ਪੰਜਾਬੀ ਗੀਤ ‘ਤੇ ਝੂਮਦਿਆਂ ਬੱਚੇ ਨੇ ਕਰਵਾਇਆ ਅਪਰੇਸ਼ਨ
ਬੱਚੇ ਦੀ ਘਬਰਾਹਟ ਦੂਰ ਕਰਨ ਲਈ ਲਗਾਇਆ ਭੰਗੜਾ ਗੀਤ
ਜਗਰਾਉਂ/ਬਿਊਰੋ ਨਿਊਜ਼ : ਕਹਿੰਦੇ ਨੇ ਡਾਕਟਰ ਦਾ ਚੰਗਾ ਵਿਹਾਰ ਮਰੀਜ਼ ਅੱਧਾ ਇਲਾਜ ਕਰ ਦਿੰਦਾ ਹੈ। ਫਿਰ ਬੱਚਿਆਂ ਦੇ ਇਲਾਜ ਦੇ ਮਾਮਲੇ ਵਿਚ ਡਾਕਟਰ ਦਾ ਵਿਹਾਰ ਵੀ ਮਹੱਤਵ ਰੱਖਦਾ ਹੈ।
ਆਏ ਦਿਨ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੁੰਦੀਆਂ ਹਨ ਕਿ ਵਿਦੇਸ਼ਾਂ ਵਿਚ ਡਾਕਟਰ ਕਿਵੇਂ ਬੱਚਿਆਂ ਨਾਲ ਖੇਡਦੇ-ਖੇਡਦੇ ਉਨ੍ਹਾਂ ਨੂੰ ਇੰਜੈਕਸ਼ਨ ਦੇ ਦਿੰਦੇ ਹਨ ਤੇ ਬੱਚੇ ਨੂੰ ਸੂਈ ਚੁੱਭਣ ਦਾ ਅਹਿਸਾਸ ਤੱਕ ਨਹੀਂ ਹੁੰਦਾ। ਪਰ ਜਗਰਾਉਂ ਦੇ ਡਾਕਟਰ ਡਾ. ਦਿਵਾਂਸ਼ੂ ਗੁਪਤਾ ਨੇ ਤਾਂ ਇਸ ਤੋਂ ਵੀ ਅੱਗੇ ਜਾ ਕੇ ਇਕ ਪੰਜਾਬੀ ਗੀਤ ‘ਤੇ ਥਿਰਕਦਿਆਂ ਬੱਚੇ ਦੇ ਪੈਰ ਦਾ ਅਪਰੇਸ਼ਨ ਕਰ ਦਿੱਤਾ ਤਾਂ ਕਿ ਬੱਚਾ ਡਰੇ ਜਾਂ ਘਬਰਾਏ ਨਾ। ਇਸ ਵਿਚ ਉਨ੍ਹਾਂ ਦੇ ਸਟਾਫ ਨੇ ਵੀ ਸਾਥ ਦਿੱਤਾ, ਜਿਨ੍ਹਾਂ ਨੂੰ ਦੇਖ ਕੇ ਬੱਚੇ ਨੇ ਵੀ ਝੂਮਦੇ ਹੋਏ ਅਪਰੇਸ਼ਨ ਕਰਵਾ ਲਿਆ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਰਾਜੇਆਣਾ ਦਾ ਚਾਰ ਸਾਲਾਂ ਦਾ ਮਾਸੂਮ ਸੁਖਦਰਸ਼ਨ ਸਿੰਘ ਪਿਛਲੇ ਦਿਨੀਂ ਜਦੋਂ ਖੇਡ ਰਿਹਾ ਸੀ ਤਾਂ ਉਸ ਦੇ ਪੈਰ ਉਤੋਂ ਇਕ ਕਾਰ ਲੰਘ ਗਈ। ਇਸ ਕਾਰਨ ਉਸਦਾ ਪੈਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਸੁਖਦਰਸ਼ਨ ਦੀ ਮਾਂ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਸੀ ਤੇ ਪਿਤਾ ਵੀ ਅਪਾਹਜ ਹੋਣ ਕਾਰਨ ਬਿਸਤਰ ‘ਤੇ ਜ਼ਿੰਦਗੀ ਬਤੀਤ ਕਰ ਰਿਹਾ ਹੈ। ਬੱਚੇ ਦੀ ਦਾਦੀ ਉਸ ਨੂੰ ਜਗਰਾਉਂ ਸਿਵਲ ਹਸਪਤਾਲ ਲੈ ਕੇ ਪਹੁੰਚੀ। ਇੱਥੇ ਕੁਝ ਦਿਨ ਮੱਲ੍ਹਮ ਪੱਟੀ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਲੈ ਕੇ ਜਾਣ ਲਈ ਕਿਹਾ। ਇਸ ‘ਤੇ ਮਾਸੂਮ ਦੀ ਦਾਦੀ ਨੇ ਜਗਰਾਉਂ ਦੀ ਹੈਲਪਿੰਡ ਹੈਂਡ ਸੰਸਥਾ ਨਾਲ ਸੰਪਰਕ ਕੀਤਾ ਤਾਂ ਉਹ ਉਸ ਨੂੰ ਇਲਾਜ ਲਈ ਜਗਰਾਉਂ ਦੇ ਸੁਖਵੀਨ ਹਸਪਤਾਲ ਲੈ ਕੇ ਪੁੱਜੇ।
ਹਸਪਤਾਲ ਦੇ ਡਾ. ਦਿਵਾਂਸ਼ੂ ਗੁਪਤਾ ਨੇ ਚੈਕਅਪ ਦੌਰਾਨ ਦੇਖਿਆ ਕਿ ਬੱਚੇ ਦੇ ਪੈਰ ਦੀਆਂ ਹੱਡੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਡਾਕਟਰਾਂ ਨੇ ਉਸਦੇ ਪੈਰ ਦੀ ਸਕਿਨ ਉਤਾਰਕੇ ਪਲੱਸਤਰ ਕਰਨ ਦਾ ਫੈਸਲਾ ਕੀਤਾ। ਸ਼ਨਿੱਚਰਵਾਰ ਨੂੰ ਅਪਰੇਸ਼ਨ ਦੀ ਤਿਆਰੀ ਮਗਰੋਂ ਬੱਚੇ ਨੂੰ ਅਪਰੇਸ਼ਨ ਥੀਏਟਰ ਵਿਚ ਲਿਜਾਇਆ ਗਿਆ ਤਾਂ ਡਾਕਟਰ ਨੇ ਮਹਿਸੂਸ ਕੀਤਾ ਕਿ ਬੱਚਾ ਘਬਰਾ ਤੇ ਡਰ ਰਿਹਾ ਹੈ। ਇਸ ‘ਤੇ ਡਾਕਟਰ ਗੁਪਤਾ ਨੇ ਬੱਚੇ ਦਾ ਦਿਲ ਪਰਚਾਉਣ ਲਈ ਅਪਰੇਸ਼ਨ ਥੀਏਟਰ ਵਿਚ ਭੰਗੜੇ ਵਾਲਾ ਪੰਜਾਬੀ ਗੀਤ ਚਲਵਾਇਆ ਤੇ ਉਸਦੇ ਥਿਰਕਦੇ ਹੋਏ ਉਸ ਦਾ ਅਪਰੇਸ਼ਨ ਸ਼ੁਰੂ ਕਰ ਦਿੱਤਾ। ਡਾ. ਗੁਪਤਾ ਸਮੇਤ ਬਾਕੀ ਸਟਾਫ ਵੀ ਬੱਚੇ ਦਾ ਧਿਆਨ ਬਦਲਣ ਲਈ ਥਿਰਕਦਾ ਰਿਹਾ। ਉਨ੍ਹਾਂ ਨੂੰ ਥਿਰਕਦੇ ਦੇਖ ਬੱਚੇ ਦਾ ਧਿਆਨ ਅਪਰੇਸ਼ਨ ਵਾਲੇ ਪਾਸੇ ਤੋਂ ਹਟ ਗਿਆ ਤੇ ਉਹ ਵੀ ਅਪਰੇਸ਼ਨ ਟੇਬਲ ‘ਤੇ ਪਿਆ ਬਾਹਵਾਂ ਹਿਲਾ ਕੇ ਭੰਗੜੇ ਦੇ ਸਟੈਪ ਕਰਨ ਲੱਗਾ। ਇਸੇ ਖੁਸ਼ਨੁਮਾ ਮਾਹੌਲ ਵਿਚ ਬੱਚੇ ਦਾ ਅਪਰੇਸ਼ਨ ਸਫਲ ਹੋ ਗਿਆ। ਇਸ ਮੌਕੇ ‘ਤੇ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ।
ਇਸ ਸਬੰਧੀ ਡਾ. ਦਿਵਾਂਸ਼ੂ ਗੁਪਤਾ ਨੇ ਕਿਹਾ ਕਿ ਬੱਚਿਆਂ ਦੇ ਇਲਾਜ ਲਈ ਉਨ੍ਹਾਂ ਨੂੰ ਸੁਖਾਵਾਂ ਮਾਹੌਲ ਦੇਣ ਨਾਲ ਜਿੱਥੇ ਇਲਾਜ ਸਹੀ ਹੁੰਦਾ ਹੈ, ਉਥੇ ਇਲਾਜ ਦੌਰਾਨ ਪ੍ਰੇਸ਼ਾਨੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਅਪਰੇਸ਼ਨ ਥੀਏਟਰ ਵਿਚ ਪੰਜਾਬੀ ਗੀਤ ਵਜਾ ਕੇ ਬੱਚੇ ਨਾਲ ਭੰਗੜੇ ਦੇ ਕੁਝ ਸਟੈਂਪ ਸਾਂਝੇ ਕਰਨ ਕਾਰਨ ਉਸਦਾ ਅਪਰੇਸ਼ਨ ਤੋਂ ਧਿਆਨ ਹਟ ਗਿਆ ਤੇ ਉਨ੍ਹਾਂ ਨੇ ਆਰਾਮ ਨਾਲ ਬੱਚੇ ਦੇ ਪੈਰ ਦਾ ਅਪਰੇਸ਼ਨ ਕਰਕੇ ਪਲੱਸਟਰ ਲਗਾ ਦਿੱਤਾ। ਬੱਚੇ ਨੂੰ ਇਸਦਾ ਅਹਿਸਾਸ ਵੀ ਨਹੀਂ ਹੋਇਆ।
Home / Uncategorized / ਮਿਸਾਲ : ਜਗਰਾਉਂ ਦੇ ਡਾਕਟਰ ਦਿਵਾਂਸ਼ੂ ਗੁਪਤਾ ਨੇ ਚਾਰ ਸਾਲਾ ਬੱਚੇ ਦੇ ਅਪਰੇਸ਼ਨ ਦੌਰਾਨ ਬਣਾਇਆ ਖੁਸ਼ਨੁਮਾ ਮਾਹੌਲ
Check Also
ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …