ਮਹਿਲਾ ਮੁਲਾਜ਼ਮ ਨੇ ਰਵੀ ਸਿੰਘ ਦੀ ਦਸਤਾਰ ‘ਚ ਬੰਬ ਮਿਲਣ ਦੀ ਗੱਲ ਆਖੀ
ਲੰਡਨ/ਬਿਊਰੋ ਨਿਊਜ਼ : ਖ਼ਾਲਸਾ ਏਡ ਦੇ ਬਾਨੀ ਰਵੀ ਸਿੰਘ ਨੂੰ ਆਸਟਰੀਆ ਹਵਾਈ ਅੱਡੇ ‘ਤੇ ਸੁਰੱਖਿਆ ਸਟਾਫ਼ ਦੀ ਮਹਿਲਾ ਮੈਂਬਰ ਵੱਲੋਂ ਕੀਤੇ ਮਖ਼ੌਲ ਕਰਕੇ ਕਥਿਤ ਨਸਲੀ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ। ਇਕ ਮੀਡੀਆ ਰਿਪੋਰਟ ਮੁਤਾਬਕ ਇਸ ਮਹਿਲਾ ਮੁਲਾਜ਼ਮ ਨੇ ਮਜ਼ਾਕ ਵਿੱਚ ਰਵੀ ਸਿੰਘ ਦੀ ਦਸਤਾਰ ਵਿੱਚੋਂ ਬੰਬ ਮਿਲਣ ਦੀ ਗੱਲ ਆਖੀ ਸੀ। ਜਾਣਕਾਰੀ ਮੁਤਾਬਕ ਰਵੀ ਸਿੰਘ ਨੂੰ ਲੰਘੇ ਸ਼ੁੱਕਰਵਾਰ ਨੂੰ ਵਿਆਨਾ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਉਸ ਵੇਲੇ ਰੋਕਿਆ ਗਿਆ, ਜਦੋਂ ਉਹ ਇਰਾਕ ਵਿੱਚ ਬੰਦੀ ਬਣਾਈ ਯਜ਼ਦੀ ਮਹਿਲਾ ਦੀ ਮਦਦ ਕਰਨ ਮਗਰੋਂ ਯੂ.ਕੇ. ਮੁੜ ਰਿਹਾ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਖ਼ਾਲਸਾ ਏਡ ਦਾ ਬਾਨੀ ਰਵੀ ਸਿੰਘ ਵਿਆਨਾ ਹਵਾਈ ਅੱਡੇ ‘ਤੇ ਉਡਾਣ ਬਦਲਣ ਹੀ ਵਾਲਾ ਸੀ ਕਿ ਜਦੋਂ ਉਸ ਨੇ ਸੁਰੱਖਿਆ ਅਮਲੇ ਨੂੰ ਆਪਣੀ ਦਸਤਾਰ ਦਾ ਨਿਰੀਖਣ ਕਰਨ ਦੀ ਇਜਾਜ਼ਤ ਦੇ ਦਿੱਤੀ। ਉਹ ਮੈਟਲ ਡਿਟੈਕਟਰ ਵਿੱਚ ਦੀ ਵੀ ਲੰਘਿਆ, ਪਰ ਇਸ ਦੌਰਾਨ ਸੁਰੱਖਿਆ ਸਟਾਫ਼ ਦੇ ਮੈਂਬਰ ਨੇ ਉਸਦੀ ਦਸਤਾਰ ਦਾ ਇਕ ਵਾਰ ਮੁੜ ਨਿਰੀਖਣ ਕਰਨ ਲਈ ਜ਼ੋਰ ਪਾਇਆ। ਜਦੋਂ ਰਵੀ ਸਿੰਘ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੋਈ ਦਿੱਕਤ ਹੈ, ਤਾਂ ਇਕ ਮਹਿਲਾ ਸੁਰੱਖਿਆ ਕਰਮੀ ਨੇ ਕਿਹਾ, ‘ਹਾਂ, ਸਾਨੂੰ ਵਿਸਫੋਟਕ ਮਿਲੇ ਹਨ।’ ਰਵੀ ਸਿੰਘ ਨੂੰ ਮਹਿਲਾ ਕਰਮੀ ਵੱਲੋਂ ਕੀਤੇ ਇਸ ਵਿਅੰਗ ਨਾਲ ਠੇਸ ਪਹੁੰਚੀ। ਸਿੰਘ ਨੇ ਕਿਹਾ, ‘ਜੇਕਰ ਮੈਂ ਇਹੀ ਟਿੱਪਣੀ ਕੀਤੀ ਹੁੰਦੀ ਤਾਂ ਮੈਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਜਾਣਾ ਸੀ।’
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …