Breaking News
Home / ਮੁੱਖ ਲੇਖ / ਸਾਕਾ ਸ੍ਰੀ ਚਮਕੌਰ ਸਾਹਿਬ : 10 ਲੱਖ ਫੌਜ ਨਾਲ ਲੜੇ ਚਾਲੀ ਸਿੰਘ

ਸਾਕਾ ਸ੍ਰੀ ਚਮਕੌਰ ਸਾਹਿਬ : 10 ਲੱਖ ਫੌਜ ਨਾਲ ਲੜੇ ਚਾਲੀ ਸਿੰਘ

ਭਾਈ ਸਵਰਨ ਸਿੰਘ
ਸਤਾਧਾਰੀ ਅਧਰਮੀ ਅਤੇ ਸੱਚੇ ਧਰਮੀ ਪੁਰਸ਼ ਵਿਚਕਾਰ ਟੱਕਰ ਸ੍ਰਿਸ਼ਟੀ ਦੀ ਸਿਰਜਨਾ ਵੇਲੇ ਤੋਂ ਅਰੰਭ ਹੈ। ਜਾਂ ਇੰਜ ਕਹਿ ਲਈਏ ਕਿ ਬੁਰਿਆਈ ਅਤੇ ਚੰਗਿਆਈ ਦਾ ਮੁਢੋਂ ਹੀ ਆਪਸੀ ਵਿਰੋਧ ਚਲਿਆ ਆ ਰਿਹਾ ਹੈ। ‘ਭਗਤੀ’ ਬਗੈਰ ਸ਼ਕਤੀ ਮਨੁੱਖ ਨੂੰ ਅਹੰਕਾਰੀ, ਨਿਰਦਈ, ਕਾਮੀ ਅਤੇ ਅਤਿ ਦਾ ਜ਼ੁਲਮੀ ਬਣਾ ਦਿੰਦੀ ਹੈ। ਜਦੋਂ ਕਿ ਭਗਤੀ-ਸ਼ਕਤੀ ਦੇ ਸੁਮੇਲ ਵਾਲਾ ਮਨੁੱਖ ਸਵੈ-ਵਿਸ਼ਵਾਸੀ ਤਾਂ ਬਣਦਾ ਏ, ਪਰ ਅਭਿਮਾਨੀ ਨਹੀਂ। ਸਵੈ-ਰੱਖਿਆ ਲਈ ਤਲਵਾਰ ਦੀ ਵਰਤੋਂ ਕਰਕੇ ਉਪਕਾਰ ਵੀ ਕਰਦਾ ਹੈ, ਪਰ ਦਇਆ-ਹੀਣ ਤੇ ਅੱਤਿਆਚਾਰੀ ਹਰਗਿਜ਼ ਨਹੀਂ ਬਣਦਾ। ਸਪੱਸ਼ਟ ਹੈ ਕਿ ਭਗਤੀ-ਸ਼ਕਤੀ ਦਾ ਜੋੜ ਚੰਗਿਆਈ ਦਾ ਪ੍ਰਤੀਕ ਹੈ। ਸਿਰਫ਼ ਸ਼ਕਤੀ ਅਨੇਕਾਂ ਬੁਰਿਆਈਆਂ ਦੀ ਮਾਂ ਹੈ।
ਦਿੱਲੀ ਦੇ ਤਖ਼ਤ ਦੀ ਹਕੂਮਤ ਅਥਾਹ ਸ਼ਕਤੀ ਦੇ ਮਾਲਕ ਔਰੰਗਜ਼ੇਬ ਨੇ ਸੰਭਾਲੀ। ਉਸ ਨੇ ਰਾਜ-ਗੱਦੀ ਲਈ ਪਹਿਲਾਂ ਭਰਾਵਾਂ ਦਾ ਕਤਲ ਕੀਤਾ, ਫਿਰ ਪਿਤਾ ਸ਼ਾਹ ਜਹਾਨ ਨੂੰ ਕੈਦ-ਖ਼ਾਨੇ ਵਿਚ ਬੰਦ ਕਰ ਦਿੱਤਾ, ਜੋ ਦੁਖ ਸਹਿ ਸਹਿ ਕੇ ਅੰਤ ਜੇਲ੍ਹ ਅੰਦਰ ਹੀ ਦਮ ਤੋੜ ਗਿਆ। ਇਨ੍ਹਾਂ ਕੁਕਰਮਾਂ ਉਤੇ ਪਰਦਾ ਪਾਉਣ ਲਈ ਉਸ ਨੇ ਮੁਸਲਿਮ ਧਰਮ ਦੇ ਪ੍ਰਚਾਰ ਦਾ ਢੌਂਗ ਰਚਿਆ। ਇਸ ਆੜ ਹੇਠਾਂ ਅਨੇਕਾਂ ਹਿੰਦੂ ਮੰਦਰ ਤੇ ਉਨ੍ਹਾਂ ਦੇ ਧਾਰਮਿਕ ਅਸਥਾਨ ਢਾਹ-ਢੇਰੀ ਕੀਤੇ ਗਏ। ਜਿਹੜਾ ਹਿੰਦੂ ਇਸਲਾਮ ਕਬੂਲ ਲੈਂਦਾ ਉਹ ਬਚ ਜਾਂਦਾ, ਬਾਕੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਹਿੰਦੂ ਦੇਵੀਆਂ ਦੀ ਸਤ ਪਤ ਹਕੂਮਤ ਦੇ ਕਹਿਰ ਦਾ ਸ਼ਿਕਾਰ ਬਣ ਗਈ। ਸੰਤਾਂ, ਭਗਤਾਂ ਅਤੇ ਗੁਰੂਆਂ ਨੂੰ ਵੀ ਜ਼ੁਲਮ ਦੀ ਹਨੇਰੀ ਵਿਚੋਂ ਲੰਘਣਾ ਪਿਆ। ਸਰਮੱਦ, ਮਨਸੂਰ ਹੱਲਾਜ, ਸ਼ਹਾਬੁਦੀਨ ਸੁਹਰਾਵਰਦੀ ਮਕਤੂਲ, ਫਰੀਦੁੱਦੀਨ ਵਰਗੇ ਸੂਫ਼ੀ ਫ਼ਕੀਰਾਂ ਅਤੇ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਜਿਹੇ ਮਹਾਂ ਦਾਰਸ਼ਨਿਕਾਂ ਨੂੰ ਵੀ ਸ਼ਹੀਦ ਕੀਤਾ ਗਿਆ।
ਇਸ ਅਤਿ ਦੇ ਜ਼ੁਲਮੀ ਅਨ੍ਹਿਆਂ ਵਿਰੁੱਧ ਡਟਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਫ਼ੌਜ ਦੀ ਸਿਰਜਨਾ ਕੀਤੀ। ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਤਿਆਚਾਰ ਵਿਰੁੱਧ ਜੂਝਣ ਲਈ ਕਿਲ੍ਹਿਆਂ ਦੀ ਉਸਾਰੀ ਕੀਤੀ ਗਈ। ਸਿੰਘਾਂ ਨੂੰ ਧਰਮ ਤੋਂ ਮਰ ਮਿਟਣ ਦੀ ਅਤੇ ਹਥਿਆਰਾਂ ਦੀ ਸਿਖਲਾਈ ਦਿੱਤੀ ਗਈ। ਅਜਿਹਾ ਕਰਨਾ ਨਾ ਹਿੰਦੁਸਤਾਨ ਦੇ ਗ਼ੱਦਾਰ ਬਾਈਧਾਰ ਦੇ ਪਹਾੜੀ ਰਾਜਿਆਂ ਨੂੰ ਭਾਉਂਦਾ ਸੀ ਅਤੇ ਨਾ ਹੀ ਦਿੱਲੀ ਦੀ ਹਕੂਮਤ ਬਰਦਾਸ਼ਤ ਕਰ ਸਕਦੀ ਸੀ।
ਪਹਾੜੀ ਰਾਜਿਆਂ ਵਲੋਂ ਔਰੰਗਜ਼ੇਬ ਪਾਸ ਸ਼ਿਕਾਇਤ ਤੇ ਸ੍ਰੀ ਅਨੰਦਪੁਰ ਦਾ ਘੇਰਾ: ਗੁਰੂ ਜੀ ਦੇ ਵਿਰੁੱਧ ਬਾਦਸ਼ਾਹ ਔਰੰਗਜ਼ੇਬ ਨੂੰ ਭੜਕਾਉਣ ਲਈ ਪਹਾੜੀ ਰਾਜਿਆਂ ਨੇ ਇਕ ਚਿੱਠੀ ਲਿਖ ਕੇ ਭੇਜੀ। ਉਸ ਵਿਚ ਲਿਖਿਆ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਿਕ ਸ਼ਕਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਉਹ ਸਿੱਖ ਸੰਗਤਾਂ ਵਿਚ ਬਾਦਸ਼ਾਹਾਂ ਵਾਂਗ ਕਲਗ਼ੀ ਲਗਾ ਕੇ ਦਰਬਾਰ ਸਜਾਉਂਦਾ ਹੈ। ਹਕੂਮਤ ਵਿਰੁੱਧ ਲੜ ਕੇ ਪਿਤਾ ਦਾ ਬਦਲਾ ਲੈਣ ਲਈ ਖ਼ਾਲਸਾ ਫ਼ੌਜ ਦੀ ਸਿਰਜਨਾ ਕਰ ਰਿਹਾ ਹੈ। ਅਨੇਕਾਂ ਸਿਰਲੱਬ ਸ਼ਰਧਾਲੂ ਉਸ ਪਾਸ ਇਕੱਤਰ ਹੋ ਗਏ ਹਨ। ਉਨ੍ਹਾਂ ਨੂੰ ਘੋੜ-ਸਵਾਰੀ ਅਤੇ ਮਾਰੂ ਸ਼ਸਤਰਾਂ ਦੀ ਵਿਉਂਤ-ਬੰਦ ਢੰਗ ਨਾਲ ਸਿਖ਼ਲਾਈ ਦਿੱਤੀ ਜਾਂਦੀ ਹੈ। ਆਪਣੀ ਸੁਰੱਖਿਆ ਲਈ ਕਿਲ੍ਹੇ ਉਸਾਰੇ ਗਏ ਹਨ। ਸਿੰਘਾਂ ਦੇ ਘੋੜੇ ਅਕਸਰ ਪਰਜਾ ਦੀਆਂ ਫ਼ਸਲਾਂ ਦਾ ਨੁਕਸਾਨ ਕਰਦੇ ਰਹਿੰਦੇ ਹਨ। ਸੋ ਛੇਤੀ ਤੋਂ ਛੇਤੀ ਸੰਭਲਣ ਦੀ ਲੋੜ ਹੈ ਅਤੇ ਦੁਸ਼ਮਣ ਨੂੰ ਤਾਕਤ ਵਿਚ ਆਉਣ ਤੋਂ ਪਹਿਲਾਂ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ।
ਉਪਰੋਕਤ ਚਿੱਠੀ ਜਦੋਂ ਬਾਦਸ਼ਾਹ ਦਿੱਲੀ ਪਾਸ ਪੁੱਜੀ ਤਾਂ ਉਹ ਗੁੱਸੇ ਤੇ ਕ੍ਰੋਧ ਨਾਲ ਭੱਖ ਉਠਿਆ। ਪਹਾੜੀ ਰਾਜਿਆਂ ਦੀ ਚੁਗਲੀ ਉਤੇ ਇਤਬਾਰ ਕਰਕੇ, ਬਿਨਾਂ ਕੋਈ ਖੋਜ-ਪੜਤਾਲ ਕੀਤਿਆਂ ਗੁਰੂ ਸਾਹਿਬ ਨੂੰ ਪਕੜਨ ਲਈ ਜਰਨੈਲਾਂ ਨੂੰ ਹੁਕਮ ਕਰ ਦਿੱਤਾ। ਪੰਜਾਬ ਅਤੇ ਹੋਰ ਸੂਬੇਦਾਰਾਂ ਨੂੰ ਜਰਨੈਲਾਂ ਦੀ ਮਦਦ ਲਈ ਇਕ ਰੁੱਕਾ ਲਿਖ ਭੇਜਿਆ। ਭਾਈ ਰਤਨ ਸਿੰਘ ਭੰਗੂ ਲਿਖਦੇ ਹਨ:
‘ਦਸ ਲਖ ਫੌਜ ਕਾਬਲ ਦਰੈ ਪਤਿ ਦਿੱਲੀ ਹੁਤੀ ਰਖਾਇ॥
ਦੀਨੈ ਰੁੱਕੈ ਲਿਖ ਉਨੈ-ਪੜੋ ਗੁਰੂ ਪਰ ਧਾਇ॥੧੪॥
(ਪ੍ਰਾਚੀਨ ਪੰਥ ਪ੍ਰਕਾਸ਼, ਪੰਨਾ ੫੧-੫੨)
ਸੂਬੇਦਾਰਾਂ, ਨਵਾਬਾਂ, ਜਰਨੈਲਾਂ ਅਤੇ ਪਹਾੜੀ ਰਾਜਿਆਂ ਰਲ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਘੇਰਿਆ। ਘੇਰਾ ਕਾਫ਼ੀ ਸਮਾਂ ਚਲਦਾ ਰਿਹਾ। ਸ਼ਾਹੀ ਫੌਜਾਂ ਸਿੰਘਾਂ ਦੀ ਮਾਰ ਹੇਠਾਂ ਸਨ, ਜਿਸ ਕਰਕੇ ਉਨ੍ਹਾਂ ਨੂੰ ਕਾਫ਼ੀ ਜਾਨੀ-ਮਾਲੀ ਨੁਕਸਾਨ ਉਠਾਉਣਾ ਪਿਆ। ਗੁਰੂ ਜੀ ਅਨੰਦਗੜ੍ਹ ਕਿਲ੍ਹੇ ਅੰਦਰ ਮਜ਼ਬੂਤ ਕਿਲ੍ਹੇ-ਬੰਦੀ ਕਰੀ ਸੁਰੱਖਿਅਤ ਬੈਠੇ ਸਨ। ਪਰ ਲੰਗਰ ਲਈ ਰਸਦਾਂ ਆਉਣੀਆਂ ਬੰਦ ਹੋ ਚੁੱਕੀਆਂ ਸਨ।
ਸ੍ਰੀ ਅਨੰਦਪੁਰ ਸਾਹਿਬ ਛੱਡਣਾ ਤੇ ਕੱਚੀ ਹਵੇਲੀ ਵਿਚ ਡੇਰੇ : ੬ ਅਤੇ ੭ ਪੋਹ ਸੰਮਤ ੧੭੬੨ ਬਿਕ੍ਰਮੀ (੫-੬ ਦਸੰਬਰ ਸੰਨ ੧੭੦੫ ਈ.) ਦੀ ਅੱਧੀ ਰਾਤ ਵੇਲੇ ਗੁਰੂ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਸਿੰਘਾਂ ਸਮੇਤ ਛੱਡ ਦਿੱਤਾ। ਗੁਰੂ ਜੀ ਅਜੇ ੮ ਕੁ ਕਿਲੋਮੀਟਰ ਹੀ ਆਏ ਸਨ ਕਿ ਸ਼ਾਹੀ ਫੌਜਾਂ ਨੇ ਹੱਲਾ ਕਰ ਦਿੱਤਾ। ਇਸ ਹਮਲੇ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਥੇ ਨੇ ਰੋਕਿਆ। ਗੁਰੂ ਸਾਹਿਬ ਨੇ ਸ਼ਾਹੀ ਟਿੱਬੀ ‘ਤੇ ਖਲੋ ਕੇ ਵੇਖਿਆ ਅਤੇ ਭਾਈ ਉਦੈ ਸਿੰਘ ਨੂੰ ਕੋਲ ਬੁਲਾ ਕੇ ਵੱਧਦੀ ਫ਼ੌਜ ਨੂੰ ਰੋਕਣ ਲਈ ਹੁਕਮ ਦਿੱਤਾ। ਭਾਈ ਕੋਇਰ ਸਿੰਘ ਲਿਖਦੇ ਹਨ : ਕੀਰਤਪੁਰ ਤੇ ਲੈ ਯੁਧ ਜਬ ਹੋਈ॥
ਮਗ ਮੈ ਹੋਤ ਜਾਤ ਹੈ ਸੋਈ॥ਤਾ ਕੋ ਭੇਖ ਗੁਰੂ ਜੀ ਭਾਯੋ॥
ਉਦੈ ਸਿੰਘ ਕੋ ਨਿਕਟ ਬੁਲਾਯੋ॥੩॥੪੮॥
ਸਯਾਹੀ ਟਿੱਬੀ ਆਨ ਕੇ ਖੜੇ ਭਏ ਤਿਹ ਠਾਮ॥
ਰਾਜੇ ਅਵਰ ਮਲੇਛ ਸਬ ਨਿਕਟ ਪਹੁੰਚੇ ਆਨ॥
ਉਦੈ ਸਿੰਘ ਲਲਕਾਰ ਕੈ, ਖੁਸ਼ੀ ਕਰੀ ਕਰਤਾਰ॥
ਸਫਲ ਜਨਮ ਇਨਕਾ ਭਯੋ ਦੂਤਨ ਕਰੋ ਸੰਘਾਰ॥
(ਗੁਰ ਬਿਲਾਸ ਪਾਤਸ਼ਾਹੀ ੧੦, ਪੰਨਾ ੧੯੫)
ਭਾਈ ਉਦੈ ਸਿੰਘ ਦੇ ਜਥੇ ਨੇ ਹੜ੍ਹ ਵਾਂਗ ਵੱਧਦੇ ਵੈਰੀ ਦਲ ਨਾਲ ਟਾਕਰਾ ਕਰਦਿਆਂ ਰੋਕੀ ਰੱਖਿਆ ਅਤੇ ਅੰਤ ਘਮਸਾਨ ਦਾ ਯੁੱਧ ਕਰਦੇ ਕਰਦੇ ਸ਼ਹਾਦਤ ਪ੍ਰਾਪਤ ਕੀਤੀ। ਹੁਣ ਤੱਕ ਗੁਰੂ ਸਾਹਿਬ ਸਰਸਾ ਨਦੀ ਪਾਰ ਕਰਕੇ ਕਾਫੀ ਅੱਗੇ ਲੰਘ ਚੁੱਕੇ ਸਨ। ਸਰਸਾ ਨਦੀ ਪਾਰ ਕਰਨ ਵੇਲੇ ਨਦੀ ਜ਼ੋਰਾਂ ‘ਤੇ ਚੱਲ ਰਹੀ ਸੀ, ਜਿਸ ਕਾਰਨ ਅਨੇਕਾਂ ਸਿੰਘਾਂ ਅਤੇ ੫੨ ਕਵੀਆਂ ਵਲੋਂ ਲਿਖਿਆ ਮਹਾਨ ਪਵਿੱਤਰ ”ਵਿਦਿਆਧਰ’ ਗ੍ਰੰਥ ਵੀ ਉਸ ਦੀ ਭੇਟ ਚੜ੍ਹ ਗਿਆ। ਅੱਗੋਂ ਰੋਪੜ੍ਹ ਦੇ ਰੰਘੜਾਂ ਨੇ ਸਿੰਘਾਂ ਉਤੇ ਹਮਲਾ ਕਰ ਦਿੱਤਾ। ਉਹ ਤਾਂ ਇੱਥੋਂ ਤੱਕ ਈਮਾਨੋਂ ਡਿੱਗ ਗਏ ਕਿ ਸਿੰਘਾਂ ਨੂੰ ਘਰਾਂ ਦੇ ਅੰਦਰ ਵਾੜ-ਵਾੜ ਕਤਲ ਕਰ ਦਿੱਤਾ। ਇਸ ਹਫੜਾ-ਦਫੜੀ ਵਿਚ ਗੁਰੂ ਪਰਿਵਾਰ ਤਿੰਨ ਹਿੱਸਿਆ ਵਿਚ ਵੰਡਿਆ ਗਿਆ। ਦੋਨੋਂ ਮਹਿਲਾਵਾਂ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਨੂੰ ਗੁਰੂ ਜੀ ਨੇ ਭਾਈ ਮਨੀ ਸਿੰਘ ਤੇ ਜਵਾਹਰ ਦੇ ਸਾਥ ਦਿੱਲੀ ਵਲ ਨੂੰ ਘੱਲ ਦਿੱਤਾ। ਘੋਰ ਹਨੇਰੀ ਪੋਹ ਦੀ ਠੰਡੀ ਠਾਰ ਰਾਤ ਵਿਚ ਜਿੱਥੇ ਹੱਥ ਮਾਰਿਆਂ ਦਿਖਾਈ ਨਹੀਂ ਸੀ ਦਿੰਦਾ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਗੁਰੂ ਜੀ ਤੋਂ ਵਿਛੁੜ ਗਏ। ਗੁਰੂ ਸਾਹਿਬ ਆਪ ਦੋ ਵੱਡੇ ਸਾਹਿਬਜ਼ਾਦਿਆਂ ਤੇ ਕੁਝ ਸਿੰਘਾਂ ਦੇ ਸਾਥ ਕੋਟਲਾ ਨਿਹੰਗ, ਦੁਲਚੀ ਮਾਜਰਾ ਅਤੇ ਬੂਰ ਮਾਜਰਾ ਰਾਹੀਂ ਚਮਕੌਰ ਸਾਹਿਬ ਆ ਪੁੱਜੇ। ਪਹਿਲਾਂ ਬਾਗ ਵਿਚ ਉਤਾਰਾ ਕੀਤਾ। ਫਿਰ ਚੌਧਰੀ ਗਰੀਬੂ ਜ਼ਿੰਮੀਦਾਰ ਦੀ ਬੇਨਤੀ ‘ਤੇ ਕੱਚੀ ਹਵੇਲੀ ਵਿਚ ਜਾ ਬੈਠੇ। ਉਸ ਨੂੰ ਗੜ੍ਹੀ ਦਾ ਰੂਪ ਦੇ ਕੇ ਵੈਰੀ ਨੂੰ ਉਡੀਕਣ ਲੱਗੇ। ਭਾਈ ਕੋਇਰ ਸਿੰਘ ਕਥਨ ਕਰਦੇ ਹਨ :
ਬਾਗ ਦੇਖ ਉਤਰੇ ਤਹਾਂ, ਨਿਕਟ ਗ੍ਰਾਮ ਚਮਕੌਰ॥੬॥੫॥…
ਕਰ ਜੋੜ ਬਹੁ ਬਿਨਤਿ ਉਚਾਰੀ॥ ਚਲੋ ਮਧਿ ਚਮਕੌਰ ਸਿਧਾਰੀ॥
(ਗੁਰ ਬਿਲਾਸ ਪਾਤਸ਼ਾਹੀ ੧੦, ਪੰਨਾ ੧੯੫)
ਗੁਰੂ ਜੀ ਨੇ ਬੜੀ ਸੂਝ-ਬੂਝ ਅਤੇ ਜੰਗੀ ਦ੍ਰਿਸ਼ਟੀਕੋਟ ਤੋਂ ਇਸ ਹਵੇਲੀ ਵਿਚ ਮੋਰਚੇ-ਬੰਦੀ ਕੀਤੀ। ਇਹ ਉੱਚੀ ਥਾਂ ਉਤੇ ਬਣੀ ਹੋਈ ਸੀ, ਜਿੱਥੋਂ ਦੁਸ਼ਮਣ ਨੂੰ ਮਾਰ ਥੱਲੇ ਲਿਆ ਕੇ ਪਿਛਾਂਹ ਧੱਕਿਆ ਜਾ ਸਕਦਾ ਸੀ। ਸ਼ਾਹੀ ਫ਼ੌਜਾਂ ਭੀ ਪਿੱਛਾ ਕਰਦੀਆਂ ਤੂਫ਼ਾਨ ਵਾਂਗ ਆ ਉਤਰੀਆਂ। ਚਮਕੌਰ ਦੀ ਧਰਤੀ ਵਿਚ ਕੋਹਾਂ ਤੱਕ ਫ਼ੌਜਾਂ ਹੀ ਫ਼ੌਜਾਂ ਦਿਖਾਈ ਦਿੰਦੀਆਂ ਸਨ।
੭ ਪੋਹ ਦਾ ਯੁੱਧ : ੭ ਪੋਹ ੧੭੬੨ ਬਿਕ੍ਰਮੀ (੬ ਦਸੰਬਰ ੧੭੦੫ ਈ.) ਵਾਲੇ ਦਿਨ ਚਮਕੌਰ ਸਾਹਿਬ ਦੀ ਧਰਤੀ ਉਤੇ ਘਮਸਾਨ ਦਾ ਯੁੱਧ ਰਚਿਆ ਜਾ ਰਿਹਾ ਸੀ। ਇਕ ਪਾਸੇ ਸਤਿਗੁਰੂ ਜੀ ਕੱਚੀ ਹਵੇਲੀ ਅੰਦਰ ਸਨ। ਉਨ੍ਹਾਂ ਨਾਲ ਸਿੰਘਾਂ ਦੀ ਗਿਣਤੀ ਸਿਰਫ਼ ਚਾਲੀ ਸੀ। ”ਜ਼ਫ਼ਰਨਾਮੇ” ਵਿਚ ਪਾਤਸ਼ਾਹ ਆਪ ਲਿਖਦੇ ਹਨ :
‘ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ॥
ਕਿ ਦਹ ਲਖ ਬਰਆਯਦ ਬਰੋ ਬੇਖ਼ਬਰ॥੧੯॥
ਅਰਥਾਤ ਭੁੱਖਣ-ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ, ਜੇਕਰ ਉਨ੍ਹਾਂ ਉਤੇ ੧੦ ਲੱਖ ਫ਼ੌਜ ਅਚਨਚੇਤ ਟੁੱਟ ਪਏ। ‘ਸੌ ਸਾਖੀ’ ਦਾ ਕਰਤਾ ਵੀ ਇਸ ਦੀ ਪੁਸ਼ਟੀ ਇਉਂ ਕਰਦਾ ਹੈ :
”ਚਾਲੀਸ ਸਿਖ ਸੰਗ, ਛੁਟੈ ਰੈਨ ਸਾਰਾ॥…
ਲੜੇ ਚਮਕੌਰ ਫ਼ੌਜ ਆਈ ਦਸ ਲਾਖ॥” (ਸੌ ਸਾਖੀ)
ਦੂਜੇ ਪਾਸੇ ੧੦ ਲੱਖ ਫ਼ੌਜ ਸੀ ਜਿਸ ਦੀ ਪੁਸ਼ਟੀ ਉਪਰੋਕਤ ਪ੍ਰਮਾਣ ਕਰਦੇ ਹਨ। ਸ਼ਾਹੀ ਫ਼ੌਜ ਦੇ ਮੁੱਖ ਆਗੂ ਸਨ: ਜਰਨੈਲ ਭੂਰੇ ਖ਼ਾਂ, ਇਸਮਾਇਲ ਖ਼ਾਂ, ਗ਼ੈਰਤ ਖ਼ਾਂ ਅਤੇ ਸੁਲਤਾਨ ਖ਼ਾਂ ਦਿੱਲੀ ਵਲੋਂ, ਤਿੰਨ ਸੂਬੇਦਾਰ ਜ਼ਬਰਦਸਤ ਖ਼ਾਂ, ਦਲੇਰ ਖ਼ਾਂ ਤੇ ਵਜ਼ੀਰ ਖ਼ਾਂ, ਪੰਜੇ ਮਲੇਰਕੋਟੀਏ, ਨਾਹਰ ਖ਼ਾਂ, ਨੁਸਰਤ ਖ਼ਾਂ, ਵਲੀ ਮੁਹੰਮਦ (ਤਿੰਨੋਂ ਸਕੇ ਭਰਾ), ਖ਼ਵਾਜ਼ਾ ਖ਼ਿਜਰ ਅਤੇ ਸ਼ੇਰ ਮੁਹੰਮਦ (ਦੋਨੋਂ ਭਰਾ। ਇਨ੍ਹਾਂ ਤੋਂ ਇਲਾਵਾ ਅਫ਼ਗਾਨ ਖ਼ਾਂ ਅਤੇ ਪਹਾੜੀ ਰਾਜੇ ਸਨ। ਅਜਿਹਾ ਅਸੰਤੁਲਿਤ ਜੰਗੀ ਟਾਕਰਾ ਦੁਨੀਆ ਦੇ ਇਤਿਹਾਸ ਵਿਚ ਕਿਤੇ ਨਹੀਂ ਮਿਲਦਾ ਕਿ ਇਕ ਪਾਸੇ ਸਿਰਫ਼ ਚਾਲੀ ਸੈਨਿਕ ਅਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿਚ ਫ਼ੌਜ ਹੋਵੇ।
ਗੁਰੂ ਜੀ ਦੇ ਸਿੰਘ ਇੰਨੀ ਫ਼ੌਜ ਦੇਖ ਕੇ ਨਾ ਹੀ ਘਾਬਰੇ ਅਤੇ ਨਾ ਹੀ ਆਤਮ ਸਮਰਪਣ ਕੀਤਾ, ਬਲਕਿ ਜੂਝ ਕੇ ਸ਼ਹੀਦ ਹੋਣ ਨੂੰ ਪਹਿਲ ਦਿੱਤੀ। ਇਹ ਗੁਰੂ ਤੇ ਗੁਰੂ ਖ਼ਾਲਸੇ ਦੀ ਨਿੱਡਰਤਾ, ਹੌਂਸਲੇ, ਦਲੇਰੀ ਅਤੇ ਸੂਰਮਤਾਈ ਦਾ ਸਬੂਤ ਸੀ। ਦੋਨਾਂ ਪਾਸਿਆਂ ਤੋਂ ਸੂਰਮੇ ਯੁੱਧ ਲਈ ਨਿੱਤਰ ਰਹੇ ਸਨ। ਮੁਸਲਿਮ ਫ਼ੌਜ ‘ਅਲੀ-ਅਲੀ’ ਦੇ ਨਾਹਰੇ ਮਾਰਦੀ ਗੜ੍ਹੀ ਵੱਲ ਤੂਫ਼ਾਨ ਵਾਂਗ ਵੱਧ ਰਹੀ ਸੀ। ਉਨ੍ਹਾਂ ਨੂੰ ਇਉਂ ਲੱਗਦਾ ਸੀ ਜਿਵੇਂ ਥੋੜ੍ਹੀ ਜਿਹੀ ਲੜਾਈ ਨਾਲ ਹੀ ਹਵੇਲੀ ਸਰ ਹੋ ਜਾਵੇਗੀ। ਪਰ ਉਨ੍ਹਾਂ ਦਾ ਜੋਸ਼ ਭਰਿਆ ਤੂਫ਼ਾਨ ਉਦੋਂ ਠੰਢਾ ਹੋ ਗਿਆ ਜਦੋਂ ਗੜ੍ਹੀ ਦੇ ਅੰਦਰੋਂ ਤੀਰਾਂ ਦੀ ਵਰਖ਼ਾ ਸ਼ੁਰੂ ਹੋਈ। ਸਤਿਗੁਰਾਂ ਨੇ ਤੀਰਾਂ ਦੀ ਬੁਛਾੜ ਐਸੀ ਯੋਜਨਾ ਨਾਲ ਅਰੰਭ ਕੀਤੀ ਕਿ ਵੈਰੀ ਦਲ ਅੱਗੇ ਵਧਣੋਂ ਰੁਕ ਗਿਆ ਅਤੇ ਮੁਗ਼ਲ ਫ਼ੌਜਾਂ ਨੂੰ ਅੰਤ ਪਿੱਛੇ ਹਟਣ ਲਈ ਮਜ਼ਬੂਰ ਹੋਣਾ ਪਿਆ। ਪੈਸੇ ਦੀ ਖ਼ਾਤਰ ਨੌਕਰ ਤਨਖਾਹਦਾਰ ਸਿਪਾਹੀ ਮੌਤ ਦੇ ਸਾਹਮਣੇ ਕਿੰਨੀ ਕੁ ਦੇਰ ਡਟ ਸਕਦੇ ਸਨ। ਜਦੋਂਕਿ ਦੂਜੇ ਪਾਸੇ ਸਿਰਲੱਥ ਯੋਧੇ ਸਿੰਘ ਮੌਤ-ਲਾੜੀ ਨੂੰ ਵਰਨ ਲਈ ਅਤੇ ਧਰਮ ਤੋਂ ਕੁਰਬਾਨ ਹੋਣ ਲਈ ਪ੍ਰਣ ਲਈ ਬੈਠੇ ਸਨ। ਸ਼ਾਹੀ ਫ਼ੌਜਾਂ ਨੇ ਗੜ੍ਹੀ ਅੰਦਰ ਪੁੱਜਣ ਲਈ ਪੌੜੀ ਲਾ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਅੰਦਰਲੀ ਤੀਰਾਂ ਦੀ ਮਾਰ ਨੇ ਉਨ੍ਹਾਂ ਦੀ ਇਸ ਵਿਉਂਤ ਨੂੰ ਅਸਫ਼ਲ ਬਣਾ ਦਿੱਤਾ। ਜਰਨੈਲ ਨਾਹਰ ਖ਼ਾਂ ਇਨ੍ਹਾਂ ਯਤਨਾਂ ਵਿਚ ਮਾਰਿਆ ਗਿਆ ਅਤੇ ਖ਼ਵਾਜਾ ਖ਼ਿਜਰ ਕੰਧ ਦੀ ਓਟ ਲੈ ਕੇ ਬਚ ਗਿਆ। ਸਤਿਗੁਰੂ ਜੀ ਲਿਖਦੇ ਹਨ ਕਿ ਜੇਕਰ ਉਹ ਸਾਹਮਣੇ ਹੁੰਦਾ ਤਾਂ ਇਕ ਤੀਰ ਉਸ ਨੂੰ ਵੀ ਬਖ਼ਸ ਦਿੰਦੇ। ਅਫ਼ਗਾਨ ਖ਼ਾਂ ਵੀ ਜੰਗ ਅੰਦਰ ਮਾਰਿਆ ਗਿਆ। ਸਤਿਗੁਰੂ ਜੀ ਇਸ ਘਟਨਾ ਨੂੰ ਜ਼ਫ਼ਰਨਾਮਾ ਵਿਚ ਇਉਂ ਬਿਆਨ ਕਰਦੇ ਹਨ :
ਚੁ ਦੀਦਮ ਕਿ ਨਾਹਰ ਬਿਯਾਮਦ ਬ-ਜੰਗ॥
ਚਸ਼ੀਦਹ ਯਕੇ ਤੀਰਿ ਮਨ ਬੇਦਰੰਗ॥੨੯॥…
ਬਸੇ ਹਮਲਹ ਕਰਦਹ ਬਸੇ ਜ਼ਖ਼ਮ ਖ਼ੁਰਦ॥
ਦੁ ਕਸ ਰਾ ਬਜਾਂ ਕੁਸ਼ਤੋ ਹਮ ਜਾਂ ਸਪੁਰਦ॥੩੩॥
ਕਿ ਆਂ ਖ਼੍ਵਾਜਹ ਮਰਦੂਦ ਸਾਯਹ ਦੀਵਾਰ॥
ਨਯਾਮਦਬ-ਮੈਦਾਂ ਬ-ਮਰਦਾਨਹ ਵਾਰ॥੩੪॥ (ਜ਼ਫ਼ਰਨਾਮਾ)
ਜਦੋਂ ਅੰਦਰ ਤੀਰਾਂ ਦੀ ਥੁੜ ਭਾਸਣ ਲੱਗੀ ਤਾਂ ਸਿੰਘ ਪੰਜ-ਪੰਜ ਦੇ ਜਥੇ ਬਣਾ ਕੇ ਤਲਵਾਰਾਂ ਤੇ ਨੇਜਿਆਂ ਨਾਲ ਲੈਸ ਹੋ, ਘੋੜਿਆਂ ਨੂੰ ਛੇੜ ‘ਸਤਿ ਸ੍ਰੀ ਅਕਾਲ’ ਦੇ ਨਾਹਰੇ ਗੂੰਜਾਉਂਦੇ ਹਵੇਲੀਓਂ ਨਿਕਲਦੇ ਮੈਦਾਨ ਵਿਚ ਦੁਸ਼ਮਣ ਨਾਲ ਲੋਹਾ ਲੈਂਦੇ ਅਤੇ ਅਨੇਕਾਂ ਨੂੰ ਮੌਤ ਦੇ ਹਵਾਲੇ ਕਰਕੇ, ਅੰਤ ਸ਼ਹੀਦ ਹੋ ਜਾਂਦੇ। ਮਿਤੀ ੭ ਪੋਹ ਨੂੰ ਸਾਰਾ ਦਿਨ ਲਹੂ ਡੋਲ੍ਹਵੀਂ ਲੜਾਈ ਹੁੰਦੀ ਰਹੀ, ਕੋਈ ਜਿੱਤ ਹਾਰ ਦਾ ਫ਼ੈਸਲਾ ਨਾ ਹੋਇਆ। ਲਗਭਗ ਅੱਧੇ ਕੁ ਸਿੰਘ ਸ਼ਹੀਦ ਹੋ ਚੁੱਕੇ ਸਨ। ਸੂਰਜ ਢੱਲਦਿਆਂ ਰਾਤ ਦਾ ਹਨੇਰਾ ਛਾ ਗਿਆ ਤੇ ਲੜਾਈ ਬੰਦ ਹੋ ਗਈ। ਫ਼ੌਜਾਂ ਆਪੋ ਆਪਣੇ ਠਿਕਾਣਿਆਂ ‘ਤੇ ਚਲੀਆਂ ਗਈਆਂ।
੮ ਪੋਹ ਦੀ ਲੜਾਈ : ਇਕ ਪਾਸੇ ਰਾਤ ਭਰ ਵੈਰੀ ਦਲ ਗੋਂਦਾਂ ਗੁੰਦਦਾ ਰਿਹਾ। ਉਹ ਚਾਹੁੰਦਾ ਸੀ ਕਿ ਗੁਰੂ ਜੀ ਜਿਉਂਦੇ ਸਾਡੇ ਹੱਥ ਆ ਜਾਣ ਅਤੇ ਬਾਦਸ਼ਾਹ ਤੋਂ ਮੂੰਹ-ਮੰਗਿਆ ਇਨਾਮ ਹਾਸਲ ਕਰੀਏ। ਪਰ ਜਿਹੜਾ ਫ਼ਿਕਰ ਉਨ੍ਹਾਂ ਨੂੰ ਵੱਢ-ਵੱਢ ਖਾਂਦਾ ਸੀ ਉਹ ਇਹ ਸੀ ਕਿ ਇਕ ਕੱਚੀ ਹਵੇਲੀ ਵਿਚ ਗਿਣਵੇਂ ਸਿੰਘ ਹਨ, ਉਹ ਸਾਥੋਂ ਲੱਖਾਂ ਤੋਂ ਪੂਰੇ ਇਕ ਦਿਨ ਲੜਾਈ ਵਿਚ ਮਾਰੇ ਨਹੀਂ ਜਾ ਸਕੇ। ਦੂਜੇ ਪਾਸੇ ਸਤਿਗੁਰੂ ਜੀ ਗਿਣਤੀ ਦੇ ਸਿੰਘਾਂ ਅਤੇ ਦੋਹਾਂ ਸਾਹਿਬਜ਼ਾਦਿਆਂ ਦੇ ਹੌਂਸਲੇ ਬੁਲੰਦ ਕਰ ਰਹੇ ਹਨ- ਸਿੰਘੋ, ਮਨੁੱਖ ਸਿਮਰਨ ਕਰਨ ਅਤੇ ਜ਼ੁਲਮ ਵਿਰੁੱਧ ਜੂਝਣ ਲਈ ਹੀ ਪੈਦਾ ਹੁੰਦਾ ਹੈ, ਇਸ ਦੀ ਅਸਲੀ ਜ਼ਿੰਦਗੀ ਹੱਕ, ਸੱਚ, ਇਨਸਾਫ਼ ਅਤੇ ਮਨੁੱਖਤਾ ਦੀ ਅਜ਼ਾਦੀ ਲਈ ਮਰ-ਮਿਟਣ ਵਿਚ ਹੀ ਹੈ। ਸਰੀਰ ਬਿਨਸਣਹਾਰ ਹੈ। ਇਸ ਨੂੰ ਧਰਮ ਤੋਂ ਕੁਰਬਾਨ ਕਰ ਦੇਣਾ ਹੀ ਸਦੀਵੀ ਜ਼ਿੰਦਗੀ ਹੈ। ਨਿਰਭੈਅਤਾ ਤੇ ਅਣਖ ਵਿਚ ਵਿਚਰਨਾ ਹੀ ਸਿੱਖ ਦਾ ਉਦੇਸ਼ ਹੈ। ਸਤਿਗੁਰੂ ਜੀ ਨੇ ਹੌਂਸਲੇ ਤੇ ਨਿਰਭੈਅਤਾ ਨਾਲ ਵਾਹਿਗੁਰੂ ਦਾ ਸ਼ੁਕਰ ਕਰਦਿਆਂ ਰਾਤ ਬਿਤਾਈ। ਅੱਲਾ ਯਾਰ ਖ਼ਾਂ ਜੋਗੀ ਲਿਖਦਾ ਹੈ :
ਵਾਹਿਗੁਰੂ ਵਾਹਿਗੁਰੂ ਹੈ, ਮੂੰਹ ਸੇ ਨਿਕਲਤਾ॥
ਹੈ ਤੂੰ ਹੀ ਤੂੰ, ਤੂੰ ਹੀ ਤੂੰ, ਮੂੰਹ ਸੇ ਨਿਕਲਤਾ॥
੮ ਪੋਹ ਦਾ ਸੂਰਜ ਚੜ੍ਹਦਿਆਂ ਹੀ ਲੜਾਈ ਫਿਰ ਸ਼ੁਰੂ ਹੋ ਗਈ। ‘ਅਲੀ-ਅਲੀ’ ਤੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਆਕਾਸ਼ ਵਿਚ ਗੂੰਜ ਰਹੇ ਸਨ। ਸੂਰਮੇ ਆਪਣਾ ਬਚਾਅ ਕਰਕੇ ਦੁਸ਼ਮਣ ਉੱਤੇ ਖ਼ਤਰਨਾਕ ਵਾਰ ‘ਤੇ ਵਾਰ ਕਰ ਰਹੇ ਸਨ। ਧਰਤੀ ਉੱਤੇ ਲੋਥਾਂ ਦੇ ਢੇਰ ਲੱਗ ਰਹੇ ਸਨ। ਜ਼ਖ਼ਮੀ ਸਿਪਾਹੀ ਤਕਲੀਫ਼ ਨਾਲ ਤੜਫ਼ ਰਹੇ ਸਨ। ਘੋੜੇ ਉਨ੍ਹਾਂ ਨੂੰ ਸੁੰਮਾਂ ਥੱਲੇ ਲਿਤਾੜ ਰਹੇ ਸਨ। ਕਰਾਹ ਰਹੇ ਸਿਪਾਹੀਆਂ ਦਾ ਖ਼ੂਨ ਪਰਨਾਲਿਆਂ ਵਾਂਗ ਵਹਿ ਰਿਹਾ ਸੀ ਅਤੇ ਧਰਤੀ ਲਾਲ ਹੀ ਲਾਲ ਦਿਸ ਰਹੀ ਸੀ। ਅਸਮਾਨ ਮਿੱਟੀ ਘੱਟੇ ਦੇ ਤੂਫ਼ਾਨ ਸਦਕਾ ਗਹਿਰਾ ਤੇ ਧੁੰਧਲਾਇਆ ਜਾਪਦਾ ਸੀ। ਇਸ ਸਮੇਂ ਗੜ੍ਹੀ ਵਿਚ ਗੁਰੂ ਜੀ ਦਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਪਿਤਾ ਤੋਂ ਮੈਦਾਨ-ਏ-ਜੰਗ ਵਿਚ ਜੂਝਣ ਦੀ ਆਗਿਆ ਮੰਗ ਰਿਹਾ ਹੈ। ਪਿਤਾ ਨੇ ਹੱਥੀਂ ਪੁੱਤਰ ਨੂੰ ਘੋੜ-ਸਵਾਰ ਕਰਕੇ ਜੰਗ ਨੂੰ ਇਹ ਕਹਿ ਕੇ ਤੋਰਿਆ, ”ਪੁੱਤਰ, ਖਿੜੇ ਮੱਥੇ ਕੁਰਬਾਨ ਹੋਣਾ, ਪਿੱਠ ਨਹੀਂ ਦਿਖਾਉਣੀ।” ਕੁਝ ਸਿੰਘਾਂ ਦੇ ਜਥੇ ਨੂੰ ਨਾਲ ਲੈ ਕੇ ਬਾਬਾ ਅਜੀਤ ਸਿੰਘ ਮੈਦਾਨ-ਏ-ਜੰਗ ਵਿਚ ਜੈਕਾਰੇ ਗੂੰਜਾਉਂਦਾ ਆ ਨਿੱਤਰਿਆ। ਗੁਰੂ ਜੀ ਦਾ ਸਮਕਾਲੀ ਕਵੀ, ਕਵੀ ਸੈਨਾਪਤਿ ਲਿਖਦਾ ਹੈ : ਭਈ ਅਸ ਵਾਜ ਅਬ ਜਾਹ ਰਣਜੀਤ ਸਿੰਘ, ਤੁਮ ਕਰਹੁ ਸੰਗ੍ਰਾਮ ਦੂਤਨ ਸੰਘਾਰੋ॥
ਖੁਸੀ ਤਾਹੀ ਸਮੈ ਲਈ ਗੁਰਦੇਵ, ਸੋ ਆਨ ਰਨ ਮਾਹਿ ਦਲ ਕੋ ਨਿਹਾਰੋ॥
(ਸ੍ਰੀ ਗੁਰੂ ਸੋਭਾ, ਪੰਨਾ ੭੭)
ਭਾਈ ਕੋਇਰ ਸਿੰਘ ਇਉਂ ਲਿਖਦੇ ਹਨ, ”ਏਕ ਅਜੀਤ ਸਿੰਘ ਬਲਵਾਨਾ॥ ਜਾਸ ਕੰਨਿਆ ਕੋ ਮਨ ਮਾਨਾ॥ (ਗੁਰ ਬਿਲਾਸ ਪਾ. ੧੦, ਪੰਨਾ ੨੦੦)
ਮੈਦਾਨ ਵਿਚ ਵੈਰੀਆਂ ਦੇ ਆਹੂ ਲਾਹੁੰਦਿਆਂ ਅਨੇਕਾਂ ਜ਼ਖ਼ਮ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਉੱਤੇ ਲੱਗੇ। ਇਉਂ ਸੂਰਬੀਰਾਂ ਵਾਂਗ ਲੜਦਿਆਂ-ਲੜਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਅੰਤ ਨੂੰ ਸ਼ਹੀਦੀ ਜਾਮ ਪ੍ਰਾਪਤ ਕਰਕੇ, ਸਦਾ ਲਈ ਅਮਰ ਹੋ ਗਏ। ਵੱਡੇ ਵੀਰ ਦੀ ਸ਼ਹਾਦਤ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਵੈਰੀ ਨਾਲ ਲੋਹਾ ਲੈਣ ਦੀ ਠਾਣੀ ਅਤੇ ਚੋਜੀ ਪ੍ਰੀਤਮ, ਪਿਤਾ ਜੀ ਅੱਗੇ ਆਪਣੀ ਇੱਛਾ ਪ੍ਰਗਟ ਕੀਤੀ। ਸਤਿਗੁਰਾਂ ਨੇ ਆਪਣੇ ਪੁੱਤਰ ਨੂੰ ਧਰਮ ਖ਼ਾਤਰ ਕੁਰਬਾਨ ਹੋਣ ਲਈ ਉਸ ਸਮੇਂ ਜੋ ਕੁਛ ਕਿਹਾ, ਉਸ ਦਾ ਜ਼ਿਕਰ ਇਕ ਮੁਸਲਮਾਨ ਲਿਖਾਰੀ ਨੇ ਬੜੇ ਸੁੰਦਰ ਰੂਪ ਵਿਚ ਕੀਤਾ ਹੈ :
ਬੇਟਾ ਤੁਮ ਹੀ ਥੇ ਪੰਥ ਕੇ ਬੇੜੇ ਖਵਈਆ॥
ਸਰ ਭੇਟ ਕਰੋ ਤਾਂ ਕਿ ਚਲੇ ਧਰਮ ਕੀ ਨਈਆ॥
ਲੇ ਦੇ ਕੇ ਤੁਮ ਹੀ ਯੇ ਮੇਰੇ ਗੁਲਸ਼ਨ ਕੇ ਬਕਈਆ॥
ਲੈ ਜਾਓ ਕਿ ਰਾਹ ਤਕਦੇ ਹੈਂ ਸਭ ਖਲਦ ਮੇਂ ਭਈਆ॥
ਖ਼ਾਹਿਸ਼ ਹੈ, ਤੁਮ ਤੁਮ੍ਹੇਂ ਤੰਗ ਚਲਾਤੇ ਹੂਏ ਦੇਖੇਂ॥
ਹਮ ਆਖੋਂ ਸੇ ਤੁਝੇ ਬਰਛੀ ਖਾਤੇ ਹੂਏ ਦੇਖੇਂ॥
(ਅੱਲਾ ਯਾਰ ਖ਼ਾਂ ਯੋਗੀ)
ਪੁੱਤਰ! ਧਰਮ ਖ਼ਾਤਰ ਮਰ ਮਿਟਣ ਵਾਲੇ ਕਿਸੇ ਪ੍ਰਵਾਨੇ ਨੂੰ ਮੈਂ ਕਦੇ ਨਹੀਂ ਰੋਕਿਆ, ਫਿਰ ਤੈਨੂੰ ਕਿਵੇਂ ਵਰਜ਼ ਸਕਦਾ ਹਾਂ। ਜਾ, ਸ਼ਹੀਦ ਵੀਰ ਤੈਨੂੰ ਉਡੀਕ ਰਿਹਾ ਹੈ। ਮੇਰੀ ਵੀ ਤਮੰਨਾ ਹੈ ਕਿ ਤੈਨੂੰ ਘੋੜ-ਸਵਾਰ ਹੋ ਕੇ ਧਰਮ ਹਿੱਤ ਲੜਦਾ ਵੇਖਾਂ ਅਤੇ ਸੂਰਬੀਰਤਾ ਨਾਲ ਸ਼ਹੀਦ ਹੁੰਦਾ ਤੱਕਾਂ।
ਇੱਥੇ ਇਕ ਗੱਲ ਧਿਆਨ-ਗੋਚਰੇ ਰੱਖਣੀ ਲਾਜ਼ਮੀ ਹੈ ਕਿ ਦੁਨੀਆ ਦੇ ਇਤਿਹਾਸ ਵਿਚ ਅਜਿਹਾ ਕੋਈ ਜਰਨੈਲ, ਪੈਗੰਬਰ, ਰਿਸ਼ੀ-ਮੁਨੀ, ਅਵਤਾਰ ਜਾਂ ਧਰਮ ਬਾਨੀ ਅਥਵਾ ਔਲੀਆ ਨਹੀਂ ਹੋਇਆ, ਜਿਸ ਨੇ ਮਾਨਵਤਾ ਦੀ ਅਜ਼ਾਦੀ ਲਈ ਲੜੇ ਜਾ ਰਹੇ ਯੁੱਧ ਵਿਚ, ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਤੋਰਿਆ ਹੋਵੇ ਅਤੇ ਸ਼ਹੀਦ ਹੁੰਦਿਆਂ ਵੇਖ ਕੇ ਰਤਾ ਵੀ ਚਿਹਰੇ ‘ਤੇ ਮਲਾਲ ਨਾ ਆਇਆ ਹੋਵੇ। ਮਾਰੋ ਨਿਗਾਹ ਰਤਾ ਇਤਿਹਾਸ ਉੱਤੇ, ਜਦੋਂ ਵਸ਼ਿਸ਼ਟ ਮੁਨੀ ਨੂੰ ਪੁੱਤਰ ਦੀ ਮੌਤ ਦਾ ਪਤਾ ਲੱਗਾ ਤਾਂ ਪੇਟ ਨੂੰ ਪੱਥਰ ਬੰਨ੍ਹ ਦਰਿਆ ਵਿਚ ਛਾਲ ਮਾਰ ਦਿੱਤੀ। ਪੁੱਤਰ ਅਭਿਮੰਨੂ ਦੇ ਮਰਨ ਦੀ ਖ਼ਬਰ ਮਿਲਣ ‘ਤੇ ਅਰਜਨ ਦੇ ਹੱਥੋਂ ਤੀਰ ਡਿੱਗ ਪਏ ਸਨ। ਸੀਤਾ ਦਾ ਵਿਛੋੜਾ ਅਤੇ ਲਛਮਣ ਦੀ ਮੂਰਛਾ ਹੋਣ ‘ਤੇ ਰਾਮ ਅਵਤਾਰ ਰੁਦਨ ਕਰਨੋਂ ਰੁਕ ਨਾ ਸਕਿਆ।
ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥…੧॥
(ਸਲੋਕੁ ਮ. ੧, ਅੰਕ : ੯੫੩-੫੪)
ਪੁੱਤਰ ਜੁਝਾਰ ਸਿੰਘ ਆਗਿਆ ਲੈ ਕੇ ਸਿਰੜੀ ਸਿੰਘਾਂ ਵਾਂਗ ਯੁੱਧ ਭੂਮੀ ਵਿਚ ਪੁੱਜਾ ਅਤੇ ਬਹਾਦਰੀ ਨਾਲ ਤਲਵਾਰ ਤੇ ਤੀਰ-ਕਮਾਨ ਦੇ ਜੌਹਰ ਦਿਖਾਉਂਦਾ ਹੋਇਆ ਅਨੇਕਾਂ ਨੂੰ ਵੱਢ-ਟੁੱਕ ਕੇ ਆਪ ਵੀ ਸ਼ਹੀਦ ਹੋ ਗਿਆ।
ਜਬ ਦੇਖਿਓ ਜੁਝਾਰ ਸਿੰਘ ਸਮਾਂ ਪਹੁੰਚਿਓ ਆਨ॥
ਦੌਰਿਓ ਦਲ ਮੈਂ ਪਾਇ ਕੈ, ਕਰ ਮਹਿ ਗਹਿ ਕਮਾਨ॥
(ਸ੍ਰੀ ਗੁਰੂ ਸੋਭਾ, ਪੰਨਾ ੮੦)
ਭਾਈ ਕੋਇਰ ਸਿੰਘ ਲਿਖਦਾ ਹੈ :
ਜੁਝਾਰ ਸਿੰਘ ਹੈ ਦੁਤੀਓ ਭਾਈ॥ ਜਾ ਨੇ ਰਣ ਅਤਿ ਤੇਗ ਵਗਾਈ॥
(ਗੁਰ ਬਿਲਾਸ ਪਾਤਸ਼ਾਹੀ ੧੦, ਪੰਨਾ ੨੦੦)
੮ ਪੋਹ ਨੂੰ ਸਾਰਾ ਦਿਨ ਬਿਨਾਂ ਰੁਕਾਵਟ ਦੋਹਾਂ ਪਾਸਿਆਂ ਤੋਂ ਘਮਸਾਨ ਮਚਿਆ ਰਿਹਾ। ਰਾਤ ਪੈਣ ‘ਤੇ ਲੜਾਈ ਬੰਦ ਹੋ ਗਈ। ਸਤਿਗੁਰੂ ਜੀ ਪੁੱਤਰਾਂ ਨੂੰ ਧਰਮ ਤੋਂ ਵਾਰ ਕੇ ਇਉਂ ਕਹਿ ਰਹੇ ਸਨ :
ਜਿਸ ਕੀ ਬਸਤੁ ਤਿਸੁ ਆਗੈ ਰਾਖੈ॥
ਪ੍ਰਭ ਕੀ ਆਗਿਆ ਮਾਨੈ ਮਾਥੈ॥…੨॥…॥੮॥੫॥
(ਗਉੜੀ ਸੁਖਮਨੀ ਮ. ੫, ਅੰਕ : ੨੬੮)
ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ॥੭॥ (॥੮॥੨॥੪॥)
(ਆਸਾ ਮਹਲਾ ੫, ਅੰਕ : ੪੩੨)
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥੨੦੩॥
(ਸਲੋਕ ਕਬੀਰ ਜੀ, ਅੰਕ : ੧੩੭੫)
ਸਤਿਗੁਰੂ ਪਾਤਸ਼ਾਹ ਨੇ ਚੜ੍ਹਦੀਆਂ ਕਲਾਂ ਵਿਚ ਵਿਚਰਦਿਆਂ ਹੋਇਆਂ ਪੁੱਤਰਾਂ ਦੀ ਅਮਾਨਤ ਪ੍ਰਭੂ ਦੇ ਹਵਾਲੇ ਕਰਕੇ ਉਸ ਦਾ ਸ਼ੁਕਰਾਨਾ ਕੀਤਾ। ਰਾਤ ਨੂੰ ਸਿੰਘਾਂ ਨਾਲ ਯੁੱਧ ਬਾਰੇ ਵਿਚਾਰਾਂ ਕਰਦਿਆਂ ਸਤਿਗੁਰੂ ਜੀ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਕਿ ਨਵੀਂ ਸਵੇਰ ਨੂੰ ਉਹ ਆਪ ਰਣ-ਤੱਤੇ ਵਿਚ ਕੁੱਦਣਗੇ ਅਤੇ ਜ਼ਾਲਮਾਂ ਦੇ ਸਨਮੁਖ ਹੋ ਕੇ ਸੰਗਰਾਮ ਮਚਾਣਗੇ। ਪਰ ਸਿੰਘ ਪੰਜਾਂ ਪਿਆਰਿਆਂ ਦੇ ਰੂਪ ਵਿਚ ਗੜ੍ਹੀ ਅੰਦਰ ਸਜ ਗਏ ਅਤੇ ਉਨ੍ਹਾਂ ‘ਗੁਰੂ ਖ਼ਾਲਸਾ’ ਹੋਣ ਦੀ ਹੈਸੀਅਤ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਕੀਤਾ ਕਿ ਆਪ ਰਾਤ ਦੇ ਹਨੇਰੇ ਵਿਚ ਗੜ੍ਹੀ ਛੱਡ ਜਾਓ।
”ਲੜੇ ਬਹੁਤ ਲੜਾਈ ਦਿਵਸ ਰੈਨ ਸਾਰਾ॥
ਸਿੱਖ ਕਹੈ ਪਾਤਸ਼ਾਹ ਛੋਡਹੁ ਅਖਾਰਾ॥
ਤੁਮ ਰਹੇ ਪੰਥ ਕੋ ਮੂਲ ਸਾਰਾ॥
ਹਮੇਸ਼ਾ ਰਖੇ ਸਿਖ ਹੋਵਹਿ ਹਜਾਰਾਂ॥ (ਸੌ ਸਾਖੀ)
ਹੁਕਮ ਅੱਗੇ ਸੀਸ ਝੁਕਾ ਕੇ ਸਤਿਗੁਰੂ ਜੀ ਭਾਈ ਸੰਗਤ ਸਿੰਘ ਦੇ ਸਿਰ ‘ਤੇ ਕਲਗ਼ੀ-ਤੋੜਾ ਸਜਾ ਕੇ ਅਤੇ ਆਪਣੀ ਪੁਸ਼ਾਕ ਉਸ ਨੂੰ ਪੁਆ ਕੇ ੮ ਪੋਹ ੧੭੬੨ ਬਿਕ੍ਰਮੀ ਦੀ ਅੱਧੀ ਰਾਤ ਵੇਲੇ ਭਾਈ ਧਰਮ ਸਿੰਘ ਜੀ ਤੇ ਭਾਈ ਦਇਆ ਸਿੰਘ ਜੀ ਨੂੰ ਨਾਲ ਲੈ ਕੇ, ਤਾੜੀ ਮਾਰ, ”ਪੀਰੇ ਹਿੰਦ ਰਵਦ’ ਕਹਿ ਕੇ, ਦੁਸ਼ਮਣ ਦੀਆਂ ਫ਼ੌਜਾਂ ਨੂੰ ਚੀਰਦੇ ਹੋਏ ਸੁਰੱਖਿਅਤ ਨਿਕਲ ਗਏ। ਸ਼ਾਹੀ ਫ਼ੌਜਾਂ ਕਾਹਲੀ ਵਿਚ ਉਠੀਆਂ ਅਤੇ ਆਪਸ ਵਿਚ ਹੀ ਗੁੱਥਮ-ਗੁੱਥਾ ਹੋ ਕੇ ਕਾਫ਼ੀ ਨੁਕਸਾਨ ਕਰਵਾ ਕੇ ਬੈਠ ਗਈਆਂ।
ਤੀਜੇ ਦਿਨ ਦੀ ਲੜਾਈ ਪਿਛੋਂ ਗੜ੍ਹੀ ਸਰ ਹੋ ਗਈ, ਪਰ ਜਰਨੈਲਾਂ ਅਤੇ ਸੂਬੇਦਾਰਾਂ ਦੀਆਂ ਅਹੰਕਾਰੀ ਧੌਣਾਂ ਉਦੋਂ ਸ਼ਰਮਿੰਦਗੀ ਨਾਲ ਨੀਵੀਂਆਂ ਹੋ ਗਈਆਂ ਜਦੋਂ ਉਨ੍ਹਾਂ ਨੂੰ ਗੁਰੂ ਸਾਹਿਬ ਦਾ ਸਰੀਰ ਗੜ੍ਹੀ ਦੇ ਅੰਦਰ ਪਈਆਂ ਸ਼ਹੀਦ ਸਿੰਘਾਂ ਦੀਆਂ ਲੋਥਾਂ ਵਿਚੋਂ ਨਾ ਮਿਲਿਆ ਅਤੇ ਵਿਸ਼ਵਾਸ ਪ੍ਰਪੱਕ ਹੋ ਗਿਆ ਕਿ ਗੁਰੂ ਜੀ ਬਚ ਕੇ ਨਿਕਲ ਗਏ ਹਨ। ਇੰਜ ਚਮਕੌਰ ਸਾਹਿਬ ਦੇ ਯੁੱਧ ਦੀ ਸਮਾਪਤੀ ਹੋਈ।
ਇਕ ਪਾਸੇ ਚਾਲੀ ਸਿੰਘਾਂ ਦਾ ਭੁੱਖਣ-ਭਾਣਾ ਦਲ ਹੋਵੇ ਅਤੇ ਦੂਜੇ ਪਾਸੇ ਦੁੰਬੇ ਖਾ-ਖਾ ਕੇ ਪਲੇ ਹੋਏ ਦਸ ਲੱਖ ਪਠਾਣਾਂ ਦਾ ਭਾਰੀ ਲਸ਼ਕਰ ਹੋਵੇ।
ਇਸ ਦੇ ਬਾਵਜੂਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਨੂੰ ਵੰਗਾਰ ਕੇ ਕੋਹਾਂ ਵਿਚ ਖਿੱਲਰੇ ਵੈਰੀ ਦਲ ਵਿਚੋਂ ਸਹੀ-ਸਲਾਮਤ ਨਿਕਲ ਜਾਣ, ਕਿੰਨੀ ਵੱਡੀ ਬਹਾਦਰੀ ਹੈ। ਵੈਰੀ ਨੂੰ ਇਸ ਤੋਂ ਵੱਧ ਕੀ ਨਮੋਸ਼ੀ ਹੋ ਸਕਦੀ ਸੀ! ਇਹ ਸਿੰਘਾਂ ਦੀ ਸਭ ਤੋਂ ਵੱਡੀ ਜਿੱਤ ਅਤੇ ਮੁਗ਼ਲ ਫ਼ੌਜਾਂ ਦੀ ਭਾਰੀ ਹਾਰ ਦਾ ਪ੍ਰਤੱਖ ਪ੍ਰਮਾਣ ਹੈ।

Check Also

ਹਾਫ਼-ਆਇਰਨਮੈਨ ਯਾਨੀ ਅੱਧਾ ਲੋਹ-ਪੁਰਸ਼ : ਕੁਲਦੀਪ ਸਿੰਘ ਗਰੇਵਾਲ

ਡਾ. ਸੁਖਦੇਵ ਸਿੰਘ ਝੰਡ ਤਕੜੇ ਜੁੱਸੇ ਵਾਲੇ ਲੋਹੇ ਵਰਗੇ ਸ਼ਖਤ ਸਰੀਰ ਦੇ ਮਾਲਕ ਕਿਸੇ ਰਿਸ਼ਟ-ਪੁਸ਼ਟ …