦੇ ਸਾਰੇ ਯਾਤਰੀ ਬਾਹਰ ਆਏ ਉਨ੍ਹਾਂ ਦੀ ਗਿਣਤੀ ਬਾਂਦਰਾਂ ਦੀ ਗਿਣਤੀ ਦੇ ਬਰਾਬਰ ਹੋ ਚੁੱਕੀ ਸੀ।
“ਹੈਰਾਨੀ ਦੀ ਗੱਲ ਹੈ।” ਮਨੁੱਖਾਂ ਦੇ ਆਗੂ ਨੇ ਕਿਹਾ। “ਤੁਸੀਂ ਤਾਂ ਬਾਂਦਰ ਹੋ!”
“ਤੇ ਤੁਸੀਂ ਮਨੁੱਖ ਹੋ।” ਘਬਰਾਏ ਹੋਏ ਬਾਂਦਰਾਂ ਦੇ ਬੋਲ ਸਨ।
“ਬਿਲਕੁਲ ਠੀਕ।” ਮਨੁੱਖਾਂ ਦੇ ਬੋਲ ਸਨ। “ਅਸੀਂ ਧਰਤੀ ਦੇ ਸੰਯੁਕਤ ਰਾਸ਼ਟਰ ਸੰਘ ਵਲੋਂ ਇਸ ਗ੍ਰਹਿ ਉੱਤੇ ਆਪਣੇ ਕਬਜ਼ੇ ਦਾ ਦਾਅਵਾ ਕਰਦੇ ਹਾਂ।”
“ਹੁਣ ਤੁਸੀਂ ਸੰਯੁਕਤ ਹੋ?” ਬਾਂਦਰਾਂ ਨੇ ਸੁੱਖ ਦਾ ਸਾਹ ਲੈਂਦੇ ਹੋਏ ਪੁੱਛਿਆ।
“ਹਾਂ! …. ਬਚੇ ਹੋਏ ਲੋਕ ਸੰਯੁਕਤ ਹੀ ਹਨ।” ਮਨੁੱਖਾਂ ਦੇ ਬੋਲ ਸਨ।
“ਤੇ ਆਹ ਮਨਹੂਸ ਹਥਿਆਰ ਕਿਉਂ ਚੁੱਕੀ ਫਿਰਦੇ ਹੋ?” ਬਾਂਦਰਾਂ ਨੇ ਬੈਚੇਨੀ ਨਾਲ ਹਥਿਆਰਾਂ ਵੱਲ ਝਾਂਕਦੇ ਹੋਏ ਪੁੱਛਿਆ।
“ਇਹ ਸਾਡੇ ਲਿਬਾਸ ਦਾ ਅੰਗ ਹਨ।” ਮਨੁੱਖਾਂ ਨੇ ਕਿਹਾ। “ਘਬਰਾਓ ਨਾ। ਭਲਾ, ਅਸੀਂ ਤੁਹਾਨੂੰ ਕਿਉਂ ਮਾਰਾਂਗੇ?
ਮਨੁੱਖਾਂ ਤੇ ਬਾਂਦਰਾਂ ਵਿਚ ਤਾਂ ਸਦੀਆਂ ਤੋਂ ਗਹਿਰਾ ਸੰਬੰਧ ਰਿਹਾ ਹੈ।”
ਪਰ, ਅਜਿਹੇ ਸੰਬੰਧਾਂ ਬਾਰੇ ਬਾਂਦਰਾਂ ਦੀ ਰਾਏ, ਮਨੁੱਖਾਂ ਦੀ ਸੋਚ ਤੋਂ ਬਿਲਕੁਲ ਭਿੰਨ ਸੀ। ਬਾਂਦਰਾਂ ਦੇ ਮਨਾਂ ਵਿਚ ਖਿਆਲਾਂ ਦਾ ਅਜੀਬ ਜਵਾਰ-ਭਾਟਾ ਚਲ ਰਿਹਾ ਸੀ।
1299 B.C.
ਬਾਂਦਰ ਜਾਤੀ ਦਾ ਸਿਰਲੱਥ ਯੋਧਾ ਹਨੂੰਮਾਨ, ਆਪਣੀ ਮਰਜ਼ੀ ਅਨੁਸਾਰ, ਆਪਣਾ ਸਰੂਪ ਬਦਲਣ ਤੇ ਆਕਾਰ ਵੱਡਾ ਜਾਂ ਛੋਟਾ ਕਰਣ ਦੇ ਸਮਰਥ ਸੀ। ਹਵਾ ਵਰਗੀ ਤੇਜ਼ੀ ਨਾਲ ਕਿਸੇ ਵੀ ਥਾਂ ਪਹੁੰਚਣ ਦੀ ਯੋਗਤਾ ਰਖੱਦਾ ਸੀ। ਵਿਸ਼ਾਲ ਪਹਾੜਾਂ ਨੂੰ ਚੁੱਕਣ ਦੀ ਅਸੀਮ ਤਾਕਤ ਦੇ ਮਾਲਿਕ ਹਨੂੰਮਾਨ ਨੇ, ਮਾਤਾ ਸੀਤਾ ਨੂੰ ਰਾਵਣ ਦੀ ਕੈਦ ਵਿਚੋਂ ਮੁਕਤ ਕਰਵਾਇਆ ਸੀ।
ਮਾਤਾ ਸੀਤਾ ਦੇ ਅਪਹਰਣ ਪਿਛੋਂ, ਭਗਵਾਨ ਰਾਮ ਨੇ
ਹਨੂੰਮਾਨ ਨੂੰ ਸੀਤਾ ਮਾਤਾ ਦੀ ਖੋਜ ਵਿਚ ਭੇਜਿਆ। ਸੀਤਾ ਮਾਤਾ ਦਾ ਖੁਰਾ ਖੋਜ ਕੱਢਦੇ ਹੋਏ, ਹਨੂੰਮਾਨ ਲੰਕਾਪਤੀ ਰਾਵਣ ਦੇ ਦਰਬਾਰ ਵਿਚ ਪੁੱਜ ਗਿਆ। ਹਨੂੰਮਾਨ ਦੀ ਆਮਦ ਦਾ ਕਾਰਣ ਜਾਣ ਕੇ ਰਾਵਣ ਅੱਗ ਬਬੂਲਾ ਹੋ ਗਿਆ। ਰਾਵਣ ਨੇ ਆਪਣੇ ਸੈਨਿਕਾਂ ਨੂੰ ਹਨੂੰਮਾਨ ਦੀ ਪੂੰਛ ਨੂੰ ਅੱਗ ਲਗਾਉਣ ਦਾ ਹੁਕਮ ਦੇ ਦਿੱਤਾ। ਹਨੂੰਮਾਨ ਦੀ ਪੂੰਛ ਨਾਲ ਰੱਸਾ ਬੰਨ ਕੇ ਉਸ ਨੂੰ ਅੱਗ ਲਗਾ ਦਿੱਤੀ ਗਈ। ਜਦੋਂ ਰਾਵਣ ਦੇ ਸੈਨਿਕ ਕੈਦੀ ਹਨੂੰਮਾਨ ਨੂੰ ਲੰਕਾ ਸ਼ਹਿਰ ਦੀਆਂ ਗਲੀਆਂ ਵਿਚੋਂ ਲਿਜਾ ਰਹੇ ਸਨ ਤਾਂ ਲੰਕਾ ਵਾਸੀ ਹਨੂੰਮਾਨ ਦੀ ਇਹ ਹਾਲਤ ਦੇਖ ਕੇ ਉਸ ਉੱਤੇ ਹੱਸ ਰਹੇ ਸਨ। ਆਪਣੇ ਵਿਲੱਖਣ ਯੋਧੇ ਨਾਲ ਮਨੁੱਖਾਂ ਵਲੋਂ ਕੀਤੀ ਅਜਿਹੇ ਨਿਰਾਦਰ ਦਾ ਵਰਨਣ, ਬਾਂਦਰ ਜਾਤੀ ਦੇ ਮਨ ਉੱਤੇ, ਅੱਜ ਵੀ ਉਵੇਂ ਦੀ ਉਵੇਂ, ਉੱਕਰਿਆ ਹੋਇਆ ਸੀ।
700–223 B.C.
ਬਾਂਦਰ ਜਾਤੀ ਦਾ ਵਿਲੱਖਣ ਯੋਧਾ ਸੰਨ ਵੂਕੋਂਗ, ਮੰਕੀ ਕਿੰਗ ਦੇ ਨਾਮ ਨਾਲ ਵਿਸ਼ਵ ਭਰ ਵਿਚ ਮਸ਼ਹੂਰ ਸੀ। ਉਹ, ਚੀਨੀ ਲੋਕ ਗਾਥਾਵਾਂ ਦੀ ਹਰਮਨ ਪਿਆਰੀ ਸ਼ਖ਼ਸੀਅਤ ਸੀ ਤੇ ਦਾਓ ਧਰਮ ਦਾ ਦੇਵਤਾ ਵੀ। ਉਹ ਬਹੁਤ ਹੀ ਮਾਹਿਰ ਜੰਗਜੂ ਵੀ ਸੀ। ਅੱਠ ਕੁਇੰਟਲ ਭਾਰੀ ਲੱਠ ਉਹ ਸਹਿਜੇ ਹੀ ਚੁੱਕ ਲੈਂਦਾ ਸੀ। ਉਹ 72 ਕਿਸਮ ਦੇ ਜਾਨਵਰਾਂ ਜਾਂ ਚੀਜ਼ਾਂ ਵਰਗਾ ਸਰੂਪ ਬਣਾ ਸਕਣ ਦੇ ਸਮਰਥ ਸੀ। ਉਹ ਇਕੋ ਛਲਾਂਗ ਵਿਚ 21675 ਕਿਲੋਮੀਟਰ ਦੀ ਦੂਰੀ ਤੈਅ ਕਰ ਲੈਂਦਾ ਸੀ।
ਜੇਡ ਬਾਦਸ਼ਾਹ ਵਲੋਂ ਉਸ ਦੀ ਯੋਗਤਾ ਦੀ ਸਹੀ ਕਦਰ ਨਾ ਮਿਲਣ ਕਾਰਣ ਅਤੇ ਰਾਜ-ਮਾਤਾ ਵਲੋਂ ਉਸ ਦੀ ਨਿਰਾਦਰੀ ਕਾਰਣ ਉਹ ਵਿਦਰੋਹੀ ਹੋ ਗਿਆ ਸੀ। ਜੇਡ ਬਾਦਸ਼ਾਹ ਨੇ ਮਹਾਤਮਾ ਬੁੱਧ ਦੀ ਮਦਦ ਨਾਲ ਸੰਨ ਵੂਕੋਂਗ ਨੂੰ ਅਗਲੇ ਪੰਜ ਸੋ ਸਾਲਾਂ ਤਕ ਪੰਜ ਉਂਗਲੀ ਪਹਾੜ ਅੰਦਰ ਕੈਦ ਕਰੀ ਰੱਖਿਆ। ਮਨੁੱਖਾ ਵਲੋਂ, ਸੰਨ ਵੂਕੋਂਗ ਨਾਲ ਕੀਤੀ ਇਹ ਬੇਇਨਸਾਫ਼ੀ, ਬਾਂਦਰਾਂ ਦੇ ਮਨਾਂ ਵਿਚ ਅੱਜ ਵੀ ਤਾਜ਼ੀ ਸੀ।
“ਅਸੀਂ ਕੁਝ ਜਾਨਣਾ ਚੁਾਹੰਦੇ ਹਾਂ।” ਮਨੁੱਖਾਂ ਨੇ ਕਿਹਾ। “ਜਿਵੇਂ ਕਿ, ਕੈਪਲਰ ਗ੍ਰਹਿ ਦੇ ਵਾਯੂਮੰਡਲ ਵਿਚ ਆਕਸੀਜਨ ਗੈਸ ਨਹੀਂ ਹੈ। ਤੁਸੀਂ ਸਾਹ ਕਿਵੇਂ ਲੈਂਦੇ ਹੋ?”
“ਨੱਕ ਰਾਹੀਂ।” ਬਾਂਦਰਾਂ ਨੇ ਕਿਹਾ।
“ਇਹ ਮਜ਼ਾਕ ਦੀ ਗੱਲ ਨਹੀਂ। ਗੰਭੀਰ ਸਵਾਲ ਸੀ?” ਮਨੁੱਖਾਂ ਨੇ ਧਮਕੀ ਭਰੇ ਢੰਗ ਨਾਲ ਹਥਿਆਰਾਂ ਨੂੰ
ਹਿਲਾਂਉਂਦੇ ਹੋਏ ਕਿਹਾ।
“ਮਜ਼ਾਕ ਕਰਨਾ ਤਾਂ ਸਾਡੀ ਆਦਤ ਹੀ ਨਹੀਂ।” ਬਾਂਦਰਾਂ ਨੇ ਸਫ਼ਾਈ ਦਿੰਦੇ ਹੋਏ ਕਿਹਾ। “ਮਜ਼ਾਕ ਉਡਾਉਣ ਲਈ ਕਿਸੇ ਸੰਗੀ-ਸਾਥੀ ਨੂੰ ਨਿਸ਼ਾਨਾ ਬਣਾਉਣਾ ਪੈਂਦਾ ਹੈ, ਅਜਿਹੀ ਸੋਚ ਵੀ ਸਾਨੂੰ ਜ਼ੁਰਮ ਲੱਗਦੀ ਹੈ।”
“ਠੀਕ ਹੈ।” ਮਨੁੱਖਾਂ ਨੇ ਕਿਹਾ। ਇਸ ਜਵਾਬ ਨਾਲ ਉਹ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸਨ ਜਾਪ ਰਹੇ। ਸ਼ਾਇਦ ਉਹ ਅਜਿਹੀ ਸੋਚ ਦੇ ਧਾਰਨੀ ਨਹੀਂ ਸਨ। “ਇਕ ਹੋਰ ਸਵਾਲ ਹੈ। ਅਸੀਂ ਆਪਣੀਆਂ ਹੈਲਮਟਾਂ ਰਾਹੀਂ ਰੇਡੀਓ-ਤਰੰਗਾਂ ਤੋਂ ਇਲਾਵਾ ਕੋਈ ਬਾਹਰੀ ਆਵਾਜ਼ ਨਹੀਂ ਸੁਣ ਸਕਦੇ ਅਤੇ ਤੁਸੀਂ ਕੋਈ ਰੇਡੀਓ-ਟ੍ਰਾਂਸਮੀਟਰ ਵੀ ਨਹੀਂ ਪਾਇਆ ਹੋਇਆ, ਤਾਂ ਫਿਰ ਅਸੀਂ ਆਪਸ ਵਿਚ ਕਿਸ ਢੰਗ ਨਾਲ ਗਲਬਾਤ ਕਰ ਰਹੇ ਹਾਂ?
2011- 2016 A.D.
ਸੰਨ 2011 ਦੌਰਾਨ, ਮਲੇਸ਼ੀਆ ਵਿਖੇ 88,000 ਲੰਗੂਰਾਂ ਨੂੰ ਬਿਨ੍ਹਾਂ ਕਿਸੇ ਕਸੂਰ ਦੇ ਗੋਲੀ ਨਾਲ ਉਡਾ ਦਿੱਤਾ ਗਿਆ ਸੀ। ਸੰਨ 2012 ਦੌਰਾਨ ਫਿਰ 97,119 ਲੰਗੂਰਾਂ ਨੂੰ ਬਿਨ੍ਹਾਂ ਕਿਸੇ ਕਸੂਰ ਦੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਸੰਨ 2016 ਵਿਚ ਭਾਰਤ ਨੇ ਤਾਂ ਬਾਂਦਰਾਂ ਨੂੰ ਦਰਿੰਦੇ (vermins) ਕਰਾਰ ਦੇ ਦਿੱਤਾ ਸੀ। ਹਿਮਾਚਲੀ ਸਰਕਾਰ ਵਲੋਂ ਬਾਂਦਰਾਂ ਦੇ ਸਿਰਾਂ ਦਾ ਮੁੱਲ ਸਿਰਫ਼ ਤਿੰਨ ਸੌ ਰੁਪਏ ਮਿਥਿਆ ਗਿਆ। ਬਾਂਦਰਾਂ ਨੂੰ ਮਾਰਨ ਵਾਲੇ ਨੁੰ ਦਿੱਤਾ ਜਾਂਦਾ ਇਹ ਇਨਾਮ ਤਦ ਸਮਕਾਲੀ ਬਾਂਦਰਾਂ ਲਈ ਮੌਤ ਦਾ ਵਾਰੰਟ ਬਣ ਗਿਆ ਸੀ।
“ਅਸੀਂ ਮਾਨਸਿਕ ਸੁਮੇਲਤਾ ਨਾਲ ਗਲਬਾਤ ਕਰ ਰਹੇ ਹਾਂ।” ਬਾਂਦਰਾਂ ਨੇ ਵਿਆਖਿਆ ਕੀਤੀ।
“ਇਹ ਤਾਂ ਕੋਈ ਵਿਗਿਆਨਕ ਵਿਧੀ ਨਹੀਂ।” ਮਨੁੱਖਾਂ ਨੇ ਨਾਪਸੰਦਗੀ ਭਰੇ ਅੰਦਾਜ਼ ਵਿਚ ਕਿਹਾ। “ਕਿਧਰੇ ਤੁਹਾਡਾ ਭਾਵ ਟੈਲੀਪੇਥਿਕ ਵਿਧੀ ਦੀ ਵਰਤੋਂ ਤਾਂ ਨਹੀਂ?”                        (ਚੱਲਦਾ)
Email : [email protected]

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …