Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ‘ਚ ਚੋਣਾਂ ਤੋਂ ਪਹਿਲਾਂ 6000 ਕਰੋੜ ਰੁਪਏ ਦੇ ਡਰੱਗ ਰੈਕਟ ਦੇ ਮਾਮਲੇ ‘ਚ ਵੱਡੀ ਕਾਰਵਾਈ

ਪੰਜਾਬ ‘ਚ ਚੋਣਾਂ ਤੋਂ ਪਹਿਲਾਂ 6000 ਕਰੋੜ ਰੁਪਏ ਦੇ ਡਰੱਗ ਰੈਕਟ ਦੇ ਮਾਮਲੇ ‘ਚ ਵੱਡੀ ਕਾਰਵਾਈ

ਮਜੀਠੀਆ ਖਿਲਾਫ ਕੇਸ ਦਰਜ
ਐੱਫ ਆਈ ਆਰ ‘ਚ ਐੱਸ ਟੀ ਐੱਫ ਵੱਲੋਂ ਹਾਈਕੋਰਟ ਵਿੱਚ ਦਾਖਲ ਸਟੇਟਸ ਰਿਪੋਰਟ ਦਾ ਹਵਾਲਾ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 6000 ਕਰੋੜ ਰੁਪਏ ਦੇ ਡਰੱਗ ਰੈਕਟ ਦੇ ਮਾਮਲੇ ‘ਚ ਸੂਬਾ ਸਰਕਾਰ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਾ ਤਸਕਰੀ ਦੇ ਮਾਮਲੇ ਵਿਚ ਮੁਹਾਲੀ ਦੇ ਫੇਜ਼-4 ਸਥਿਤ ਪੰਜਾਬ ਪੁਲਿਸ ਦੇ ਸਟੇਟ ਕਰਾਈਮ ਬਿਊਰੋ ਦੇ ਥਾਣੇ ਵਿੱਚ ਨਵਾਂ ਕੇਸ ਦਰਜ ਕੀਤਾ ਗਿਆ ਹੈ। ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਮਜੀਠੀਆ ‘ਤੇ ਕਥਿਤ ਆਰੋਪ ਲੱਗਦੇ ਆ ਰਹੇ ਹਨ ਅਤੇ ਉਹ ਸ਼ੁਰੂ ਤੋਂ ਹੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹਨ। ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਲਈ ਸਰਕਾਰ ‘ਤੇ ਲਗਾਤਾਰ ਦਬਾਅ ਵੱਧ ਰਿਹਾ ਸੀ।
ਐੱਫਆਈਆਰ ਵਿੱਚ ਐੱਸਟੀਐੱਫ ਵੱਲੋਂ ਨਸ਼ਾ ਤਸਕਰੀ ਮਾਮਲੇ ਵਿੱਚ ਫਰਵਰੀ 2018 ਨੂੰ ਹਾਈਕੋਰਟ ਵਿੱਚ ਦਾਖ਼ਲ ਕੀਤੀ ਸਟੇਟਸ ਰਿਪੋਰਟ ਦਾ ਵੀ ਹਵਾਲਾ ਦਿੱਤਾ ਗਿਆ ਹੈ। ਡੀਜੀਪੀ ਦੇ ਹੁਕਮਾਂ ਅਨੁਸਾਰ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਤੋਂ ਪਹਿਲਾਂ ਪੂਰੀ ਫਾਈਲ ਕਾਨੂੰਨੀ ਸਲਾਹ-ਮਸ਼ਵਰੇ ਲਈ ਲੰਘੀ ਇਕ ਦਸੰਬਰ ਨੂੰ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਟਵਾਲੀਆ ਕੋਲ ਭੇਜੀ ਗਈ ਸੀ ਅਤੇ ਕਾਨੂੰਨੀ ਰਾਇ ਮਗਰੋਂ ਹੀ ਅਕਾਲੀ ਆਗੂ ਖਿਲਾਫ 48 ਪੰਨਿਆਂ ਦੀ ਲੰਮੀ ਚੌੜੀ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਵਿੱਚ ਬਹੁ-ਚਰਚਿਤ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਸਟੇਟਸ ਰਿਪੋਰਟ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਨਸ਼ਾ ਤਸਕਰੀ ਮਾਮਲੇ ਵਿੱਚ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐੱਸਪੀ ਅਤੇ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਨੇ ਵੀ ਕੇਸ ਦੀ ਸੁਣਵਾਈ ਦੌਰਾਨ ਕਈ ਸਿਆਸੀ ਆਗੂਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਸੀ ਅਤੇ ਨਸ਼ਿਆਂ ਖ਼ਿਲਾਫ਼ ਬਣੀ ਸਿੱਟ ਦੇ ਇੱਕ ਸੀਨੀਅਰ ਮੈਂਬਰ ਨੇ ਵੀ ਆਪਣੀ ਰਿਪੋਰਟ ਵਿੱਚ ਸਿਆਸੀ ਆਗੂ ਦਾ ਵੇਰਵਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ ਕਾਫ਼ੀ ਸਮੇਂ ਤੋਂ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦੇ ਆ ਰਹੇ ਹਨ। ਹਾਲ ਹੀ ਵਿੱਚ ਪੰਜਾਬ ਦੇ ਕਾਰਜਕਾਰੀ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਲਾਂਭੇ ਕਰਕੇ ਸੀਨੀਅਰ ਆਈਪੀਐੱਸ ਅਧਿਕਾਰੀ ਸਿਧਾਰਥ ਚਟੋਪਾਧਿਆ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਦੀ ਨਸ਼ਿਆਂ ਦੇ ਮਾਮਲੇ ਵਿੱਚ ਸਿਆਸੀ ਆਗੂਆਂ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਉਧਰ, ਇਸ ਮਾਮਲੇ ਵਿੱਚ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਪਹਿਲਾਂ ਹੀ ਕਿਸੇ ਇਮਾਨਦਾਰ ਅਫ਼ਸਰ ਨੂੰ ਲਗਾਇਆ ਹੁੰਦਾ ਤਾਂ ਇਹ ਕਾਰਵਾਈ ਕਦੋਂ ਦੀ ਹੋ ਜਾਣੀ ਸੀ।
ਸਜ਼ਾ ਮਿਲਣ ਤੱਕ ਲੜਾਈ ਜਾਰੀ ਰਹੇਗੀ: ਸਿੱਧੂ : ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਿਕਰਮ ਮਜੀਠੀਆ ਖਿਲਾਫ ਕੇਸ ਦਰਜ ਕਰਨ ਦੇ ਮਾਮਲੇ ‘ਚ ਟਵੀਟ ਕਰਕੇ ਕਿਹਾ ਕਿ ਇਹ ਪਹਿਲਾ ਕਦਮ ਹੈ ਅਤੇ ਸਜ਼ਾ ਮਿਲਣ ਤੱਕ ਲੜਾਈ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਮਾਨਦਾਰ ਆਗੂ ਚੁਣਨਾ ਚਾਹੀਦਾ ਹੈ ਅਤੇ ਨਸ਼ਾ ਤਸਕਰਾਂ ਤੇ ਉਨ੍ਹਾਂ ਦੀ ਰੱਖਿਆ ਕਰਨ ਵਾਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਉਹ ਚਾਰ ਸਾਲ ਤੋਂ ਕਾਰਵਾਈ ਦੀ ਮੰਗ ਕਰ ਰਹੇ ਸਨ ਅਤੇ ਐੱਸਟੀਐੱਫ ਦੀ ਰਿਪੋਰਟ ਦੇ ਆਧਾਰ ‘ਤੇ ਹੁਣ ਨਸ਼ਾ ਤਸਕਰੀ ਦੇ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਗੇ ਅਫ਼ਸਰਾਂ ਨੂੰ ਤਾਕਤ ਮਿਲਣ ਦਾ ਇਹ ਪ੍ਰਤਾਪ ਹੈ।
ਮਜੀਠੀਆ ਦੀ ਹਰ ਹਾਲ ‘ਚ ਹੋਵੇਗੀ ਗ੍ਰਿਫਤਾਰੀ : ਸੁਖਜਿੰਦਰ ਰੰਧਾਵਾ
ਚੰਡੀਗੜ੍ਹ : ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਨਸ਼ਾ ਵੇਚਣ ਵਾਲੇ ਗ੍ਰਿਫਤਾਰ ਹੋ ਸਕਦੇ ਹਨ ਤਾਂ ਮਜੀਠੀਆ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਧਿਆਨ ਰਹੇ ਕਿ ਮਾਮਲੇ ਦੀ ਜਾਂਚ ਅਤੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਲਈ ਪੰਜਾਬ ਸਰਕਾਰ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ। ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਿਚ ਡੀਐਸਪੀ ਰਾਜੇਸ਼ ਕੁਮਾਰ ਅਤੇ ਕੁਲਵੰਤ ਸਿੰਘ ਨੂੰ ਸਿਟ ਸਿਟ ਵਿਚ ਸ਼ਾਮਲ ਕੀਤਾ ਗਿਆ ਹੈ। ਐਸਆਈਟੀ ਹੁਣ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਕਰੇਗੀ। ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਸਿੰਘ ਮਜੀਠੀਆ ‘ਤੇ ਦਰਜ ਪੁਲਿਸ ਕੇਸ ਦੇ ਮਾਮਲੇ ‘ਚ ਕਿਹਾ ਕਿ ਕਾਨੂੰਨ ਅਨੁਸਾਰ ਕਾਰਵਾਈ ਹੋ ਰਹੀ ਹੈ ਅਤੇ ਇਸ ਪਿੱਛੇ ਬਦਲਾਖੋਰੀ ਦੀ ਕੋਈ ਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਪੁਲਿਸ ਅਫ਼ਸਰਾਂ ਨੂੰ ਦਬਕੇ ਮਾਰ ਰਹੇ ਹਨ ਜੋ ਸਹਿਣ ਨਹੀਂ ਕੀਤਾ ਜਾਵੇਗਾ। ਰੰਧਾਵਾ ਨੇ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਪ੍ਰਕਾਸ਼ ਸਿੰਘ ਬਾਦਲ ਕੋਲ ਰਹੀ, ਉਦੋਂ ਤੱਕ ਪਾਰਟੀ ‘ਤੇ ਨਸ਼ਾ ਤਸਕਰੀ ਜਾਂ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਕਦੇ ਵੀ ਇਲਜ਼ਾਮ ਨਹੀਂ ਲੱਗੇ ਸਨ ਪਰ ਕਮਾਨ ਸੁਖਬੀਰ ਬਾਦਲ ਦੇ ਹੱਥ ਆਉਣ ਮਗਰੋਂ ਹਾਲਾਤ ਬਦਲ ਗਏ ਹਨ।
ਕਾਂਗਰਸ ਬਦਲਾਖੋਰੀ ਦੇ ਰਾਹ ‘ਤੇ: ਬਾਦਲ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਜੀਠੀਆ ਖਿਲਾਫ ਕੇਸ ਦਰਜ ਕਰਨ ‘ਤੇ ਰੋਸ ਜਤਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਬਦਲਾਖ਼ੋਰੀ ਦੀ ਰਾਹ ‘ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਜਿਹੀ ਕਾਰਵਾਈ ਕੀਤੀ ਗਈ। ਸਾਨੂੰ ਤੇ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਖਾਤਰ ਪਿਛਲੇ ਦਿਨਾਂ ‘ਚ ਸਰਕਾਰ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਤਿੰਨ ਡੀਜੀਪੀ ਬਦਲੇ ਗਏ।
ਬਿਨਾ ਸਬੂਤ ਤੋਂ ਕੇਸ ਦਰਜ ਕਰਨਾ ਗਲਤ : ਕੈਪਟਨ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਪੰਜਾਬ ਸਰਕਾਰ ਵੱਲੋਂ ਦਰਜ ਕੀਤੇ ਗਏ ਕੇਸ ਨੂੰ ਲੈ ਮਜੀਠੀਆ ਦੀ ਹਮਾਇਤ ‘ਚ ਆ ਗਏ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਗਵਾਹੀ ਤੇ ਸਬੂਤ ਤੋਂ ਕੇਸ ਦਰਜ ਕਰਨਾ ਗ਼ਲਤ ਹੈ। ਕੈਪਟਨ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਮਜੀਠੀਆ ਨਾਲ ਨਿੱਜੀ ਕਿੜ ਕੱਢਣ ਲਈ ਕੇਸ ਦਰਜ ਕਰਵਾਇਆ ਹੈ।
ਮਜੀਠੀਆ ਖਿਲਾਫ ਕੇਸ ਚੰਨੀ ਦਾ ਚੋਣ ਸਟੰਟ : ਚੱਢਾ
ਆਮ ਆਦਮੀ ਪਾਰਟੀ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ਼ ਕੇਸ ਦਰਜ ਕਰਨ ਨੂੰ ਚੋਣ ਸਟੰਟ ਕਰਾਰ ਦਿੱਤਾ ਹੈ। ਰਾਘਵ ਚੱਢਾ ਨੇ ਆਰੋਪ ਲਾਇਆ ਕਿ ਮੁੱਖ ਮੰਤਰੀ ਚੰਨੀ ਤੇ ਸੁਖਬੀਰ ਬਾਦਲ ਵਿਚਕਾਰ ਡੀਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਚੰਨੀ ਸਰਕਾਰ ਚੋਣ ਫਾਇਦੇ ਲਈ ਬੇਹੱਦ ਕਮਜ਼ੋਰ ਆਧਾਰ ‘ਤੇ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਦਾ ਡਰਾਮਾ ਕਰੇਗੀ।
ਝੂਠਾ ਕੇਸ ਦਰਜ ਕੀਤਾ ਗਿਆ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਰੋਪ ਲਾਇਆ ਕਿ ਮਜੀਠੀਆ ਖਿਲਾਫ਼ ਬਦਲਾਖੋਰੀ ਦੀ ਭਾਵਨਾ ਨਾਲ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹਨ ਤੇ ਸੂਬੇ ‘ਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਆਉਣ ਮਗਰੋਂ ਝੂਠੇ ਕੇਸ ਦਰਜ ਕਰਨ ਵਾਲੇ ਪੁਲਿਸ ਅਧਿਕਾਰੀ ਤੇ ਝੂਠੇ ਕੇਸ ਬਣਵਾਉਣ ਵਾਲੇ ਆਗੂਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …