-1.5 C
Toronto
Friday, December 19, 2025
spot_img
Homeਹਫ਼ਤਾਵਾਰੀ ਫੇਰੀਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੇ ਦੋਵੇਂ ਗੁਰਦੇ ਹੋਏ ਖਰਾਬ

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੇ ਦੋਵੇਂ ਗੁਰਦੇ ਹੋਏ ਖਰਾਬ

ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਜਲਦ ਹੀ ਹੋਵਾਂਗਾ ਤੰਦਰੁਸਤ : ਰਵੀ ਸਿੰਘ
ਨਵੀਂ ਦਿੱਲੀ : ਖਾਲਸਾ ਏਡ ਰਾਹੀਂ ਅੰਤਰਰਾਸ਼ਟਰੀ ਪੱਧਰ ‘ਤੇ ਸਮਾਜ ਸੇਵੀ ਕੰਮਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਰਵੀ ਸਿੰਘ ਦੀ ਸਿਹਤ ਇਨ੍ਹੀਂ ਦਿਨੀਂ ਠੀਕ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਆਪਣੀ ਸਿਹਤ ਵਿਗੜਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਰਵੀ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਮੇਰੇ ਦੋਵੇਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ ਅਤੇ ਮੇਰਾ ਪਹਿਲਾ ਆਪ੍ਰੇਸ਼ਨ ਹੈ ਤੇ ਮੈਨੂੰ ਉਮੀਦ ਹੈ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਮੈਂ ਜਲਦੀ ਠੀਕ ਹੋ ਜਾਵਾਂਗਾ। ਰਵੀ ਸਿੰਘ ਨੇ ਇਹ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੈਂ ਆਪ੍ਰੇਸ਼ਨ ਤੋਂ ਬਾਅਦ ਅਗਲੇ 48 ਘੰਟਿਆਂ ਵਿਚ ਤੁਹਾਡੇ ਨਾਲ ਆਪਣੀ ਸਿਹਤ ਬਾਰੇ ਹੋਰ ਜਾਣਕਾਰੀ ਸਾਂਝੀ ਕਰਾਂਗਾ। ਜਾਣਕਾਰੀ ਅਨੁਸਾਰ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਵਲੋਂ ਕਈ ਸਮਾਜਿਕ ਕੰਮਾਂ ‘ਚ ਆਪਣਾ ਯੋਗਦਾਨ ਪਾਇਆ ਗਿਆ ਹੈ ਅਤੇ ਉਹਨਾਂ ਦੇ ਕੰਮਾਂ ਦੀ ਹਰ ਕੋਈ ਸ਼ਲਾਘਾ ਵੀ ਕਰਦਾ ਹੈ। ਬੇਸ਼ੱਕ ਉਹ ਭਾਰਤ ‘ਚ ਕਿਸਾਨ ਅੰਦੋਲਨ ਹੋਵੇ ਜਾਂ ਫਿਰ ਕਿਸੇ ਵੀ ਦੇਸ਼ ‘ਤੇ ਮੁਸੀਬਤ ਆਈ ਹੋਵੇ, ਖਾਲਸਾ ਏਡ ਦੇ ਵਰਕਰ ਹਮੇਸ਼ਾ ਲੋਕਾਂ ਦੀ ਭਲਾਈ ਕਰਨ ਲਈ ਉਥੇ ਪਹੁੰਚ ਜਾਂਦੇ ਹਨ। ਆਪਣੇ ਟਵੀਟ ‘ਚ ਰਵੀ ਸਿੰਘ ਕਹਿੰਦੇ ਨੇ ਕਿ ਮੈਂ ਤੁਹਾਨੂੰ ਜ਼ਰੂਰੀ ਜਾਣਕਾਰੀ ਦੇਣਾ ਚਾਹੁੰਦਾ ਹਾਂ। ਪਿਛਲੇ 22 ਸਾਲਾਂ ਤੋਂ ਗੁਰੂ ਸਾਹਿਬ ਕਿਰਪਾ ਕਰਕੇ ਸੇਵਾ ਲੈ ਰਹੇ ਹਨ, ਪਰ ਸੇਵਾ ਦੇ ਪਹਿਲੇ ਦਸ ਸਾਲ ‘ਚ ਹੋਈ ਦੌੜ ਭੱਜ ਅਤੇ ਦੁਨੀਆਂ ਦੇ ਵੱਖ-ਵੱਖ ਸਥਾਨਾਂ ਦੇ ਹਾਲਾਤ ਅਨੁਸਾਰ ਮੈਂ ਆਪਣੇ ਖਾਣ-ਪੀਣ ਅਤੇ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਨਹੀ ਰੱਖ ਸਕਿਆ। ਜਿਸ ਦਾ ਨਤੀਜਾ ਅੱਜ ਵਿਗੜੀ ਹੋਈ ਸਿਹਤ ਦੇ ਰੂਪ ‘ਚ ਸਾਹਮਣੇ ਆ ਰਿਹਾ ਹੈ। ਉਨ੍ਹਾਂ ਨਾਲ ਹੀ ਲਿਖਿਆ ਕਿ ਕਿਰਪਾ ਕਰਕੇ ਕੋਈ ਫਿਕਰ ਨਾ ਕਰਿਓ ਅਤੇ ਮੈਨੂੰ ਉਮੀਦ ਹੈ ਕਿ ਮੈਂ ਜਲਦੀ ਠੀਕ ਹੋ ਜਾਵਾਂਗਾ। ਉਹਨਾਂ ਨਾਲ ਹੀ ਕਿਹਾ ਕਿ ਅਪ੍ਰੇਸ਼ਨ ਹੋਣ ਤੋਂ ਬਾਅਦ ਜਲਦੀ ਹੀ ਮੈਂ ਤੁਹਾਨੂੰ ਆਪਣੀ ਸਿਹਤ ਬਾਰੇ ਹੋਰ ਜਾਣਕਾਰੀ ਦੇਵਾਂਗਾ। ਇਸ ਟਵੀਟ ਤੋਂ ਬਾਅਦ ਕਈ ਲੋਕਾਂ ਵਲੋਂ ਰੀਟਵੀਟ ਕਰਕੇ ਉਹਨਾਂ ਦੀ ਸਿਹਤ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਠੀਕ ਹੋਣ ਲਈ ਸ਼ੁਭਕਾਮਨਾਵਾ ਦਿਤੀਆਂ ਹਨ।

RELATED ARTICLES
POPULAR POSTS