Breaking News
Home / ਰੈਗੂਲਰ ਕਾਲਮ / ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ
(ਕਿਸ਼ਤ 11ਵੀਂ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ ਪਲਾਨ ਦੇ ਸਾਰੇ ਪੁਆਇੰਟ ਨਾਲ਼ ਦੀ ਨਾਲ਼ ਨੋਟ ਕਰੀ ਗਿਆ। ਉਨ੍ਹਾਂ ਪੁਆਂਇਟਾਂ ਨੂੰ ਜ਼ਰਾ ਕੁ ਵਿਸਥਾਰ ਦੇ ਕੇ ਮੈਂ ਪਲਾਨ, ਪੇਸ਼ਕਾਰੀ ਵਾਸਤੇ ਤਿਆਰ ਕਰ ਲਈ।
ਪਲਾਨਾਂ ਦਾ ਸਿਲਸਿਲਾ ਮੁੱਕਣ ਬਾਅਦ ਸਾਰੇ ਜਣੇ ਹਾਲ ਵਿਚ ਪਹੁੰਚ ਗਏ। ਸੁਪਰਵਾਈਜ਼ਰ ਆਪੋ-ਆਪਣੀ ਪਲਾਨ ਪੇਸ਼ ਕਰਨ ਲੱਗ ਪਏ। ਜਿਵੇਂ ਪੜ੍ਹਾਇਆ ਗਿਆ ਸੀ, ਪੇਸ਼ਕਾਰੀ ਦੌਰਾਨ ਮੈਂ ਆਪਣੀ ਪਲਾਨ ‘ਤੇ ਝਾਤ ਮਾਰਨ ਦੇ ਨਾਲ਼-ਨਾਲ਼ ਸਰੋਤਿਆਂ ਨਾਲ਼ ਵੀ ਅੱਖਾਂ ਮਿਲ਼ਾਈਆਂ।
ਦੋ ਕੋ ਹਫ਼ਤੇ ਬਾਅਦ ਟੈਸਟਾਂ ਦੀ ਰਿਪੋਰਟ ਕੋਰ ਹੈਡਕੁਆਟਰ ਤੋਂ ਹੁੰਦੀ ਹੋਈ ਲੈਰੀ ਅਤੇ ਮੇਰੇ ਤੱਕ ਪਹੁੰਚ ਗਈ। ਪੜ੍ਹ ਕੇ ਮਨ ਖੁਸ਼ ਹੋ ਗਿਆ। ਮੇਰੀ ਇਨਸੀਡੈਂਟ ਰਿਪੋਰਟ ਨੂੰ, ਸਾਰੇ ਨੁਕਤੇ ਛੁੰਹਦੀ ਸਪੱਸ਼ਟ ਤੇ ਗੁੰਦਵੀ ਰਿਪੋਰਟ ਆਖਿਆ ਗਿਆ ਸੀ।
ਪਲਾਨ ਬਣਾਉਣ ਸਮੇਂ ਦਰਸਾਏ ਠਰ੍ਹੰਮੇ, ਹੌਸਲੇ, ਸੂਝ-ਬੂਝ, ਡਿਊਟੀਆਂ ਦੀ ਢੁੱਕਵੀਂ ਵੰਡ ਦੇ ਮੇਰੇ ਗੁਣਾਂ ਬਾਰੇ ਪ੍ਰਸ਼ੰਸਕੀ ਸ਼ਬਦ ਲਿਖੇ ਹੋਏ ਸਨ। ਟੈਸਟਾਂ ਦੀ ਵਧੀਆ ਰਿਪੋਰਟ ਦੀ, ਲੈਰੀ ਨੂੰ ਮੇਰੇ ਨਾਲ਼ੋ ਵੀ ਵੱਧ ਖੁਸ਼ੀ ਹੋਈ। “ਵੈੱਲ ਡਨ, ਸਮਾਲ ਬਰੱਦਰ” ਆਖਦਿਆਂ ਉਸਨੇ ਮੈਨੂੰ ਜੱਫੀ ਪਾ ਲਈ।
ਸਾਡੇ ਅਪਾਰਟਮੈਂਟ ਵਿਚੋਂ ਦੋ ਜਣੇ ਮੂਵ ਹੋ ਗਏ। ਸਾਡੇ ਦੋ ਜਣਿਆਂ ਲਈ ਕਰਾਇਆ ਜ਼ਿਆਦਾ ਸੀ। ਮੇਰੀ ਮੁਢਲੀ ਟਰੇਨਿੰਗ ਦੇ ਸਾਥੀ ਚਰਨਜੀਤ ਸਿੰਘ ਚੀਮਾ ਨੇ ਉਦੋਂ ਕੁ ਹੀ ਵੱਖਰਾ ਅਪਾਰਟਮੈਂਟ ਕਿਰਾਏ ‘ਤੇ ਲਿਆ ਸੀ। ਮੈਂ ਤੇ ਰੁਲ਼ੀਆ ਰਾਮ ਉਸ ਨਾਲ਼ ਜਾ ਰਲ਼ੇ। ਰੁਲ਼ੀਆ ਰਾਮ ਵਾਲ਼ੀ ਫੈਕਟਰੀ ‘ਚ ਕੰਮ ਕਰਦਾ ਭਜਨ ਸਿੰਘ ਸੈਣੀ ਵੀ ਸਾਡੇ ਵਿਚ ਸ਼ਾਮਲ ਹੋ ਗਿਆ। ਚਾਰੇ ਬਾਲ-ਬੱਚੇਦਾਰ ਸਾਂ। ਚੀਮਾ ਸਾਥੋਂ ਉਮਰ ਵਿਚ ਕਾਫ਼ੀ ਵੱਡਾ ਸੀ। ਤਿੰਨ ਬੈੱਡਰੂਮ ਦਾ ਉਹ ਅਪਾਰਟਮੈਂਟ ਸਟੀਲਜ਼ ਤੇ ਜੇਨ ਸੜਕਾਂ ਦੇ ਇੰਟਰਸੈਕਸ਼ਨ ‘ਤੇ ਸੀ। ਭਜਨ ਦਾਲਾਂ-ਸਬਜ਼ੀਆਂ ਬਣਾਉਣ ਦਾ ਕਾਰੀਗਰ ਸੀ ਤੇ ਰੁਲ਼ੀਆ ਰਾਮ ਫੁਲਕੇ ਲਾਹੁਣ ਦਾ। ਸਲਾਦ ਅਤੇ ਤੁੜਕੇ ਛਿਲਣ-ਚੀਰਨ ਦੀ ਡਿਊਟੀ ਮੇਰੀ ਸੀ। ਚੀਮੇ ਕੋਲ ਕਾਰ ਸੀ। ਗਰੌਸਰੀ ਲਿਆਉਣ ਦੀ ਜ਼ਿੰਮੇਵਾਰੀ ਉਸਦੀ ਸੀ। ਭਜਨ ਸਿੰਘ ਤੇ ਰੁਲ਼ੀਆ ਰਾਮ ਕਦੀ-ਕਦੀ ਪੈੱਗ ਲਾ ਲੈਂਦੇ ਪਰ ਹਿਸਾਬ ਨਾਲ਼।
ਕੰਮ ‘ਤੇ ਪਹੁੰਚਣ ਲਈ ਏਥੋਂ ਵੀ ਡੇਢ ਘੰਟਾ ਲਗਦਾ ਸੀ। ਸਵੇਰੇ ਉੱਠ ਕੇ ਨਹਾਉਣ-ਧੋਣ, ਬਰੇਕਫਾਸਟ ਤੇ ਲੰਚ ਬਣਾਉਣ, ਅੱਠ ਘੰਟੇ ਜੌਬ ‘ਤੇ, ਤਿੰਨ ਘੰਟੇ ਜਾਣ-ਆਉਣ ਦੇ, ਚੱਲ ਸੋ ਚੱਲ ਵਾਲ਼ੇ ਉਸ ਰੁਟੀਨ ਵਿਚੋਂ ਰਾਹਤ ਲੱਭਦੇ ਮਨ ਵਿਚ ਉਨਟੇਰੀਓ ਝੀਲ ਉੱਭਰ ਪਈ। ਸਾਥੀਆਂ ਨੂੰ ਪੁੱਛਿਆ। ਉਨ੍ਹਾਂ ਨੂੰ ਝੀਲ ਨਾਲ਼ ਕੋਈ ਦਿਲਚਸਪੀ ਨਹੀਂ ਸੀ।
ਵੀਕਐਂਡ ‘ਤੇ ਮੈਂ ਬੱਸ ਫੜੀ ਤੇ ਪਹੁੰਚ ਗਿਆ। ਸਮੁੰਦਰ ਵਰਗੀ ਝੀਲ ਦੇ ਕਿਨਾਰੇ ਬੈਠਿਆਂ ਮੈਂ ਮਹਿਸੂਸ ਕੀਤਾ ਕਿ ਉਨਟੇਰੀਓ ਝੀਲ ਦੇ ਪਾਣੀ ਦਾ ਨਾਤਾ ਮੇਰੇ ਮਨ ਤੋਂ ਵੀ ਅਗਾਂਹ ਮੇਰੀ ਹੋਂਦ, ਮੇਰੇ ਜੀਵਨ ਨਾਲ਼ ਹੈ, ਮੇਰੇ ਹੀ ਨਹੀਂ ਅਨੇਕ ਲੋਕਾਂ ਦੇ ਜੀਵਨ ਨਾਲ਼…ਗਰੇਟਰ ਟਰਾਂਟੋ ਦੇ ਲੱਖਾਂ ਲੋਕ ਆਪਣੇ ਖਾਣ ਪੀਣ, ਨਹਾਉਣ ਧੋਣ ਅਤੇ ਘਰਾਂ ਨੂੰ ਸਾਫ-ਸੁਥਰੇ ਰੱਖਣ ਲਈ ਇਸ ਝੀਲ ਦੇ ਸ਼ੁੱਧ ਕੀਤੇ ਪਾਣੀ ‘ਤੇ ਨਿਰਭਰ ਹਨ। ਇਸ ਵਿਸ਼ੇਸ਼ ਨਾਤੇ ਕਰਕੇ ਹੀ, ਉਸ ਦਿਨ ਕਿਨਾਰੇ ‘ਤੇ ਬੈਠਿਆਂ ਮੈਨੂੰ ਪਤਾ ਹੀ ਨਾ ਲੱਗਾ ਕਿ ਮੈਂ ਕਿਹੜੇ ਪਲ ਝੀਲ ਨਾਲ਼ ਇਕਮਿੱਕ ਹੋ ਗਿਆ।
ਫਿਰ ਜਦੋਂ ਵੀ ਮਨ ਉਦਾਸ ਹੁੰਦਾ ਮੈਂ ਝੀਲ ਨੂੰ ਮਿਲਣ ਚਲਾ ਜਾਂਦਾ। ਪਰ ਸਰਦੀਆਂ ਦੇ ਠੰਢੇ ਮੌਸਮ ਵਿਚ ਬਾਹਰ ਘੁੰਮਣਾ ਫਿਰਨਾ ਸੰਭਵ ਨਹੀਂ ਸੀ। ਚਾਰੇ ਪਾਸੇ ਬਰਫ ਕੱਜੀ ਧਰਤ, ਬਿਲਡਿੰਗਾਂ, ਘਰਾਂ, ਸੜਕਾਂ ਦੇ ਆਲ਼ੇ-ਦੁਆਲ਼ੇ ਜਮ੍ਹਾਂ ਹੋਈ ਬਰਫ ਦੇ ਟਿੱਬੇ, ਬਰਫਬਾਰੀ ਦੇ ਬੱਦਲਾਂ ਨਾਲ਼ ਸੁੰਗੜਿਆ ਘੁੱਟਿਆ ਆਕਾਸ਼ ਇਹ ਸਾਰੇ ਦ੍ਰਿਸ਼ ਉਦਾਸੀ ਪੈਦਾ ਕਰਦੇ ਸਨ। ਮਨਫੀ 25-30 ਸੈਲਸਿਅਸ ਵਾਲ਼ੇ ਬਰਫੀਲੇ ਦਿਨੀਂ ਕੰਮ ‘ਤੇ ਪਹੁੰਚਣ ਲਈ ਗੋਡੇ ਗੋਡੇ ਬਰਫ ‘ਚ ਤੁਰਦਿਆਂ ਅਤੇ ਹੱਡ ਚੀਰਵੀਂ ਠੰਢ ‘ਚ ਬੱਸ ਉਡੀਕਦਿਆਂ ਮਨ ਪ੍ਰੇਸ਼ਾਨ ਹੋ ਜਾਂਦਾ। ਕੰਮ ‘ਤੇ ਪਹੁੰਚ ਕੇ ਕਿਹੜੀ ਚੈਨ ਸੀ। ਪੂਰੀ ਚੌਕਸੀ ਨਾਲ਼ ਡਿਊਟੀ ਭੁਗਤਾਉਣੀ ਪੈਂਦੀ ਸੀ। ਮੇਰੇ ਮਨ-ਤਨ ਦੀ ਇਹ ਦਸ਼ਾ ਉਦੋਂ ਸੀ ਜਦੋਂ ਮੈਂ ਸਿਰਫ ਆਪਣੇ ਬਾਰੇ ਹੀ ਸੋਚਦਾ ਸਾਂ। ਜਦੋਂ ਸਮੁੱਚੇ ਕੈਨੇਡਾ ਬਾਰੇ ਸੋਚਣਾ ਸ਼ੁਰੂ ਕੀਤਾ, ਪ੍ਰੇਸ਼ਾਨੀ ਘਟਣ ਲੱਗ ਪਈ… ਗੱਲ ਮੇਰੇ ਇਕੱਲੇ ਦੀ ਨਹੀਂ ਸੀ। ਕੈਨੇਡਾ ਦੇ ਸਾਰੇ ਲੋਕ ਬਰਫੀਲੇ ਮੌਸਮਾਂ ਨਾਲ਼ ਜੂਝਦੇ ਸਨ, ਪੂਰੀ ਤਨਦੇਹੀ ਨਾਲ਼ ਕੰਮ ਕਰਦੇ ਸਨ। ਕੈਨੇਡਾ ਦੀ ਖੁਸ਼ਹਾਲੀ ਵਿਚ ਵੱਡਾ ਯੋਗਦਾਨ ਲੋਕਾਂ ਦੀ ਕਿਰਤ ਦਾ ਹੈ ਇਹ ਤੱਥ ਮੇਰੇ ‘ਤੇ ਕੈਨੇਡਾ ਦਾ ਰੰਗ ਚਾੜ੍ਹਨ ਵਿਚ ਸਹਾਈ ਹੋਇਆ।
ਦਸੰਬਰ 1991 ਵਿਚ ਮੈਨੂੰ ਇੰਮੀਗਰੇਸ਼ਨ ਮਹਿਕਮੇ ਦੀ ਚਿੱਠੀ ਆ ਗਈ, ਇੰਟਰਵਿਊ ਵਾਸਤੇ। ਚਿੱਠੀ ਲੈ ਕੇ ਮੈਂ ਇਕ ਇੰਮੀਗਰੇਸ਼ਨ ਕੰਸਲਟੈਂਟ ਨੂੰ ਮਿਲ਼ਿਆ। ਉਸਨੇ ਮੇਰੀ ਪੜ੍ਹਾਈ, ਇੰਡੀਆ ਤੇ ਏਥੋਂ ਦੀਆਂ ਜੌਬਾਂ ਅਤੇ ਸਾਹਿਤਕ ਕਾਰਜਾਂ ਬਾਬਤ ਕੇਸ ਤਿਆਰ ਕਰ ਲਿਆ। ਦਿੱਤੀ ਹੋਈ ਤਾਰੀਖ਼ ‘ਤੇ ਅਸੀਂ ਹਾਜ਼ਰ ਹੋ ਗਏ। ਲੇਡੀ ਇੰਮੀਗਰੇਸ਼ਨ ਅਫਸਰ ਨੇ ਕੇਸ ਪੜ੍ਹ ਕੇ ਮੇਰੇ ਵੱਲ ਤੱਕਿਆ ਅਤੇ ਤਸੱਲੀ ਦੇ ਰਉਂ ‘ਚ ਬੋਲੀ, “ਸੋ ਯੂ ਆਰ ਕਮਿਸ਼ਨੇਅਰ।” “ਯੈਸ ਆਈ ਐਮ।” ਆਖਦਿਆਂ ਮੈਂ ਹੁੰਗਾਰਾ ਭਰਿਆ। ”ਹੀ ਇਜ਼ ਆਊਟਸਟੈਂਡਿੰਗ ਕਮਿਸ਼ਨੇਅਰ।” ਕੰਸਲਟੈਂਟ ਨੇ ਆਖਿਆ। ਇੰਮੀਗਰੇਸ਼ਨ ਅਫਸਰ ਨੇ ਸਿਰ ਹਿਲਾ ਕੇ ਪੁਸ਼ਟੀ ਕੀਤੀ। “ਇੰਡੀਅਨ ਏਅਰ ਫੋਰਸ ਦੀ ਸਰਵਿਸ ਦਾ ਕੋਈ ਡੌਕੂਮੈਂਟ ਹੈ?” ਉਸਨੇ ਪੁੱਛਿਆ। ਮੈਂ ਡਿਸਚਾਰਜ ਬੁੱਕ ਫੜਾ ਦਿੱਤੀ। ਉਸ ਵਿਚ ਮੇਰਾ ਕਰੈਕਟਰ ਤੇ ਜਨਰਲ ਬਿਹੇਵੀਅਰ ਐਗਜੈਂਪਲਰੀ (ਮਿਸਾਲੀ) ਲਿਖਿਆ ਹੋਇਆ ਏ। ਅਗਾਂਹ ਉਸਨੇ ਕੋਈ ਸਵਾਲ ਨਾ ਕੀਤਾ। ਕਹਿਣ ਲੱਗੀ, “ਮੈਂ ਤੁਹਾਡਾ ਕੇਸ ਪ੍ਰਵਾਨ ਕਰ ਲਿਆ ਹੈ। ਅਸੀਂ ਇੰਡੀਆ ਤੋਂ ਤੁਹਾਡੀ ਸਕਿਉਰਟੀ ਚੈੱਕ ਕਰਵਾਉਣੀ ਹੈ। ਜਦੋਂ ਓਥੋਂ ਰਿਪੋਰਟ ਠੀਕ ਠੀਕ ਆ ਗਈ ਤੁਹਾਨੂੰ ਲੈਂਡਿਡ ਪੇਪਰ ਮਿਲ਼ ਜਾਏਗਾ।” (ਅੱਜ ਕੱਲ੍ਹ ਪੀ.ਆਰ ਕਾਰਡ ਹੈ, ਉਦੋਂ ਲੈਂਡਿਡ ਪੇਪਰ ਹੁੰਦਾ ਸੀ)
“ਥੈਂਕ ਯੂ।” ਆਖ ਅਸੀਂ ਬਾਹਰ ਆ ਗਏ। ਬਾਹਰ ਬਰਫ ਪੈ ਰਹੀ ਸੀ। ਉਹ ਬਰਫ ਮੈਨੂੰ ਚੰਗੀ ਲੱਗੀ ਸੀ। ਮਨ ਜੁ ਖੁਸ਼ ਸੀ। ਉਸ ਖੁਸ਼ੀ ਵਿਚੋਂ ਭਵਿੱਖ ਦੀਆਂ ਹੋਰ ਖੁਸ਼ੀਆਂ ਦੇ ਸੰਕੇਤ ਵੀ ਨਜ਼ਰ ਆ ਰਹੇ ਸਨ।
ਜੌਬ ਠੀਕ ਚੱਲ ਰਹੀ ਸੀ। ਕਾਰਲਟਨ ਸਟਰੀਟ ਵਾਲ਼ੀ ਬਿਲਡਿੰਗ ਦੇ ਕਰਮਚਾਰੀਆਂ ਨਾਲ਼ ਹਾਇ ਹੈਲੋ ਉਨ੍ਹਾਂ ਦੇ ਕੰਮ ‘ਤੇ ਆਉਣ ਸਮੇਂ ਹੀ ਹੁੰਦੀ ਸੀ। ਬਿਲਡਿੰਗ ਦੇ ਅੰਦਰ ਜਾਣ ਦੀ ਲੋੜ ਨਹੀਂ ਸੀ ਪੈਂਦੀ। ਪਰ ਸੁਮੈੱਕ ਸਟਰੀਟ ਵਾਲ਼ੀ ਬਿਲਡਿੰਗ ਵਿਚ ਆਪਣੀ ਸ਼ਿਫਟ ਦੌਰਾਨ ਮੈਂ ਦੋ ਵਾਰ ਪੈਟਰੋਲਿੰਗ ਕਰਦਾ ਸਾਂ।
ਪੈਟਰੋਲਿੰਗ ਸਮੇਂ ਕਰਮਚਾਰੀਆਂ ਦੇ ਸੈਕਸ਼ਨਾਂ ਕੈਬਿਨਾਂ ਕੋਲੋਂ ਲੰਘਦਿਆਂ ਵੀ ਹਾਇ ਹੈਲੋ ਜਾਂ ਹਾਲ ਪੁੱਛਣ ਦੱਸਣ ਦੇ ਮੌਕੇ ਬਣ ਜਾਂਦੇ। ਮੈਥੋਂ ਵਾਹਨਾਂ ਦੀਆਂ ਚਾਬੀਆਂ ਲੈਣ ਮੋੜਨ ਸਮੇਂ ਵੀ ਉਨ੍ਹਾਂ ਨਾਲ਼ ਗੱਲ ਬਾਤ ਹੋ ਜਾਂਦੀ। ਟਰਾਂਸਪੋਰਟ ਇੰਚਾਰਜ ਐਨਥਨੀ ਕਦੀ ਕਦੀ ਮੇਰੇ ਲਈ ਵੀ ਕੌਫੀ ਦਾ ਕੱਪ ਲੈ ਆਉਂਦਾ ਤੇ ਅਸੀਂ ਇਕੱਠੇ ਬਹਿ ਕੇ ਪੀਂਦੇ। ਡਿਜ਼ਾਈਨ ਦੇ ਸਮੁੱਚੇ ਡਿਪਾਰਮੈਂਟ ਦੀ ਡਾਇਰੈਕਟਰ ਜੇਨ ਫੇਅਰਲੇ ਬਹੁਤ ਚੰਗੀ ਸੀ। ਉਸ ਨਾਲ਼ ਸਾਂਝੇ ਹੁੰਦੇ ਬੋਲ ਸਿਰਫ਼ “ਗੁੱਡ ਡੇਅ” “ਗੁੱਡ ਨਾਈਟ” ਤੱਕ ਹੀ ਸੀਮਤ ਨਹੀਂ ਸਨ। ਉਹ ਮੇਰਾ ਹਾਲ ਵੀ ਪੁੱਛਦੀ ਸੀ।
ਸੋ ਵਕਤ ਸੁਹਣਾ ਬੀਤ ਰਿਹਾ ਸੀ। ਪਰ ਲੈਰੀ ਦੇ ਜੌਬ ਛੱਡਣ ਦੇ ਮਾਮਲੇ ਨੇ ਮੈਨੂੰ ਉਦਾਸ ਕਰ ਦਿੱਤਾ। ਉਸਦੀ, ਡਾਇਨਾਸੋਰ ਬਾਰੇ ਕਿਤਾਬ ਲਿਖਣ ਦੀ ਸਕੀਮ ਸੀ। ਉਸਨੇ ਖੋਜ ਕਰਕੇ ਕਾਫ਼ੀ ਮੈਟਰ ਤਿਆਰ ਕੀਤਾ ਹੋਇਆ ਸੀ। ਮੇਰੀ ਸੋਚ ਅਨੁਸਾਰ ਕਿਤਾਬ ਜੌਬ ਕਰਦਿਆਂ ਵੀ ਲਿਖੀ ਜਾ ਸਕਦੀ ਸੀ। ਪਰ ਲੈਰੀ ਮਹਾਂਨਗਰ ਦੀ ਹਫੜਾ ਦਫੜੀ ਤੋਂ ਦੂਰ, ਕਿਸੇ ਸ਼ਾਂਤ ਟਿਕਾਣੇ ‘ਤੇ ਜਾ ਕੇ ਲਿਖਣਾ ਚਾਹੁੰਦਾ ਸੀ।
ਉਸਦੇ ਧੀ ਜੁਆਈ ਟਰਾਂਟੋ ਤੋਂ ਪੂਰਬ ਵੱਲ ਕਾਫ਼ੀ ਦੂਰ ਇਕ ਪਿੰਡ ‘ਚ ਰਹਿੰਦੇ ਸਨ। ਉਹ ਸ਼ਾਂਤ ਜਗ੍ਹਾ ਮੈਂ ਲੈਰੀ ਨਾਲ਼ ਦੇਖੀ ਹੋਈ ਸੀ। ਲੈਰੀ, ਨੋਰਾ ਤੇ ਉਨ੍ਹਾਂ ਦਾ ਛੋਟਾ ਪੁੱਤਰ ਓਥੇ ਚਲੇ ਗਏ। ਆਪਣਾ ਅਪਾਰਟਮੈਂਟ ਉਨ੍ਹਾਂ ਵੇਚ ਦਿੱਤਾ।
ਕੋਰ ਹੈੱਡਕੁਆਟਰ ਨੇ ਮੈਨੂੰ ਵਾਰੰਟ ਅਫਸਰ ਦੀ ਤਰੱਕੀ ਦੇ ਕੇ ਡਿਟੈਚਮੈਂਟਕਮਾਂਡਰ ਬਣਾ ਦਿੱਤਾ। ਮੇਰੇ ਕਹਿਣ ‘ਤੇ ਸਾਡੀ ਡਿਟੈਚਮੈਂਟ ਦੇ ਜੌਹਨ ਬੇਕਰ ਨੂੰਸਾਰਜੈਂਟ ਬਣਾ ਦਿੱਤਾ ਗਿਆ। ਮੇਰੀ ਸ਼ਿਫਟ ਸਵੇਰ ਦੀ ਹੋ ਗਈ। ਲੈਰੀ ਨਾਲ਼ ਫੋਨ ‘ਤੇ ਗੱਲ ਬਾਤ ਹੁੰਦੀ ਰਹਿੰਦੀ, ਪਰ ਮੈਂ ਉਸਨੂੰ ਮਿੱਸ ਕਰ ਰਿਹਾ ਸਾਂ।
22 ਮਈ 1992 ਨੂੰ, ਇੰਮੀਗਰੇਸ਼ਨ ਮਹਿਕਮੇ ਦੇ ਸੱਦਾ ਪੱਤਰ ਮੁਤਾਬਿਕ ਮੈਂ ਉਨ੍ਹਾਂ ਦੇ ਦਫ਼ਤਰ ਪਹੁੰਚ ਗਿਆ। ਸੰਬੰਧਿਤ ਇੰਮੀਗਰੇਸ਼ਨ ਅਫਸਰ ਨੇ ਮੈਨੂੰ ਆਪਣੇ ਸਾਹਮਣੇ ਬਿਠਾ ਲਿਆ। ਦੋ ਕੁ ਥਾਈਂ ਮੇਰੇ ਦਸਤਖਤ ਕਰਵਾਏ ਅਤੇ ਲੈਂਡਿਡ ਪੇਪਰ ਫੜਾਉਂਦਿਆਂ ਹੱਥ ਮਿਲ਼ਾ ਕੇ, ਕੈਨੇਡਾ ਦਾ ਇੰਮੀਗਰਾਂਟ ਬਣਨ ਦੀ ਵਧਾਈ ਦਿੱਤੀ। ਪਰਿਵਾਰ ਨੂੰ ਸਪਾਂਸਰ ਕਰਨ ਵਾਲ਼ੇ ਫਾਰਮ ਵੀ ਉਸਨੇ ਲਿਫਾਫੇ ਵਿਚ ਪਾ ਦਿੱਤੇ। ਉਸਨੂੰ “ਥੈਂਕ ਯੂ” ਆਖ ਮੈਂ ਬਾਹਰ ਆ ਗਿਆ।
ਲੈਂਡਿਡ ਪੇਪਰ ਮੈਨੂੰ ਪੌਣੇ ਚਾਰ ਸਾਲ ਦੀ ਮਿਹਨਤ ਬਾਅਦ ਮਿਲ਼ਿਆ ਸੀ। ਮਿਹਨਤ ਨਾਲ਼ ਮਿਲੀ ਸਫਲਤਾ ਜਿੱਥੇ ਸਾਡੇ ਸਵੈ ਵਿਸ਼ਵਾਸ ਨੂੰ ਪਕੇਰਾ ਕਰਦੀ ਹੈ, ਓਥੇ ਸਾਡੇ ਸੁਪਨਿਆਂ ਨੂੰ ਵੀ ਜੀਵੰਤ ਰੱਖਦੀ ਹੈ। ਆਦਮਪੁਰ ਅਵਿਨਾਸ਼ ਭਾਖੜੀ ਦੇ ਘਰ ਟੈਲੀਫੋਨ ਸੀ। ਪਤਨੀ ਤੇ ਬੱਚਿਆਂ ਨੂੰ ਓਥੇ ਸੱਦ ਕੇ, ਖੁਸ਼ਖ਼ਬਰੀ ਦਿੱਤੀ। ਉਹ ਬਹੁਤ ਖੁਸ਼ ਹੋਏ। ਉਨ੍ਹਾਂ ਅਗਾਂਹ, ਪਿੰਡ ਮੇਰੀ ਬੀਬੀ ਤੇ ਭਰਾਵਾਂ ਨੂੰ ਵੀ ਖ਼ਬਰ ਪਹੁੰਚਾ ਦਿੱਤੀ।
ਅਗਲੇ ਦਿਨ ਮੈਂ ਸਪਾਂਸਰਸ਼ਿਪ ਫਾਰਮ ਭਰੇ ਤੇ ਡਾਕ ‘ਚ ਪਾ ਦਿੱਤੇ।
ਸੀ.ਬੀ.ਸੀ ਨੇ ਆਪਣੀ ਬਿਲਡਿੰਗ ਬਣਾ ਲਈ ਸੀ। ਕਿਰਾਏ ਦੀਆਂ ਬਿਲਡਿੰਗਾਂ ਵਿਚੋਂ ਆਪਣੀ ਬਿਲਡਿੰਗ ਵਿਚ ਸ਼ਿਫਟ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਭ ਤੋਂ ਜ਼ਿਆਦਾ ਸਾਮਾਨ ਤੇ ਨਫਰੀ ਸਾਡੀ ਬਿਲਡਿੰਗ ‘ਚ ਸੀ। ਢੋਅ ਢੁਆਈ ਮਹੀਨੇ ਤੋਂ ਵੱਧ ਚੱਲਦੀ ਰਹੀ।
ਬਿਲਡਿੰਗ ਛਡਣ ਸਮੇਂ ਸਾਰੇ ਕਰਮਚਾਰੀ ਤਾਂ ਨਹੀਂ ਪਰ ਐਨਥਨੀ ਵਰਗੇ ਕਈ ਹੱਥ ਮਿਲ਼ਾ ਕੇ ਵਿਦਾ ਹੋਏ। ਉਨ੍ਹਾਂ ਮੈਨੂੰ ਤੇ ਮੈਂ ਉਨ੍ਹਾਂ ਨੂੰ ਚੰਗੇਰੇ ਭਵਿੱਖ ਲਈ ਸ਼ੁਭ ਇਛਾਵਾਂ ਦਿੱਤੀਆਂ।
ਡਾਇਰੈਕਟਰ ਜੇਨ ਫੇਅਰਲੇ ਨੇ ਨਵੀਂ ਬਿਲਡਿੰਗ ਤੋਂ ਵਿਸ਼ੇਸ਼ ਚਿੱਠੀ ਭੇਜੀ ਸੀ, ਜਿਸ ਵਿਚ ਉਸਨੇ ਮੇਰੇ ਕੰਮ ਤੇ ਵਿਹਾਰ ਬਾਰੇ ਪ੍ਰਸ਼ੰਸ਼ਕੀ ਸ਼ਬਦ ਲਿਖੇ ਸਨ ਤੇ ਡਿਜ਼ਾਈਨ ਬਿਲਡਿੰਗ ਵਿਚ ਵਧੀਆ ਸਕਿਉਰਟੀ ਸੇਵਾਵਾਂ ਦੇਣ ਲਈ ਮੇਰਾ ਹਾਰਦਿਕ ਧੰਨਵਾਦ ਕੀਤਾ ਸੀ। ਮੇਰੇ ਚੰਗੇਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਵੀ ਭੇਜੀਆਂ ਸਨ।
ਬਿਲਡਿੰਗਾਂ ਖਾਲ਼ੀ ਤਾਂ ਹੋ ਚੁੱਕੀਆਂ ਸਨ ਪਰ ਸੀ.ਬੀ.ਸੀ ਵੱਲੋਂ ਅਜੇ ਮਾਲਕਾਂ ਨੂੰ ਸੌਂਪੀਆਂ ਨਹੀਂ ਸਨ ਗਈਆਂ। ਸਕਿਉਰਟੀ ਦਾ ਕੰਮ ਚੱਲ ਰਿਹਾ ਸੀ। ਕਾਂਟਰੈਕਟ ਖ਼ਤਮ ਹੋਣ ਤੱਕ, ਕੋਰ ਹੈੱਡਕੁਆਟਰ ਨੇ ਸਾਰਜੈਂਟ ਜੌਹਨ ਬੇਕਰ ਨੂੰ ਡਿਟੈਚਮੈਂਟ ਕਮਾਂਡਰ ਬਣਾ ਦਿਤਾ ਤੇ ਮੇਰੀ ਬਦਲੀ ਕੈਨੇਡੀਅਨ ਫੋਰਸਜ਼ ਬੇਸ’ ਯਾਅਨੀ ਫੌਜੀ ਛਾਉਣੀ ਵਿਚ ਕਰ ਦਿੱਤੀ।

(ਸਮਾਪਤ)

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …