ਕਿਸਾਨ ਯੂਨੀਅਨਾਂ ਵਲੋਂ ਨਾਭਾ ’ਚ ਕੀਤਾ ਜਾ ਰਿਹਾ ਸੀ ਰੋਸ ਪ੍ਰਦਰਸ਼ਨ
ਨਾਭਾ/ਬਿਊਰੋ ਨਿਊਜ਼
ਨਾਭਾ ਵਿਚ ਕਿਸਾਨ ਅਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਹੋ ਗਈ। ਇਸੇ ਦੌਰਾਨ ਨਾਭਾ ਦੀ ਡੀਐਸਪੀ ਮਨਦੀਪ ਕੌਰ ਨੇ ਆਰੋਪ ਲਗਾਏ ਹਨ ਕਿ ਕਿਸਾਨਾਂ ਨੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਸਾਨਾਂ ਵਲੋਂ ਸ਼ੰਭੂ ਮੋਰਚੇ ਦੌਰਾਨ ਗਾਇਬ ਹੋਈਆਂ ਟਰਾਲੀਆਂ ਦੇ ਮਾਮਲੇ ਵਿਚ ਡੀਐਸਪੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਮੌਕੇ ਡੀਐਸਪੀ ਆਪਣੇ ਦਫਤਰ ’ਚੋਂ ਬਾਹਰ ਨਿਕਲਣ ਲੱਗੀ ਤਾਂ ਕਿਸਾਨਾਂ ਅਤੇ ਡੀਐਸਪੀ ਦਰਮਿਆਨ ਤੂੰ ਤੂੰ-ਮੈਂ ਮੈਂ ਹੋ ਗਈ। ਇਸ ਦੌਰਾਨ ਡੀਐਸਪੀ ਨੇ ਆਰੋਪ ਲਗਾਇਆ ਕਿਸਾਨਾਂ ਨੇ ਮੇਰੇ ਨਾਲ ਧੱਕਾਮੁੱਕੀ ਅਤੇ ਬਦਸਲੂਕੀ ਕੀਤੀ ਹੈ। ਡੀਐਸਪੀ ਦਾ ਕਹਿਣਾ ਸੀ ਕਿ ਮੈਂ ਇਨ੍ਹਾਂ ਖਿਲਾਫ ਕਾਰਵਾਈ ਕਰਾਂਗੀ। ਉਧਰ ਦੂਜੇ ਪਾਸੇ ਮੀਡੀਆ ਵਿਚ ਆ ਰਹੀਆਂ ਖਬਰਾਂ ਮੁਤਾਬਕ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਡੀਐਸਪੀ ਵਲੋਂ ਸਾਡੇ ਨਾਲ ਬਦਤਮੀਜ਼ੀ ਕੀਤੀ ਗਈ ਹੈ।