Breaking News
Home / ਰੈਗੂਲਰ ਕਾਲਮ / ਕੈਨੇਡੀਅਨ ਫੋਰਸਜ਼ ਬੇਸ ਵਿਚ

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ
(ਕਿਸ਼ਤ 13ਵੀਂ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ ਗਈਆਂ। ਜਿਸ ਵੀਕ ਐਂਡ ‘ਤੇ ਕੋਈ ਪਾਰਟੀ ਨਾ ਹੁੰਦੀ ਅਸੀਂ ਕੈਨੇਡਾ ਦੀਆਂ ਵਿਸ਼ੇਸ਼ ਥਾਵਾਂ ਦੇਖਣ ਚਲੇ ਜਾਂਦੇ। ਸਭ ਤੋਂ ਪਹਿਲਾਂ ਅਸੀਂ ਸੀ.ਐਨ.ਟਾਵਰ ਦੇਖਣ ਗਏ। ਇਹ ਟਾਵਰ ਕੈਨੇਡੀਅਨ ਨੈਸ਼ਨਲ ਰੇਲਵੇ ਦੀ ਜ਼ਮੀਨ ‘ਤੇ ਬਣਿਆ ਹੋਇਆ ਹੈ। ਇਸੇ ਕਰਕੇ ਇਸਨੂੰ ਸੀ.ਐਨ.ਟਾਵਰ ਕਿਹਾ ਜਾਂਦਾ ਹੈ। ਇਸਨੂੰ ਬਣਾਉਣ ਦੇ ਦੋ ਉਦੇਸ਼ ਸਨ। ਟਰਾਂਟੋ ਲਈ ਟੀ.ਵੀ ਤੇ ਰੇਡੀਓ ਦੇ ਸੰਚਾਰ ਸਾਧਨ ਦਾ ਨਿਰਮਾਣ ਅਤੇ ਕੈਨੇਡਾ ਦੀ ਉਦਯੋਗਿਕ ਸ਼ਕਤੀ ਦੀ ਪ੍ਰਦਰਸ਼ਨੀ। ਇਸਦੀ ਉਸਾਰੀ ਫਰਵਰੀ 1973 ‘ਚ ਸ਼ੁਰੂ ਹੋਈ ਤੇ ਜੂਨ 1976 ‘ਚ ਲੋਕਾਂ ਵਾਸਤੇ ਖੋਲ੍ਹਿਆ ਗਿਆ।
15 ਫੁੱਟ ਡੂੰਘੀਆਂ ਮਜ਼ਬੂਤ ਨੀਹਾਂ ਤੇ ਉਸਰੇ ਇਸ ਟਾਵਰ ਦੀ ਉਚਾਈ 1815 ਫੁੱਟ ਹੈ। 1465 ਫੁੱਟ ਇਮਾਰਤ ਕੰਕਰੀਟ ਦੀ ਬਣੀ ਹੋਈ ਹੈ ਤੇ ਉਸ ਉੱਪਰ 335 ਫੁੱਟ ਉੱਚਾ ਐਨਟੇਨਾ ਧਾਤ ਦਾ ਬਣਿਆ ਹੋਇਆ ਹੈ। ਐਨਟੇਨਾ ਕਈ ਹਿੱਸਿਆਂ ਵਿਚ ਪਹਿਲਾਂ ਜ਼ਮੀਨ ‘ਤੇ ਤਿਆਰ ਕੀਤਾ ਗਿਆ ਤੇ ਫਿਰ ਹੈਲੀਕਾਪਟਰ ਰਾਹੀਂ ਤਰਤੀਬਵਾਰ ਸਾਰੇ ਹਿੱਸੇ ਕੰਕਰੀਟ ਬਿਲਡਿੰਗ ‘ਤੇ ਟਿਕਾਏ ਗਏ। ਉਦੋਂ ਇਹ ਦੁਨੀਆਂ ਦਾ ਸਭ ਤੋਂ ਉੱਚਾ ਟਾਵਰ ਸੀ।
ਟਾਵਰ ‘ਤੇ ਚੜ੍ਹਨ ਲਈ ਐਲੀਵੇਟਰ ਹਨ। ਸਿਖਰਲੀਆਂ ਤਿੰਨ ਮੰਜ਼ਲਾਂ ਅਸੀਂ ਪੌੜੀਆਂ ਰਾਹੀਂ ਚੜ੍ਹੇ। ਸਿਖ਼ਰ ਤੋਂ ਸਾਰਾ ਟਰਾਂਟੋ ਤੇ ਆਸੇ ਪਾਸੇ ਦੇ ਸਾਰੇ ਸ਼ਹਿਰ ਦਿਸ ਰਹੇ ਸਨ। ਬਹੁਤ ਜ਼ਿਆਦਾ ਉਚਾਈ ਅਤੇ ਉਨਟੇਰੀਓ ਲੇਕ ਦੀ ਨੇੜਤਾ ਕਾਰਨ ਹਵਾ ਵਿਚ ਠੰਢਕ ਸੀ। ਅਸੀਂ, ਦੂਰ ਦੂਰ ਤੱਕ ਨਜ਼ਰ ਆਉਂਦੇ ਘਰਾਂ, ਬਿਲਡਿੰਗਾਂ ਤੇ ਸੜਕਾਂ ਦੇ ਨਿਕਚੂ ਆਕਾਰ ਦੇਖਦੇ ਰਹੇ। ਸਾਰੇ ਪਾਸਿਆਂ ਦੇ ਬਾਹਰਲੇ ਦ੍ਰਿਸ਼ ਦੇਖਣ ਬਾਅਦ ਟਾਵਰ ਅੰਦਰਲੀ ਬਣਤਰ ਦੇਖੀ ਤੇ ਫਿਰ ਇਕ ਬੈਂਚ ‘ਤੇ ਬੈਠ ਗਏ। ਮੇਰੀ ਨਿਗ੍ਹਾ ਲੋਕਾਂ ਵੱਲ ਚਲੀ ਗਈ। ਉਨ੍ਹਾਂ ਦੇ ਰੰਗਾਂ ਨਸਲਾਂ ਵਿਚ ਭਿੰਨਤਾ ਸੀ, ਪਰ ਵਿਹਾਰ ਵਿਚ ਸਹਿਣਸ਼ੀਲਤਾ ਹੋਣ ਕਰਕੇ ਇਕ ਇਕਾਈ ਵਾਂਗ ਨਜ਼ਰ ਆ ਰਹੇ ਸਨ। ਬੈਂਚਾਂ ‘ਤੇ ਬੈਠੇ, ਤੁਰਦੇ, ਫਿਰਦੇ ਅਤੇ ਬਾਹਰ ਦੇ ਦ੍ਰਿਸ਼ ਮਾਣਦੇ ਲੋਕ ਦੂਜਿਆਂ ਨੂੰ ਵੀ ਸਪੇਸ ਦੇ ਰਹੇ ਸਨ। ਲੋਕਾਂ ਦੀ ਭਿੰਨਤਾ ਵੱਲ ਇਸ਼ਾਰਾ ਕਰਦਿਆਂ ਮੈਂ ਪਤਨੀ ਤੇ ਬੱਚਿਆਂ ਨੂੰ ਆਖਿਆ, “ਇਹ ਹੈ ਕੈਨੇਡਾ ਦੇ ਬਹੁਸਭਿਆਚਾਰਵਾਦ ਦੀ ਮਿੰਨੀ ਤਸਵੀਰ।”
ਫਿਰ ਇਕ ਵੀਕ ਐਂਡ ‘ਤੇ ਮੈਂ ਪਰਿਵਾਰ ਨੂੰ ਵੰਡਰਲੈਂਡ ਲੈ ਗਿਆ। 250 ਏਕੜ ‘ਚ ਫ਼ੈਲੇ ਵੰਡਰਲੈਂਡ ਵਿਚ 50 ਮੀਟਰ ਤੋਂ ਵੱਧ ਉੱਚੀਆਂ, ਉੱਪਰ ਹੇਠਾਂ, ਲੰਮੇ ਦਾਅ ਅਤੇ ਗੁਲਾਈ ‘ਚ ਗੇੜੇ ਖਾਂਦੀਆਂ ਛੋਟੀਆਂ ਵੱਡੀਆਂ ਅਨੇਕ ਰਾਈਡਾਂ ਹਨ। ਰਾਈਡਾਂ ਤੋਂ ਸਿਵਾ ਪਾਣੀ ਦੀਆਂ ਖੇਡਾਂ ਅਤੇ ਘਾਹ ਦੇ ਹਰੇ ਭਰੇ ਲਾਅਨ ਵੀ ਹਨ। ਮੈਂ ਤੇ ਕੁਲਵੰਤ ਨੇ ਤਾਂ ਸਾਧਾਰਣ ਜਿਹੀਆਂ ਰਾਈਡਾਂ ‘ਤੇ ਹੀ ਝੂਟੇ ਲਏ ਪਰ ਹਰਪ੍ਰੀਤ ਅਮਰਪ੍ਰੀਤ ਨੇ ਹੇਠੋਂ ਉੱਪਰ, ਉੱਪਰੋਂ-ਹੇਠਾਂ ਘੁੰਮਦੀਆਂ ਤੇ ਵਲ਼ ਵਲ਼ੇਵੇਂ ਖਾਂਦੀਆਂ ਤੇਜ਼ ਰਫਤਾਰ ਰਾਈਡਾਂ ਦੀਆਂ ਥੱਰਿਲਾਂ ਵੀ ਮਾਣੀਆਂ।
ਅਗਲੇ ਪ੍ਰੋਗਰਾਮ ਵਿਚ ਅਸੀਂ ਰਿਸ਼ਤੇਦਾਰਾਂ ਨਾਲ਼ ਰਲ਼ ਕੇ ਨਿਆਗਰਾ ਫਾਲਜ਼ ‘ਤੇ ਪਿਕਨਿਕ ਮਨਾਈ।
ਸਤੰਬਰ ਵਿਚ ਸਕੂਲਾਂ ਕਾਲਜਾਂ ਦੇ ਸੈਸ਼ਨ ਸ਼ੁਰੂ ਹੋ ਗਏ। ਹਰਪ੍ਰੀਤ ਇੰਡੀਆ ਤੋਂ ਐਮ.ਏ ਭਾਗ ਪਹਿਲਾ ਕਰਕੇ ਆਇਆ ਸੀ ਤੇ ਅਮਰਪ੍ਰੀਤ ਬੀ.ਏ ਭਾਗ ਪਹਿਲਾ। ਦੋਨਾਂ ਨੇ ਸਕੂਲ ਕਾਲਜ ਦੀ ਪੜ੍ਹਾਈ ਅੰਗ੍ਰੇਜ਼ੀ ਮੀਡੀਅਮ ‘ਚ ਕੀਤੀ ਹੋਈ ਸੀ ਜਿਸ ਕਰਕੇ ਉਨ੍ਹਾਂ ਦਾ ਅੰਗ੍ਰੇਜ਼ੀ ਦਾ ਪੱਧਰ ਬਿਹਤਰ ਸੀ। ਕੈਨੇਡਾ ਦੀ ਸਿੱਖਿਆ ਪ੍ਰਣਾਲੀ ਅਨੁਸਾਰ ਅਮਰਪ੍ਰੀਤ ਨੂੰ ਬਾਰਵੇਂ ਗਰੇਡ ‘ਚ ਦਾਖਲਾ ਮਿਲ ਗਿਆ ਤੇ ਹਰਪ੍ਰੀਤ ਨੇ ਐਮ.ਏ ਦਾ ਖਿਆਲ ਛੱਡ ਕੇ ਕੰਪਿਊਟਰ ਪ੍ਰੋਗਰੈਮਿੰਗ ਦੇ ਡਿਪਲੋਮੇ ਦੀ ਪੜ੍ਹਾਈ ਸ਼ੁਰੂ ਕਰ ਲਈ। ਦੋਵੇਂ ਪੜ੍ਹਾਈ ਦੇ ਨਾਲ਼ ਨਾਲ਼ ਪਾਰਟ ਟਾਈਮ ਜੌਬਾਂ ਕਰਨੀਆਂ ਚਾਹੁੰਦੇ ਸਨ ਪਰ ਕੈਨੇਡਾ ‘ਚ ਸ਼ੁਰੂ ਹੋਏ ਆਰਥਿਕ ਮੰਦਵਾੜੇ ਕਾਰਨ ਜੌਬਾਂ ਦਾ ਮੰਦ ਪਿਆ ਹੋਇਆ ਸੀ।
ਮੇਰੇ ਭੈਣ ਭਣੋਈਆ ਗੁਰਦੀਸ਼ ਕੌਰ ਤੇ ਫੂਲਾ ਸਿੰਘ, ਧੀਆਂ ਜਸਵਿੰਦਰ ਤੇ ਰਾਜਵਿੰਦਰ ਸਮੇਤ ਕੈਨੇਡਾ ਆ ਗਏ। ਜਸਪਾਲ ਨੇ ਉਨ੍ਹਾਂ ਨੂੰ ਸਪਾਂਸਰ ਕੀਤਾ ਹੋਇਆ ਸੀ। ਮਾਂ ਜਾਈ ਭੈਣ ਤੇ ਉਸਦੇ ਪਰਿਵਾਰ ਦੀ ਆਮਦ ਸਾਡੇ ਲਈ ਸੁਖਾਵੀਂ ਘਟਨਾ ਸੀ।
ਬੇਟੇ ਅਮਰਪ੍ਰੀਤ ਨੂੰ ਬਾਰਾਂ ਗਰੇਡ ਤੋਂ ਬਾਅਦ ਪੜ੍ਹਾਉਣਾ ਮੁਸ਼ਕਲ ਹੋ ਗਿਆ। ਆਰਥਿਕ ਮੰਦਵਾੜੇ ਕਾਰਨ ਜੌਬਾਂ ਦਾ ਹਾਲ ਡਾਢਾ ਮਾੜਾ ਸੀ। ਕੁਲਵੰਤ ਨੂੰ ਪਾਰਟ ਟਾਈਮ ਜੌਬ ਮਿਲੀ ਸੀ ਪਰ ਕੁਝ ਮਹੀਨਿਆਂ ਬਾਅਦ ਖ਼ਤਮ ਹੋ ਗਈ। ਖ਼ੈਰ ਘਰ ਦਾ ਗੁਜ਼ਾਰਾ ਠੀਕ ਚੱਲ ਰਿਹਾ ਸੀ। ਮੈਂ ਕੁਝ ਪੈਸੇ ਜੋੜੇ ਹੋਏ ਸਨ। ਹਰਪ੍ਰੀਤ ਦੀ ਵਿਆਹ ਦੀ ਉਮਰ ਹੋ ਗਈ ਸੀ। ਵਿਆਹ ਇੰਡੀਆ ‘ਚ ਕਰਨਾ ਚਾਹੁੰਦੇ ਸਾਂ। ਹਵਾਈ ਟਿਕਟਾਂ ਤੇ ਵਿਆਹ ਕਾਰਜਾਂ ਵਾਸਤੇ ਰਕਮ ਚਾਹੀਦੀ ਸੀ। ਹਾਲਾਤ ਨੂੰ ਸਮਝਦਿਆਂ ਅਮਰਪ੍ਰੀਤ ਜੌਬ ਲੱਭਣ ਲੱਗ ਪਿਆ। ਟਰਾਂਟੋ ਏਅਰਪੋਰਟ ‘ਤੇ ਕਮਿਸ਼ਨੇਅਰਜ਼ ਤੋਂ ਇਲਾਵਾ ‘ਗਰੁੱਪ-4’ ਨਾਂ ਦੀ ਸਕਿਉਰਟੀ ਕੰਪਨੀ ਵੀ ਸੀ। ਉਸ ਵਿਚਕੁਝ ਖਾਲੀ ਥਾਵਾਂ ਬਾਰੇ ਪਤਾ ਲੱਗਣ ਤੇ ਅਮਰਪ੍ਰੀਤ ਨੇ ਰੈਜ਼ਮੇ ਭੇਜ ਦਿੱਤਾ। ਟੈਸਟ ਪਾਸ ਕਰਨ ‘ਤੇ ਉਸਨੂੰ ਮੁਸਾਫਰਾਂ ਦੀ ਸਕਰੀਨਿੰਗ ਕਰਨ ਦੀ ਜੌਬ ਮਿਲ਼ ਗਈ।
ਨਵੰਬਰ 1995 ‘ਚ ਅਸੀਂ ਹਰਪ੍ਰੀਤ ਦਾ ਵਿਆਹ ਕਰਨ ਲਈ ਇੰਡੀਆ ਚਲੇ ਗਏ। ਮੇਰੇ ‘ਤੇ ਕੈਨੇਡਾ ਦਾ ਪ੍ਰਭਾਵ ਸੀ। ਏਥੋਂ ਦੇ ਸਾਫ-ਸੁਥਰੇ ਵਾਤਾਵਰਣ ਦੇ ਮੁਕਾਬਲੇ ਇੰਡੀਆ ਦਾ ਵਾਤਾਵਰਣ ਬਹੁਤ ਗੰਧਲ਼ਾ ਜਿਹਾ ਲੱਗਾ। ਦਿੱਲੀ ਏਅਰਪੋਰਟ ਤੋਂ ਬਾਹਰ ਆ ਕੇ ਜਦੋਂ ਕੰਨਾਂ ਵਿਚ ਕਾਰਾਂ ਟਰੱਕਾਂ ਦੇ ਹੌਰਨ ਪਏ ਤਾਂ ਇੰਜ ਲੱਗਾ ਜਿਵੇਂ ਵਾਤਾਵਰਣ ਵਿਚ ਅਚਾਨਕ ਹੀ ਖਲਲ ਮਚ ਗਿਆ ਹੋਵੇ।
ਘਰ ਪਹੁੰਚਣ ‘ਤੇ ਮੋਹ ਭਰੇ ਸਵਾਗਤ ਨੇ ਲੰਮੇ ਸਫਰ ਦੀ ਥਕਾਵਟ ਦਾ ਚੇਤਾ ਹੀ ਭੁਲਾ ਦਿੱਤਾ। ਬੀਬੀ ਨੇ ਛਾਤੀ ਨਾਲ਼ ਲਾਉਂਦਿਆਂ ਆਖਿਆ ਸੀ, “ਮਾਂ ਸਦਕੇ ਮੇਰਾ ਪੁੱਤ 7 ਸਾਲ ਬਾਅਦ ਪਰਦੇਸੋਂ ਆਇਐ। ਜੁੱਗ-ਜੁੱਗ ਜੀਵੇ ਮੇਰਾ ਲਾਲ।”ਉਸਨੇ ਕੁਲਵੰਤ ਤੇ ਬੱਚਿਆਂ ਨੂੰ ਵੀ ਛਾਤੀ ਨਾਲ਼ ਲਾ ਕੇ ਅਸੀਸਾਂ ਦਿੱਤੀਆਂ। ਪਰਿਵਾਰ ਦੇ ਸਾਰੇ ਜੀਆਂ ਦੇ ਚਿਹਰਿਆਂ ‘ਤੇ ਪ੍ਰਸੰਨਤਾ ਝਲਕ ਰਹੀ ਸੀ। ਭੈਣ, ਭਰਾਵਾਂ ਤੇ ਭਰਜਾਈਆਂ ਨੂੰ ਗਲਵੱਕੜੀਆਂ ਪਾਉਂਦਿਆਂ ਅਤੇ ਉਨ੍ਹਾਂ ਦੇ ਨਿਆਣਿਆਂ ਨੂੰ ਬਾਹਾਂ ‘ਚ ਭਰਦਿਆਂ ਮੈਨੂੰ ਇੰਜ ਲੱਗਾ ਸੀ ਜਿਵੇਂ ਘਰ ਵਿਚ ਪਿਆਰ ਤੇ ਖੁਸ਼ੀ ਦਾ ਹੜ੍ਹ ਆ ਗਿਆ ਹੋਵੇ।
ਪਿੰਡ ਵਾਲ਼ਾ ਘਰ ਚੰਗੀ ਹਾਲਤ ‘ਚ ਸੀ ਪਰ ਭਰਾਵਾਂ ਨੇ ਖੇਤਾਂ ਵਿਚ ਨਵਾਂ ਘਰ ਬਣਾ ਲਿਆ ਸੀ। ਪਹਿਲਾਂ ਵਾਂਗ ਦੋਨਾਂ ਦੇ ਪਰਿਵਾਰ ਇਕੋ ਘਰ ‘ਚ ਸਨ। ਦੋਨਾਂ ਭਰਾਵਾਂ ਦੀਆਂ ਧੀਆਂ ਰਛਪਾਲ ਤੇ ਕੁਲਬੀਰ ਦੇ ਵਿਆਹ ਹੋ ਚੁੱਕੇ ਸਨ। ਦਲਜੀਤ ਸਿੰਘ ਦਾ ਪੁੱਤਰ ਗੁਰਦੇਵ ਤੇ ਸੁਹੇਲ ਸਿੰਘ ਦਾ ਵੱਡਾ ਪੁੱਤਰ ਹਰਜੀਤ ਖੇਤੀ ਦੇ ਕੰਮ ‘ਚ ਪੈ ਗਏ ਸਨ। ਹਰਜੀਤ ਤੋਂ ਛੋਟਾ ਮਨਜੀਤ ਕਾਲਜ ‘ਚ ਪੜ੍ਹਦਾ ਸੀ। ਭੈਣ ਬਖ਼ਸ਼ੀਸ਼ ਕੌਰ ਨੂੰ ਅਸੀਂ ਨਵੇਂ ਘਰ ਦੇ ਨਾਲ਼ ਥਾਂ ਦਿੱਤਾ ਹੋਇਆ ਸੀ। ਉਹ ਉੱਥੇ ਘਰ ਬਣਾ ਰਹੇ ਸਨ। ਉਸਦਾ ਵੱਡਾ ਪੁੱਤਰ ਤੀਰਥ ਆਪਣੇ ਭਾਪੇ ਜੋਗਿੰਦਰ ਸਿੰਘ ਨਾਲ਼ ਖੇਤੀ ਕਰਵਾਉਂਦਾ ਸੀ ਤੇ ਛੋਟੇ ਤਜਿੰਦਰ ਨੇ ਟੈਕਸੀ ਪਾਈ ਹੋਈ ਸੀ। ਭੈਣ ਤੇ ਭਰਾਵਾਂ ਦੇ ਨਿਆਣਿਆਂ ਦਾ ਆਪਸ ਵਿਚ ਮੋਹ-ਤੇਹ ਬਣਿਆਂ ਹੋਇਆ ਸੀ। ਮੇਰੇ ਬੱਚੇ ਵੀ ਕੈਨੇਡਾ ਜਾਣ ਤੋਂ ਪਹਿਲਾਂ ਉਨ੍ਹਾਂ ਵਿਚ ਘੁਲ਼ੇ-ਮਿਲ਼ੇ ਹੋਏ ਸਨ। ਹੁਣ ਸਾਰੇ ਨਿਆਣਿਆਂ ਨੂੰ ਇਕੱਠੇ ਖਾਂਦਿਆਂ ਪੀਂਦਿਆਂ ਤੇ ਗੱਲਾਂ ਬਾਤਾਂ ਕਰਦਿਆਂ ਦੇਖ ਕੇ ਚੰਗਾ ਲੱਗ ਰਿਹਾ ਸੀ।
ਘਰ ਖੇਤਾਂ ਵਿਚ ਹੋਣ ਕਾਰਨ ਪਿੰਡ ਤੋਂ ਥੋੜ੍ਹਾ ਦੂਰ ਹੋ ਗਏ ਸਾਂ। ਮੈਂ ਦੋ ਕੁ ਵਾਰ ਪਿੰਡ ਵਾਲ਼ਿਆਂ ਨੂੰ ਉਚੇਚੇ ਤੌਰ ‘ਤੇ ਮਿਲਣ ਗਿਆ। ਪਿੰਡ ਦੀ ਵਸੋਂ ਵਿਚ ਤਾਂ ਪਹਿਲਾਂ ਹੀ ਖੋਲ਼ੇ ਪੈ ਗਏ ਸਨ, ਹੁਣ ਲੋਕਾਂ ਦੇ ਦਿਲ ਵੀ ਖੋਲ਼ਿਆਂ ਵਰਗੇ ਹੋ ਗਏ ਸਨ… ਭਾਈਚਾਰਕ ਸਾਂਝ ਤੋਂ ਸੱਖਣੇ ਦਿਲ।
ਹਰਪ੍ਰੀਤ ਨੂੰ ਰਿਸ਼ਤਾ ਕਰਨ ਲਈ ਕਈ ਲੋਕ ਪੁੱਛ ਗਿੱਛ ਕਰ ਰਹੇ ਸਨ। ਦਹੇਜ ਵਿਚ ਕਾਰ ਤੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਸੁਣਾ ਰਹੇ ਸਨ। ਪਰ ਸਾਨੂੰ ਇਹੋ ਜਿਹਾ ਕੋਈ ਲਾਲਚ ਨਹੀਂ ਸੀ। 12 ਕਿੱਲੋਮੀਟਰ ਦੀ ਦੂਰੀ ‘ਤੇ ਪਿੰਡ ਖਨੌੜਾ ਦੇ ਰਘਬੀਰ ਸਿੰਘ ਦੀ ਲੜਕੀ ਰਿਕਬਾਲ ਨਾਲ਼ ਰਿਸ਼ਤੇ ਦੀ ਗੱਲ ਪੱਕੀ ਹੋ ਗਈ। 15 ਦਸੰਬਰ ਦਾ ਵਿਆਹ ਮੁਕੱਰਰ ਹੋ ਗਿਆ।
ਅਸੀਂ ਸ਼ਾਪਿੰਗ ‘ਚ ਰੁਝ ਗਏ। ਹਰ ਕੰਮ ਬੀਬੀ ਤੇ ਭਰਾਵਾਂ ਦੀ ਸਲਾਹ ਨਾਲ਼ ਕੀਤਾ। ਕਪੜਾ ਲੀੜਾ, ਗਹਿਣਾ ਗੱਟਾ ਜੋ ਕੁਝ ਵੀ ਅਸੀਂ ਖ਼ਰੀਦਦੇ, ਹਰ ਚੀਜ਼ ਬੀਬੀ ਨੂੰ ਦਿਖਾਉਂਦੇ। ਉਹ ਖੁਸ਼ ਹੋ ਜਾਂਦੀ। ਰਘਬੀਰ ਸਿੰਘ ਨੇ ਆਪਣੇ ਖੇਤਾਂ ਵਿਚ ਕਨਾਤਾਂ ਲੁਆ ਕੇ ਅਨੰਦ ਕਾਰਜ ਅਤੇ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਅਸੀਂ ਜਨੇਤ ਵਾਸਤੇ ਮੀਟ ਸ਼ਰਾਬ ਦੀ ਮਨਾਹੀ ਕੀਤੀ ਹੋਈ ਸੀ। ਵਿਆਹ ਦਾ ਕਾਰਜ ਵਧੀਆ ਰਿਹਾ।
ਅਮਰਪ੍ਰੀਤ ਦੀ ਛੁੱਟੀ ਥੋੜ੍ਹੀ ਸੀ। ਉਹ ਵਿਆਹ ਤੋਂ ਬਾਅਦ ਛੇਤੀ ਮੁੜ ਆਇਆ। ਮੇਰੀ ਛੁੱਟੀ ਦੋ ਮਹੀਨੇ ਦੀ ਸੀ। ਕੁਝ ਸਾਹਿਤਕਾਰਾਂ ਨੂੰ ਮਿਲਣਾ ਚਾਹੁੰਦਾ ਸਾਂ ਪਰ ਰਿਸ਼ਤੇਦਾਰਾਂ ਨਾਲ਼ ਮੇਲਾ ਗੇਲਾ ਕਰਦਿਆਂ ਹੀ ਦਿਨ ਬੀਤ ਗਏ।
ਹਰਪ੍ਰੀਤ ਡਿਪਲੋਮਾ ਕੋਰਸ ਮੁਕਾ ਕੇ ਵਿਆਹ ਕਰਵਾਉਣ ਗਿਆ ਸੀ। ਵਾਪਸ ਆ ਕੇ ਉਸਨੇ ਜੌਬ ਲਈ ਯਤਨ ਕੀਤੇ। ਪਰ ਕੰਪਨੀਆਂ ਵਾਲ਼ੇ ਤਜਰਬਾ ਮੰਗ ਰਹੇ ਸਨ। ਹਰਪ੍ਰੀਤ ਦਾ ਜਵਾਬ ਸੀ ਕਿ ਤਜਰਬਾ ਤਾਂ ਜੌਬ ਨਾਲ਼ ਹੀ ਬਣੇਗਾ, ਜੌਬ ਦਿਓ। ਦਰਅਸਲ ਸਮੱਸਿਆ ਆਰਥਿਕ ਮੰਦਵਾੜੇ ਦੀ ਸੀ। ਕੰਪਨੀਆਂ ਨੂੰ ਲੋੜ ਪੈਣ ‘ਤੇ ਬੇਰੁਜ਼ਗਾਰ ਹੋਏ ਤਜਰਬੇਕਾਰ ਕੰਪਿਊਟਰ ਪ੍ਰੋਗਰੈਮਰ ਮਿਲ ਰਹੇ ਸਨ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …