Breaking News
Home / ਮੁੱਖ ਲੇਖ / ਵਿਸ਼ਵ ਵਿਰਾਸਤੀ ਯਾਦਗਾਰਾਂ ਬਨਾਮ ਪੰਥਕ ਲਾਪ੍ਰਵਾਹੀ

ਵਿਸ਼ਵ ਵਿਰਾਸਤੀ ਯਾਦਗਾਰਾਂ ਬਨਾਮ ਪੰਥਕ ਲਾਪ੍ਰਵਾਹੀ

ਹਰਪਾਲ ਸਿੰਘ ਪੰਨੂ
ਕਿਹੜੀ ਇਮਾਰਤ ਵਿਰਾਸਤੀ ਯਾਦਗਾਰ ਹੋ ਸਕਦੀ ਹੈ, ਇਸ ਨੂੰ ਕਿਵੇਂ ਪਰਿਭਾਸ਼ਿਤ ਕਰੀਏ? ਇਸ ਨੂੰ ਸੰਭਾਲਣ ਦੀ ਕੀ ਜ਼ਰੂਰਤ ਹੋ ਸਕਦੀ ਹੈ? ਕਿਸ ਵਿਰਾਸਤੀ ਖਜ਼ਾਨੇ ਨੂੰ ਕੌਣ ਸੰਭਾਲੇ, ਇਹ ਜ਼ਿੰਮੇਵਾਰੀ ਕਿਸ ਦੀ ਹੈ? ਇਸ ਸਾਰੇ ਮਸਲੇ ਬਾਰੇ ਯੂਐੱਨਓ ਨੇ ਦੁਨੀਆਂ ਦੀ ਸਲਾਹ ਨਾਲ ਕੁਝ ਨਿਯਮ ਤੈਅ ਕੀਤੇ ਹਨ।
ਹਰ ਉਹ ਦਰੱਖ਼ਤ, ਵਸਤ ਜਾਂ ਇਮਾਰਤ, ਜਿਸ ਦੀ ਉਮਰ ਇਕ ਸਦੀ ਤੋਂ ਵਧੀਕ ਹੋ ਗਈ ਹੈ, ਉਸ ਨੂੰ ਜਾਣ-ਬੁੱਝ ਕੇ ਨਸ਼ਟ ਕਰਨਾ ਮਨ੍ਹਾ ਹੈ, ਉਲੰਘਣਾ ਕਰਨੀ ਅਪਰਾਧ ਹੈ। ਆਸਟਰੇਲੀਆ ਵਿਚ ਇਸ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਹੁੰਦੀ ਮੈਂ ਦੇਖ ਆਇਆ ਹਾਂ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਰ ਪੁਰਾਣੀ ਇਮਾਰਤ ਖੜ੍ਹੀ ਰਹਿਣ ਦਿੱਤੀ, ਫਿਰ ਧਰਤੀ ਉੱਤੇ ਖੰਡਰਾਤ ਹੀ ਖੰਡਰਾਤ ਦਿਸਣਗੇ, ਨਵੀਆਂ ਉਸਾਰੀਆਂ ਲਈ ਥਾਂ ਬਚੇਗੀ ਹੀ ਨਹੀਂ। ਅਜਿਹੀ ਗੱਲ ਨਹੀਂ। ਜਿਹੜਾ ਮਕਾਨ/ਹਵੇਲੀ ਮੇਰੇ ਬਾਬਾ ਨੇ ਸੌ ਸਾਲ ਪਹਿਲਾਂ ਬਣਾਈ ਸੀ, ਜੇ ਮੈਂ ਉਹ ਗਿਰਾ ਕੇ ਉਸ ਦੀ ਥਾਂ ਕੁਝ ਹੋਰ ਕਰਨਾ ਚਾਹੁੰਦਾ ਹਾਂ ਤਾਂ ਮੈਨੂੰ ਸਰਕਾਰ ਪਾਸ ਅਰਜ਼ੀ ਦੇਣੀ ਪਵੇਗੀ ਕਿ ਗਿਰਾਉਣ ਦੀ ਆਗਿਆ ਦਿੱਤੀ ਜਾਵੇ।
ਪੁਰਾ ਵਿਭਾਗ ਦਾ ਅਫ਼ਸਰ ਮੁਆਇਨਾ ਕਰੇਗਾ ਕਿ ਇਮਾਰਤ ਵਿਚ ਕੋਈ ਸੰਭਾਲਣਯੋਗ ਮਿਨੀਏਚਰ, ਹੁਨਰੀ ਡਿਜ਼ਾਇਨ, ਕੋਈ ਕੀਮਤੀ ਨਿਸ਼ਾਨੀ ਤਾਂ ਨਹੀਂ ਜਿਸ ਨੂੰ ਗਿਰਾਉਣ ਨਾਲ ਭਵਿੱਖ ਦੀਆਂ ਪੀੜ੍ਹੀਆਂ ਵਾਂਝੀਆਂ ਹੋ ਜਾਣਗੀਆਂ? ਜੇ ਅਜਿਹੀਆਂ ਕੀਮਤੀ ਨਿਸ਼ਾਨੀਆਂ ਹਨ ਤਾਂ ਸਰਕਾਰ ਉਸ ਨੂੰ ਵਿਰਾਸਤੀ ਜਾਇਦਾਦ ਐਲਾਨ ਕੇ ਮਾਲਕ ਨੂੰ ਮੁਆਵਜ਼ਾ ਦੇਵੇਗੀ ਅਤੇ ਇਮਾਰਤ ਵਿਰਾਸਤੀ ਜਾਇਦਾਦ ਬਣ ਜਾਏਗੀ, ਮਾਲਕੀ ਅਤੇ ਸਾਂਭ-ਸੰਭਾਲ ਸਰਕਾਰ ਦੀ ਹੋਵੇਗੀ।
ਹੋ ਸਕਦਾ ਹੈ ਸਰਕਾਰ ਨੂੰ ਪਤਾ ਨਾ ਹੋਵੇ, ਕੁਝ ਸਿਆਣੇ ਲੋਕ ਜੇ ਪੈਸੇ ਵੱਲੋਂ ਤੰਗ ਹਨ, ਆਪ ਸੰਭਾਲ ਕਰਨਯੋਗ ਨਹੀਂ, ਜਾਂ ਕੋਈ ਮਾਲਕ ਮਰ ਗਿਆ ਹੈ, ਉਸ ਦਾ ਵਾਰਸ ਕੋਈ ਨਹੀਂ, ਉਸ ਦੀ ਦੁਰਲੱਭ ਇਮਾਰਤ ਦੀ ਸੰਭਾਲ ਬਾਰੇ ਵੀ ਸਰਕਾਰ ਪਾਸ ਪਹੁੰਚ ਕੀਤੀ ਜਾ ਸਕਦੀ ਹੈ।
ਪਾਠਕਾਂ ਨੂੰ ਯਾਦ ਹੋਵੇਗਾ, 15 ਕੁ ਸਾਲ ਪਹਿਲਾਂ ਇਕ ਵਾਰ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਸੰਭਾਲਣ ਵਾਸਤੇ ਵਿਸ਼ਵ ਵਿਰਾਸਤ ਸੰਸਥਾ ਆ ਗਈ ਸੀ, ਜਿਸ ਦਾ ਇਨ੍ਹਾਂ ਸਤਰਾਂ ਦੇ ਲੇਖਕ ਨੇ ਡਟ ਕੇ ਵਿਰੋਧ ਕਰਦਿਆਂ ਕਿਹਾ ਸੀ ਕਿ ਦਰਬਾਰ ਸਾਹਿਬ ਲਾਵਾਰਸਾਂ ਦੀ ਜਾਇਦਾਦ ਨਹੀਂ ਹੈ ਕਿ ਪੰਥ ਸੰਭਾਲ ਨਹੀਂ ਸਕਦਾ। ਉਹ ਮਸਲਾ ਠੁੱਸ ਹੋ ਗਿਆ ਸੀ। ਹੁਣ ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਉਢੀ ਕਾਰ ਸੇਵਾ ਵਾਲਿਆਂ ਨੇ ਅੱਧੀ ਰਾਤ ਢਾਹ ਦਿੱਤੀ, ਦੀ ਖਬਰ ਮਿਲੀ ਤਾਂ ਮਹਿਸੂਸ ਹੋਣ ਲੱਗਾ ਕਿ ਸਾਰੇ ਇਤਿਹਾਸਕ ਗੁਰਦੁਆਰੇ ਵਿਸ਼ਵ ਵਿਰਾਸਤ ਸੰਸਥਾ ਨੂੰ ਸੌਂਪ ਦੇਣੇ ਚਾਹੀਦੇ ਹਨ ਕਿਉਂਕਿ ਪੰਥ ਉਨ੍ਹਾਂ ਦੀ ਸੰਭਾਲ ਕਰਨ ਦੇ ਸਮਰੱਥ ਨਹੀਂ।
ਮੈਂ ਸਮਝਦਾ ਹੁੰਦਾ ਸਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰੇ ਪੈਸੇ ਦੇ ਕੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਮਨਾਉਂਦੀ ਹੋਏਗੀ ਕਿ ਉਸਾਰੀ ਦਾ ਸਾਮਾਨ ਅਤੇ ਮਜ਼ਦੂਰੀ ਕਮੇਟੀ ਦੇਵੇਗੀ ਤੇ ਬਾਬਿਆਂ ਦੀ ਕੇਵਲ ਨਿਗਰਾਨੀ ਹੋਏਗੀ ਜਿਸ ਦੇ ਵੱਖਰੇ ਪੈਸੇ ਦੇਣੇ ਪੈਂਦੇ ਹੋਣਗੇ। ਇਹ ਤਾਂ ਬੜੀ ਦੇਰ ਬਾਅਦ ਪਤਾ ਲੱਗਾ ਕਿ ਅਜਿਹਾ ਕੁਝ ਨਹੀਂ, ਬਾਬੇ ਭਾਰੀ ਰਕਮਾਂ ਕਮੇਟੀ ਦੇ ਪ੍ਰਬੰਧਕਾਂ ਨੂੰ ਤਾਰ ਕੇ ਇਹ ‘ਸੇਵਾ’ ਲੈਂਦੇ ਹਨ। ਅਜਿਹਾ ਕਿਉਂ? ਕਿਉਂਕਿ ਸੰਗਤਾਂ ਕਾਰ ਸੇਵਾ ਦੇ ਨਾਮ ਤੇ ਸਾਲਾਂਬੱਧੀ ਦਾਨ ਭੇਟਾ ਤਾਰਦੀਆਂ ਰਹਿੰਦੀਆਂ ਹਨ। ਇਸ ਦਾਨ ਵਿਚੋਂ ਕੁਝ ਹਿੱਸਾ ਉਸਾਰੀ ਉੱਪਰ ਖ਼ਰਚ, ਕੁਝ ਸੇਵਾ ਕਰਨ ਵਾਲੀਆਂ ਸੰਸਥਾਵਾਂ ਪਾਸ ਚਲਾ ਜਾਂਦਾ ਹੈ। ਇਹ ਅਜਿਹਾ ਖ਼ਤਰਨਾਕ ਮਾਫ਼ੀਆ ਹੈ ਕਿ ਕਾਰ ਸੇਵਾ ਵਾਲਿਆਂ ਵੱਲੋਂ ਫ਼ਸਲਾਂ ਦੀ ਵਾਢੀ ਵਕਤ ਕਿਸਾਨਾਂ ਪਾਸੋਂ ਜਬਰੀ ਉਗਰਾਹੀ ਕਰਨ ਦੀਆਂ ਖ਼ਬਰਾਂ ਵੀ ਆਈਆਂ ਹਨ।
ਦੋ ਸੌ ਸਾਲ ਪੁਰਾਣੀ ਤਰਨ ਤਾਰਨ ਸਾਹਿਬ ਜੀ ਦਰਸ਼ਣੀ ਡਿਉਢੀ ਢਾਹੁਣ ਲਈ ਅੱਧੀ ਰਾਤ ਚਾਰ ਸੌ ਕਾਰ ਸੇਵਕ ਗੈਂਤੀਆਂ ਲੈ ਕੇ ਟੁੱਟ ਪਏ। ਸਿਲਸਿਲਾ ਖ਼ਤਮ। ਸਵਾਲ, ਅੱਧੀ ਰਾਤ ਨੂੰ ਕਿਉਂ? ਕਿਉਂਕਿ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਨਹੀਂ ਢਾਹੁਣੀ, ਕਮੇਟੀ ਮੁਲਾਜ਼ਮ ਜਾਂ ਸੰਗਤ ਸ਼ਾਇਦ ਰੋਕ ਦਿੰਦੀ। ਅੱਧੀ ਅੱਧੀ ਰਾਤ ਜਦੋਂ ਪੁਲਿਸ ਸੌਂ ਜਾਂਦੀ ਹੈ, ਸਮੱਗਲਰ ਜੀਪਾਂ ਵਿਚ ਮਾਲ ਲੱਦ ਕੇ ਪ੍ਰਾਂਤਾਂ ਦੇ, ਦੇਸ਼ਾਂ ਦੇ ਬਾਰਡਰ ਪਾਰ ਕਰਦੇ ਸੁਣੇ ਹਨ, ਅੱਧੀ ਰਾਤ ਇਤਿਹਾਸਕ ਇਮਾਰਤ ਕਿਉਂ ਢਾਹੀ, ਇਸ ਸਵਾਲ ਦਾ ਜਵਾਬ ਕਾਰ ਸੇਵਾ ਵਾਲੇ ਬਾਬੇ ਦੇਣ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦੇਵੇ। ਮੈਨੇਜਰ ਨੂੰ ਮੁਅੱਤਲ ਕਰਨਾ ਕੋਈ ਇਲਾਜ ਨਹੀਂ, ਜੇ ਗੱਲ ਕੇਵਲ ਇੱਥੇ ਮੁੱਕ ਗਈ, ਫਿਰ ਖ਼ਤਰੇ ਦੀ ਘੰਟੀ ਵੱਜ ਗਈ ਸਮਝੋ।
ਅੱਜ ਤੋਂ ਸੌ ਸਾਲ ਪਹਿਲਾਂ ਤਰਨਤਾਰਨ ਤਹਿਸੀਲ ਵਿਚ ਝੱਬਰ ਪਿੰਡ, ਕਰਤਾਰ ਸਿੰਘ ਨਾਮ ਦੇ ਇਕ ਅਨਪੜ੍ਹ ਨੌਜਵਾਨ ਨੂੰ ਪਤਾ ਲੱਗਾ ਕਿ ਮਹੰਤ ਗੁਰੂਘਰਾਂ ਦੀ ਬੇਅਦਬੀ ਕਰ ਰਹੇ ਨੇ। ਉਸ ਨੇ ਸੁਣੀ ਸੁਣਾਈ ਗੱਲ ਮੰਨਣ ਦੀ ਥਾਂ ਘੋੜੀ ‘ਤੇ ਸਵਾਰ ਹੋ ਕੇ ਸਰਵੇਖਣ ਸ਼ੁਰੂ ਕੀਤਾ, ਸਨਸਨੀਖੇਜ਼ ਤੱਥ ਅੰਕੜੇ ਸਾਹਮਣੇ ਆਏ। ਇਹ ਵੀ ਇਤਫ਼ਾਕ ਸਮਝੋ ਕਿ ਤਰਨਤਾਰਨ ਦੇ ਗੁਰਦੁਆਰੇ ਲੰਗਰ ਵਿਚ ਉਸ ਨੇ ਦੇਖਿਆ ਲੰਗਰ ਦਾ ਠੇਕੇਦਾਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ ਰਿਹਾ ਸੀ, ਉਸ ਦੇ ਇਕ ਹੱਥ ਵਿਚ ਬੀੜੀ ਸੀ, ਦੂਜੇ ਹੱਥ ਨਾਲ ਕੜਾਹੇ ਵਿਚ ਖੁਰਚਣਾ ਫੇਰ ਰਿਹਾ ਸੀ। ਲੰਗਰ ਠੇਕੇ ‘ਤੇ ਚੜ੍ਹਦੇ ਸਨ। ਇਹ ਦ੍ਰਿਸ਼ ਜਥੇਦਾਰ ਕਰਤਾਰ ਸਿੰਘ ਝੱਬਰ ਲਈ ਇਤਿਹਾਸਕ ਹੋ ਗਿਆ। ਉਸ ਨੇ ਅਖ਼ਬਾਰਾਂ ਵਿਚ ਬਿਆਨ ਅਤੇ ਇਸ਼ਤਿਹਾਰ ਦੇ ਕੇ ਕਿਹਾ- ਹੁਣ ਹੋਰ ਨਹੀਂ, ਪੁਰਾਣਾ ਸਿਲਸਿਲਾ ਖ਼ਤਮ, ਮੈਂ ਨਵੀਂ ਜਥੇਬੰਦੀ ਬਣਾਉਣ ਲਈ ਫ਼ਲਾਂ ਤਰੀਕ ਪੰਥ ਦਰਦੀਆਂ ਨੂੰ ਸੱਦਦਾ ਹਾਂ, ਸ਼ਾਇਦ ਕੋਈ ਆ ਜਾਏ। ਉਸ ਦੇ ਸੱਦੇ ‘ਤੇ ਨਾਮਵਰ ਹਸਤੀਆਂ ਪੁੱਜੀਆਂ, ਜਿਨ੍ਹਾਂ ਵਿਚ ਪ੍ਰਿੰ. ਤੇਜਾ ਸਿੰਘ ਅਤੇ ਪ੍ਰੋ. ਜੋਧ ਸਿੰਘ ਤੋਂ ਇਲਾਵਾ ਤੇਜਾ ਸਿੰਘ ਸਮੁੰਦਰੀ ਜਿਹੇ ਦਾਨਸ਼ਵਰ ਤੇ ਰਈਸ ਪੁੱਜੇ। ਸ਼੍ਰੋਮਣੀ ਅਕਾਲੀ ਦਲ ਪ੍ਰਗਟ ਹੋਇਆ, ਜਿਸ ਨੇ ਇਤਿਹਾਸ ਵਿਚ ਆਪਣੀ ਹਾਜ਼ਰੀ ਲਵਾਈ, ਮਹੰਤ ਲੋਪ ਹੋ ਗਏ। ਅੱਜ ਉਸੇ ਅਕਾਲੀ ਦਲ ਦੇ ਵਾਰਸਾਂ ਨੇ ਕਾਰ ਸੇਵਾ ਵਾਲਿਆਂ ਪਾਸੋਂ ਵਿਰਾਸਤੀ ਇਮਾਰਤਾਂ ਢੁਹਾਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਰਤਾਰ ਸਿੰਘ ਝੱਬਰ ਦੀ ਭੂਮਿਕਾ ਅੱਜ ਕੌਣ ਨਿਭਾਏਗਾ?
ਸੰਪਰਕ: 94642-51454

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …