Breaking News
Home / ਮੁੱਖ ਲੇਖ / ਔਰਤ ਦੀ ਅਜ਼ਾਦੀ ਬਨਾਮ ਅਣਦਿਸਦੀ ਗ਼ੁਲਾਮੀ

ਔਰਤ ਦੀ ਅਜ਼ਾਦੀ ਬਨਾਮ ਅਣਦਿਸਦੀ ਗ਼ੁਲਾਮੀ

ਸਤਿੰਦਰ ਕੌਰ
ਪੜ੍ਹੇ ਲਿਖੇ ਅਤੇ ਸ਼ਹਿਰੀ ਲੋਕਾਂ ਦੀਆਂ ਮਜਲਿਸਾਂ ਵਿਚ ਔਰਤ ਤੇ ਮਰਦ ਦੀ ਬਰਾਬਰੀ ਦੀਆਂ ਇਹ ਗੱਲਾਂ ਆਮ ਹੀ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ : ਔਰਤ ਆਜ਼ਾਦ ਹੋ ਚੁੱਕੀ ਹੈ, ਉਹ ਸਿੱਖਿਅਤ ਹੋਣ ਦੇ ਨਾਲ ਨਾਲ ਆਰਥਿਕ ਤੌਰ ਉੱਤੇ ਸਵੈ-ਨਿਰਭਰ ਹੈ, ਉਹ ਆਪਣੀ ਜ਼ਿੰਦਗੀ ਦੇ ਅਹਿਮ ਫੈਸਲੇ ਵੀ ਖ਼ੁਦ ਕਰਨ ਲੱਗ ਪਈ ਹੈ। ਇਕ ਸੀਮਿਤ ਪੱਧਰ ‘ਤੇ ਇਨ੍ਹਾਂ ਵਿਚ ਸੱਚਾਈ ਵੀ ਹੈ ਪਰ ਨਾਲ ਹੀ ਕੁੜੀਆਂ ਨਾਲ ਨਿੱਤ ਛੇੜ-ਛਾੜ, ਬਲਾਤਕਾਰ, ਭਰੂਣ ਹੱਤਿਆ, ਦਾਜ ਕਾਰਨ ਹੋ ਰਹੇ ਕੁੜੀਆਂ ਦੇ ਕਤਲ, ਘਰੇਲੂ ਹਿੰਸਾ ਆਦਿ ਵਰਗੀਆਂ ਵਾਰਦਾਤਾਂ ਵੀ ਰੋਜ਼ ਪੜ੍ਹਨ-ਸੁਣਨ ਲਈ ਮਿਲ ਜਾਂਦੀਆਂ ਹਨ। ਆਲੇ-ਦੁਆਲੇ ਦੇ ਇਨ੍ਹਾਂ ਹਾਲਾਤ ਬਾਰੇ ਜਾਣ ਕੇ ਇਸ ਗੱਲ ਉੱਤੇ ਸ਼ੱਕ ਹੁੰਦਾ ਹੈ ਕਿ ਕੀ ਔਰਤ ਸੱਚਮੁੱਚ ਆਜ਼ਾਦ ਹੋ ਚੁੱਕੀ ਹੈ? ਜਾਂ ਇਸ ਪਿੱਛੇ ਕੋਈ ਹੋਰ ਸੱਚ ਛੁਪਿਆ ਪਿਆ ਹੈ ਜੋ ਦਿਖਾਈ ਨਹੀਂ ਦੇ ਰਿਹਾ ਅਤੇ ਜਿਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
ਆਜ਼ਾਦੀ ਦੇ ਅਰਥ ਕਿਸੇ ਵੀ ਮਨੁੱਖ ਦੇ ਸਵੈਮਾਣ ਅਤੇ ਖ਼ੁਦਮੁਖ਼ਤਾਰੀ ਨਾਲ ਜੁੜੇ ਹੁੰਦੇ ਹਨ ਪਰ ਜੇ ਅਸੀਂ ਬਹੁਗਿਣਤੀ ਔਰਤਾਂ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਆਜ਼ਾਦੀ ਦੇ ਅਸਲ ਮਾਇਨੇ ਕਿਧਰੇ ਗੁਆਚੇ ਨਜ਼ਰ ਆਉਂਦੇ ਹਨ। ਇਹ ਇਸ ਕਹਾਵਤ ਵਾਂਗ ਲੱਗਦੇ ਹਨ । ਹਾਥੀ ਦੇ ਦੰਦ ਖਾਣ ਨੂੰ ਹੋਰ, ਦਿਖਾਉਣ ਨੂੰ ਹੋਰ। ਆਪਣੇ ਜੀਵਨ ਬਾਰੇ ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ ਜਾਂ ਸਵੈ-ਮਾਣ ਵਰਗੀ ਸ਼ੈਅ ਬਹੁਤੀਆਂ ਔਰਤਾਂ ਤੱਕ ਅਜੇ ਅੱਪੜੀ ਹੀ ਨਹੀਂ। ਕਈ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਔਰਤ ਦੀ ਹਾਲਤ ਵਿਚ ਕੋਈ ਖ਼ਾਸ ਸੁਧਾਰ ਨਹੀਂ ਆਇਆ ਲੱਗਦਾ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਔਰਤ ਨੇ ਆਪਣੀ ਮਿਹਨਤ ਸਦਕਾ ਉੱਚੇ ਮੁਕਾਮ ਪ੍ਰਾਪਤ ਕਰ ਲਏ ਹਨ ਪਰ ਉਸ ਨੂੰ ਮਰਦ ਪ੍ਰਧਾਨ ਸਮਾਜ ਅੱਜ ਵੀ ਗੁਲਾਮ ਸਮਝਦਾ ਹੈ। ਅੱਜ ਦੀ ਔਰਤ ਜਿਹੜੀ ਗੁਲਾਮੀ ਹੰਢਾ ਰਹੀ ਹੈ, ਇਹ ਅਣਦਿਸਦੀ ਗੁਲਾਮੀ ਹੈ। ਔਰਤਾਂ ਨੂੰ ਬਰਾਬਰ ਸਿੱਖਿਆ ਤੇ ਮਿਹਨਤਾਨੇ, ਵੋਟ ਦਾ ਅਧਿਕਾਰ ਪ੍ਰਾਪਤ ਹਨ ਪਰ ਹਕੀਕਤ ਵਿਚ ਅੱਜ ਵੀ ਔਰਤਾਂ ਇਨ੍ਹਾਂ ਹੱਕਾਂ ਲਈ ਮਰਦਾਂ ਉੱਤੇ ਨਿਰਭਰ ਹਨ। ਔਰਤ ਸਿੱਖਿਅਤ ਤਾਂ ਹੈ ਪਰ ਉਸ ਦੀ ਜ਼ਿੰਦਗੀ ਦੀ ਲਗਾਮ ਮਰਦ ਦੇ ਹੱਥ ਵਿਚ ਹੈ। ਵਿੱਦਿਅਕ ਢਾਂਚਾ ਵੀ ਉਸ ਦੀ ਜ਼ਿੰਦਗੀ ਵਿਚ ਕੋਈ ਹਕੀਕੀ ਸਾਕਾਰਤਮਕ ਤਬਦੀਲੀ ਲਿਆਉਣ ਦੀ ਬਜਾਏ ਮਰਦ ਪ੍ਰਧਾਨ ਸਮਾਜ ਦੇ ਹੱਕ ਵਿਚ ਹੀ ਭੁਗਤ ਜਾਂਦਾ ਹੈ। ਮਜ਼ਦੂਰ ਔਰਤਾਂ, ਮਰਦਾਂ ਬਰਾਬਰ ਮਿਹਨਤ ਕਰਦੀਆਂ ਹਨ ਪਰ ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਉਜਰਤ ਮਿਲਦੀ ਹੈ। ਔਰਤ ਨੌਕਰੀਸ਼ੁਦਾ ਤਾਂ ਹੈ ਪਰ ਉਸ ਦੀ ਤਨਖ਼ਾਹ ਤੇ ਏਟੀਐੱਮ ਉੱਤੇ ਹੱਕ ਉਸ ਦੇ ਪਤੀ ਦਾ ਹੈ। ਉਸ ਨੂੰ ਵੋਟ ਪਾਉਣ ਦਾ ਕਾਨੂੰਨੀ ਅਧਿਕਾਰ ਤਾਂ ਮਿਲਿਆ ਹੈ ਪਰ ਉਸ ਨੇ ਵੋਟ ਕਿਸ ਨੂੰ ਪਾਉਣੀ ਹੈ, ਇਹ ਉਸ ਦਾ ਪਤੀ ਜਾਂ ਪਰਿਵਾਰ ਦਾ ਮੁਖੀ ਮਰਦ ਤੈਅ ਕਰਦਾ ਹੈ। ਔਰਤ ਸਰਪੰਚ ਤਾਂ ਬਣਦੀ ਹੈ ਪਰ ਸਰਪੰਚੀ ਉਸ ਦਾ ਪਤੀ ਕਰਦਾ ਹੈ। ਇਉਂ ਹੱਕ ਪ੍ਰਾਪਤ ਹੋਣ ਦੇ ਬਾਵਜੂਦ ਦਬਦਬਾ ਮਰਦ ਪ੍ਰਧਾਨ ਸਮਾਜ ਦਾ ਹੀ ਹੈ। ਜਿਹੜੀ ਗੱਲ ਹੈਰਾਨ ਕਰਨ ਵਾਲੀ ਹੈ, ਉਹ ਇਹ ਕਿ ਔਰਤ ਇਸ ਅਰਧ ਗੁਲਾਮੀ ਤੋਂ ਸੁਚੇਤ ਨਹੀਂ। ਉਸ ਨੂੰ ਇਹ ਗੁਲਾਮੀ ਮਹਿਸੂਸ ਹੀ ਨਹੀਂ ਹੁੰਦੀ। ਅੱਜ ਵੀ ਔਰਤਾਂ ਘਰ ਦੇ ਕੰਮਾਂ, ਬੱਚੇ ਪਾਲਣ, ਪਰਿਵਾਰਕ ਜ਼ਿੰਮੇਵਾਰੀਆਂ ਚੁੱਕਣ ਨੂੰ ਹੀ ਆਪਣਾ ਅਸਲ ਧਰਮ ਮੰਨਦੀਆਂ ਹਨ। ਉਹ ਆਪਣੇ ਅਸਲ ਹੱਕਾਂ ਤੋਂ ਜਾਣੂੰ ਨਹੀਂ ਜਾਂ ਇਉਂ ਕਹਿਣਾ ਜ਼ਿਆਦਾ ਸਹੀ ਹੈ ਕਿ ਰੂੜ ਸਭਿਆਚਾਰਕ ਮਾਨਤਾਵਾਂ ਦੇ ਬਹਾਨੇ ਉਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦੇ ਮੌਕੇ ਨਹੀਂ ਦਿੱਤੇ ਜਾਂਦੇ। ਹੁਣ ਪ੍ਰਸ਼ਨ ਹੈ ਕਿ ਔਰਤ ਦੀ ਅਜਿਹੀ ਹਾਲਤ ਦਾ ਅਸਲ ਜ਼ਿੰਮੇਵਾਰ ਕੌਣ ਹੈ? ਕੀ ਸਮਾਜ ਜ਼ਿੰਮੇਵਾਰ ਹੈ ਜਾਂ ਇਸ ਦੀ ਜ਼ਿੰਮੇਵਾਰੀ ਖ਼ੁਦ ਔਰਤ ਉੱਤੇ ਵੀ ਹੈ?
ਔਰਤ ਦੀ ਇਸ ਗੁਲਾਮੀ ਦਾ ਕਾਰਨ ਮਰਦ ਪ੍ਰਧਾਨ ਸਮਾਜ ਹੈ। ਔਰਤ ਹੋਣਾ ਕੋਈ ਜੁਰਮ ਨਹੀਂ। ਕੁਦਰਤ ਮੁੰਡੇ ਕੁੜੀ ਵਿਚ ਕੋਈ ਭੇਦਭਾਵ ਨਹੀਂ ਕਰਦੀ ਪਰ ਸਮਾਜ ਵਿਚ ਔਰਤਾਂ ਲਈ ਵਿਤਕਰੇ ਵਾਲਾ ਦ੍ਰਿਸ਼ਟੀਕੋਣ ਹੀ ਅਪਨਾਇਆ ਜਾਂਦਾ ਹੈ। ਔਰਤ ਦੇ ਗਰਭਵਤੀ ਹੋਣ ਤੇ ਪੁੱਤਰ ਦੀ ਆਸੀਸ ‘ਦੁੱਧੋ ਨਹਾਉ, ਪੁੱਤੋ ਫਲੋ’ ਦਿੱਤੀ ਜਾਂਦੀ ਹੈ। ਪੁੱਤਰ ਪ੍ਰਾਪਤੀ ਲਈ ਪਰਿਵਾਰ ਸੌ ਤਰ੍ਹਾਂ ਦੇ ਆਡੰਬਰ ਕਰਦਾ ਹੈ। ਕੁੜੀ ਦੇ ਜਨਮ ਉੱਤੇ ਘਰਾਂ ਵਿਚ ਸੋਗ ਛਾ ਜਾਂਦਾ ਹੈ।
ਕੁੜੀ ਤੇ ਮੁੰਡੇ ਵਿਚਲਾ ਫਰਕ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਕੁੜੀ ਨੂੰ ਜਨਮ ਤੋਂ ਹੀ ਔਰਤ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੁਮੇਨ ਦਾ ਬੂਵੇਅਰ ਦਾ ਕਥਨ ਬਿਲਕੁਲ ਸੱਚ ਹੈ ਕਿ ‘ਔਰਤ ਜੰਮਦੀ ਨਹੀਂ, ਉਸ ਨੂੰ ਔਰਤ ਬਣਾਇਆ ਜਾਂਦਾ ਹੈ।’ ਮਾਪਿਆਂ ਦੁਆਰਾ ਕੁੜੀ ਉੱਤੇ ਉੱਚੀ ਬੋਲਣ, ਹੱਸਣ, ਅੰਦਰ ਬਾਹਰ ਆਉਣ ਜਾਣ ‘ਤੇ ਪਾਬੰਦੀ, ਘਰ ਦੇ ਕੰਮ ਸਿੱਖਣ ਆਦਿ ਬੰਦਿਸ਼ਾਂ ਲਗਾਈਆਂ ਜਾਂਦੀਆਂ ਹਨ। ਉਸ ਨੂੰ ਜਨਮ ਤੋਂ ਹੀ ਬੇਗ਼ਾਨੇ ਘਰ ਜਾਣ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਦੂਜੇ ਉੱਪਰ ਨਿਰਭਰ ਰਹਿਣ ਦੀ ਆਦਤ ਪਾਈ ਜਾਂਦੀ ਹੈ ਜਿਸ ਕਾਰਨ ਉਸ ਦੇ ਨਾਰੀਤਵ ਦਾ ਘਾਣ ਹੁੰਦਾ ਹੈ। ਕੁੜੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਤਾਂ ਦਿੱਤਾ ਜਾਂਦਾ ਹੈ ਪਰ ਨਾਲ ਹੀ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਕਿ ਇਹ ਸਭ ਸਹੁਰੇ ਘਰ ਜਾਣ ਲਈ ਹੈ। ਉਸ ਨੂੰ ਸਿਖਾਇਆ ਜਾਂਦਾ ਹੈ ਕਿ ਪਤੀ ਤੇ ਸਹੁਰੇ ਪਰਿਵਾਰ ਦੀ ਸੇਵਾ ਹੀ ਉਸ ਲਈ ਸਭ ਕੁੱਝ ਹੈ। ਕੁੜੀ ਨੂੰ ਆਪਣੇ ਅਸਲ ਅਧਿਕਾਰਾਂ ਤੋਂ ਸੁਚੇਤ ਹੋਣ ਹੀ ਨਹੀਂ ਦਿੱਤਾ ਜਾਂਦਾ। ਮੰਨੂ ਦੇ ਸਮਾਜਿਕ ਕਾਨੂੰਨ ਅਨੁਸਾਰ ਔਰਤ ਬਚਪਨ ਤੋਂ ਬੁਢਾਪੇ ਤੱਕ ਮਰਦ ਉੱਤੇ ਨਿਰਭਰ ਰਹਿੰਦੀ ਹੈ। ਉਹ ਬਚਪਨ ਵਿਚ ਪਿਤਾ, ਭਰਾ, ਜਵਾਨੀ ਵਿਚ ਪਤੀ, ਤੇ ਬੁਢਾਪੇ ਵਿਚ ਪੁੱਤਰਾਂ ਦੇ ਅਧੀਨ ਰਹਿੰਦੀ ਹੈ। ਵਰਤਮਾਨ ਸਮਿਆਂ ਵਿਚ ਵੀ ਔਰਤ ਲਈ ਇਹੀ ਦ੍ਰਿਸ਼ਟੀਕੋਣ ਅਪਣਾਇਆ ਜਾਂਦਾ ਹੈ।
ਕਿਸੇ ਵੀ ਤਰ੍ਹਾਂ ਦੇ ਹਾਲਾਤ ਲਈ ਕੋਈ ਇਕ ਧਿਰ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੋ ਸਕਦੀ। ਜਿੱਥੇ ਔਰਤ ਦੀ ਅਜਿਹੀ ਹਾਲਤ ਲਈ ਸਮਾਜ ਜ਼ਿੰਮੇਵਾਰ ਹੈ, ਉੱਥੇ ਖ਼ੁਦ ਔਰਤ ਵੀ ਆਪਣੀ ਅੰਸ਼ਕ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ। ਮਾਵਾਂ ਸੁਚੇਤ ਹੋਣ ਦੇ ਬਾਵਜੂਦ ਧੀਆਂ ਨੂੰ ਉਹੀ ਤ੍ਰਾਸਦੀਆਂ ਹੰਢਾਉਣ ਲਈ ਤਿਆਰ ਕਰਦੀਆਂ ਹਨ ਜਿਹੜੀਆਂ ਉਨ੍ਹਾਂ ਆਪ ਹੰਢਾਈਆਂ ਹੁੰਦੀਆਂ ਹਨ। ਅੱਜ ਦੀ ਔਰਤ ਸਿੱਖਿਅਤ ਅਤੇ ਆਰਥਿਕ ਤੌਰ ‘ਤੇ ਆਤਮ ਨਿਰਭਰ ਤਾਂ ਹੈ ਪਰ ਇਸ ਦੇ ਬਾਵਜੂਦ ਉਸ ਦੇ ਜੀਵਨ ਵਿਚ ਕੋਈ ਬਹੁਤਾ ਬਦਲਾਓ ਨਹੀਂ ਆਇਆ। ਉਹ ਅੱਜ ਵੀ ਘਰ ਸੰਭਾਲਣ, ਬੱਚੇ ਪਾਲਣ ਤੇ ਪਰਿਵਾਰਕ ਫ਼ੈਸਲਿਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਨੂੰ ਹੀ ਆਪਣਾ ਅਸਲੀ ਧਰਮ ਸਮਝਦੀ ਹੈ। ਇਸ ਤੋਂ ਬਿਨਾ ਉਸ ਨੂੰ ਆਪਣੀ ਜ਼ਿੰਦਗੀ ਦੇ ਕੋਈ ਮਾਇਨੇ ਨਹੀਂ ਲੱਗਦੇ। ਉਹ ਸਰੀਰਕ ਤੇ ਮਾਨਸਿਕ ਦੋਵਾਂ ਪੱਧਰਾਂ ‘ਤੇ ਤ੍ਰਾਸਦੀ ਹੰਢਾਉਂਦੀ ਹੈ।
ਔਰਤ ਨੂੰ ਆਜ਼ਾਦੀ ਤੇ ਆਪਣੇ ਹੋਰ ਮਨੁੱਖੀ ਹੱਕ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਜਾਗਰੂਕ ਹੋਣ ਦੀ ਜ਼ਰੂਰਤ ਹੈ। ਅਜਿਹਾ ਨਹੀਂ ਕਿ ਔਰਤਾਂ ਵਿਚ ਚੇਤਨਾ ਦੀ ਕਮੀ ਹੈ, ਕੁਝ ਇਸਤਰੀਆਂ ਆਪਣੇ ਹੱਕਾਂ ਲਈ ਚੇਤਨ ਹਨ ਤੇ ਨਿਡਰਤਾ ਨਾਲ ਇਨ੍ਹਾਂ ਦੀ ਪ੍ਰਾਪਤੀ ਲਈ ਸਮਾਜ ਨਾਲ ਦੋ ਹੱਥ ਵੀ ਹੋ ਰਹੀਆਂ ਹਨ। ਪੰਜਾਬੀ ਯੂਨੀਵਰਸਿਟੀ ਤੇ ਹੋਰ ਯੂਨੀਵਰਸਿਟੀਆਂ ਵਿਚ ਚੱਲੀ ‘ਹੋਸਟਲ ਦੀ ਸਮਾਂਬੰਦੀ ਵਿਚ ਬਰਾਬਰੀ ਦੀ ਮੰਗ’ ਇਸ ਦਾ ਸਬੂਤ ਹੈ। ਇਸ ਲਹਿਰ ਅਧੀਨ ਕੁੜੀਆਂ ਨੇ ਆਪਣੇ ਉੱਤੇ ਲੱਗੀ ਸਮੇਂ ਦੀ ਪਾਬੰਦੀ ਹਟਾਉਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਕੀਤਾ ਤੇ ਸਫ਼ਲਤਾ ਹਾਸਿਲ ਕੀਤੀ। ਕੋਈ ਵੀ ਜੰਗ ਉਦੋਂ ਹੀ ਲੜੀ ਜਾਂਦੀ ਹੈ, ਜਦੋਂ ਕੁਝ ਫਤਹਿ ਕਰਨ ਦੀ ਤਾਂਘ ਤੇ ਮੈਦਾਨ ਵਿਚ ਉਤਰਨ ਦੀ ਹਿੰਮਤ ਹੋਵੇ ਪਰ ਇਸ ਤੋਂ ਵੀ ਪਹਿਲਾਂ ਇਸ ਲਈ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਜੰਗ ਕਿਸ ਲਈ, ਕਿਉਂ ਤੇ ਕਿਵੇਂ ਲੜਨੀ ਹੈ? ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਉਨ੍ਹਾਂ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜੋ ਖ਼ੁਦ ਇਨ੍ਹਾਂ ਪ੍ਰਤੀ ਸੁਚੇਤ ਹਨ। ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਖ਼ੁਦ ਤੱਕ ਸੀਮਿਤ ਨਾ ਹੋ ਕੇ ਆਜ਼ਾਦੀ ਦਾ ਹੋਕਾ ਹਰ ਔਰਤ ਤੱਕ ਪਹੁੰਚਾਉਣ। ਸਮਾਜ ਨੂੰ ਚੰਗਾ ਬਣਾਉਣ ਲਈ ਔਰਤ ਪ੍ਰਤੀ ਵਿਤਕਰੇ ਵਾਲਾ ਦ੍ਰਿਸ਼ਟੀਕੋਣ ਬਦਲਣ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਮੁਲਕ ਦੇ ਉੱਨਤੀ ਬਾਰੇ ਜਾਨਣ ਲਈ ਉੱਥੋਂ ਦੀ ਔਰਤ ਦੀ ਹਾਲਤ ਨੂੰ ਜਾਣਿਆ ਜਾਂਦਾ ਹੈ। ਚੰਗਾ ਸਮਾਜ ਸਿਰਜਣ ਦੀ ਵੱਡੀ ਜ਼ਿੰਮੇਵਾਰੀ ਮਾਪਿਆਂ ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਦਾ ਫਰਜ਼ ਹੈ ਕਿ ਉਹ ਲਿੰਗਕ ਵਿਤਕਰੇ ਤੋਂ ਉੱਪਰ ਉੱਠ ਕੇ ਬੱਚੇ ਨੂੰ ਬਰਾਬਰੀ ਦਾ ਪਾਠ ਪੜ੍ਹਾਉਣ। ਉਹ ਕੁੜੀ ਉੱਤੇ ਬੰਦਿਸ਼ਾਂ ਲਗਾਉਣ ਦੀ ਬਜਾਏ ਉਸ ਨੂੰ ਸਹੀ ਗਲਤ ਦੀ ਪਛਾਣ ਦੀ ਸਮਝ ਪੈਦਾ ਕਰਨ। ਉਸ ਨੂੰ ਆਜ਼ਾਦੀ ਦੇ ਅਸਲ ਮਾਇਨੇ ਸਮਝਾਉਣ। ਉਸ ਨੂੰ ਇਸ ਕਾਬਿਲ ਬਣਾਇਆ ਜਾਵੇ ਕਿ ਉਹ ਆਪਣੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਕਰਨ ਦੇ ਯੋਗ ਹੋਣ। ਔਰਤ ਤੇ ਮਰਦ ਦੇ ਸਾਥ ਨਾਲ ਹੀ ਚੇਤਨ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …