10.5 C
Toronto
Monday, October 20, 2025
spot_img
Homeਮੁੱਖ ਲੇਖਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਪਰੰਪਰਾਦੀ ਮੌਲਿਕਤਾ ਬਚਾਉਣ ਦੀ ਲੋੜ

ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਪਰੰਪਰਾ ਦੀ ਮੌਲਿਕਤਾ ਬਚਾਉਣ ਦੀ ਲੋੜ

ਤਲਵਿੰਦਰ ਸਿੰਘ ਬੁੱਟਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਭਾਰਤ ਦੇ ਮਹਾਨ ਕਵੀ ਤੇ ਸੰਗੀਤਕਾਰ ਰਬਿੰਦਰ ਨਾਥ ਟੈਗੋਰ ਨੇ ਇੱਥੇ ਇਲਾਹੀ ਬਾਣੀ ਦਾ ਨਿਰਧਾਰਿਤ ਰਾਗਾਂ ‘ਚ ਕੀਰਤਨ ਸੁਣ ਕੇ ਆਪਣੇ ਮਨੋਭਾਵ ਬਿਆਨਦਿਆਂ ਕਿਹਾ ਸੀ ਕਿ ਇੱਥੇ ਕੀਰਤਨ ਸੁਣ ਕੇ ਮੇਰੇ ਮਨ ਨੂੰ ਇੰਨੀ ਸ਼ਾਂਤੀ ਮਿਲੀ ਹੈ ਕਿ ਮੇਰਾ ਚਿਤ ਕਰਦਾ ਕਿ ਮੈਂ ਇੱਥੋਂ ਦੇ ਰਾਗੀ ਚੋਰੀ ਕਰਕੇ ਆਪਣੇ ਨਾਲ ਲੈ ਜਾਵਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨ ਦੀ ਵਿਸ਼ਵ ਦੀ ਰਾਗ ਪਰੰਪਰਾ ‘ਚ ਕਿੰਨੀ ਵੱਡੀ ਮੌਲਿਕ, ਦੈਵੀ, ਇਲਾਹੀ ਅਤੇ ਲਾਸਾਨੀ ਜਗ੍ਹਾ ਹੈ ਇਸ ਦਾ ਅੰਦਾਜ਼ਾ ਰਬਿੰਦਰ ਨਾਥ ਟੈਗੋਰ ਦੇ ਉਪਰੋਕਤ ਕਥਨਾਂ ਤੋਂ ਲਾਇਆ ਜਾ ਸਕਦਾ ਹੈ।
ઠ ઠ ਨਿਰਸੰਦੇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨ ਦੀ ਮਰਯਾਦਾ ਸਾਰੀ ਦੁਨੀਆ ਦੇ ਸੰਗੀਤ ਜਗਤ ਤੋਂ ਨਿਰਾਲੀ ਤੇ ਨਿਆਰੀ ਹੈ। ਇਸ ਦੀ ਆਰੰਭਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਰਾਹੀਂ ਭਾਈ ਫਿਰੰਦੇ ਤੋਂ ਰਬਾਬ ਮੰਗਵਾਉਣ ਨਾਲ ਕੀਤੀ ਸੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਸਥਾਪਤ ਕੀਤਾ। ਗੁਰਬਾਣੀ ਦੇ ਗਾਇਨ ਵਾਸਤੇ ਨਿਰਧਾਰਿਤ ਰਾਗਾਂ ਦੀ ਇੰਨੀ ਮਹੱਤਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹਰੇਕ ਬਾਣੀ ਦੇ ਸਿਰਲੇਖ ਵਿਚ ਸਭ ਤੋਂ ਪਹਿਲਾਂ ਰਾਗ ਦਰਜ ਹੈ ਅਤੇ ਉਸ ਤੋਂ ਬਾਅਦ ਮਹਲਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਪ੍ਰਿਥਮ ਕੀਰਤਨੀਏ ਭਾਈ ਮਰਦਾਨਾ ਰਬਾਬੀ ਸਨ, ਜੋ ਐਨੇ ਸ਼ਰਧਾਵਾਨ ਤੇ ਪ੍ਰਬੀਨ ਸਨ ਕਿ ਉਹ ਗਾਇਨ ਦੇ ਰਾਗ ਨੂੰ ਹੂ-ਬ-ਹੂ ਉਸੇ ਹੀ ਤਰ੍ਹਾਂ ਗਾਇਨ ਕਰਦੇ ਸਨ। ਭਾਈ ਸੱਤਾ ਅਤੇ ਭਾਈ ਬਲਵੰਡ ਚੌਥੀ ਅਤੇ ਪੰਜਵੀਂ ਪਾਤਸ਼ਾਹੀ ਦੇ ਸਮੇਂ ਰਬਾਬ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਖ਼ੁਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਕਰਕੇ ਇਲਾਹੀ ਰੰਗ ਬੰਨ੍ਹ ਦਿੰਦੇ ਸਨ। ਉਨ੍ਹਾਂ ਦੇ ਨਾਲ ਮ੍ਰਿਦੰਗ (ਜੋੜੀ) ਦੀ ਸੰਗਤ ਭਾਈ ਗੁਰਦਾਸ ਜੀ ਕਰਦੇ ਅਤੇ ਬਾਬਾ ਬੁੱਢਾ ਜੀ ਸਿਤਾਰ ਵਜਾਉਂਦੇ ਸਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਗੁਰਮਤਿ ਸੰਗੀਤ ਦਾ ਕੇਂਦਰ ਸ੍ਰੀ ਅਨੰਦਪੁਰ ਸਾਹਿਬ ਬਣ ਗਿਆ। ਲੰਬਾ ਸਮਾਂ ਬਾਅਦ ਤੱਕ ਇੱਥੋਂ ਦੇ ਗੁਰੂ ਦਰਬਾਰ ਦੇ ਰਾਗੀ ਸਿੰਘਾਂ ਦੀ ਵਡਿਆਈ ਦੂਰ-ਦੂਰ ਤੱਕ ਸੰਗੀਤ ਜਗਤ ਵਿਚ ਰਹੀ। ਰਾਗੀ ਪ੍ਰੇਮ ਸਿੰਘ ਵਰਗੇ ਰਾਗ ਦੇ ਧਨੀ ਦਾ ਨਾਂਅ ਜ਼ਿਕਰ-ਏ-ਖ਼ਾਸ ਹੈ, ਜਿਨ੍ਹਾਂ ਦਾ ਕੀਰਤਨ ਸੁਣਨ ਮਹਾਰਾਜਾ ਰਣਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਸਨ ਤੇ ਜਦੋਂ ਰਾਗੀ ਜੀ ਨੇ ਬਸੰਤ ਰਾਗ ਪੜ੍ਹਿਆ ਤਾਂ ਮਹਾਰਾਜੇ ਸਮੇਤ ਸਾਰੇ ਸਰੋਤਿਆਂ ਦੇ ਸਫ਼ੇਦ ਵਸਤਰ ਬਸੰਤੀ ਰੰਗ ਦੇ ਹੋ ਗਏ ਸਨ।
ਗੁਰਮਤਿ ਸੰਗੀਤ ਦੇ 31 ਪ੍ਰਮੁੱਖ ਰਾਗ, 32 ਮਿਸ਼ਰਿਤ ਰਾਗ, 55 ਪੜਤਾਲਾਂ, 15 ਸ਼ਬਦ ਚੌਂਕੀਆਂ, ਘੋੜੀਆਂ ਅਤੇ ਅਲਾਹੁਣੀਆਂ ਆਦਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮੌਲਿਕ ਕੀਰਤਨ ਪਰੰਪਰਾ ਦੀ ਵਿਸ਼ੇਸ਼ਤਾ ਦੇ ਲਖਾਇਕ ਹਨ। ਗੁਰਮਤਿ ਸੰਗੀਤ ਦੀ ਇਹ ਵੀ ਇਕ ਵਿਲੱਖਣਤਾ ਹੈ ਕਿ ਇਸ ਵਿਚ ਦੋ ਮੌਸਮੀ ਰਾਗ (ਸ਼ੁੱਧ ਬਸੰਤ ਅਤੇ ਸ਼ੁੱਧ ਮਲਾਰ) ਵੀ ਹਨ। ਇਨ੍ਹਾਂ ਦੋਵਾਂ ਮੌਸਮੀ ਰਾਗਾਂ ਨੂੰ ਅੱਜ-ਕੱਲ੍ਹ ਬਹੁਤ ਘੱਟ ਕੀਰਤਨੀਏ ਗਾਉਂਦੇ ਹਨ। ਗੁਰਮਤਿ ਸੰਗੀਤ ਦੀਆਂ ਇਹ ਵੰਨਗੀਆਂ ਵਿਸ਼ਵ ਦੀ ਕਿਸੇ ਵੀ ਹੋਰ ਸੰਗੀਤ ਪਰੰਪਰਾ ਵਿਚ ਮੌਜੂਦ ਨਹੀਂ ਹਨ। ਪੁਰਾਤਨ ਸਮਿਆਂ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀਏ ਰਾਗਾਂ ਦੇ ਇੰਨੇ ਪ੍ਰਬੀਨ ਤੇ ਮੰਝੇ ਹੋਏ ਹੁੰਦੇ ਸਨ ਕਿ ਉਹ ਰਾਗ ਆਧਾਰਿਤ ਕੀਰਤਨ ਦੇ ਨਾਲ ਹੀ ਬੱਦਲ ਗਰਜਾਉਣ, ਬਿਜਲੀਆਂ ਲਿਸ਼ਕਾਉਣ ਅਤੇ ਮੀਂਹ ਵਰ੍ਹਾਉਣ ਦੀ ਸਮਰੱਥਾ ਰੱਖਦੇ ਸਨ। ਭਾਈ ਮਨਸਾ ਸਿੰਘ ਤੇ ਭਾਈ ਹੀਰਾ ਸਿੰਘ ਵਰਗੇ ਨਾਮ ਦੇ ਰਸੀਏ- ਗੁਰਬਾਣੀ ਦੇ ਅਭਿਆਸੀ, ਸੰਤੋਖੀ, ਵੈਰਾਗੀ, ਨਿਸ਼ਕਾਮ ਅਤੇ ਰਾਗ ਦੇ ਧਨੀ ਕੀਰਤਨੀਏ ਇਤਿਹਾਸ ‘ਚ ਸ਼ੋਭਾ ਪਾਉਂਦੇ ਹਨ। ਇੱਥੋਂ ਦੇ ਗ੍ਰੰਥੀ ਸਿੰਘ ਵੀ ਭਾਈ ਹਰਨਾਮ ਸਿੰਘ ਵਰਗੇ ਰਾਗ ਵਿਦਿਆ ਦੇ ਗਿਆਤਾ ਹੁੰਦੇ ਸਨ, ਜੋ ਅਸ਼ੁੱਧ ਬਾਣੀ ਪੜ੍ਹਨ ਵਾਲੇ ਰਾਗੀਆਂ ਅਤੇ ਰਬਾਬੀਆਂ ਨੂੰ ਤਾਬਿਆ ਬੈਠੇ ਹੀ ਟੋਕ ਦਿੰਦੇ ਸਨ।
ਗੁਰੂ ਸਾਹਿਬਾਨ ਨੇ ਨਿਰਧਾਰਿਤ ਰਾਗਾਂ ਦੇ ਨਾਲ-ਨਾਲ ਨਿਰਧਾਰਿਤ ਤੰਤੀ ਸਾਜ਼ ਵੀ ਕੀਰਤਨ ਲਈ ਰਾਖਵੇਂ ਕੀਤੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਬਾਬ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰੰਦਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੋਰ ਦੀ ਸ਼ਕਲ ਵਾਲਾ ਤਾਊਸ, ਦਿਲਰੁਬਾ, ਪਖਾਵਜ, ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਨਪੁਰਾ ਦੀ ਵਰਤੋਂ ਕੀਤੀ। ਇਸ ਦੇ ਨਾਲ ਸੁਰਾਂ ਨੂੰ ਤਾਲ ਦੇਣ ਲਈ ਮ੍ਰਿਦੰਗ, ਤਬਲਾ ਅਤੇ ਢੋਲਕ ਵਰਤੇ ਜਾਂਦੇ ਰਹੇ ਹਨ। ਗੋਰਿਆਂ ਦੇ ਰਾਜ ਵੇਲੇ ਪੱਛਮ ਤੋਂ ਆਏ ਹਾਰਮੋਨੀਅਮ ਨੇ ਗੁਰਮਤਿ ਦੇ ਰਵਾਇਤੀ ਸਾਜ਼ ਖਾ ਲਏ। ਸਾਡੇ ਇਤਿਹਾਸਕ ਗੁਰਧਾਮਾਂ ਅੰਦਰ 1919 ਤੋਂ ਤੰਤੀ ਸਾਜ਼ ਅਲੋਪ ਹੋਣੇ ਸ਼ੁਰੂ ਹੋਏ ਅਤੇ 1947 ਦਰਮਿਆਨ ਰਬਾਬੀ ਤੇ ਤੰਤੀ ਸਾਜ਼ਾਂ ਦੇ ਮਾਹਿਰ ਗ਼ਾਇਬ ਹੋ ਗਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗ ਆਧਾਰਿਤ ਕੀਰਤਨ ਦਾ ਮੌਲਿਕ ਰਵਾਇਤੀ ਮਿਆਰ ਤੰਤੀ ਸਾਜ਼ਾਂ ਦੀ ਅਣਹੋਂਦ ਕਾਰਨ ਬਹੁਤਾ ਸਮਾਂ ਨਾ ਰਹਿ ਸਕਿਆ। ਪਹਿਲਾਂ ਰਾਗਾਂ ਤੋਂ ਰੀਤਾਂ ਅਤੇ ਹੌਲੀ-ਹੌਲੀ ਗੱਲ ਫ਼ਿਲਮੀ ਧੁਨਾਂ ਤੱਕ ਆ ਪਹੁੰਚੀ। ਅੱਜ ਦੇ ਹਜ਼ੂਰੀ ਰਾਗੀ ਨਿਰਧਾਰਿਤ ਰਾਗਾਂ ‘ਚ ਕੀਰਤਨ ਚੌਂਕੀ ਦੀਆਂ ਜ਼ਰੂਰੀ ਵੰਨਗੀਆਂ ‘ਸ਼ਾਨ’ ਵਜਾਉਣੀ ਅਤੇ ‘ਮੰਗਲਾਚਰਨ’ ਕਰਦੇ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ। ਬਹੁਤਿਆਂ ਲਈ ਪੜਤਾਲ ਕੀਰਤਨ ਸ਼ੈਲੀ ਦੂਰ ਦੀ ਕੌਡੀ ਹੈ।
31 ਰਾਗਾਂ ਵਿਚੋਂ ਵੀ ਬਿਲਾਵਲੁ, ਟੋਡੀ, ਸਾਰੰਗ, ਤਿਲੰਗ, ਤੁਖਾਰੀ ਅਤੇ ਕਲਿਆਨ ਆਦਿ ਵਿਚ ਹੀ ਕੁਝ ਕੁ ਚੋਣਵੇਂ ਸ਼ਬਦ ਰਾਗੀ ਜਥੇ ਗਾਉਂਦੇ ਹਨ, ਜਿਵੇਂ ਕਿ ਬਿਲਾਵਲੁ ਵਿਚ ‘ਚਰਨ ਕਮਲ ਪ੍ਰਭ ਕੇ ਨਿਤ ਧਿਆਵਉ’, ਟੋਡੀ ਵਿਚ ‘ਸਤਿਗੁਰ ਆਇਓ ਸਰਣਿ ਤੁਹਾਰੀ’, ਸਾਰੰਗ ਵਿਚ ‘ਠਾਕੁਰ ਤੁਮ੍ਰ ਸਰਣਾਈ ਆਇਆ’, ਤਿਲੰਗ ਵਿਚ ‘ਮੀਰਾਂ ਦਾਨਾਂ ਦਿਲ ਸੋਚ’, ਤੁਖਾਰੀ ਵਿਚ ‘ਘੋਲਿ ਘੁਮਾਈ ਲਾਲਨਾ’ ਅਤੇ ਕਲਿਆਨ ਵਿਚ ‘ਮੇਰੇ ਲਾਲਨ ਕੀ ਸੋਭਾ’ ਆਦਿ ਸ਼ਬਦ ਸ਼ਾਮਲ ਹਨ, ਜਦੋਂਕਿ ਉਪਰੋਕਤ ਰਾਗਾਂ ‘ਚ ਵੀ ਬੇਅੰਤ ਹੋਰ ਸ਼ਬਦ ਹਨ ਜੋ ਮਿਹਨਤ ਕਰਕੇ ਗਾਏ ਜਾ ਸਕਦੇ ਹਨ। ਉਪਰੋਕਤ ਰਾਗਾਂ ਤੋਂ ਇਲਾਵਾ ਬਾਕੀ ਰਾਗਾਂ ‘ਚ ਮਿਹਨਤ ਕਰਨ ਤੋਂ ਬਹੁਤੇ ਰਾਗੀ ਸਿੰਘ ਕੰਨੀ ਕਤਰਾਉਂਦੇ ਹਨ। ਇਸੇ ਤਰ੍ਹਾਂ ਹੀ ਤਾਲਾਂ ਦੀ ਗੱਲ ਕਰੀਏ ਤਾਂ ‘ਤੀਨ’ ਤਾਲ ਤੋਂ ਇਲਾਵਾ ‘ਕਹਿਰਵਾ’ ਅਤੇ ‘ਦਾਦਰਾ’ ਤੱਕ ਹੀ ਪਹੁੰਚ ਦੇਖੀ ਜਾਂਦੀ ਹੈ ਜਦੋਂਕਿ ਵੱਡੇ ਤਾਲਾਂ ਨੂੰ ਗਾਇਣ ਕਰਨ ‘ਚ ਮਿਹਨਤ ਲਗਦੀ ਹੋਣ ਕਾਰਨ ਅਜੋਕੇ ਕੀਰਤਨਕਾਰ ਉਨ੍ਹਾਂ ਦੀ ਵਰਤੋਂ ਤੋਂ ਗੁਰੇਜ਼ ਕਰਦੇ ਹਨ।
ਦਹਾਕਾ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਗਾਂ ਤੇ ਤੰਤੀ ਸਾਜ਼ਾਂ ਵਿਚ ਕੀਰਤਨ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤ ਵੇਲੇ ਆਸਾ ਦੀ ਵਾਰ, ਬਿਲਾਵਲੁ ਦੀ ਚੌਂਕੀ ਅਤੇ ਸ਼ਾਮ ਨੂੰ ਸੋਦਰੁ ਦੀ ਚੌਂਕੀ ਵੇਲੇ ਤੰਤੀ ਸਾਜ਼ਾਂ ਦੀ ਮਰਯਾਦਾ ਸੁਰਜੀਤ ਕਰਵਾਈ ਸੀ ਪਰ ਇਨ੍ਹਾਂ ਵਿਚ ਵੀ ਤੰਤੀ ਸਾਜ਼ਾਂ ਨੂੰ ਰਾਗੀ ਜਥੇ ਖ਼ੁਦ ਬਹੁਤ ਘੱਟ ਵਜਾਉਂਦੇ ਹਨ, ਸਗੋਂ ਦਿਲਰੁਬਾ ਵਜਾਉਣ ਵਾਲਾ ਇਕ ਵੱਖਰਾ ਸਾਜ਼ਿੰਦਾ ਜਥੇ ‘ਚ ਸ਼ਾਮਲ ਹੁੰਦਾ ਹੈ। ਇਹ ਵੀ ਵਿਡੰਬਣਾ ਹੈ ਕਿ ਸਿੱਖ ਪੰਥ ‘ਚ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲਿਆਂ ਦੀ ਕਦਰ ਦੀ ਘਾਟ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨਕਾਰਾਂ ਦੀ ਚੋਣ ਤੇ ਤਬਾਦਲਿਆਂ ਵਿਚ ਸਿਆਸੀ ਸਿਫ਼ਾਰਿਸ਼ਾਂ ਭਾਰੂ ਹੋਣ ਕਾਰਨ ਵੀ ਇੱਥੋਂ ਦੀ ਇਲਾਹੀ ਤੇ ਮੌਲਿਕ ਕੀਰਤਨ ਪਰੰਪਰਾ ਦੇ ਮਿਆਰ ਨੂੰ ਸੱਟ ਵੱਜੀ ਹੈ। ਕੁਝ ਸਮਾਂ ਪਹਿਲਾਂ ਸੰਗੀਤ ਜਗਤ ਦੇ ਉਸਤਾਦ ਛੋਟੇ ਗੁਲਾਮ ਅਲੀ ਖਾਂ (ਪਾਕਿਸਤਾਨ) ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਤਾਂ ਪਰਿਕਰਮਾ ਵਿਚ ਦਾਖ਼ਲ ਹੁੰਦਿਆਂ ਹੀ ਉਨ੍ਹਾਂ ਇੱਥੇ ਕੀਰਤਨ ਕਰਨ ਦੇ ਮਿਆਰ ‘ਚ ਆਈ ਗਿਰਾਵਟ ਤੋਂ ਨਿਰਾਸ਼ ਹੁੰਦਿਆਂ ਆਖਿਆ ਸੀ ਕਿ ਗੁਰੂ ਨਾਨਕ ਦਾ ਇਹ ਦਰ ਤਾਂ ਏਨਾ ਵੱਡਾ ਤੇ ਸੰਗੀਤ ਦੀ ‘ਆਦਿ ਤੇ ਅਮੁਕ ਧਾਰਾ’ ਹੈ ਕਿ ਇੱਥੋਂ ਦੇ ਕੀਰਤਨਕਾਰਾਂ ਦੀ ਨਕਲ ਤਾਂ ਦੁਨੀਆਂ ਦੇ ਵੱਡੇ-ਵੱਡੇ ਸੰਗੀਤਕਾਰ ਕਰਦੇ ਰਹੇ ਹਨ ਅਤੇ ਇੱਥੋਂ ਦੇ ਰਾਗ ਧਨੀ ਕੀਰਤਨਕਾਰਾਂ ਅੱਗੇ ਗਾਉਣ ਤੋਂ ਹਿੰਦੁਸਤਾਨ ਦੇ ਵੱਡੇ-ਵੱਡੇ ਗਵੱਈਏ ਕੰਨ੍ਹ ਭੰਨਦੇ ਹੁੰਦੇ ਸਨ ਪਰ ਅੱਜ ਇਹ ਮਿਆਰ ਏਨਾ ਨੀਵਾਂ ਕਿਉਂ ਡਿਗ ਪਿਆ ਹੈ ਕਿ ਰਾਗ, ਸੁਰ, ਤਾਲ ਦੀ ਵੀ ਪੂਰੀ ਤਰ੍ਹਾਂ ਸੋਝੀ ਨਾ ਰੱਖਣ ਵਾਲੇ ਇੱਥੇ ਰਾਗੀ ਭਰਤੀ ਕੀਤੇ ਹਨ।
ਮਰਹੂਮ ਭਾਈ ਨਿਰਮਲ ਸਿੰਘ ਖ਼ਾਲਸਾ, ਮਰਹੂਮ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ, ਪ੍ਰੋ. ਕਰਤਾਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਡਾ. ਗੁਰਨਾਮ ਸਿੰਘ ਪਟਿਆਲਾ, ਭਾਈ ਅਵਤਾਰ ਸਿੰਘ ਦਿੱਲੀ ਵਾਲੇ, ਭਾਈ ਰਣਧੀਰ ਸਿੰਘ, ਭਾਈ ਨਰਿੰਦਰ ਸਿੰਘ ਬਨਾਰਸ ਵਾਲੇ, ਭਾਈ ਗੁਰਮੀਤ ਸਿੰਘ ਸ਼ਾਂਤ ਤੋਂ ਬਾਅਦ ਨਵੀਂ ਪੀੜ੍ਹੀ ‘ਚੋਂ ਭਾਈ ਜਸਪਿੰਦਰ ਸਿੰਘ, ਭਾਈ ਸ੍ਰੀਪਾਲ ਸਿੰਘ, ਭਾਈ ਹਰਪਿੰਦਰ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾ. ਗੁਰਿੰਦਰ ਸਿੰਘ ਬਟਾਲਾ ਵਰਗੇ ਕੁਝ ਹਜ਼ੂਰੀ ਰਾਗੀ ਸਿੰਘਾਂ ਦੇ ਨਾਂਅ ਜ਼ਿਕਰਯੋਗ ਹਨ, ਜੋ ਗੁਰੂ ਸਾਹਿਬਾਨ ਦੀ ਰਾਗ ਤੇ ਤੰਤੀ ਸਾਜ਼ਾਂ ਦੀ ਕੁਲ ਦੁਨੀਆ ਤੋਂ ਵਿਲੱਖਣ ਕੀਰਤਨ ਸ਼ੈਲੀ ਨੂੰ ਜ਼ਿੰਦਾ ਰੱਖ ਰਹੇ ਹਨ। ਅੱਜ ਜਿੱਥੇ ਫ਼ਿਲਮੀ ਧੁਨਾਂ ਤੇ ਮਨਘੜਤ ਤਰਜ਼ਾਂ ‘ਤੇ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੂੰ ਤੰਤੀ ਸਾਜ਼ਾਂ ਅਤੇ ਪੱਕੇ ਰਾਗਾਂ ਵਿਚ ਕੀਰਤਨ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ਹੈ, ਉੱਥੇ ਨਿਰਧਾਰਿਤ ਰਾਗਾਂ ‘ਚ ਕੀਰਤਨ ਕਰਨ ਵਾਲੇ ਕੀਰਤਨਕਾਰਾਂ ਨੂੰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ ਤਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸਥਾਪਿਤ ਕੀਤੀ ਨਿਰਧਾਰਿਤ ਕੀਰਤਨ ਪਰੰਪਰਾ ਨੂੰ ਪੁਰਾਤਨ ਸਮਿਆਂ ਵਾਲੇ ਜਲਵੇ ‘ਚ ਲਿਆਂਦਾ ਜਾ ਸਕੇ। ੲੲੲ

RELATED ARTICLES
POPULAR POSTS