ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359
ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਫੈੇਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਂਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ ਹੋ ਜਾਂਦੇ ਹਨ ਅਤੇ ਕਈ ਤਰੀਕੇ ਵਰਤਕੇ ਆਮ ਨਾਗਰਿਕਾਂ ਨੂੰ ਡਰਾ ਧਮਕਾ ਕੇ ਪੈਸੇ ਬਟੋਰਨ ਦਾ ਯਤਨ ਕਰਦੇ ਹਨ ਅਤੇ ਕਈ ਵਾਰ ਕਾਮਯਾਬ ਵੀ ਹੋ ਜਾਂਦੇ ਹਨ।
ਇਹ ਠੱਗ ਸੀ ਆਰ ਏ ਦਾ ਜਾਹਲੀ ਫੋਨ ਨੰਬਰ ਵਰਤਕੇ ਆਮ ਵਿਅੱਕਤੀ ਨੂੰ ਫੋਨ ਕਰਕੇ ਯਕੀਂਨ ਦਿਵਾਉਦੇ ਹਨ ਕਿ ਇਹ ਕਾਲ ਕਨੇਡਾ ਰੈਵੀਨਯੂ ਏਜੰਸੀੇ ਤੋਂ ਹੈ ਅਤੇ ਕਹਿੰਦੇ ਹਨ ਕਿ ਤੁਹਾਡਾ ਟੈਕਸ ਰੀਫੰਡ ਬਣਦਾ ਹੈ, ਤੁਸੀਂ ਆਪਣੀ ਬੈਂਕ ਖਾਤੇ ਦੀ ਅਤੇ ਹੋਰ ਇੰਨਫਾਰਮੇਸ਼ਨ ਹੁਣੇ ਦੇਵੋ ਤਾਂਕਿ ਤੁਹਾਡੇ ਰੀਫੰਡ ਦੇ ਪੈਸੇ ਹੁਣੇ ਤੁਹਾਡੇ ਅਕਾਊਂਟ ਵਿਚ ਜਮਾਂ ਕਰਵਾ ਦਿਤੇ ਜਾਣ। ਇਹ ਸਾਰੀ ਇਨਫਾਰਮੇਸ਼ਨ ਲੈਕੇ ਤੁਹਾਡੇ ਖਾਤੇ ਵਿਚੋਂ ਤੁਹਾਡੇ ਪੈਸੇ ਵੀ ਕਢਵਾ ਲੈਂਦੇ ਹਨ।
ਦੂਸਰਾ ਤਰੀਕਾ ਇਹ ਹੈ ਕਿ ਕਿਸੇ ਵਿਅੱਕਤੀ ਨੂੰ ਜਾਂ ਬਿਜਨਸ ਨੂੰ ਇਹ ਫੋਨ ਕਰਕੇ ਧਮਕੀ ਦਿੰਦੇ ਹਨ ਕਿ ਤੁਹਾਡਾ ਪਿਛਲੇ ਸਾਲਾਂ ਦਾ ਟੈਕਸ ਆਡਿਟ ਹੋਇਆ ਹੈ ਅਤੇ ਤੁਹਾਡੇ ਵੱਲ ਟੈਕਸ ਬਕਾਇਆ ਨਿਕਲਦਾ ਹੈ। ਬਹੁਤ ਸਖਤ ਭਾਸ਼ਾ ਵਰਤਕੇ ਇਹ ਧਮਕੀ ਦਿੰਦੇ ਹਨ ਕਿ ਇਹ ਰਕਮ ਤੁਹਾਨੂੰ ਹੁਣੇ ਜਮਾਂ ਕਰਵਾਉਣੀ ਪਵੇਗੀ ਨਹੀਂ ਤਾਂ ਤੁਹਾਨੂੰ ਬਹੁਤ ਵੱਡਾ ਜੁਰਮਾਨਾ ਹੋ ਜਾਵੇਗਾ ਜਾਂ ਤੁਹਾਡੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋ ਚੁੱਕੇ ਹਨ, ਜੇ ਪੈਸੇ ਜਮਾਂ ਨਹੀਂ ਕਰਵਾਏ ਤਾਂ ਹਥਕੜੀ ਲਾ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ। ਜਦ ਨਵਾਂ ਵਿਅੱਕਤੀ ਪੂਰੀ ਤਰ੍ਹਾਂ ਡਰ ਜਾਂਦਾ ਹੈ ਤਾਂ ਇਹ ਪੈਸੇ ਪੇ ਕਰਨ ਵਾਸਤੇ ਗਿਫਟ ਕਾਰਡ ਸਟੋਰ ਵਿਚੋਂ ਖਰੀਦਣ ਵਾਸਤੇ ਕਹਿੰਦੇ ਹਨ ਅਤੇ ਕਾਰਡ ਦੇ ਪਿੱਛੇ ਦਿੱਤੀ ਜਾਣਕਾਰੀ ਠੱਗ ਨੂੰ ਭੇਜਣ ਨੂੰ ਕਹਿੰਦੇ ਹਨ ਅਤੇ ਉਹ ਪੇਮੈਂਟ ਲੈ ਜਾਂਦੇ ਹਨ ਅਤੇ ਜਦੋਂ ਤੱਕ ਤੁਹਾਨੂੰ ਪਤਾ ਲੱਗਦਾ ਹੈ, ਤੁਸੀਂ ਠੱਗੇ ਜਾ ਚੁੱਕੇ ਹੁੰਦੇ ਹੋ।
ਹਰ ਸਾਲ ਕੈਨੇਡੀਅਨ ਲੋਕ ਇਨ੍ਹਾਂ ਫਰਾਡੀਆਂ ਵਲੋਂ ਠੱਗੇ ਜਾਂਦੇ ਹਨ। ਪਿਛਲੇ ਸਾਲ ਤਿੰਨ ਮਿਲੀਅਨ ਡਾਲਰ ਇਹਨਾਂ ਠੱਗਾਂ ਵਲੋਂ ਹਥਿਆਏ ਗਏ ਹਨ। ਪਿੱਛੇ ਜਿਹੇ ਇਕ ਬਿਜਨਸਮੈਨ ਨੂੰ ਫੋਨ ਆਇਆ ਕਿ ਤੁਸੀਂ ਟੈਕਸ ਫਰਾਡ ਕੀਤਾ ਹੈ , ਤੁਹਾਡੇ ਵੱਲ ਟੈਕਸ ਦਾ ਬਕਾਇਆ ਨਿਕਲਦਾ ਹੈ, ਜੇ ਹੁਣੇ ਪੇ ਨਹੀਂ ਕੀਤਾ ਤਾਂ ਜੁਰਮਾਨਾ ਕੀਤਾ ਜਾਵੇਗਾ ਅਤੇ ਮੇਰੇ ਕੋਲ ਤੁਹਾਡੇ ਗ੍ਰਿਫਤਾਰੀ ਵਾਰੰਟ ਹਨ ਅਤੇ ਤੁਹਾਨੂੰ ਹੱਥਕੜੀ ਲਾਕੇ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਇਸ ਬਿਜਨਸਮੈਨ ਨੂੰ ਪਹਿਲਾਂ ਹੀ ਇਸ ਤਰ੍ਹਾਂ ਦੇ ਫਰਾਡ ਵਾਰੇ ਪਤਾ ਸੀ, ਉਸਨੇ ਆਪਣੇ ਅਕਾਊਂਟੈਂਟ ਦੇ ਸਹਿਯੋਗ ਨਾਲ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਅਤੇ ਸੀ ਆਰ ਏ ਵਲੋਂ ਇਸ ਤਰਾਂ ਦੇ ਟੈਲੀਫੋਨ ਸਕੈਮ ਬਾਰੇ ਵਾਰਨਿੰਗ ਵੀ ਦਿੱਤੀ ਜਾ ਚੁੱਕੀ ਹੈ। ਹੁਣੇ ਹੀ ਪੁਲਿਸ ਨੂੰ ਰਿਪੋਰਟ ਮਿਲੀ ਹੈ ਕਿ ਇਕ ਵਿਅੱਕਤੀ ਨੂੰ ਇਸ ਤਰ੍ਹਾਂ ਹੀ ਕਾਲ ਆਈ ਕਿ ਤੁਸੀਂ ਟੈਕਸ ਦਾ ਬਕਾਇਆ ਪੇ ਨਹੀਂ ਕੀਤਾ, ਉਸ ਨੂੰ ਧਮਕਾਇਆ ਗਿਆ ਕਿ ਜੇ ਹੁਣੇ ਹੀ ਪੇਮੈਂਟ ਨਹੀਂ ਕੀਤੀ ਗਈ ਤਾਂ ਤੁਹਾਨੂੰ ਹੁਣੇ ਹੀ ਗਰਿਫਤਾਰ ਕਰਕੇ ਜੇਲ੍ਹ ਭੇਜ ਦਿਤਾ ਜਾਵੇਗਾ, ਤੁਹਾਡੀ ਇੰਮੀਗਰੇਸ਼ਨ ਕੈਂਸਲ ਕਰ ਦਿਤੀ ਜਾਵੇਗੀ ਅਤੇ ਤੁਹਾਨੂੰ ਡੀਪੋਰਟ ਵੀ ਕਰ ਦਿਤਾ ਜਾਵੇਗਾ। ਜਦ ਵਿਅੱਕਤੀ ਪੂਰੀ ਤਰ੍ਹਾਂ ਡਰ ਗਿਆ ਤਾਂ ਕਿਹਾ ਗਿਆ ਕਿ ਸਟੋਰ ਵਿਚੋਂ ਜਾ ਕੇ 12000 ਡਾਲਰ ਦੇ ਗਿਫਟ ਕਾਰਡ ਖਰੀਦਕੇ ,ਉਨਾਂ ਦੀ ਪਿਛਲੇ ਪਾਸੇ ਲਿਖੀ ਜਾਣਕਾਰੀ ਸਾਨੂੰ ਭੇਜੋ। ਇਹ ਵਿਅੱਕਤੀ ਇੰਨਾ ਡਰ ਗਿਆ ਕਿ ਦੋ ਸਟੋਰਾਂ ਵਿਚੋਂ ਇਹ ਕਾਰਡ ਖਰੀਦਕੇ ਠੱਗਾਂ ਨੂੰ ਜਾਣਕਾਰੀ ਭੇਜ ਦਿੱਤੀ। ਜਦ ਤੱਕ ਉਸਨੂੰ ਅਹਿਸਾਸ ਹੋਇਆ ਕਿ ਉਹ ਠੱਗਿਆ ਗਿਆ ਹੈ ਅਤੇ ਇਸਦੀ ਰਿਪੋਰਟ ਪੁਲਿਸ ਨੂੰ ਦਿਤੀ।
ਸੀ ਆਰ ਏ ਵਲੋਂ ਵੀ ਇਸ ਤਰ੍ਹਾਂ ਦੇ ਠੱਗਾਂ ਨਾਲ ਨਿਪਟਣ ਲਈ ਪੁਲਿਸ ਨਾਲ ਮਿਲਕੇ ਕਦਮ ਚੁਕੇ ਜਾ ਰਹੇ ਹਨ ਅਤੇ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਆਮ ਨਾਗਰਿਕਾਂ ਨੂੰ ਜਾਣਕਾਰੀ ਦਿਤੀ ਜਾ ਰਹੀ ਹੈ। ਕੈਨੇਡਾ ਰੈਵੀਨਯੂ ਏਜੰਸੀ ਵਲੋਂ ਕਦੇ ਵੀ ਟਿਮ ਹਾਰਟਨ, ਲਾਇਬਰੇਰੀ ਵਿਚ ਜਾਂ ਹੋਰ ਪਬਲਿਕ ਪਲੇਸ ਤੇ ਤੁਹਾਨੂੰ ਮਿਲਣ ਲਈ ਨਹੀਂ ਬੁਲਾਇਆ ਜਾਂਦਾ। ਕਦੇ ਵੀ ਟੈਕਸ ਦੇ ਬਕਾਏ ਦੀ ਰਕਮ ਹੁਣੇ ਹੀ ਪ੍ਰੀਪੇਡ ਗਿਫਟ ਕਾਰਡਾਂ ਰਾਹੀਂ ਪੇ ਕਰਨ ਨੂੰ ਨਹੀਂ ਕਿਹਾ ਜਾਂਦਾ । ਨਾ ਹੀ ਕਦੇ ਗ੍ਰਿਫਤਾਰ ਕਰਨ ਜਾਂ ਜੇਲ੍ਹ ਭੇਜਣ ਦੀ ਧਮਕੀ ਦਿਤੀ ਜਾਂਦੀਂ ਹੈ। ਇਹ ਵੀ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਤਕੀਦ ਕੀਤੀ ਜਾਂਦੀ ਹੈ ਕਿ ਜੇ ਕਦੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਫੋਨ ਆਉਂਦਾ ਹੈ ਤਾਂ ਕੋਈ ਇਨਫਾਰਮੇਸ਼ਨ ਨਾਂ ਦੇਵੋ ਅਤੇ ਫੋਨ ਕੱਟਕੇ ਇਸਦੀ ਸੂਚਨਾਂ ਪੁਲਿਸ ਨੂੰ ਜ਼ਰੂਰ ਦੇਵੋ। ਤੁਹਾਡੇ ਨੋਟਿਸ ਆਫ ਅਸੈਸਮੈਂਟ ਤੇ ਵੀ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਨੋਟਿਸ ਲਿਖਕੇ ਸਾਵਧਾਨ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੇ ਫਰਾਡ ਤੋਂ ਸਾਵਧਾਨ ਰਹੋ। ਕੈਨੇਡਾ ਰੈਵੀਨਯੂ ਏਜੰਸੀ ਵਲੋਂ ਕਦੇ ਵੀ ਫੋਨ ਕਰਕੇ ਗ੍ਰਿਫਤਾਰ ਕਰਨ ਦੀ ਧਮਕੀ ਨਹੀਂ ਦਿਤੀ ਜਾਂਦੀ ਅਤੇ ਨਾਂ ਹੀ ਟੈਕਸ ਬਕਾਇਆ ਹੁਣੇ ਹੀ ਸਟੋਰ ਕਾਰਡ ਰਾਹੀਂ ਜਾਂ ਮਨੀ ਟਰਾਂਸਫਰ ਸਰਵਿਸ ਰਾਹੀਂ ਪੇ ਕਰਨ ਨੂੰ ਕਿਹਾ ਜਾਂਦਾ ਹੈ।
ਆਮ ਤੌਰ ‘ਤੇ ਇਹ ਠੱਗ ਸੀਨੀਅਰਾਂ ਨੂੰ ਜਾਂ ਨਵੇਂ ਆਏ ਵਿਅੱਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਪਿਛਲੇ ਡੇਢ ਸਾਲ ਵਿਚ ਹੀ ਇਹੋ ਜਹੇ 6800 ਕੇਸ ਰਿਪੋਰਟ ਕੀਤੇ ਗਏ ਹਨ।
ਇਹ ਆਰਟੀਕਲ ਇਕ ਆਮ ਜਾਣਕਾਰੀ ਲਈ ਲਿਖਿਆ ਗਿਆ ਹੈ ਤਾਂ ਕਿ ਜੇ ਤੁਹਾਨੂੰ ਕੋਈ ਇਹੋ ਜਿਹਾ ਫੋਨ ਆਉਂਦਾ ਹੈ, ਟੈਕਸ ਮੈਸੇਜ, ਵਇਸ ਮੈਸੇਜ ਜਾਂ ਈ-ਮੇਲ ਆਉਂਦੀ ਹੈ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਕਿ ਇਹ ਇਕ ਫਰਾਡ ਹੈ। ਇਸ ਸਬੰਧੀ ਜਾਂ ਆਪਣੇ ਪਰਸਨਲ ਜਾਂ ਬਿਜਨਸ ਟੈਕਸ ਸਬੰਧੀ ਹੋਰ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।
ਜੇ ਪਿਛਲੀਆਂ ਰਿਟਰਨਾਂ ਨਹੀਂ ਭਰੀਆਂ, ਪਨੈਲਿਟੀ ਪੈ ਗਈ ਹੈ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਕੋਈ ਕਟੌਤੀ ਨਾਮਨਜੂਰ ਕਰਕੇ ਟੈਕਸ ਰਿਕਵਰੀ ਪਾ ਦਿੱਤੀ ਗਈ ਹੈ, ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ ਜਾਂ ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀਂ ਮੈਨੂੰ 416-300-2359 ‘ਤੇ ਸੰਪਰਕ ਕਰ ਸਕਦੇ ਹੋ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …