Breaking News
Home / ਮੁੱਖ ਲੇਖ / ਵੱਡੀਆਂ ਚੁਣੌਤੀਆਂ ਹਨ ਸ਼੍ਰੋਮਣੀ ਕਮੇਟੀ ਦੇ ਸਾਹਮਣੇ

ਵੱਡੀਆਂ ਚੁਣੌਤੀਆਂ ਹਨ ਸ਼੍ਰੋਮਣੀ ਕਮੇਟੀ ਦੇ ਸਾਹਮਣੇ

ਤਲਵਿੰਦਰ ਸਿੰਘ ਬੁੱਟਰ

ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਢੇਰ ਸਾਰੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਬੇਸ਼ੱਕ ਸੰਸਥਾ ਦੀ ਅਗਵਾਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਰਗੇ ਪੜ੍ਹੇ-ਲਿਖੇ, ਇਮਾਨਦਾਰ ਅਤੇ ਸਮਰਪਿਤ ਆਗੂ ਦੇ ਹੱਥ ਆਈ ਨੂੰ ਮਹੀਨਾ ਹੋ ਚੱਲਿਆ ਹੈ ਪਰ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦਾ ਵੱਕਾਰ ਬਹਾਲ ਕਰਨਾ, ਸ਼੍ਰੋਮਣੀ ਕਮੇਟੀ ਦੇ ਲੜਖੜਾ ਰਹੇ ਪ੍ਰਬੰਧਕੀ ਢਾਂਚੇ ਨੂੰ ਦਰੁਸਤ ਕਰਨਾ ਅਤੇ ਧਰਮ ਤੇ ਰਾਜਨੀਤੀ ਨੂੰ ਸਮਾਨਾਂਤਾਰ ਰੱਖਦੇ ਹੋਏ ਵੀ ਦੋਵਾਂ ਨੂੰ ਇਕ-ਦੂਜੇ ‘ਚ ਰਲਗੱਡ ਹੋਣ ਤੋਂ ਰੋਕਣ ਦੀਆਂ ਚੁਣੌਤੀਆਂ ਉਨ੍ਹਾਂ ਨੂੰ ਦਰਪੇਸ਼ ਰਹਿਣਗੀਆਂ।
ਵਿਸ਼ਵ-ਵਿਆਪੀ ਸਿੱਖ ਕੌਮ ਸਾਹਮਣੇ ਇਸ ਵੇਲੇ ਬਹੁਤ ਸਾਰੀਆਂ ਬਾਹਰੀ ਅਤੇ ਅੰਦਰੂਨੀ ਚੁਣੌਤੀਆਂ ਹਨ, ਜਿਨ੍ਹਾਂ ਵਿਚ ਵਿਦੇਸ਼ਾਂ ਅੰਦਰ ਸਿੱਖਾਂ ਦੀ ਵੱਖਰੀ ਹੋਂਦ ਅਤੇ ਪਛਾਣ ਨੂੰ ਸਥਾਪਤ ਕਰਨਾ ਅਤੇ ਸਿੱਖ ਪੰਥ ‘ਚ ਵੱਧ ਰਿਹਾ ਸੰਪਰਦਾਇਕ ਟਕਰਾਅ ਤੇ ਵਾਦ-ਵਿਵਾਦ ਚਿੰਤਾਜਨਕ ਮੁੱਦੇ ਹਨ। ਸਿੱਖ ਸਮਾਜ ਨੂੰ ਜਾਤ-ਪਾਤ, ਡੇਰਾਵਾਦ, ਧਰਮ ਪਰਿਵਰਤਨ, ਕਰਮ-ਕਾਂਡਾਂ, ਪਤਿਤਪੁਣਾ, ਨਸ਼ਾਖੋਰੀ ਆਦਿ ਅਲਾਮਤਾਂ ਤੋਂ ਬਚਾਅ ਕੇ ਗੁਰਮਤਿ ਨਾਲ ਜੋੜਨ ਲਈ ਸੁਚੱਜੀ ਵਿਉਂਤਬੰਦੀ ਕਰਨੀ ਵੀ ਸ਼੍ਰੋਮਣੀ ਕਮੇਟੀ ਲਈ ਪਰਖ ਹੋਵੇਗੀ।
ਪਿਛਲੇ ਲੰਬੇ ਸਮੇਂ ਤੋਂ ਸਿੱਖ ਸਮਾਜ ਦਾ ਵੱਡਾ ਹਿੱਸਾ ਗੁਰਮਤਿ ਫ਼ਲਸਫ਼ੇ ਦੀਆਂ ਉਨ੍ਹਾਂ ਉੱਚ ਕਦਰਾਂ-ਕੀਮਤਾਂ ਤੋਂ ਲਗਾਤਾਰ ਕਿਨਾਰਾ ਕਰੀ ਬੈਠਾ ਹੈ, ਜੋ ਕਿ ਮਨੁੱਖੀ ਜੀਵਨ ਦੀਆਂ ਚੁਣੌਤੀਆਂ, ਸਮੱਸਿਆਵਾਂ ਨੂੰ ਪਾਰ ਕਰਕੇ ਸਦੀਵੀ ਅਨੰਦਮਈ ਆਦਰਸ਼ਕ ਜੀਵਨ ਦਾ ਰਾਹ ਦਿਖਾਉਂਦੀਆਂ ਹਨ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਸ਼ਾਖਾ ਲਈ ਇਹ ਵੀ ਅੱਜ ਇਕ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ ਕਿ ਸਿੱਖ ਸਮਾਜ ਅੰਦਰ ਸਿਧਾਂਤ ਅਤੇ ਜੀਵਨ ਅਮਲ ਵਿਚ ਇਸ ਵੱਡੇ ਪਾੜੇ ਦੇ ਮੂਲ ਕਾਰਨਾਂ ਨੂੰ ਲੱਭ ਕੇ ਇਸ ਦੇ ਹੱਲ ਵੱਲ ਕਿਵੇਂ ਤੁਰਿਆ ਜਾਵੇ? ਸਮਾਜਿਕ ਜੀਵਨ ਅੰਦਰ ਦਿਖਾਵਾ, ਫ਼ਜ਼ੂਲ ਖ਼ਰਚੀ, ਦਾਜ-ਦਹੇਜ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਸਿੱਖ ਆਦਰਸ਼ ਅਤੇ ਜੀਵਨ ਅਮਲ ਦੇ ਪਾੜੇ ਨੂੰ ਦੂਰ ਕਰਨਾ ਵੀ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੇ ਸਿੱਦਕੀ ਯਤਨਾਂ ‘ਚ ਸ਼ਾਮਲ ਹੋਣਾ ਚਾਹੀਦਾ ਹੈ।
ਪੰਜਾਬ ਦੀ ਵਾਤਾਵਰਨ, ਸਿਹਤ ਅਤੇ ਸਿੱਖਿਆ ਵੀ ਸ਼੍ਰੋਮਣੀ ਕਮੇਟੀ ਦੇ ਤਰਜੀਹੀ ਸਰੋਕਾਰ ਹਨ, ਕਿਉਂਕਿ ਸਿੱਖ ਫ਼ਲਸਫ਼ੇ ਵਿਚ ‘ਖਾਲਕ ਅਤੇ ਖਲਕ’ (ਕੁਦਰਤ ਅਤੇ ਕਾਇਨਾਤ) ਨੂੰ ਇਕ ਦੂਜੇ ਦੇ ਪੂਰਕ ਮੰਨਿਆ ਗਿਆ ਹੈ। ਪੰਜਾਬ ਵਾਤਾਵਰਨ ਅਤੇ ਸਿਹਤ ਪੱਖੋਂ ਇਸ ਵੇਲੇ ਬੇਹੱਦ ਚਿੰਤਾਜਨਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਵਾਤਾਵਰਨ, ਜਲਵਾਯੂ ਅਤੇ ਅੰਨ੍ਹ-ਪਾਣੀ ‘ਚ ਜ਼ਹਿਰੀਲੇ ਤੱਤਾਂ ਦੀ ਬਹੁਤਾਤ ਹੋਣ ਕਾਰਨ ਪੰਜਾਬ ‘ਚ ਸਬਜ਼ੀਆਂ, ਫਲ, ਦੁੱਧ, ਪਾਣੀ ਅਤੇ ਹਵਾ ਵੀ ਜ਼ਹਿਰੀਲੀ ਹੋ ਗਈ ਹੈ। ਨਤੀਜਨ ਦਿਲ ਦੇ ਰੋਗ, ਕੈਂਸਰ, ਅਧਰੰਗ, ਅਪੰਗਤਾ, ਕੋਹੜ, ਦਮਾ, ਸ਼ੂਗਰ, ਬਲੱਡ-ਪ੍ਰੈਸ਼ਰ, ਫੇਫੜਿਆਂ ਦਾ ਖ਼ਰਾਬ ਹੋਣਾ, ਬਾਂਝਪਣ, ਨਾਮਰਦੀ ਅਤੇ ਅਨੇਕਾਂ ਪ੍ਰਕਾਰ ਦੇ ਹੋਰ ਗੰਭੀਰ ਲਾਇਲਾਜ ਰੋਗਾਂ ਨੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਘੇਰ ਲਿਆ ਹੈ। ਇਕੱਲੇ ਕੈਂਸਰ ਕਾਰਨ ਹੀ ਪੰਜਾਬ ‘ਚ ਰੋਜ਼ਾਨਾ 48 ਸਿਵੇ ਇਕੋ ਵੇਲੇ ਬਲ ਰਹੇ ਹਨ। ਪੰਜਾਬ ਕੈਂਸਰ ਦੀ ਵਿਸ਼ਵ ਰਾਜਧਾਨੀ ਬਣ ਰਿਹਾ ਹੈ। ਦੁਨੀਆ ਦੇ ਬਾਕੀ ਦੇਸ਼ਾਂ ਨਾਲੋਂ ਪੰਜਾਬ ‘ਚ ਕੈਂਸਰ ਦੇ ਮਰੀਜ਼ਾਂ ਦੀ ਦਰ 100 ਫ਼ੀਸਦੀ ਤੋਂ ਵੀ ਵੱਧ ਹੈ। ਇਸ ਵੇਲੇ ਪੰਜਾਬੀਆਂ ਦੀ ਹੋਂਦ ਖ਼ਤਰੇ ਵਿਚ ਹੈ, ਕਿਉਂਕਿ ਦੁਨੀਆ ‘ਚ ਆਪਣੀ ਸੂਰਬੀਰਤਾ, ਸਰੂ ਵਰਗੇ ਉੱਚੇ-ਲੰਮੇ, ਡੀਲ-ਡੌਲ ਜੁੱਸਿਆਂ, ਮਰਦਾਨਗੀ ਤੇ ਇਖ਼ਲਾਕ ਕਰਕੇ ਲੋਹਾ ਮੰਨਵਾਉਣ ਵਾਲੇ ਪੰਜਾਬੀ ਹੁਣ ਬੱਚੇ ਜੰਮਣ ਤੋਂ ਵੀ ਆਹਰੀ ਹੋ ਰਹੇ ਹਨ। ਸਿਹਤ ਮਾਹਰ ਚਿਤਾਵਨੀਆਂ ਦੇ ਰਹੇ ਹਨ ਕਿ ਪੰਜਾਬੀਆਂ ਦਾ ਸਪਰਮ ਕਾਉਂਟ 60 ਮਿਲੀਅਨ ਤੋਂ ਘਟ ਕੇ ਸਿਰਫ਼ 15 ਮਿਲੀਅਨ ਰਹਿ ਗਿਆ ਹੈ, ਜੋ ਕਿ ਆਉਣ ਵਾਲੇ ਸਮੇਂ ‘ਚ ਪੰਜਾਬੀਆਂ ਦੇ ਸੰਤਾਨ ਪੈਦਾ ਕਰਨ ਦੀ ਸਮਰੱਥਾ ਅੱਗੇ ਖ਼ਤਰੇ ਦੀ ਘੰਟੀ ਹੈ। ਪੰਜ ਦਰਿਆਵਾਂ ਦੇ ਅੰਮ੍ਰਿਤ ਵਰਗੇ ਪਾਣੀ ‘ਚ ਹੁਣ ਜ਼ਹਿਰ ਘੁਲ੍ਹ ਚੁੱਕਾ ਹੈ। 75 ਫ਼ੀਸਦੀ ਪਾਣੀ ਪੀਣਯੋਗ ਨਹੀਂ ਰਿਹਾ। ਪੰਜਾਬ ਰੇਗਿਸਤਾਨ ਬਣਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ, ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਇਹ ਸਭ ਕੁਝ ਪੰਜਾਬੀਆਂ ਦੀ ਜੀਵਨ ਤਰਜ਼ ਵਿਚ ਆਏ ਭਾਰੀ ਵਿਗਾੜਾਂ ਅਤੇ ਮੁਨਾਫ਼ੇ ਲਈ ਮਾਰੂ ਤਰਜੀਹਾਂ ਅਪਨਾਉਣ ਕਾਰਨ ਹੋਇਆ ਹੈ।
ਗੁਰੂ ਸਾਹਿਬਾਨ ਨੇ ਜਿਸ ਹਵਾ ਨੂੰ ‘ਗੁਰੂ’, ਪਾਣੀ ਨੂੰ ‘ਪਿਤਾ’ ਅਤੇ ਧਰਤੀ ਨੂੰ ‘ਮਾਤਾ’ ਦਾ ਰੁਤਬਾ ਦਿੰਦਿਆਂ ਵਾਤਾਵਰਨ ਪ੍ਰਤੀ ਮਨੁੱਖ ਨੂੰ ਏਨੀ ਉੱਚੀ ਚੇਤਨਾ ਦਿੱਤੀ ਹੋਵੇ, ਉਸ ਮਹਾਨ ਫ਼ਲਸਫ਼ੇ ਦੇ ਵਾਰਸਾਂ ਦੀ ਧਰਤੀ ‘ਤੇ ਵਾਤਾਵਰਨ ਇੰਨੀ ਵੱਡੀ ਪੱਧਰ ‘ਤੇ ਵਿਗੜ ਰਿਹਾ ਹੋਵੇ ਕਿ ਹਵਾ ਮਨੁੱਖ ਦੇ ਸਾਹ ਲੈਣ ਯੋਗ, ਪਾਣੀ ਪੀਣ ਯੋਗ ਅਤੇ ਧਰਤੀ ਰਹਿਣ ਯੋਗ ਨਾ ਰਹੇ, ਇਹ ਬੇਹੱਦ ਚਿੰਤਾਜਨਕ ਹੈ। ਸ਼੍ਰੋਮਣੀ ਕਮੇਟੀ ਨੂੰ ਵਾਤਾਵਰਨ ਪ੍ਰਤੀ ਜਾਗਰੂਕਤਾ ਦੀ ਸਰਗਰਮ ਤੇ ਸਿੱਟਾ ਮੁਖੀ ਮੁਹਿੰਮ ਚਲਾਉਣੀ ਪਵੇਗੀ।
ਸ਼੍ਰੋਮਣੀ ਕਮੇਟੀ ਦੇ ਪੰਜਾਬ ‘ਚ ਕਈ ਵੱਡੇ ਤੇ ਅਤਿ-ਆਧੁਨਿਕ ਹਸਪਤਾਲ ਹਨ, ਪਰ ਲੋੜ ਹੈ ਇਨ੍ਹਾਂ ਹਸਪਤਾਲਾਂ ਦੇ ਬੂਹੇ ਲੋੜਵੰਦ ਅਤੇਗ਼ਰੀਬ ਲੋਕਾਂ ਲਈ ਖੋਲ੍ਹਣ ਦੀ।
ਜੇਕਰ ਡੇਰੇਦਾਰ ਸੰਸਥਾਵਾਂ ਲੋਕਾਂ ਨੂੰ ਆਪਣੇ ਪੈਰੋਕਾਰ ਬਣਾਉਣ ਲਈ ਵੱਡੀ ਪੱਧਰ ‘ਤੇ ਗ਼ਰੀਬਾਂ ਨੂੰ ਆਧੁਨਿਕ ਹਸਪਤਾਲਾਂ ਵਿਚ ਸਸਤਾ ਤੇ ਮਿਆਰੀ ਇਲਾਜ ਦੇ ਸਕਦੀਆਂ ਹਨ ਤਾਂ ਲਗਪਗ ਨੌਂ-ਦਸ ਅਰਬ ਸਾਲਾਨਾ ਬਜਟ ਵਾਲੀ ਸ਼੍ਰੋਮਣੀ ਕਮੇਟੀ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਇਸ ਤੋਂ ਬਿਹਤਰੀਨ ਕਾਰਜ ਕਿਉਂ ਨਹੀਂ ਕਰ ਸਕਦੀ?
ਪੰਜਾਬ ‘ਚ ਮਿਆਰੀ ਸਿੱਖਿਆ ਦੀ ਅਣਹੋਂਦ ਕਾਰਨ ਵੱਡੀ ਗਿਣਤੀ ਵਿਚ ਬੱਚੇ ਅਤੇ ਨੌਜਵਾਨ ਪੜ੍ਹਨ ਦੇ ਬਹਾਨੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਪੰਜਾਬ ਦੇ ਪੇਂਡੂ ਖੇਤਰਾਂ ‘ਚ ਸਿੱਖਿਆ ਦਾ ਪੱਧਰ ਬਹੁਤ ਨੀਵਾਂ ਚਲਿਆ ਗਿਆ ਹੈ। ਇਕ ਸਰਵੇਖਣ ਅਨੁਸਾਰ ਪੰਜਾਬ ਦੇ 60 ਫ਼ੀਸਦੀ ਸਿੱਖ ਨੌਜਵਾਨ ਦਸਵੀਂ ਪੱਧਰ ਦੀ ਪੜ੍ਹਾਈ ਤੋਂ ਅੱਗੇ ਨਹੀਂ ਵੱਧ ਰਹੇ। ਉਚੇਰੀ ਸਿੱਖਿਆ ਵਿਚ ਸਿੱਖ ਨੌਜਵਾਨਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੈ। ਵਿਗਿਆਨ, ਗਣਿਤ ਅਤੇ ਅੰਗਰੇਜ਼ੀ ਵਰਗੇ ਵਿਸ਼ਿਆਂ ‘ਚ ਸਿੱਖ ਪਨੀਰੀ ਦਾ ਪੱਧਰ ਬਹੁਤ ਨੀਵਾਂ ਹੈ। ਦੁਨੀਆ ਦੀਆਂ ਦੂਜੀਆਂ ਕੌਮਾਂ ਤੇ ਧਰਮਾਂ ਦੇ ਮੁਕਾਬਲੇ ਕੌਮਾਂਤਰੀ ਪੱਧਰ ‘ਤੇ ਵੀ ਸਿੱਖਾਂ ਦੀ ਸਿੱਖਿਆ ਕਾਰਗੁਜ਼ਾਰੀ ਬਹੁਤੀ ਤਸੱਲੀਬਖ਼ਸ਼ ਨਹੀਂ ਹੈ। ਪੰਜਾਬ ‘ਚ ਪੜ੍ਹੇ-ਲਿਖੇ ਨੌਜਵਾਨਾਂ ਦਾ ਕੌਮਾਂਤਰੀ ਸਿੱਖਿਆ ਸੰਸਥਾਵਾਂ ‘ਚ ਦਾਖ਼ਲਾ ਨਾਂ-ਮਾਤਰ ਹੈ। ਇਸ ਲਈ ਪੰਜਾਬ ‘ਚ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਅਤੇ ਪੇਂਡੂ ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਵੀ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਸੁਚੱਜੀ ਵਿਉਂਤਬੰਦੀ ਕਰਨੀ ਵੀ ਸ਼੍ਰੋਮਣੀ ਕਮੇਟੀ ਲਈ ਚੁਣੌਤੀ ਤੋਂ ਘੱਟ ਨਹੀਂ ਹੈ।
ਸ਼੍ਰੋਮਣੀ ਕਮੇਟੀ ਅੱਗੇ ਇਸ ਸੰਸਥਾ ਦੀ ਪ੍ਰਭੂਸੱਤਾ, ਵੱਕਾਰ ਅਤੇ ਭਰੋਸੇਯੋਗਤਾ ਨੂੰ ਕਾਇਮ ਕਰਨਾ ਵੀ ਇਕ ਵੱਡੀ ਚੁਣੌਤੀ ਹੈ।
ਪਿਛਲੇ ਸਮੇਂ ਤੋਂ ਸ਼੍ਰੋਮਣੀ ਕਮੇਟੀ ‘ਤੇ ਸ਼੍ਰੋਮਣੀ ਅਕਾਲੀ ਦਲ ਜਾਂ ਇਕ ਪਰਿਵਾਰ ਦੇ ਏਕਾਧਿਕਾਰ ਦੇ ਬਣੇ ਪ੍ਰਭਾਵ ਨੇ ਇਸ ਸਮਰੱਥ ਸੰਸਥਾ ਦੀ ਭਰੋਸੇਯੋਗਤਾ ਅਤੇ ਸ਼ਾਖ਼ ਨੂੰ ਵੱਡੀ ਢਾਹ ਵੀ ਲਾਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਹਿਤਾਂ ਨਾਲ ਇਕਸੁਰਤਾ ਰੱਖਦਿਆਂ ਵੀ ਸ਼੍ਰੋਮਣੀ ਕਮੇਟੀ ‘ਤੇ ਸਿਰਫ਼ ਇਕ ਸਿਆਸੀ ਪਰਿਵਾਰ ਦਾ ਏਕਾਧਿਕਾਰ ਹੋਣ ਦੇ ਪ੍ਰਭਾਵ ਨੂੰ ਤੋੜਨਾ ਪਵੇਗਾ।
ਸਿੱਖ ਪੰਥ ਵਿਚ ਸ਼੍ਰੋਮਣੀ ਕਮੇਟੀ ਦੇ ਗੁਆਚੇ ਵਿਸ਼ਵਾਸ ਨੂੰ ਬਹਾਲ ਕਰਨਾ ਅਤੇ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੀ ਯੋਗਤਾ ਦਿਖਾਉਣ ਦੀ ਇਕ ਅਹਿਮ ਚੁਣੌਤੀ ਹੋਵੇਗੀ, ਕਿਉਂਕਿ ਪਿਛਲੇ ਸਮਿਆਂ ਦੌਰਾਨ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦੇਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 326 ਲਾਪਤਾ ਸਰੂਪਾਂ ਦੇ ਮਾਮਲੇ ‘ਤੇ ਪੰਥ ਅੰਦਰ ਸ਼੍ਰੋਮਣੀ ਕਮੇਟੀ ਪ੍ਰਤੀ ਵਿਸ਼ਵਾਸਯੋਗਤਾ ਨੂੰ ਵੱਡੀ ਢਾਹ ਲੱਗੀ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵਿਚ ਵਿਰੋਧੀ ਧਿਰ ਦੇ ਵਿਰੋਧ ਨੂੰ ਸਾਕਾਰਾਤਮਕ ਤਰੀਕੇ ਨਾਲ ਖ਼ਤਮ ਕਰਨ ਲਈ ਸਿਹਤਮੰਦ ‘ਵਿਚਾਰ ਪ੍ਰਬੰਧ’ ਉਲੀਕਣਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਪਾਰਦਰਸ਼ਤਾ, ਨਿਰਪੱਖਤਾ ਅਤੇ ਧਰਮ ਪ੍ਰਚਾਰ ਨੂੰ ਸਿੱਟਾਮੁਖੀ ਲੀਹਾਂ ‘ਤੇ ਤੋਰਨ ਦੀ ਯੋਗਤਾ ਵੀ ਦਿਖਾਉਣੀ ਪਵੇਗੀ।
29 ਮਾਰਚ 2000 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਇਕ ਆਦੇਸ਼ ਵਿਚ ਸ਼੍ਰੋਮਣੀ ਕਮੇਟੀ ਨੂੰ ਕਿਹਾ ਗਿਆ ਸੀ ਕਿ ‘ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ ਦੇ ਸੇਵਾ ਨਿਯਮ, ਨਿਯੁਕਤੀ ਲਈ ਯੋਗਤਾਵਾਂ, ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ, ਜ਼ਿੰਮੇਵਾਰੀਆਂ ਅਤੇ ਸੇਵਾਮੁਕਤੀ ਦੇ ਨਿਯਮ ਨਿਰਧਾਰਿਤ ਕੀਤੇ ਜਾਣ’ ਪਰ ਦੋ ਦਹਾਕਿਆਂ ਬਾਅਦ ਵੀ ਅਜਿਹਾ ਨਹੀਂ ਹੋ ਸਕਿਆ। ਸਿੰਘ ਸਾਹਿਬਾਨ ਦੀ ਨਿਯੁਕਤੀ, ਕਾਰਜ ਖੇਤਰ ਅਤੇ ਸੇਵਾਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਦੀ ਚੁਣੌਤੀ ਸ਼੍ਰੋਮਣੀ ਕਮੇਟੀ ਅੱਗੇ ਦਰਕਾਰ ਰਹੇਗੀ, ਕਿਉਂਕਿ ਅਜੋਕੇ ਹਾਲਾਤ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਪਦਵੀ ਦਾ ਵੱਕਾਰ, ਸਨਮਾਨ ਅਤੇ ਪ੍ਰਸੰਗਿਕਤਾ ਬਹਾਲ ਕਰਨਾ ਵੱਡਾ ਪੰਥਕ ਮੁੱਦਾ ਬਣਿਆ ਹੋਇਆ ਹੈ।
ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਉਪਰੋਕਤ ਸਾਰੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਹੱਲ ਕਰਕੇ ਪੰਥ ਅੰਦਰ ਸ਼੍ਰੋਮਣੀ ਕਮੇਟੀ ਦਾ ਵੱਕਾਰ ਤੇ ਭਰੋਸੇਯੋਗਤਾ ਬਹਾਲ ਕਰਨੀ ਨਵੇਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਸਿਧਾਂਤਕ ਪ੍ਰਪੱਕਤਾ, ਰਾਜਨੀਤਕ ਸੋਝੀ, ਤਜਰਬੇ ਅਤੇ ਯੋਗਤਾ ਲਈ ਪ੍ਰੀਖਿਆ ਸਾਬਤ ਹੋਵੇਗੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਹੱਦ ਮੁਸ਼ਕਿਲ ਭਰੇ ਦੌਰ ‘ਚ, ਵੱਡੇ ਸਿਆਸੀ ਤੇ ਪੰਥਕ ਉਦੇਸ਼ਾਂ ਦੀ ਪੂਰਤੀ ਲਈ ਉਨ੍ਹਾਂ ਦੀ ਚੋਣ ਕੀਤੀ ਹੈ।

 

 

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …